ਬਾਵਾ ਬਲਵੰਤ

ਬਾਵਾ ਬਲਵੰਤ 

ਕਿਸ ਕਿਸ ਦਾ ਭੇਤ ਪਾਏ ਮੇਰੀ ਨਜ਼ਰ ਦੀ ਸ਼ਕਤੀ,
ਸਬਜ਼ਾ ਤੇਰੀ ਹਿਨਾ ਵਿਚ, ਸੁਰਖ਼ੀ ਤੇਰੀ ਹਿਨਾ ਵਿਚ।
ਪੰਛੀ ਹਾਂ ਅਰਸ਼ ਦਾ ਮੈਂ, ਇਸ ਨੂੰ ਤਾਂ ਪਰ ਛੁਡਾ ਦੇ,
ਜੇ ਡੋਰ ਅੜ ਗਈ ਹੈ, ਭਾਗਾਂ ਦਿਆਂ ਪਰਾਂ ਵਿੱਚ।

ਪੰਜਾਬੀ ਦੇ ਪ੍ਰਗਤੀਵਾਦੀ ਕਵੀਆਂ ਦੇ ਪਹਿਲੇ ਪੂਰ ਦੇ ਸਾਹਮਣੇ ਬਸਤੀਵਾਦੀ ਪ੍ਰਬੰਧ ਵਿਰੁੱਧ ਜੂਝਦੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਕੌਮੀ ਮੁਕਤੀ ਸੰਗਰਾਮ ਵੀ ਸਨ ਅਤੇ ਸਮਾਜਵਾਦੀ ਕੈਂਪ ਦੇ ਉਭਾਰ ਦੀਆਂ ਨਵੀਆਂ ਸੰਭਾਵਨਾਵਾਂ ਵੀ ਸਨ। ਬਾਵਾ ਬਲਵੰਤ ਆਪਣੇ ਕਾਵਿ ਸੰਗ੍ਰਹਿ ਅਮਰ ਗੀਤ’ (1942 ਈ:) ਦੀ ਇਕ ਗ਼ਜ਼ਲ ਵਿੱਚ ਇਤਿਹਾਸ ਵਲੋਂ ਪੈ ਰਹੀ ਇਨਕਲਾਬੀ ਵਿੱਢ ਵੱਲ ਸਬਜ਼ਾ ਤੇਰੀ ਹਿਨਾ ਵਿੱਚ ਸੁਰਖ਼ੀ ਤੇਰੀ ਹਿਨਾ ਵਿਚ’ ਕਹਿ ਕੇ ਸੰਕੇਤ ਕਰਦਾ ਹੈ। ਭਾਰਤੀ ਸੰਦਰਭ ਵਿਚ ਪ੍ਰਗੀਤਸ਼ੀਲ ਸਾਹਿਤਕ ਲਹਿਰ ਦੇ ਸਾਹਮਣੇ ਦਮਨਕਾਰੀ ਬਸਤੀਵਾਦੀ ਪ੍ਰਬੰਧ ਦੇ ਨਾਲ ਨਾਲ ਮੁੱਖ ਚੁਣੌਤੀ ਸਨਾਤਨੀ ਅਧਿਆਤਮਵਾਦੀ ਚਿੰਤਨ (ਭਾਗਵਾਦ) ਅਤੇ ਸਾਮੰਤੀ ਕਦਰਾਂ ਆਧਾਰਿਤ ਜੜ੍ਹ ਹੋਈ ਅਵਚੇਤਨੀ ਮਾਨਸਿਕਤਾ ਦੀ ਸੀ। ਸਨਾਤਨੀ ਜੜ੍ਹਤਾ-ਗ੍ਰਸਤ ਮਾਨਸਿਕਤਾ ਤੋਂ ਵਿਦਰੋਹ ਅਤੇ ਇਤਿਹਾਸਕ ਮੁਕਤੀ ਸੰਘਰਸ਼ ‘ਚੋਂ ਪੈਦਾ ਹੋ ਰਹੀਆਂ ਨਵੀਆਂ ਸੰਭਾਵਨਾਵਾਂ ਦਾ ਇਹ ਦਵੰਦ ਹੀ ਸੰਵੇਦਨਸ਼ੀਲ ਭਾਰਤੀ ਮੱਧ ਵਰਗ ਖੁੱਲ੍ਹੇ ਅੰਬਰਾਂ ‘ਚ ਉਡਾਣ ਦਾ ਸੁਪਨਾ ਦਿਖਾ ਕੇ ਬਾਗ਼ੀ’ ਬਣਾ ਰਿਹਾ ਸੀ। ਬਾਵਾ ਬਲਵੰਤ ਵਿਸ਼ਵ ਇਤਿਹਾਸ ਦੇ ਤਰਥੱਲੀ ਦੇ ਇਸ ਦੌਰ (ਦੂਜਾ ਵਿਸ਼ਵ-ਯੁੱਧ) ਵਿੱਚ ਪੰਜਾਬੀ ਕਵਿਤਾ ਦੇ ਪਿੜ ‘ਚ ਮਹਾਂ ਨਾਚ’ (1941 ਈ:) ਲੈ ਕੇ ਨਮੂਦਾਰ ਹੋਇਆ।
ਬਾਵਾ ਬਲਵੰਤ ਨੇ ਪੰਜਾਬੀ ਦੀ ਪ੍ਰਗਤੀਸ਼ੀਲ ਕਾਵਿ-ਧਾਰਾ ਵਿੱਚ ਅਸਲੋਂ ਨਵੇਂ ਆਯਾਮ ਜੋੜੇ। ਕੌਮੀ ਤੇ ਕੌਮਾਤਰੀ ਮਸਲਿਆਂ ਬਾਰੇ ਸੁਜੱਗ ਤੇ ਮਾਰਕਸਵਾਦੀ ਵਿਗਿਆਨਕ ਚੇਤਨਾ ਨਾਲ ਲੈਸ ਬਾਵਾ ਬਲਵੰਤ ਨੇ ਪ੍ਰਗਤੀਸ਼ੀਲ ਕਾਵਿ-ਧਾਰਾ ਦੇ ਕਲੇਵਰ (ਵਸਤੂ-ਸਾਰ) ਅਤੇ ਭੂਗੋਲਿਕ ਦਿਸਹੱਦੇ ਦੋਹਾਂ ਮੋਕਲਾ ਕੀਤਾ। ਬਹੁ-ਭਾਸ਼ੀ ਗਿਆਨ, ਭਾਰਤੀ ਤੇ ਸੰਸਾਰ ਸਾਹਿਤ ਦੇ ਵਿਸ਼ਾਲ ਅਧਿਐਨ, ਮਾਰਕਸਵਾਦੀ ਚਿੰਤਨ ਤੇ ਕੌਮਾਂਤਰੀ ਖੱਬੇ ਪੱਖੀ/ਕਮਿਊਨਿਸਟ ਲਹਿਰ ਦੇ ਸੰਘਰਸ਼ ਤੋਂ ਪ੍ਰਾਪਤ ਵਿਸ਼ਵ-ਚੇਤਨਾ, ਮਨੁੱਖੀ ਇਤਿਹਾਸ ਦੀ ਸਹੀ ਦਵੰਦਾਤਮਕ ਪਦਾਰਥਵਾਦੀ ਸਮਝ ਅਤੇ ਵਿਸ਼ੇਸ਼ ਕਰਕੇ ਭਾਰਤੀ ਇਤਿਹਾਸ, ਮਿਥਿਹਾਸ ਅਤੇ ਪੌਰਾਣ (ਵੇਦ-ਸ਼ਾਸਤਰ ਪਰੰਪਰਾ) ਤੱਕ ਰਸਾਈ ਹੋਣ ਕਰਕੇ ਉਸਨੇ ਪੰਜਾਬੀ ਦੀ ਪ੍ਰਗਤੀਵਾਦੀ ਕਵਿਤਾ ਦਾ ਇਕ ਸਿਰਾ ਭਾਰਤੀ ਦਾਰਸ਼ਨਿਕ ਪਰੰਪਰਾ ਤੇ ਪੌਰਾਣਿਕ ਚੇਤਨਾ ਨਾਲ ਮੇਲ ਦਿੱਤਾ ਅਤੇ ਦੂਜਾ ਵਿਸ਼ਵ ਸਾਹਿਤ ਤੇ ਚਿੰਤਨ ਦੀਆਂ ਲੋਕਪੱਖੀ ਪਰੰਪਰਾਵਾਂ ਨਾਲ ਉਸ ਨੇ ਕਾਲ (ਇਤਿਹਾਸ) ਤੇ ਸਪੇਸ ਪੱਖੋਂ ਸੀਮਤ ਅਰਥ-ਘੇਰੇ ਤੱਕ ਸਿਮਟੀ ਪ੍ਰਗਤੀਸ਼ੀਲ ਕਾਵਿ-ਧਾਰਾ ਬੌਧ ਦਾਰਸ਼ਨਿਕਾਂ, ਲੋਕਾਇਤਾਂ ਤੇ ਜੀਵਕਾਂ ਦੇ ਚਿੰਤਨ ਤੋਂ ਲੈ ਕੇ ਅਜੋਕੇ ਮਾਰਕਸਵਾਦੀ ਚਿੰਤਕਾਂ ਤੇ ਜਨਵਾਦੀ ਸਾਹਿਤਕਾਰਾਂ ਤੱਕ ਵਿਸਤਾਰ ਦਿੱਤਾ। ਇਉਂ ਉਸਨੇ ਸਮਕਾਲੀ ਪ੍ਰਗਤੀਸ਼ੀਲ ਕਵਿਤਾ ਦੇ ਤੇਵਰ ਜਾਂ ਖਮੀਰ ਤੇ ਮੁਹਾਵਰੇ ਤਬਦੀਲ ਹੀ ਨਹੀਂ ਕੀਤਾ, ਸਗੋਂ ਉਸਦੇ ਭਾਵ-ਖੇਤਰ , ਭਾਸ਼ਾਈ ਸਮਰੱਥਾ ਅਤੇ ਅੰਦਾਜ਼ ਸੁਹਜ ਤੇ ਅਮੀਰੀ ਬਖ਼ਸ਼ੀ। ਸ਼ਾਇਦ ਇਸੇ ਕਰਕੇ ਪ੍ਰਿੰਸੀਪਲ ਸੁਜਾਨ ਸਿੰਘ, ਬਾਵੇ ਦੀ ਕਵਿਤਾ ਦੀ ਵਡਿਆਈ ਤੇ ਵਿਲੱਖਣਤਾ ਉਸ ਵਿਚਲੇ ਏਸ਼ੀਆਈ ਰੰਗ’ ਵਿਚ ਦੇਖਦਾ ਹੈ।
ਬਾਵਾ ਬਲਵੰਤ ਦੇ ਸਮਕਾਲੀ ਬਹੁਤੇ ਪ੍ਰਗਤੀਵਾਦੀ ਕਵੀਆਂ ਦਾ ਪ੍ਰੇਰਣਾ ਸਰੋਤ ਪੰਜਾਬ ਦਾ ਜੁਝਾਰੂ ਸਿੱਖ ਵਿਰਸਾ, ਕੌਮੀ ਸੁਤੰਤਰਤਾ ਸੰਗਰਾਮ ਦੇ ਨਾਇਕ, ਮਾਰਕਸਵਾਦੀ ਚਿੰਤਨ ਅਤੇ ਸੰਸਾਰ ਕਮਿਊਨਿਸਟ ਲਹਿਰ ਦੇ ਸਿਧਾਂਤਕਾਰ ਤੇ ਸੰਗਰਾਮੀਏ ਰਹੇ ਹਨ। ਉਹ ਭਾਰਤ ਦੀਆਂ ਦਾਰਸ਼ਨਿਕ ਤੇ ਧਰਮ-ਸ਼ਾਸਤਰੀ ਚਿੰਤਨ ਪਰੰਪਰਾਵਾਂ ਵਿਚਲੇ ਲੋਕ-ਪੱਖੀ ਅੰਸ਼ਾਂ, ਵਿਦਰੋਹੀ ਤੇ ਪ੍ਰਤਿ-ਚਿੰਤਨ ਪਰੰਪਰਾਵਾਂ ਦੇ ਜਨਵਾਦੀ ਖ਼ਾਸੇ ਅਤੇ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੀ ਲੋਕਵਾਦੀ ਪਰੰਪਰਾ ਵਿਚਲੇ ਸੁਜੀਵ ਤੇ ਸਾਰਥਕ ਤੱਤਾਂ ਦੀ ਵਰਤੋਂ ਪ੍ਰਤੀ ਅਕਸਰ ਅਵੇਸਲੇ ਰਹੇ ਹਨ। ਬਾਵਾ ਬਲਵੰਤ ਖ਼ੁਦ ਇਸ ਗੱਲੋਂ ਸੁਚੇਤ ਸੀ ਕਿ ਆਪਣੀ ਦਾਰਸ਼ਨਿਕ, ਧਾਰਮਿਕ ਪਰੰਪਰਾ, ਇਤਿਹਾਸ, ਮਿਥਿਹਾਸ ਤੇ ਪੌਰਾਣਿਕ ਸਾਹਿਤ ‘ਚ ਪਈ ਲੋਕ-ਪੱਖੀ ਸਮੱਗਰੀ ਦੀ ਯੁਗ-ਅਨੁਕੂਲ ਪੁਨਰ-ਸਿਰਜਣਾ ਜਾਂ ਉਸਦੀ ਵਿਰਚਨਾ ਦੁਆਰਾ ਲੋਕ-ਸੁਤਾ ਇਨਕਲਾਬੀ ਚੇਤਨਾ ਦੀ ਜਾਗ ਲਾਈ ਜਾ ਸਕਦੀ ਹੈ। ਸਾਡੀ ਜਾਚੇ ਬਾਵਾ ਬਲਵੰਤ ਪੰਜਾਬੀ ਭਾਸ਼ਾ ‘ਚ ਲਿਖਣ ਵਾਲਾ ਭਾਰਤੀ ਅਵਚੇਤਨ ਦਾ ਕਵੀ ਕਹਿਣਾ ਅਤਿ-ਕਥਨੀ ਨਹੀਂ ਹੈ। ਉਸਨੇ ਸੰਪ੍ਰਦਾਇਕ ਚੇਤਨਾ ਅਤੇ ਇਤਿਹਾਸ ਪ੍ਰਤੀ ਇਕ-ਕੇਂਦਰਵਾਦੀ ਪਹੁੰਚ ਦੀ ਸ਼ਿਕਾਰ ਹੋ ਰਹੀ ਪੰਜਾਬੀ ਕਵਿਤਾ ਦੀ ਭਾਰਤੀ ਇਤਿਹਾਸ, ਮਿਥਿਹਾਸ, ਪੌਰਾਣ ਅਤੇ ਲੋਕਵਾਦੀ ਪ੍ਰਤਿਰੋਧੀ ਚਿੰਤਨ ਪਰੰਪਰਾਵਾਂ ਨਾਲ ਟੁੱਟੀ ਗੰਢੀ।
ਬਾਵਾ ਬਲਵੰਤ ਦਾ ਖ਼ਾਨਦਾਨੀ ਪਿਛੋਕੜ ਬਨਾਰਸ ਦੇ ਹਿੰਦੂ ਬ੍ਰਾਹਮਣ ਪਰਿਵਾਰ ਦਾ ਹੈ। ਉਸ ਦਾ ਇਕ ਪੁਰਖਾ ਹਕੀਮ ਗੁਰਨਾਮੀ ਰਾਇ ਸ਼ਾਹ ਆਲਮ ਸਾਨੀ ਦੇ ਅਹਿਦ (ਰਾਜ) ਸਮੇਂ ਬਨਾਰਸ ਤੋਂ ਲਾਹੌਰ ਆਇਆ। ਤਿੱਬ (ਹਿਕਮਤ) ਤੇ ਜੋਤਿਸ਼ ਦੇ ਗਿਆਨ ਸਦਕਾ ਲਾਹੌਰ ਦੇ ਸੂਬੇਦਾਰ ਅਮਾਨਤ ਖਾਂ ਨੇ ਉਸ ਨੂੰ ਆਪਣਾ ਦਰਬਾਰੀ ਹਕੀਮ ਨਿਯੁਕਤ ਕੀਤਾ ਤੇ ਬਾਗ਼ਬਾਨਪੁਰੇ ਦੇ ਨੇੜੇ ਇੱਕ ਪਿੰਡ ਵਿੱਚ ਜਾਗੀਰ ਬਖ਼ਸ਼ੀ, ਜੋ ਉਸਦੇ ਪੜਪੋਤੇ ਹਕੀਮ ਦਿਆਨਤ ਰਾਇ ਤੱਕ ਕਾਇਮ ਰਹੀ। ਸਿੱਖ ਮਿਸਲਾਂ ਸਮੇਂ ਇਹ ਜਾਗੀਰ ਖਤਮ ਹੋ ਗਈ। ਹਕੀਮ ਦਿਆਨਤ ਰਾਇ ਦੇ ਦੋਵਾਂ ਪੁੱਤਰਾਂ – ਹਕੀਮ ਲਾਲਾ ਮਿਸਰ ਤੇ ਹਕੀਮ ਬਨਵਾਰੀ ਮਿਸਰ ਦੇ ਖ਼ਾਨਦਾਨ ਵੀ ਸਿੱਖ ਰਾਜ ਤੇ ਸਿੱਖ ਸਾਮੰਤਾਂ ਦੀ ਸਰਪ੍ਰਸਤੀ ਮਾਣਦੇ ਰਹੇ। ਹਕੀਮ ਲਾਲਾ ਮਿਸਰ ਦਾ ਪੁੱਤਰ ਹਕੀਮ ਘਸੀਟਾ ਮਿਸਰ ਰਣਜੀਤ ਸਿੰਘ ਦਾ ਦਰਬਾਰੀ ਹਕੀਮ ਰਿਹਾ ਤੇ ਉਸ ਨੂੰ ਪਿੰਡ ਸੇਲ, ਤਹਿਸੀਲ ਡੇਰਾ (ਦਜਲਾ ਕਾਂਗੜਾ ਜ਼ਿਲ੍ਹਾ) ‘ਚ ਜਾਗੀਰ ਮਿਲੀ ਹੋਈ ਸੀ। ਹਕੀਮ ਬਨਵਾਰੀ ਮਿਸਰ ਦਾ ਪੁੱਤਰ ਹਕੀਮ ਮਿਸਰ ਮੂਲ ਚੰਦ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦਾ ਦਰਬਾਰੀ ਹਕੀਮ ਰਿਹਾ। ਪਿੰਡ ਨੇਸ਼ਟਾ, ਹੁਣ ਜ਼ਿਲ੍ਹਾ ਤਰਨਤਾਰਨ ਵਿਚ ਉਸ ਨੂੰ ਮਿਲੀ ਜਾਗੀਰ ਅੰਗਰੇਜ਼ੀ ਰਾਜ ਸਮੇਂ ਜ਼ਬਤ ਹੋਈ। ਮਿਸਰ ਮੂਲ ਚੰਦ ਕਵੀ ਬਾਵਾ ਬਲਵੰਤ ਦਾ ਪੜਦਾਦਾ ਸੀ, ਜੋ ਸੰਸਕ੍ਰਿਤ, ਫ਼ਾਰਸੀ ਤੇ ਰੇਖਤਾ ਦਾ ਗਿਆਤਾ ਤੇ ਖ਼ੁਦ ਲੇਖਕ ਸੀ। ਬਾਵਾ ਦਾ ਦਾਦਾ ਹਕੀਮ ਠਾਕਰ ਰਾਮ ਲਾਲ ਬ੍ਰਜ ਭਾਸ਼ਾ ਦਾ ਲੇਖਕ ਸੀ। ਬ੍ਰਜ ਭਾਸ਼ਾ ਵਿਚ ਮਾਤਾ ਵੈਸ਼ਨੋ ਦੇਵੀ’ ਦਾ ਕਿੱਸਾ ਲਿਖਣ ਵਾਲੇ ਇਸ ਕਵੀ ਦੀ ਸਰਦਾਰ ਅਜੀਤ ਸਿੰਘ ਅਟਾਰੀਵਾਲਾ ਨਾਲ ਨੇੜਤਾ ਰਹੀ। ਇਸ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟਾ ਹਕੀਮ ਠਾਕਰ ਦੀਨਾ ਨਾਥ ਬਾਵੇ ਦਾ ਪਿਤਾ ਸੀ, ਜੋ ਅਰਬੀ, ਫ਼ਾਰਸੀ, ਉਰਦੂ, ਸੰਸਕ੍ਰਿਤ ਅਤੇ ਹਿੰਦੀ ਦਾ ਗਿਆਤਾ ਤੇ ਵਿਦਵਾਨ ਸੀ। ਇਸਨੇ ਵੀ ਫ਼ਾਰਸੀ ਤੇ ਪੰਜਾਬੀ ਵਿੱਚ ਪਰੰਪਰਕ ਰੰਗ ਦੀ ਕਵਿਤਾ ਲਿਖੀ। ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਬਾਵੇ ਨੂੰ ਘਰ ਵਿਚੋਂ ਲੱਗੀ। ਪਿਤਾ ਕੋਲੋਂ ਉਰਦੂ ਤੇ ਫ਼ਾਰਸੀ ਸਿੱਖੀ ਤੇ ਉਨ੍ਹਾਂ ਦੀ ਮਾਰਫ਼ਤ ਫ਼ਾਰਸੀ ਦਾ ਕਲਾਸਕੀ ਸਾਹਿਤ – ਸ਼ਾਹਨਾਮਾ ਫ਼ਿਰਦੌਸੀ, ਗਲਿਸਤਾਂ, ਬੋਸਤਾਂ ਤੇ ਸਿਕੰਦਰਨਾਮਾ ਆਦਿ ਪੜ੍ਹਿਆ ਵਾਚਿਆ। ਸੰਸਕ੍ਰਿਤ ਤੇ ਹਿੰਦੀ ਦਾ ਕਲਾਸਕੀ ਸਾਹਿਤ ਬਾਵਾ ਨੇ ਆਪਣੀ ਮਾਤਾ ਦੀ ਪ੍ਰੇਰਣਾ ਨਾਲ ਪੜ੍ਹਿਆ। ਬਾਵਾ ਬਲਵੰਤ ਦਾ ਜਨਮ ਨੇਸ਼ਟਾ, ਉਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ‘ਚ ਹੋਇਆ, ਪਰ ਉਸ ਦੀ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹੈ। ਬਾਵਾ ਬਲਵੰਤ ਨੇ ਖ਼ੁਦ ਜਵਾਲਾਮੁਖੀ’ ਕਾਵਿ-ਸੰਗ੍ਰਹਿ ਵਿਚ ਆਪਣਾ ਜਨਮ ਅਗਸਤ, 1915 ਈ: ਮੰਨਿਆ ਹੈ। ਪਰ ਡਾ: ਐਸ: ਤਰਸੇਮ ਨੇ ਹਰਬੰਸ ਲਾਲ ਤੁਫ਼ਾਨ ਤੋਂ ਪ੍ਰਾਪਤ ਟੇਵੇ ਦੇ ਹਵਾਲੇ ਨਾਲ ਬਾਵਾ ਬਲਵੰਤ ਦੇ ਜਨਮ ਦੀ ਮਿਤੀ 19 ਅਗਸਤ, 1913 ਈ: ਲਿਖੀ ਹੈ। ਬਾਵਾ ਬਲਵੰਤ ਦਾ ਦੇਹਾਂਤ 26 ਜੂਨ 1972 ਈ: ਦਿੱਲੀ ਵਿਖੇ ਹੋਇਆ।
ਬਾਵਾ ਬਲਵੰਤ ਦਾ ਬਚਪਨ ਅੰਮ੍ਰਿਤਸਰ ‘ਚ ਬੀਤਿਆ, ਜਿਥੇ ਉਸ ਦਾ ਪਿਤਾ ਕਟੜਾ ਮੇਹਰ ਸਿੰਘ ਵਿਚ ਸ਼ਾਹੀ ਵੈਦਿਕ ਸਫ਼ਾਖ਼ਾਨਾ ਪੰਜਾਬ’ ਚਲਾਉਂਦਾ ਸੀ। ਆਰਥਿਕ ਤੰਗ-ਦਸਤੀ ਕਰਕੇ ਬਾਵੇ ਨੇ ਲੰਡੇ ਪੜ੍ਹੇ, ਮੁਨੀਮੀ ਸਿੱਖੀ ਤੇ ਆੜ੍ਹਤ ਦੀ ਦੁਕਾਨ ਤੇ ਕੰਮ ਕੀਤਾ। ਉਹ 1930 ਈ: ਦੇ ਆਸ ਪਾਸ ਕਾਂਗਰਸ ਦੀ ਅਗਵਾਈ ‘ਚ ਭਾਰਤੀ ਸੁਤੰਤਰਤਾ ਸੰਗਰਾਮ ਵੱਲ ਖਿੱਚਿਆ ਗਿਆ। ਉਹ ਜੱਲ੍ਹਿਆਂ ਵਾਲਾ ਬਾਗ਼ ਵਿਚ ਲਗਦੇ ਕਾਂਗਰਸੀ ਵਲੰਟੀਅਰ ਕੈਂਪਾਂ ‘ਚ ਜਾਣ ਲੱਗਾ। ਇਥੇ ਉਸ ਦਾ ਰਾਬਤਾ ਉਘੇ ਕਾਂਗਰਸੀ ਦੇਸ਼-ਭਗਤਾਂ ਅਤੇ ਖੱਬੇ-ਪੱਖੀ ਸੋਚ ਵਾਲੇ ਲੇਖਕਾਂ ਨਾਲ ਬਣਿਆ। ਖੁਫ਼ੀਆ ਰਾਜਸੀ ਸਰਗਰਮੀਆਂ ਦੇ ਨਾਲ ਨਾਲ ਉਸ ਨੂੰ ਰਾਸ਼ਟਰਵਾਦੀ ਤੇ ਇਨਕਲਾਬੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ ਉਸ ਨੇ ਸ਼ੌਕਤ ਅਸਮਾਨੀ ਦੀ ਪੁਸਤਕ ”ਮੇਰੀ ਰੂਸ ਯਾਤਰਾ”, ਜਵਾਹਰ ਲਾਲ ਨਹਿਰੂ ਦੀ ”ਸੋਵੀਅਤ ਰੂਸ”, ਰਾਬਿੰਦਰ ਨਾਥ ਟੈਗੋਰ ਦੀ ”ਮੇਰੀ ਰੂਸੀ ਚਿੱਠੀ” ਅਤੇ ”ਕਿਰਤੀ’ ਰਿਸਾਲੇ ‘ਚ ਛਪਦੀਆਂ – ਰਾਸ ਬਿਹਾਰੀ ਬੋਸ, ਲਾਲਾ ਹਰਦਿਆਲ, ਸ: ਅਜੀਤ ਸਿੰਘ, ਅਰਜਣ ਸਿੰਘ ਗੜਗੱਜ, ਹੀਰਾ ਸਿੰਘ ਦਰਦ, ਮਾਰਕਸ, ਏਂਗਲਜ, ਲੈਨਿਨ ਅਤੇ ਕ੍ਰਿਸਟੋਫ਼ਰ ਕਾਡਵੈੱਲ ਆਦਿ ਦੀਆਂ ਕ੍ਰਾਂਤੀਕਾਰੀ ਲਿਖਤਾਂ ਪੜ੍ਹੀਆਂ। ਬਾਵਾ ਰੂਸ ਤੋਂ ਮਾਰਕਸਵਾਦ ਦਾ ਅਧਿਐਨ ਕਰਕੇ ਆਏ ਫਿਰੋਜ਼ਦੀਨ ਮਨਸੂਰ ਅਤੇ ਖ਼ਵਾਜ਼ਾ ਜ਼ਹੂਰਤ ਉਦ-ਦੀਨ ਦੇ ਸਟੱਡੀ-ਸਰਕਲਾਂ ਵਿੱਚ ਸ਼ਾਮਿਲ ਹੁੰਦਾ ਰਿਹਾ। ਸਿਆਸੀ ਸਰਗਰਮੀਆਂ ਕਰਕੇ 1930 ਈ: ‘ਚ ਉਸਦੇ ਵਾਰੰਟ ਗ੍ਰਿਫ਼ਤਾਰੀ ਨਿਕਲੇ। ਉਹ ਕੁਝ ਸਮਾਂ ਰੂਪੋਸ਼ ਰਿਹਾ। ਅੰਮ੍ਰਿਤਸਰ ਅਤੇ ਲਾਹੌਰ ਦੇ ਰਾਸ਼ਟਰਵਾਦੀਆਂ ਤੇ ਇਨਕਲਾਬੀਆਂ ਨਾਲ ਸੰਪਰਕ ਕਰਕੇ ਬਾਵਾ ਬਲਵੰਤ ਉਰਦੂ ਵਿਚ ਕਵਿਤਾ ਲਿਖਣ ਲੱਗਾ। ਉਸ ਦੀ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਕਿਤਾਬ ”ਸ਼ੇਰਿ-ਹਿੰਦ” ਸਰਕਾਰ ਵੱਲੋਂ ਜ਼ਬਤ ਹੋਈ। ਡਾ: ਧਰਮਪਾਲ ਸਿੰਗਲ ਬਾਵੇ ਦੀ ਇਕ ਹੋਰ ਰਚਨਾ ਦੇ ਜ਼ਬਤ ਹੋਣ ਦਾ ਦਾਹਵਾ ਕਰਦਾ ਹੈ, ਉਹ ਲਿਖਦਾ ਹੈ, ਉਸਦੀ (ਬਾਵਾ ਦੀ) ਲਿਖੀ ਲੰਮੇਰੀ ਉਰਦੂ ਨਜ਼ਮ ”ਭਗਤ ਸਿੰਘ”, ਸਰਕਾਰ ਦੇ ਗੁੱਸੇ ਦਾ ਸ਼ਿਕਾਰ ਬਣੀ ਤੇ ਜ਼ਬਤ ਹੋਈ। ਬਾਵਾ ਬਲਵੰਤ ‘ਕਿਰਤੀ’ ਗਰੁੱਪ ਅਤੇ ਨੋਜਵਾਨ ਭਾਰਤ ਸਭਾ ਦੇ ਹਮਦਰਦ ਵਜੋਂ ਸਰਗਰਮ ਰਿਹਾ। 1931 ਈ: ਵਿਚ ਗਾਂਧੀ-ਇਰਵਨ ਸਮਝੌਤੇ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਵਰੰਟ ਮਨਸੂਖ਼ ਹੋਏ।
ਬਾਵਾ ਬਲਵੰਤ ਦੀ ਰਚਨਾਤਮਿਕ ਸਾਧਨਾ ਦੇ ਰਾਜ਼ ਸਮਝਣ ਲਈ ਕੌਮੀ ਸੁਤੰਤਰਤਾ ਸੰਗਰਾਮ ਨਾਲ ਉਸਦੇ ਲਗਾਉ, ਅੰਤਰ-ਰਾਸ਼ਟਰੀ ਕਮਿਊਨਿਸਟ ਲਹਿਰ ਦੇ ਉਭਾਰ ਤੇ ਕ੍ਰਾਂਤੀਕਾਰੀ ਸਾਹਿਤ ਦੇ ਅਧਿਐਨ ਤੋਂ ਪ੍ਰਾਪਤ ਨਵੀਂ ਚੇਤਨਾ, ਕ੍ਰਿਸ਼ਨਾ ਨਾਲ ਉਸਦੀ ਅਸਫ਼ਲ ਮੁਹੱਬਤ, ਅੰਮ੍ਰਿਤਸਰ ਤੇ ਲਾਹੌਰ ਦੇ ਚਿਤਰਕਾਰਾਂ ਤੇ ਸਾਹਿਤਕਾਰਾਂ – ਖਾਸ ਕਰਕੇ ਖ਼ਵਾਜਾ ਅਬਦੁਲ ਰਹਿਮਾਨ ਚੁਗਤਾਈ, ਉਸਤਾਦ ਪਾਲ ਸਿੰਘ, ਅਮਰ ਸਿੰਘ, ਈਸ਼ਵਰ ਚਿਤਰਕਾਰ, ਚਿਤਰਕਾਰ ਕਰਤਾਰ ਸਿੰਘ ਸੁਮੇਰ, ਕੇ: ਸੀ: ਆਰੀਅਨ, ਦੇਵੀ ਦਾਸ ਹਿੰਦੀ, ਸੁਜਾਨ ਸਿੰਘ, ਡਾ: ਹਰਚਰਨ ਸਿੰਘ, ਗਿਆਨੀ ਕੇਸਰ ਸਿੰਘ ਤੇ ਦੀਪਕ ਅਰਟਿਸਟ ਦੇ ਚੇਤ-ਅਚੇਤ ਪ੍ਰਭਾਵ, ਡਾ: ਇਕਬਾਲ ਦੇ ਖ਼ੁਦੀ ਦੇ ਫ਼ਲਸਫ਼ੇ ਤੋਂ ਪ੍ਰਾਪਤ ਪੂਰਬਵਾਦੀ ਦ੍ਰਿਸ਼ਟੀ ਅਤੇ ਹਿੰਦੀ ਦੇ ਛਾਯਾਵਾਦੀ ਕਵੀਆਂ – ਜੈ ਸ਼ੰਕਰ ਪ੍ਰਸਾਦਿ, ਨਿਰਾਲਾ, ਸੁਮਿੱਤਰਾ ਨੰਦਨ ਪੰਤ ਅਤੇ ਮਹਾਂਦੇਵੀ ਵਰਮਾ ਦੀ ਕਵਿਤਾ ਤੇ ਵਿਚਾਰਾਂ ਦੇ ਪ੍ਰਭਾਵ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਸਾਹਿਤ ਸਾਧਨਾ ਦੇ ਨਾਲ ਨਾਲ ਬਾਵਾ ਬਲਵੰਤ ਦੀ ਦਿਲਚਸਪੀ ਚਿਤਰਕਲਾ ਤੇ ਸ਼ਾਸਤਰੀ ਸੰਗੀਤ ਵਿਚ ਵੀ ਰਹੀ ਹੈ। ਜਦੋਂ ਬਾਵਾ ਗੱਤੇ ਦੇ ਡੱਬੇ ਬਣਾਉਣ ਦਾ ਕੰਮ ਕਰਦਾ ਸੀ ਤਾਂ ਉਸ ਦੀ ਬੈਠਕ ਦੇ ਨਾਲ ਵਾਲੇ ਕਮਰੇ ‘ਚ ਉਸ ਵਕਤ ਦੇ ਮਸ਼ਹੂਰ ਰਾਗੀ ਭਾਈ ਪਰਮਾਨੰਦ ਜੀ, ਭਾਈ ਦੇਸਾ ਖ਼ਾਂ ਅਤੇ ਸਾਹਿਤ ਜਮਾਉਦ-ਦੀਨ ਖ਼ਾਂ ਰਿਆਜ਼ ਕਰਨ ਆਉਂਦੇ ਸਨ। ਸੰਗੀਤ ਪ੍ਰਤੀ ਗੁੱਝੀ ਅੰਦਰੂਨੀ ਖਿੱਚ ਕਾਰਨ ਬਾਵਾ ਉਨ੍ਹਾਂ ਦੀ ਸੰਗਤ ਵਿਚ ਜਾ ਬੈਠਦਾ, ਤੇ ਸ਼ਾਸਤਰੀ ਸੰਗੀਤ ਦੀਆਂ ਬੰਦਸ਼ਾਂ ਸਮਝਣ-ਮਾਣਨ ਦਾ ਯਤਨ ਕਰਦਾ। ਬਾਵਾ ਜੀ ਦੀ ਕਵਿਤਾ ਵਿਚ ਰਾਗ ਤੇ ਰਿਦਮ ਦੀ ਭਰਮਾਰ ਇਸੇ ਕਰਕੇ ਹੈ।’ ਇੱਥੇ ਇਹ ਵੀ ਧਿਆਨ ਰਹੇ ਕਿ ਬਾਵਾ ਦੀ ਕਵਿਤਾ ਵਿਚ ਸ਼ਬਦ, ਚਿਤਰ ਤੇ ਰੰਗ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ। ਉਸ ਦੀਆਂ – ‘ਸਦਰ ਦਰਵਾਜ਼ਾ’, ‘ਊਠਾਂ ਵਾਲੇ ‘ਅਤੇ ‘ਦੂਰ ਇਕ ਬਹਿਲੀ ਖੜ੍ਹੀ’ ਵਰਗੀਆਂ ਨਜ਼ਮਾਂ ਸ਼ਾਬਦਿਕ ਚਿਤਰਕਾਰੀ ਦਾ ਹੀ ਪ੍ਰਭਾਵ ਸਿਰਜਦੀਆਂ ਹਨ। ਸਾਰੀ ਉਮਰ ਆਰਥਿਕ ਤੰਗੀ ‘ਚ ਗੁਜ਼ਰ-ਬਸਰ ਕਰਨ ਵਾਲਾ ਬਾਵਾ ਬਲਵੰਤ ਖ਼ੁੱਦਾਰ ਰਚਨਾ-ਧਰਮੀ ਸੀ। ਉਹ ਆਪਣੀਆਂ ਸ਼ਰਤਾਂ ਉੱਤੇ ਜੀਣ ਵਾਲਾ ਕਲਾਕਾਰ ਸੀ। ਤਾਅ-ਉਮਰ ਉਹ ਸੱਤਾ ਦੇ ਗਲਿਆਰਿਆਂ ਤੇ ਸਰਕਾਰੀ ਤੰਤਰ ਦੇ ਲੁਭਾਉਣੇ ਛਲ-ਕਪਟ ਤੋਂ ਦੂਰ ਤੇ ਬੇਨਿਆਜ਼ ਰਿਹਾ। ਮੌਕਾ ਸਨਾਸ਼ ਤੇ ਸਮਝੌਤਾਵਾਦੀ ਮੱਧਵਰਗੀ ਬੁੱਧੀਜੀਵੀਆਂ ਤੇ ਕਲਾਕਾਰਾਂ ਦੀਆਂ ਨਸੀਹਤਾਂ ਤੇ ਸਮਝਾਉਣੀਆਂ ਉਸ ਰਾਸ ਨਾ ਆਈਆਂ। ਸੁਭਾਅ ਵਜੋਂ ਸੰਜਮੀ, ਸੰਕੋਚੀ, ਸ਼ਾਂਤ-ਚਿਰ ਪਰ ਧੁਰ ਅੰਦਰੋਂ ਸੁਦ੍ਰਿੜ ਤੇ ਸਜੱਗ ਹੋਣ ਕਰਕੇ ਉਸ ਦਾ ਬਾਗ਼ੀ ਜ਼ਿਹਨ ਖ਼ੈਰਾਤ ਲਾਹਨਤ ਸਮਝਦਾ ਰਿਹਾ। ਫ਼ਕੀਰਾਨਾ ਜੀਵਨ-ਜਾਚ ਤੇ ਮਲੰਗ ਤਬੀਅਤ ਕਰਕੇ ਉਸ ਨੇ ਸੱਤਾ ਤੇ ਮਾਇਆ-ਨਗਰੀ ਦੇ ਦਲਾਲਾਂ ਵੱਲ ਪਿੱਠ ਕਰੀ ਰੱਖੀ। ਸ਼ਬਦ-ਸਾਧਨਾ ਤੇ ਪੈਗ਼ੰਬਰੀ ਚੇਤਨਾ (ਕਲਾਕਾਰ ਦੀ ਕਰਤਾਰੀ ਹਉਂ) ਚੋਂ ਜਾਗੇ ਉਸ ਅੰਦਰਲੇ ਬਾਗ਼ੀ’ (ਆਕੀ) ਸਾਹਮਣੇ ਮੱਠਾਧਾਰੀਆਂ ਤੇ ਸੱਤਾਧਾਰੀਆਂ ਦੇ ਕਲਗ਼ੀਆਂ ਕਲਸ ਕੰਬਦੇ ਰਹੇ – ਮੇਰੇ ਸਾਹਮਣੇ ਕਲਗੀਆਂ ਕਲਸ ਕੰਬਣ’। ਜਿਉਂਦੇ ਜੀਅ ਉਸ ਦੇ ਪੰਜ ਕਾਵਿ-ਸੰਗ੍ਰਹਿ ਤੇ ਇਕ ਨਿਬੰਧ ਸੰਗ੍ਰਹਿ ਹੀ ਛਾਪੇ ਦਾ ਜਾਮਾ ਪਹਿਨ ਸਕੇ – ‘ਮਹਾਂ ਨਾਚ’ (1941), ‘ਅਮਰਗੀਤ’ (1942), ‘ਜਵਾਲਾਮੁਖੀ’ (1943), ‘ਬੰਦਰਗਾਹ’ (1951), ‘ਸੁਗੰਧ ਸੁਮੀਰ’ (1959 ਈ) ਅਤੇ ਵਾਰਤਕ ਰਚਨਾ – ਕਿਸ ਕਿਸ ਤਰ੍ਹਾਂ ਦੇ ‘ਨਾਚ’ (1957)। ਬਾਵਾ ਬਲਵੰਤ ਦੇ ਦੇਹਾਂਤ ਉਪਰਾਂਤ ਉਸ ਦੀਆਂ ਕੁਝ ਨਜ਼ਮਾਂ ਤੇ ਦੋ ਨਿਬੰਧ ਸੰਗ੍ਰਹਿ ਪ੍ਰਕਾਸ਼ਿਤ ਹੋਏ। ਡਾ: ਗੁਰਮੁਖ ਸਿੰਘ ਨੇ ਬਾਵਾ ਦੀ ਵਾਰਤਕ – ‘ਬਾਵਾ ਬਲਵੰਤ ਦੀ ਚੋਣਵੀਂ ਗਦ ਰਚਨਾ’ (1993 ਈ) ਅਤੇ ‘ਰਾਗ ਤੇ ਰੰਗ ਦਾ ਨੂਰ ਤੇ ਹੋਰ ਲੇਖ’ (2005 ਈ) ਪੁਸਤਕਾਂ ਵਿੱਚ ਸੰਪਾਦਿਤ ਕੀਤਾ ਹੈ। ਬਾਵਾ ਬਲਵੰਤ ਦੀ ਕਵਿਤਾ ਦਾ ਕੇਂਦਰੀ ਸੂਤਰ ਧਰਤੀ ਦਾ ਸੱਚ ਤੇ ਕਿਰਤ ‘ਚ ਰੁੱਝੇ ਚੇਤੰਨ ਮਨੁੱਖ ਹਨ। ਆਪਣੇ ਪਹਿਲੇ ਹੀ ਕਾਵਿ-ਸੰਗ੍ਰਹਿ ਵਿਚ ਉਸਨੇ ਆਪਣੇ ਰਚਨਾ-ਧਰਮ ਵੱਲ ਇਸ਼ਾਰਾ ਇੰਜ ਕੀਤਾ ਸੀ :
ਜ਼ਿੰਦਗੀ ਦਾ ਫਲਸਫਾ ਰਗ ਰਗ ‘ਚ ਹੈ
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ?
ਨੂਰ ਜਦ ਮਿਲਿਆ ਹੈ ਮੇਰੀ ਖ਼ਾਕ
ਕਿਉਂ ਨਾ ਦੇਵਾਂ ਰੌਸ਼ਨੀ ਹੀ ਰੌਸ਼ਨੀ?
ਬਾਵਾ ਬਲਵੰਤ ਅਨੁਸਾਰ ਪਿਆਰ ਦੋ ਵਿਰੋਧੀ ਲਿੰਗਾਂ ਦੀ ਪ੍ਰਕਿਰਤਕ ਇੰਦਰਿਆਵੀ ਖਿੱਚ ਵੀ ਹੈ ਅਤੇ ਆਤਮਿਕ ਮਸਲਾ ਵੀ। ਪੂੰਜੀਵਾਦੀ ਸਮਾਜਕ ਵਿਵਸਥਾ ਵਿਚ ਜਿਵੇਂ ਆਮ ਆਦਮੀ ਆਪਣੀ ਕਿਰਤ ਤੋਂ ਟੁੱਟਿਆ ਤੇ ਉਜਰਤ ਤੋਂ ਮਹਿਰੂਮ ਹੁੰਦਾ ਹੈ, ਉਵੇਂ ਉਹ ਜੀਵਨ ਸਾਥੀ ਦੀ ਚੋਣ ਜਿਹੇ ਭਾਵੁਕ ਮਸਲੇ ਵਿਚ ਵੀ ਸੁਤੰਤਰ ਨਹੀਂ ਹੁੰਦਾ। ਕਿਰਤ ਤੇ ਸਿਰਜਣਾ ਦੀ ਸੁਤੰਤਰਤਾ ਵਾਂਗ ਮੁਹੱਬਤ ਦੀ ਸਫ਼ਲਤਾ ਵੀ ਮਨੁੱਖ ਨੂੰ ‘ਸੰਪੂਰਣ’ ਬਣਾਉਂਦੀ ਹੈ। ਕਿਰਤ ਅਤੇ ਮੁਹੱਬਤ ਦੋਵੇਂ ਵਿਅਕਤੀ ਨਿੱਜਤਵ ਦੀ ਕੀਲ ਤੋਂ ਮੁਕਤ ਕਰਕੇ ਦੂਜਿਆਂ ਲਈ ਜੀਣਾ-ਥੀਣਾ ਸਿਖਾਉਂਦੇ ਹਨ। ਇਹ ਦੋਵੇਂ ਮਨੁੱਖ ਦੇ ਸਵੈ ਦਾ ਵਿਸਤਾਰ ਕਰਦੇ ਹਨ, ਉਸ ਨੂੰ ‘ਸਮਾਜਕ’ ਬਣਾਉਂਦੇ ਹਨ। ਬਾਵਾ ਬਲਵੰਤ ਆਪਣੀ ਪ੍ਰੇਮਿਕਾ ‘ਗਿਆਨ ਕ੍ਰਿਸ਼ਨਾ’ ਤੇ ਉਸ ਦੀ ਆਮਦ ‘ਰਹਿਮਤ ਭਰੀ ਬਹਾਰ’ ਜਾਂ ‘ਊਸ਼ਾ ਦੀ ਲੋਅ’ ਕਹਿੰਦਾ ਹੈ। ਉਹ ਕਿਰਤ ਅਤੇ ਸੱਚੀ ਮੁਹੱਬਤ ਮਾਨਵ ਜਾਤੀ ਦੀ ਮੁਕਤੀ ਦੇ ਸਾਧਨ ਵਜੋਂ ਚਿਤਵਦਾ ਹੈ।
ਸਮਕਾਲੀ ਪ੍ਰਗਤੀਵਾਦੀ ਪੰਜਾਬੀ ਕਵੀਆਂ ਦੇ ਮੁਕਾਬਲੇ ਭਾਵੇਂ ਪ੍ਰੀਤਮ ਸਿੰਘ ਸਫ਼ੀਰ ਤੇ ਬਾਵਾ ਬਲਵੰਤ ਦੀ ਕਵਿਤਾ ਵਧੇਰੇ ਸੂਖ਼ਮ, ਸੁਹਜਭਾਵੀ, ਸੰਕੇਤਕ ਅਤੇ ਗੰਭੀਰ ਮੁਦਰਾ ਵਾਲੀ ਹੈ, ਪਰ ਖੱਬੇ ਪੱਖੀ ਲਹਿਰ ਨੂੰ ਪ੍ਰਣਾਇਆ ਹੋਣ ਕਰਕੇ ਬਾਵਾ ਬਲਵੰਤ ਨੇ ਵੀ ਮਾਰਕਸਵਾਦੀ ਦਰਸ਼ਨ ਦੇ ਸਿਧਾਂਤਾਂ ਤੇ ਸੂਤਰਾਂ ਦੀ ਵਿਆਖਿਆ ਲਈ ਕਵਿਤਾ ਲਿਖੀ। ਨਿਰਸੰਦੇਹ, ਉਹ ਕਵਿਤਾ/ਕਲਾ ਦੇ ਖ਼ੁਦਮੁਖ਼ਤਾਰ ਸੁਹਜਾਤਮਕ ਵਿਧਾਨ ਬਾਰੇ ਚੇਤੰਨ ਸੀ, ਪਰ ਉਹ ਕਲਾ ਦੇ ਸਮਾਜਕ ਦਾਇਤਵ ਬਾਰੇ ਵੀ ਅਣਜਾਣ ਨਹੀਂ ਸੀ। ਭਾਵੇਂ ਮਾਰਕਸਵਾਦੀ ਸੁਹਜ-ਸ਼ਾਸਤਰ, ਸਾਹਿਤ ਅਤੇ ਕਲਾਵਾਂ ਵਿੱਚ ਸਿੱਧੇ ਵਿਚਾਰਧਾਰਕ ਪ੍ਰਚਾਰ ਅਤੇ ਨਾਹਰੇਬਾਜ਼ੀ ਦੀ ਇਜ਼ਾਜਤ ਨਹੀਂ ਦਿੰਦਾ, ਪਰ ਬਾਵਾ ਬਲਵੰਤ ਇਹ ਸਮਝਦਾ ਸੀ ਕਿ ਸਮਾਜਕ ਮਸਲਿਆਂ ਬਾਰੇ ਅਚੇਤ ਤੇ ਅਬੋਧ ਲੋਕਾਈ ਨੂੰ ਲੋਕ-ਸੰਘਰਸ਼ਾਂ ਦੇ ਲੜ ਲਾਉਣ ਲਈ ਸਹਿੰਦਾ ਸਹਿੰਦਾ ਪ੍ਰਚਾਰ ਜਾਂ ਸਿਧਾਂਤਕ ਗਿਆਨ ਦੇਣਾ ਜ਼ਰੂਰੀ ਹੈ। ਸਮੇਂ ਦੀ ਮੰਗ ਅਨੁਸਾਰ ਬਾਵਾ ਬਲਵੰਤ ਨੇ ਵੀ ਇਤਿਹਾਸਕ ਪਦਾਰਥਵਾਦ, ਦਵੰਦਾਤਮਕ ਪਦਾਰਥਵਾਦ, ਸ਼੍ਰੇਣੀ ਘੋਲ, ਵੱਖ-ਵੱਖ ਵਰਗਾਂ ਦੀ ਜਮਾਤੀ ਸਥਿਤੀ ਤੇ ਚੇਤਨਾ ਵਿਚਲੇ ਦਵੰਦਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਵਿੱਚ ਵੱਖ-ਵੱਖ ਵਰਗਾਂ ਦੀ ਭੂਮਿਕਾ ਆਦਿ ਸਿਧਾਂਤਕ ਮਸਲਿਆਂ ਦੀ ਵਿਆਖਿਆ ਵਾਲੀਆਂ ਕਵਿਤਾਵਾਂ ਲਿਖੀਆਂ; ਪ੍ਰਮਾਣ ਵਜੋਂ ਉਸਦੀਆਂ- ‘ਬਾਗ਼ੀ’, ‘ਜਵਾਨਾ’, ‘ਸਰਮਾਏਦਾਰ ਦੀ ਨਵੀਂ ਨੀਤ’, ‘ਉਠ ਦੁਨੀਆਂ ਨੂੰ ਉਲਟਾ ਦੇ, (ਮਹਾਂਨਾਚ)’, ‘ਨਵੇਂ ਗੀਤ’, (ਅਮਰ ਗੀਤ) ‘ਨੌਕਰ’, ਤਰੱਕੀ’, ਰੂਸ’, (ਜਵਾਲਾਮੁਖੀ), ‘ਸਮਾਜਵਾਦ’, (ਬੰਦਗਾਹ), ‘ਨਵੀਨ ਆਸ’ ਅਤੇ ਦੁਨੀਆਂ’ (ਸੁਗੰਧ ਸੁਮੀਰ) ਆਦਿ ਕਵਿਤਾਵਾਂ ਵਾਚੀਆਂ ਜਾ ਸਕਦੀਆਂ ਹਨ।
ਕਹਿਣ ਦੀ ਲੋੜ ਨਹੀਂ, ਦੂਜੇ ਪ੍ਰਗਤੀਵਾਦੀ ਕਵੀਆਂ ਵਾਂਗ ਬਾਵਾ ਬਲਵੰਤ ਦਾ ਵਿਰੋਧ ਵੀ ਧਰਮ ਨਾਲ ਨਹੀਂ ਸਗੋਂ ਉਸ ਮਿੱਥਿਯਾ ਧਰਮ ਚੇਤਨਾ ਨਾਲ ਹੈ, ਜੋ ਸਮੁੱਚੇ ਪ੍ਰਕਿਰਤਕ ਪਾਸਾਰੇ ਨੂੰ ਕਿਸੇ ਦਿੱਬ ਤੱਤ ਦਾ ਹੀ ਵਿਸਤਾਰ ਮੰਨਦੀ ਹੈ। ਮਨੁੱਖ ਤੇ ਉਸਦਾ ਸੰਸਾਰ ਕਿਸੇ ਦੈਵੀ ਸੱਤਾ ਦੇ ਹੀ ਝਲਕਾਰੇ ਹਨ। ਸਾਰਾ ਗੋਚਰ ਜਗਤ ਤੇ ਪਾਸਾਰਾ ਸਵੈ-ਚਾਲਿਤ ਹੈ, ਕਿਸੇ ਅਣਦਿਸਦੀ ਤਾਕਤ ਦੇ ਹੁਕਮ ਅਧੀਨ ਹੈ। ਪ੍ਰਕਿਰਤਕ ਪਾਸਾਰੇ ਤੇ ਸਭ ਹੋਂਦਾ ਨੂੰ ਨਿਰਪੇਖ, ਸਵੈ-ਚਾਲਿਤ ਤੇ ਅਬਦਲ ਮੰਨਣ ਵਾਲੀ ਮਿੱਥਿਯਾ ਧਰਮ-ਚੇਤਨਾ ਮਨੁੱਖੀ ਇਤਿਹਾਸ ਨੂੰ ਸਥਿਰ ਤੇ ਗਤੀਹੀਣ ਮੰਨਦੀ ਹੈ। ਇਹ ਸਨਾਤਨੀ ਧਰਮ-ਚੇਤਨਾ ਪ੍ਰਕਿਰਤਕ ਪਾਸਾਰੇ, ਮਨੁੱਖੀ ਤਹਿਰੀਕ ਦੇ ਵਿਕਾਸ ਤੇ ਇਤਿਹਾਸ ਅਤੇ ਸਮਾਜਕ ਵਰਤਾਰਿਆਂ ਵਿੱਚ ਮਨੁੱਖ ਦੇ ਰੋਲ ਨੂੰ ਮਨਫ਼ੀ ਕਰਦੀ ਹੈ। ਬਾਵਾ ਬਲਵੰਤ ਇਸ ਮਿੱਥਿਯਾ ਧਰਮ ਚੇਤਨਾ ਨੂੰ ਵਿਅੰਗ ਨਾਲ ‘ਮੁਰਦਾ ਖ਼ਿਆਲ’ ਅਤੇ ‘ਮੁਰਝਾ ਗਏ ਫ਼ੁੱਲ′ ਕਹਿੰਦਾ ਹੈ। ਸੰਸਾਰ ਨੂੰ ਅਬਦਲ ਤੇ ਇਤਿਹਾਸ ਨੂੰ ਸਥਿਰ ਮੰਨਣ ਕਾਰਣ ਸਨਾਤਨੀ ਧਰਮ ਚਿੰਤਨ ਯਥਾ-ਸਥਿਤੀਵਾਦੀ ਹੋ ਨਿਬੜਦਾ ਹੈ ਅਤੇ ਸਥਾਪਤੀ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਬਾਵੇ ਦਾ ਸਨਾਤਨੀ ਧਰਮ-ਚਿੰਤਨ ਜਾਂ ਰੱਹਸਵਾਦੀ ਵਿਚਾਰਧਾਰਾ ਨਾਲ ਵਿਰੋਧ ਸਿਧਾਂਤਕ ਹੈ, ਭਾਵੁਕ ਨਹੀ।

ਪੁਰਸ਼ ਦੁਆਰਾ ਸਥਾਪਿਤ ਤੇ ਸੰਚਾਲਿਤ ਸਭਿਆਚਾਰਕ ਵਿਧਾਨ ਤੇ ਪੁਰਸ਼ ਪੱਖੀ ਚਿੰਤਨ ਨਾਰੀ ਦੇ ਕਮਜ਼ੋਰ, ਬੇਵਫ਼ਾ, ਢੋਰ-ਗੰਵਾਰ ਅਤੇ ਪਰਜੀਵੀ ਹੋਣ ਦੀਆਂ ਮਿੱਥਾਂ ਘੜ੍ਹਦਾ ਹੈ। ਰਾਮ-ਕਥਾ ਉੱਤੇ ਅਧਾਰਿਤ ਦੂਰ ਇਕ ਬਹਿਲੀ ਖੜ੍ਹੀ’ ਨਜ਼ਮ ਵਿੱਚ ਬਾਵਾ ਰਾਮ ਦੇ ਮਰਿਯਾਦਾ ਪ੍ਰਸ਼ੋਤਮ, ਲੱਛਮਣ ਦੇ ਆਗਿਆਕਾਰੀ ਭਰਾਤਾ ਤੇ ਬੀਰ ਅਤੇ ਸੀਤਾ ਦੇ ਕਮਜ਼ੋਰ (ਦਾਸੀ) ਹੋਣ ਦੀ ਮਿੱਥ ਨੂੰ ਉਲਟਾ ਦਿੰਦਾ ਹੈ। ਨਜ਼ਮ ਵਿਚਲੇ ਤਿਖੇ-ਕੰਟੀਲੇ ਪ੍ਰਸ਼ਨ ਤੇਜੱਸਵੀ ਰਾਮ ਤੇ ਧੁਨਸ਼-ਧਾਰੀ ਬੀਰ ਲਛਮਣ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕਰਦੇ ਹਨ। ‘ਅਜ਼ਲ ਤੋਂ ਹੀ ਆਦਮੀ ਜ਼ਾਲਮ ਰਿਹਾ/ਲੈ ਕੇ ਖ਼ੁਸ਼ੀਆਂ ਸੋਹਲ ਦੇਂਦਾ ਰਾਮ ਰਿਹਾ’ ਦੀ ਕਟਾਖ਼ਸ਼ੀ ਧੁਨੀ ਸੀਤਾ ਦੇ ਹਵਾਲੇ ਨਾਲ ਔਰਤ ਨੂੰ ਸੰਵਾਦ ਦੇ ਕੇਂਦਰ ਵਿੱਚ ਨਾਇਕ ਵਜੋਂ ਲੈ ਆਉਂਦੀ ਹੈ। ‘ਫੇਰ ਪਾਰੋ ਨੇ ਕਿਹਾ’ ਨਜ਼ਮ ਸ਼ਿਵ-ਪਾਰਬਤੀ ਦੀ ਪੌਰਾਣ-ਕਥਾ ਦਾ ਨਵ-ਸਿਰਜਣ ਹੈ। ਪਾਰਬਤੀ ਭਗਤੀ ‘ਚ ਲੀਨ ਸ਼ਿਵ ਨੂੰ ਆਉਣ ਵਾਲੇ ਸੰਭਾਵੀ ਖਤਰਿਆਂ ਤੋਂ ਸਾਵਧਾਨ ਕਰਦੀ ਹੈ, ਜਗਾਉਂਦੀ ਹੈ। ਸ਼ਿਵ ਦਾ ਤੀਜਾ ਨੇਤਰ ਖੁੱਲ੍ਹਦਾ ਹੈ। ਉਹ ਪਾਰੋ ਨੂੰ ਜਗਤ-ਕਲਿਆਣੀ ਸ਼ਕਤੀ ਕਹਿ ਕੇ ਸਤਿਕਾਰਦਾ ਹੈ। ਬਾਵਾ ਬਲਵੰਤ ਦੀ ਇਹ ਨਜ਼ਮ ਪੰਜਾਵਿਆਂ ਦੇ ਸ਼ੁਰੂ ‘ਚ ਲਿਖੀ ਗਈ, ਦੇਸ਼ ਆਜ਼ਾਦ ਹੋ ਚੁੱਕਾ ਸੀ, ਸਾਮਰਾਜ ਭੇਸ ਬਦਲ ਕੇ ਨਵੇਂ ਨਵੇਂ ਤੇ ਲੁਭਾਉਂਣੇ ਰੂਪਾਂ ਵਿੱਚ ਫਿਰ ਸਿਰ ਚੁੱਕ ਰਿਹਾ ਸੀ। ਬਾਵਾ ਬਲਵੰਤ ਅੰਦਰਲਾ ਚੇਤਨ ਅਤੇ ਅਨੁਭਵੀ ਕਲਾਕਾਰ ਕਿਰਤੀ-ਕਿਸਾਨਾਂ, ਸ਼ਿਲਪੀਆਂ, ਕਲਾਕਾਰਾਂ ਤੇ ਔਰਤਾਂ ਅੰਦਰ ਅੰਗੜਾਈ ਲੈ ਰਹੀ ਚੇਤਨਾ ਨੂੰ ਵੀ ਸਮਝ ਰਿਹਾ ਸੀ ਅਤੇ ਇਕ ਭਵਿੱਖ-ਦ੍ਰਸ਼ਟਾ ਕਲਾਕਾਰ ਦੇ ਪੈਗ਼ਬਰੀ ਅੰਦਾਜ਼ ਵਿੱਚ ਪਾਰਬਤੀ ਤੋਂ ਇਹ ਅਖਵਾ ਰਿਹਾ ਸੀ।
ਅੱਜ ਜਦੋਂ ਨਵ-ਸਾਮਰਾਜਵਾਦ ਨਵੇਂ ਨਵੇਂ ਲੁਭਾਉਣੇ ਮਖੌਟੇ ਪਹਿਨ ਕੇ ਗਰੀਬ ਮੁਲਕਾਂ ਦੇ ਕੁਦਰਤੀ ਸੰਸਾਧਨਾਂ ਅਤੇ ਮਨੁੱਖੀ ਸਰੋਤਾਂ (ਕਿਰਤ) ਨੂੰ ਹੜੱਪਣ ਦੀ ਕਾਹਲੀ ਵਿੱਚ ਹੈ, ਬਾਵਾ ਬਲਵੰਤ ਦੀ ਸੱਤ ਕੁ ਦਹਾਕੇ ਪਹਿਲਾਂ ਕੀਤੀ ਪਸ਼ੀਨਗੋਈ ਕਿੰਨੀ ਸਾਰਥਕ ਤੇ ਪ੍ਰਸੰਗਕ ਹੈ। ਇਹੋ ਬਾਵਾ ਬਲਵੰਤ ਦੀ ਕਵਿਤਾ ਦਾ ‘ਹਾਸਿਲ’ ਹੈ। ਬਾਵਾ ਬਲਵੰਤ ਦੇ ਜਨਮ-ਸ਼ਤਾਬਦੀ ਵਰ੍ਹੇ ਸਮੇਂ ਉਸਨੂੰ ਯਾਦ ਕਰਨ ਦਾ ਸਹੀ ਸਲੀਕਾ ਇਹੋ ਹੈ ਕਿ ਉਸਦੇ ਫ਼ਿਕਰਾਂ ਤੇ ਅਕੀਦੇ ਦੀ ਬਾਂਹ ਘੁੱਟ ਕੇ ਫੜ੍ਹੀਏ।