ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ ਗ਼ਜ਼ਲ

ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ ਗ਼ਜ਼ਲ

ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ
ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀਂ।

ਕਿਉਂ ਖ਼ਿਆਲਾਂ ਦੇ ਲਈ ਹਨ ਬੇੜੀਆਂ
ਜੇ ਹਵਾ ਨੂੰ, ਵਕਤ ਨੂੰ, ਬੰਧਨ ਨਹੀਂ?
ਇਕ ਜ਼ਖ਼ਮ, ਕੋਈ ਉਮੰਗ, ਕਿ ਢੂੰਡ-ਭਾਲ,
ਤੜਪ ਤੋਂ ਬਿਨ ਮੌਤ ਹੈ, ਜੀਵਨ ਨਹੀਂ।

ਰੋਜ਼ ਲੰਘਦਾ ਹਾਂ ਗਲੀ ਤੇਰੀ ‘ਚੋਂ ਮੈਂ
ਚਾਹੇ ਕਿਸਮਤ ਵਿੱਚ ਤੇਰਾ ਦਰਸ਼ਨ ਨਹੀਂ।

ਫ਼ੇਰ ਵੀ ਕੁਝ ਮੇਰੀ ਲਗਦੀ ਹੈਂ ਜ਼ਰੂਰ
ਜ਼ਿੰਦਗੀ ਦੀ ਚਾਹੇ ਤੂੰ ਸਾਥਣ ਨਹੀਂ।
ਕਿਸ ਤਰ੍ਹਾਂ ਪੂਰਨ ਹੁਨਰ ਦਰਸ਼ਨ ਦਏ
ਜ਼ਿੰਦਗਾਨੀ ਉਸ ਦੇ ਜੇ ਅਰਪਣ ਨਹੀਂ।

ਭਾਰ ਮਾਨਵਤਾ ਦਾ, ਜਗ-ਦੁਖ ਹਰਨ ਦਾ
ਜੇ ਨਹੀਂ ਉਹ ਸਿਰ ਨਹੀਂ, ਗਰਦਨ ਨਹੀਂ।

ਬਾਵਾ ਬਲਵੰਤ