ਰੁਝਾਨ ਖ਼ਬਰਾਂ
ਰਿਸ਼ਤੇ ਵੀ ਚਾਹੁੰਦੇ ਹਨ ਆਜ਼ਾਦੀ

ਰਿਸ਼ਤੇ ਵੀ ਚਾਹੁੰਦੇ ਹਨ ਆਜ਼ਾਦੀ

ਆਜ਼ਾਦੀ ਬਹੁਤ ਵੱਡੀ ਮਿਹਨਤ ਹੈ, ਜਿਸ ਨੂੰ ਮਨੁੱਖ ਹੀ ਨਹੀਂ, ਹਰ ਪਸ਼ੂ-ਪੰਛੀ ਵੀ ਪਸੰਦ ਕਰਦਾ ਹੈ। ਅੱਜ ਦਾ ਮਨੁੱਖ ਏਨਾ ਸੁਆਰਥੀ ਹੋ ਗਿਆ ਹੈ ਕਿ ਉਹ ਆਪ ਤਾਂ ਆਜ਼ਾਦ ਰਹਿਣਾ ਚਾਹੁੰਦਾ ਹੈ ਪਰ ਦੂਜਿਆਂ ਨੂੰ ਆਜ਼ਾਦ ਦੇਖਣਾ ਨਹੀਂ ਚਾਹੁੰਦਾ। ਹਰ ਰਿਸ਼ਤਾ ਘੁਟਣ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਵਿਚ ਮਿਠਾਸ ਅਤੇ ਨਿੱਘ ਦੀ ਕਮੀ ਆ ਰਹੀ ਹੈ, ਜਿਸ ਕਾਰਨ ਆਪਣੇ ਵੀ ਬੇਗਾਨੇ ਨਜ਼ਰ ਆ ਰਹੇ ਹਨ ਅਤੇ ਹਰ ਰਿਸ਼ਤੇ ਦੀ ਅਹਿਮੀਅਤ ਘਟ ਰਹੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਰਿਸ਼ਤੇ ਹਮੇਸ਼ਾ ਬਣੇ ਰਹਿਣ ਤਾਂ ਉਨ੍ਹਾਂ ਨੂੰ ਖੁੱਲ੍ਹ ਕੇ ਜਿਉਣ ਦਿਓ। ਛੋਟੀ-ਛੋਟੀ ਗੱਲ ‘ਤੇ ਟੋਕਾ-ਟਾਕੀ, ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਤੇ ਹਰ ਸਮੇਂ ਦੂਜੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹਿਣ ਕਰਕੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਮਾਹੌਲ ਵਿਚ ਰਿਸ਼ਤਿਆਂ ਵਿਚ ਦੂਰੀ ਹੀ ਨਹੀਂ ਵਧਦੀ, ਬਲਕਿ ਜੜ੍ਹੋਂ ਵੀ ਹਿੱਲ ਜਾਂਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿਚ ਤਾਂ ਲੋਕ ਉਂਜ ਵੀ ਰਿਸ਼ਤਿਆਂ ਨੂੰ ਤੇਜ਼ੀ ਨਾਲ ਭੁੱਲ ਰਹੇ ਹਨ। ਜੇ ਅਸੀਂ ਵੀ ਇਕ-ਦੂਜੇ ਦੀਆਂ ਭਾਵਨਾਵਾਂ ਜਾਂ ਮਜਬੂਰੀਆਂ ਨੂੰ ਨਾ ਸਮਝਿਆ ਤਾਂ ਰਿਸ਼ਤੇ ਬੋਝ ਬਣ ਜਾਣਗੇ। ਸਾਨੂੰ ਬਿਨਾਂ ਕਿਸੇ ਸੁਆਰਥ ਦੇ ਇਨ੍ਹਾਂ ਨੂੰ ਆਪਣੇ ਢੰਗ ਨਾਲ ਜਿਉਣ ਦਾ ਮੌਕਾ ਦੇਣਾ ਚਾਹੀਦਾ ਹੈ।
ਗੱਲ ਜਦੋਂ ਆਜ਼ਾਦੀ ਦੀ ਹੋਵੇ ਤਾਂ ਰਿਸ਼ਤਿਆਂ ਵਿਚ ਵਿਅਕਤਿਤਵ ਛੂਟ ਜ਼ਰੂਰ ਹੋਣੀ ਚਾਹੀਦੀ ਹੈ। ਪਤੀ-ਪਤਨੀ ਵਲੋਂ ਆਪਸ ਵਿਚ ਇਕ-ਦੂਜੇ ਦਾ ਪੂਰਾ ਧਿਆਨ ਰੱਖਣਾ ਬਹੁਤ ਚੰਗੀ ਗੱਲ ਹੈ। ਜ਼ਰੂਰਤ ਤੋਂ ਜ਼ਿਆਦਾ ਖਿਆਲ ਰੱਖਣ ਦਾ ਮਤਲਬ ਹੈ ਰਿਸ਼ਤਿਆਂ ਵਿਚ ਸਹਿਜਤਾ ਦਾ ਖ਼ਤਮ ਹੋਣਾ। ਦੋਵੇਂ ਕੁਝ ਸਮਾਂ ਆਪਣੇ-ਆਪ ਨੂੰ ਜ਼ਰੂਰ ਦੇਣ। ਜਿਵੇਂ ਪਤੀ ਦਾ ਆਪਣੇ ਮਿੱਤਰਾਂ ਨਾਲ ਜਾਂ ਮਾਂ-ਬਾਪ ਆਦਿ ਨਾਲ ਕੁਝ ਸਮਾਂ ਬਿਤਾਉਣਾ। ਇਸ ਤਰ੍ਹਾਂ ਪਤਨੀ ਆਪਣੀਆਂ ਸਹੇਲੀਆਂ ਨਾਲ ਕਿੱਟੀ ਪਾਰਟੀ ਦਾ ਆਨੰਦ ਲੈ ਸਕਦੀ ਹੈ ਜਾਂ ਰੁਚੀ ਅਨੁਸਾਰ ਕੰਮ ਕਰ ਸਕਦੀ ਹੈ। ਇਸ ਤਰ੍ਹਾਂ ਰਿਸ਼ਤੇ ਮਜ਼ਬੂਤ ਵੀ ਹੋਣਗੇ ਅਤੇ ਜੀਵਨ ਦਾ ਆਨੰਦ ਵੀ ਆਵੇਗਾ।
ਭੈਣ-ਭਰਾ ਦੇ ਰਿਸ਼ਤੇ ਵਿਚ ਵੀ ਸਮੇਂ ਨਾਲ ਤਬਦੀਲੀ ਆਉਣੀ ਜ਼ਰੂਰੀ ਹੈ। ਪਹਿਲਾਂ ਉਹ ਇਕ ਵਾਤਾਵਰਨ ਵਿਚ ਵੱਡੇ ਹੁੰਦੇ ਹਨ, ਵਿਆਹ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ। ਭਰਾ ਨੂੰ ਵਿਆਹੀ ਭੈਣ ਦੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਭੈਣ ਨੂੰ ਆਪਣੇ ਭਰਾ-ਭਰਜਾਈ ‘ਤੇ ਬੋਝ ਬਣਨਾ ਚਾਹੀਦਾ ਹੈ। ਹਰੇਕ ਦੀ ਆਪਣੀ ਜ਼ਿੰਦਗੀ ਹੈ ਤੇ ਉਸ ਨੂੰ ਉਸ ਦੇ ਢੰਗ ਨਾਲ ਜਿਉਣ ਦਾ ਹੱਕ ਦੇਵਾਂਗੇ ਤਾਂ ਰਿਸ਼ਤੇ ਦੂਰ ਤੱਕ ਸਾਥ ਦੇਣਗੇ। ਇਸ ਕਰਕੇ ਕਦੇ ਵੀ ਬਿਨਾਂ ਮੰਗੇ ਸਲਾਹ ਨਾ ਦਿਓ।
ਸੱਸ-ਨੂੰਹ ਦੀ ਗੱਲ ਕਰੀਏ ਤਾਂ ਇੰਜ ਲਗਦਾ ਹੈ ਜਿਵੇਂ ਆਜ਼ਾਦੀ ਖ਼ਤਮ ਹੀ ਹੋ ਜਾਂਦੀ ਹੈ। ਇਸ ਕਾਰਨ ਇਹ ਰਿਸ਼ਤਾ ਬਹੁਤ ਸੰਵੇਦਨਸ਼ੀਲ ਹੈ ਪਰ ਇਸ ਦੀ ਵੀ ਡੋਰ ਸਾਡੇ ਹੱਥ ਹੈ। ਜੇ ਥੋੜ੍ਹੀ ਸਮਝਦਾਰੀ ਤੋਂ ਕੰਮ ਲਈਏ ਤਾਂ ਰਿਸ਼ਤਿਆਂ ਨੂੰ ਖੰਭ ਲਗਦਿਆਂ ਦੇਰ ਨਹੀਂ ਲਗਦੀ। ਜੇ ਸੱਸ ਇਕ ਕਦਮ ਅੱਗੇ ਵਧੇ ਤਾਂ ਨੂੰਹ ਨੂੰ ਵੀ ਦੋ ਕਦਮ ਅੱਗੇ ਵਧਣਾ ਚਾਹੀਦਾ ਹੈ। ਸਮੇਂ ਦੇ ਨਾਲ-ਨਾਲ ਸਭ ਨੂੰ ਆਜ਼ਾਦੀ ਦੇਣਾ ਜ਼ਰੂਰੀ ਹੈ, ਤਾਂ ਹੀ ਹਰ ਕੋਈ ਖੁੱਲ੍ਹ ਕੇ ਜੀਅ ਸਕਦਾ ਹੈ। ਲੋੜ ਪੈਣ ‘ਤੇ ਨੂੰਹ ਨੂੰ ਸਮਝਾਇਆ ਜਾ ਸਕਦਾ ਹੈ ਪਰ ਰੋਕ-ਟੋਕ ਕਰਨਾ ਠੀਕ ਨਹੀਂ। ਸੱਸ ਨੂੰ ਵੀ ਮਾਂ ਵਰਗਾ ਸਤਿਕਾਰ ਦਿੱਤਾ ਜਾ ਸਕਦਾ ਹੈ।
ਮਿੱਤਰ ਵੀ ਬਹੁਤ ਪਿਆਰੇ ਹੁੰਦੇ ਹਨ ਪਰ ਮਿੱਤਰਤਾ ਨੂੰ ਸੀਮਤ ਕਰਨਾ ਅਕਲਮੰਦੀ ਨਹੀਂ। ਕਦੇ ਵੀ ਬਿਨਾਂ ਸੋਚੇ-ਸਮਝੇ ਉਸ ਦੇ ਨਿੱਜੀ ਜੀਵਨ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹ ਤੁਹਾਡਾ ਮਿੱਤਰ ਜ਼ਰੂਰ ਹੈ ਪਰ ਉਸ ਦਾ ਵੀ ਘਰ-ਪਰਿਵਾਰ ਹੈ। ਉਸ ਦੀਆਂ ਚੀਜ਼ਾਂ ਨੂੰ ਬਿਨਾਂ ਪੁੱਛੇ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਅਟੁੱਟ ਰਿਸ਼ਤੇ ਨੂੰ ਬਣਾਈ ਰੱਖਣ ਵਿਚ ਆਜ਼ਾਦੀ ਦਾ ਅਹਿਮ ਰੋਲ ਹੈ, ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਮਿੱਤਰ ਮੁਸ਼ਕਿਲ ਵਿਚ ਹੋਵੇ ਤਾਂ ਕਦੇ ਵੀ ਉਸ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।
ਅੱਜ ਬਹੁਤ ਸਾਰੇ ਰਿਸ਼ਤੇ ਟੁੱਟਣ ਦੀ ਕਗਾਰ ਦੇ ਨਾਲ-ਨਾਲ ਖ਼ਤਮ ਹੋ ਰਹੇ ਹਨ। ਭੱਜ-ਦੌੜ ਦੀ ਜ਼ਿੰਦਗੀ ਵਿਚ ਕਿਸੇ ਕੋਲ ਇਕ-ਦੂਜੇ ਵਾਸਤੇ ਸਮਾਂ ਨਹੀਂ ਹੈ। ਬੱਚਿਆਂ ਨੂੰ ਰਿਸ਼ਤਿਆਂ ਬਾਰੇ ਜਾਣਕਾਰੀ ਲਗਪਗ ਖਤਮ ਹੋ ਰਹੀ ਹੈ। ਲੋਕ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਸਾਈਟਸ ਨਾਲ ਬਿਤਾ ਰਹੇ ਹਨ। ਰਿਸ਼ਤੇਦਾਰ ਭਾਰ ਨਜ਼ਰ ਆ ਰਹੇ ਹਨ, ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਕੁਝ ਰਿਸ਼ਤੇ ਬਣੇ ਰਹਿਣ ਤਾਂ ਉਨ੍ਹਾਂ ਦੀ ਆਜ਼ਾਦੀ ਵਿਚ ਰੁਕਾਵਟ ਨਾ ਬਣੀਏ। ਜੇ ਅਸੀਂ ਰਿਸ਼ਤਿਆਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਤਾਂ ਹਰ ਰਿਸ਼ਤੇ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਦਈਏ। ਆਜ਼ਾਦ ਰਿਸ਼ਤੇ ਹੀ ਜੀਵਨ ਵਿਚ ਗਰਮਾਹਟ ਅਤੇ ਨਿੱਘ ਲਿਆ ਸਕਦੇ ਹਨ। ਖੁੱਲ੍ਹ ਕੇ ਜੀਓ ਤੇ ਜਿਉਣ ਦਿਓ।

ਪ੍ਰਵੀਨ ਅਬਰੋਲ