ਭੰਗ ਦੀ ਦੁਰਵਰਤੋਂ ਕਰਨ ਵਾਲੇ ਪਰਮਾਨੈਂਟ ਰੈਜ਼ੀਡੈਂਟ ਹੋ ਸਕਦੇ ਹਨ ਡਿਪੋਰਟ

ਭੰਗ ਦੀ ਦੁਰਵਰਤੋਂ ਕਰਨ ਵਾਲੇ ਪਰਮਾਨੈਂਟ ਰੈਜ਼ੀਡੈਂਟ ਹੋ ਸਕਦੇ ਹਨ ਡਿਪੋਰਟ

ਪੀ.ਆਰ. ਨਿਵਾਸੀਆਂ ਨੂੰ ਸਰਕਾਰ ਦੀ ਚੇਤਾਵਨੀ

ਓਟਵਾ : ਕੈਨੇਡਾ ਸਰਕਾਰ ਵਲੋਂ ਭੰਗ ਨੂੰ ਦਿੱਤੀ ਗਈ ਕਾਨੂੰਨੀ ਮਾਨਤਾ ਤੋਂ ਬਾਅਦ ਲਗਾਤਾਰ ਸਰਕਾਰ ਦੇ ਇਸ ਫੈਸਲੇ ਖਿਲਾਫ਼ ਵਿਵਾਦ ਉੱਠੇ ਦਾ ਰਹੇ ਹਨ। ਇਨ੍ਹਾਂ ਵਿਵਾਦਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਪਰਮਾਨੈਂਟ ਰੈਜ਼ੀਡੈਂਟ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਪੀ.ਆਰ. ਵਾਸੀ ਭੰਗ ਦੇ ਨਸ਼ੇ ਕਾਰਣ ਚਾਰਜ ਹੋਏ ਤਾਂ ਉਨ੍ਹਾਂ ਨੂੰ ਕੈਨੇਡਾ ਛੱਡਣ ਤੱਕ ਦੀ ਨੋਬਤ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵਲੋਂ ਇਹ ਚੇਤਾਵਨੀ ਨੂੰ ਚਰਚਾ ਦਾ ਵਿਸ਼ਾ ਬਣਨ ਤੋਂ ਬਚਾਉਣ ਲਈ ਚੁੱਪ-ਚਪੀਤੇ ਹੀ ਵੈਬਸਾਈਟ ‘ਤੇ ਪਾ ਦਿੱਤਾ ਗਿਆ। ਜੀ-7 ਦੇਸ਼ਾਂ ‘ਚ ਸਿਰਫ਼ ਕੈਨੇਡਾ ਹੀ ਅਜਿਹਾ ਦੇਸ਼ ਹੈ ਜਿਸ ਨੇ ਭੰਗ ਨੂੰ ਮਨ ਪਰਚਾਵੇ ਲਈ ਕਾਨੂੰਨੀ ਮਾਨਤਾ ਦਿੱਤੀ ਹੈ। ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਰੂਸ ਵਲੋਂ ਇਤਰਾਜ਼ ਵੀ ਜਤਾਇਆ ਗਿਆ। ਰੂਸ ਵਲੋਂ ਕੈਨੇਡਾ ਦੇ ਫੈਸਲੇ ਨੂੰ ‘ਅਸਵਿਕਾਰਯੋਗ’ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਿਆ ਅਤੇ ਕਿਹਾ ਕਿ ਇਸ ਫੈਸਲੇ ਨਾਲ ਵਿਦੇਸ਼ਾਂ ‘ਚ ਤਸਕਰੀ ਵਧੇਗੀ।
ਰੂਸ ਮੁਤਾਬਕ ਕੈਨੇਡਾ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ, ਰਾਸ਼ਟਰੀ ਸਰਹੱਦਾਂ ਤੋਂ ਬਾਹਰ ਭੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ, ਪਰ ਇਸ ਦੇ ਬਾਵਜੂਦ ਨਿਸ਼ਚਿਤ ਰੂਪ ਨਾਲ ਹੋਰਾਂ ਦੇਸ਼ਾਂ ‘ਚ ਇਸ ਦੀ ਤਸਕਰੀ ਨੂੰ ਰੋਕਣ ‘ਚ ਬਹੁਤ ਕਠਨ ਹੋਵੇਗਾ ।
ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਵਲੋਂ ਭੰਗ ਦੀ ਵਰਤੋਂ ਬਾਰੇ ਜੋ ਕਨੂੰਨ ਬਣਾਇਆ ਗਿਆ ਹੈ ਉਸ ਦੇ ਅਨੁਸਾਰ ਗੈਰਕਨੂੰਨੀ ਢੰਗ ਨਾਲ ਭੰਗ ਦਾ ਉਤਪਾਦਨ, ਇਸਨੂੰ ਹੋਰਾਂ ਵਿੱਚ ਵੰਡਣ ਜਾਂ ਕੈਨੇਡਾ ਤੋਂ ਬਾਹਰ ਲਿਜਾਣ ਦੇ ਦੋਸ਼ ‘ਚ 14 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਇਹੀ ਸਜ਼ਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਭੰਗ ਵੇਚਣ ਜਾਂ ਭੰਗ ਨਾਲ ਸਬੰਧਿਤ ਕੋਈ ਕਨੂੰਨ ਤੋੜਨ ਲਈ ਹੋ ਸਕਦੀ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵਲੋਂ 18 ਦਸੰਬਰ 2018 ਤੋਂ ਨਸ਼ਾ ਕਰਕੇ ਵਾਹਨ ਚਲਾਉਣ ਵਰਗੇ ਜੁਰਮ ਦੀਆਂ ਕਈ ਸਜ਼ਾਵਾਂ ਦੀ ਮਿਆਦ 5 ਸਾਲ ਤੋਂ ਵੱਧ ਕੇ 10 ਸਾਲ ਕੀਤੀ ਜਾ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਪਰਮਾਨੈਂਟ ਰੈਜ਼ੀਡੈਂਟਾਂ ਅਤੇ ਟੈਂਪਰੇਰੀ ਫੋਰਨ ਵਰਕਰਾਂ ਅਤੇ ਇੰਟਰਨੈਸ਼ਨਲ ਵਿੱਦਿਆਰਥੀਆਂ ਉੱਤੇ ਗੰਭੀਰ ਪ੍ਰਭਾਵ ਪਵੇਗਾ। ਕਿਉਂਕਿ ਕੈਨੇਡਾ ਦੇ ਇੰਮੀਗਰੇਸ਼ਨ ਕਾਨੂੰਨ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਦਸ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਸਨੇ ਅਸਲ ਵਿੱਚ 6 ਮਹੀਨੇ ਤੋਂ ਵੱਧ ਕੈਦ ਕੱਟੀ ਹੋਵੇ ਤਾਂ ਅਜਿਹੇ ਪਰਮਾਨੈਂਟ ਰੈਜ਼ੀਡੈਂਟਾਂ, ਵਿਦੇਸ਼ੀ ਨਾਗਰਿਕਾਂ ਅਤੇ ਵਰਕਰਾਂ ਦਾ ਕੈਨੇਡਾ ਵਿੱਚ ਦਾਖਲਾ ਰੋਕਿਆ ਜਾ ਸਕਦਾ ਹੈ।