ਵਿਵਾਦਤ ਨਾਵਲ ‘ਸੂਰਜ ਦੀ ਅੱਖ’ ਦਾ ਲੇਖਕ ਸੰਵਾਦ ਰਚਾਉਣ ਤੋਂ ਭੱਜਿਆ

ਬਲਦੇਵ ਸੜਕਨਾਮਾ ਦੀ ਲਿਖਤ ਬਾਰੇ ਟੈਲੀਵਿਜ਼ਨ ‘ਤੇ ਪ੍ਰੋਗਰਾਮ 27 ਅਕਤੂਬਰ ਨੂੰ

ਵੈਨਕੂਵਰ : (ਬਰਾੜ ਭਗਤਾ ਭਾਈ ਕਾ) ਢਾਹਾਂ ਐਵਾਰਡ ਵਾਲੇ ਵਿਵਾਦਤ ਨਾਵਲ ‘ਸੂਰਜ ਦੀ ਅੱਖ’ ਨੂੰ 25 ਹਜ਼ਾਰ ਡਾਲਰ ਦਾ ਇਨਾਮ ਦੇ ਕੇ ਮਾਨਤਾ ਦੇਣ ਦੀ ਸਾਜਿਸ਼ ਸਬੰਧੀ ‘ਮਹਿਕ ਪੰਜਾਬ ਦੀ’ ਟੈਲੀਵਿਜ਼ਨ ਪ੍ਰੋਗਰਾਮ 27 ਅਕਤੂਬਰ ਦਿਨ ਸ਼ਨੀਵਾਰ ਨੂੰ, ‘ਜੋਆਇ ਟੀ. ਵੀ.’ ਦੇ ਚੈਨਲ ਨੰਬਰ 10 ਉੱਪਰ ਬ੍ਰਿਟਿਸ਼ ਕੋਲੰਬੀਆ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਪ੍ਰਸਾਰਿਤ ਹੋ ਰਿਹਾ ਹੈ, ਜਦ ਕਿ ਕੈਨੇਡਾ ਭਰ ਦੇ ਹੋਰਨਾਂ ਸ਼ਹਿਰਾਂ ਐਲਬਰਟਾ ‘ਚ ਸਵੇਰੇ 11 ਵਜੇ, ਵਿੰਨੀਪੈਗ ‘ਚ ਦੁਪਹਿਰ 12 ਵਜੇ ਅਤੇ ਟੋਰਾਂਟੋ ‘ਚ ਬਾਅਦ ਦੁਪਹਿਰ ਦੇ 1 ਵਜੇ ਪ੍ਰਸਾਰਿਤ ਹੋਵੇਗਾ। ਇਸ ਪ੍ਰੋਗਰਾਮ ‘ਚ ਬਲਦੇਵ ਸਿੰਘ ਸੜਕਨਾਮਾ ਨੂੰ ਵੀ ਸੰਵਾਦ ਲਈ ਸੱਦਿਆ ਗਿਆ ਸੀ, ਪਰ ਉਸ ਨੇ ਵਿਚਾਰ ਗੋਸ਼ਟੀ ‘ਚ ਸ਼ਾਮਲ ਹੋਣ ਤੋਂ ਆਖ਼ਰੀ ਮੌਕੇ ਇਨਕਾਰ ਕਰ ਦਿੱਤਾ। ਇਸ ਪ੍ਰੋਗਰਾਮ ‘ਚ ਵਿਵਾਦਤ ਨਾਵਲ ਦੀ ਅਕਾਦਮਿਕ ਪੱਧਰ ‘ਤੇ ਸਾਹਿਤਕ ਕਚਿਆਈ ਅਤੇ ਪੰਜਾਬੀ ਭਾਸ਼ਾ ਦੇ ਵਿਗਾੜ ਤੋਂ ਇਲਾਵਾ ਇਤਿਹਾਸਕ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ ਬਾਰੇ ਵੀ ਚਰਚਾ ਹੋਵੇਗੀ। ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਕਰਨਗੇ, ਜਦ ਕਿ ਵਿਚਾਰ ਚਰਚਾ ‘ਚ ਪੱਤਰਕਾਰ ਤੇ ਲੇਖਕ ਬਖ਼ਸ਼ਿੰਦਰ, ਅਤੇ ਸਾਊਥ ਏਸ਼ੀਅਨ ਰੀਵਿਊ ਦੇ ਸੰਪਾਦਕ ਭੁਪਿੰਦਰ ਸਿੰਘ ਮੱਲ੍ਹੀ ਸ਼ਾਮਲ ਹੋਣਗੇ।