ਅਸਲੀ ਰਾਵਣ ਕਦੋਂ ਮਰੇਗਾ?

ਅਸਲੀ ਰਾਵਣ ਕਦੋਂ ਮਰੇਗਾ?

ਦੁਸਹਿਰਾ ਭਾਰਤ ਭਰ ਵਿੱਚ ਬੜੇ ਚਾਅ ਅਤੇ ਉਤਸੁਕਤਾ ਨਾਲ ਹਰ ਸਾਲ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਅੱਸੂ ਦੇ ਨਰਾਤਿਆਂ ਤੋਂ ਪਿੱਛੋਂ ਦਸਵੀਂ ਤੇ ਦੁਸਹਿਰਾ ਰਾਵਣ, ਕੁੰਭਕਰਣ ਅਤੇ ਮੇਘਨਾਦ ਦੇ ਪੁਤਲੇ ਜਲਾ ਕੇ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਰਮਾਇਣ ਦੀ ਕਥਾ ਰਾਮ ਲੀਲਾ ਦੇ ਰੂਪ ਵਿੱਚ ਝਾਕੀਆਂ ਅਤੇ ਨਾਟਕ ਦੇ ਰੂਪ ਵਿੱਚ ਪੇਸ਼ ਕਰਕੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ। ਨਾਟਕ ਅਤੇ ਝਾਕੀਆਂ ਦੇਖਣ ਨਾਲ ਲੋਕ ਮਨਾਂ ਵਿੱਚ ਭਗਵਾਨ ਰਾਮ ਪ੍ਰਤੀ ਸ਼ਰਧਾ ਅਤੇ ਰਾਵਣ ਪ੍ਰਤੀ ਨਫਰਤ ਦਾ ਹੋ ਜਾਣਾ ਵੀ ਕੁਦਰਤੀ ਲਗਦਾ ਹੈ। ਜਿਹੜੀ ਚੀਜ਼ ਜਿਵੇਂ ਪ੍ਰੋਸੀ ਜਾਂਦੀ ਹੈ, ਵਰਤੋਂ ਵੀ ਉਂਜ ਹੀ ਹੋਵੇਗੀ। ਦੁਸਹਿਰੇ ਵਾਲੀ ਸ਼ਾਮ ਨੂੰ ਲਗਭਗ ਉੱਤਰੀ ਭਾਰਤ ਦੇ ਹਰ ਸ਼ਹਿਰ ਵਿੱਚ ਰਾਵਣ ਦੇ ਪੁਤਲੇ ਸਾੜ ਕੇ ਇਹ ਤਸਲੀਮ ਕਰ ਲਿਆ ਜਾਂਦਾ ਹੈ ਕਿ ਹੁਣ ਬਦੀ ਦਾ ਖਾਤਮਾ ਹੋ ਗਿਆ ਸਮਝੋ। ਪਰ ਅਜਿਹਾ ਹੁੰਦਾ ਨਹੀਂ ਹੈ। ਦੁਸਹਿਰੇ ਵਾਲੀ ਰਾਤ ਨੂੰ ਹੀ ਕਈ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਤਰੇਤਾ ਯੁਗ ਤੋਂ ਹੀ ਅਸੀਂ ਲਗਾਤਾਰ ਰਾਵਣ ਦੇ ਪੁਤਲੇ ਸਾੜਦੇ ਚਲੇ ਆ ਰਹੇ ਹਾਂ। ਹੁਣ ਤੱਕ ਤਾਂ ਬਦੀ ਅਤੇ ਬਦੀ ਕਰਨ ਵਾਲਿਆਂ ਦਾ ਖਾਤਮਾ ਹੋ ਜਾਣਾ ਚਾਹੀਦਾ ਸੀ। ਪਰ ਇਸ ਧਰਤੀ ‘ਤੇ ਬਦੀਆਂ ਤਾਂ ਲਗਾਤਾਰ ਵਧਦੀਆਂ ਹੀ ਜਾਂਦੀਆਂ ਹਨ।
ਰਾਮ ਲੀਲਾ ਦੇ ਪ੍ਰਚਲਣ ਨਾਲ ਇਨ੍ਹਾਂ ਦਿਨਾਂ ਵਿੱਚ ਰਮਾਇਣ ਦੀ ਕਥਾ ਕਹਾਣੀ ਲੋਕ-ਮਨਾਂ ‘ਤੇ ਉੱਕਰੀ ਜਾਂਦੀ ਹੈ। ਕਿਵੇਂ ਭਗਵਾਨ ਰਾਮ ਨੂੰ ਬਨਵਾਸ ਹੋਇਆ ਤੇ ਕਿਵੇਂ ਫਿਰ ਲੰਕਾ ਦੇ ਰਾਜੇ ਰਾਵਣ ਨਾਲ ਉਹਨਾਂ ਦਾ ਭਿਆਨਕ ਯੁੱਧ ਹੋਇਆ। ਭਰਾ ਭੈਣ ਦੇ ਰਿਸ਼ਤੇ ਦੀ ਅਹਿਮੀਅਤ ਦਾ ਵੀ ਇਸ ਤੋਂ ਅਹਿਸਾਸ ਹੁੰਦਾ ਹੈ। ਲਛਮਣ ਦੇ ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਕੱਟਣ ਨਾਲ ਬਦਲੇ ਦੀ ਅੱਗ ਦੀ ਕਹਾਣੀ ਹੀ ਅਸਲ ਵਿੱਚ ਰਮਾਇਣ ਦੇ ਯੁੱਧ ਦਾ ਮੁੱਖ ਕਾਰਨ ਬਣੀ ਸੀ। ਉਂਜ ਭਾਵੇਂ ਭਗਵਾਨ ਰਾਮ ਦੀ ਮਾਤਾ ਕੈਕਈ ਦੀ ਜ਼ਿਦ, ਜਿਸ ਦੇ ਨਤੀਜੇ ਵਜੋਂ ਰਾਮ ਦੇ ਬਨਵਾਸ ਦੀ ਨੌਬਤ ਆਈ, ਵੀ ਵੱਡਾ ਕਾਰਨ ਸੀ। ਪਰ ਰਾਣੀ ਕੈਕਈ ਵੀ ਆਪਣੇ ਪ੍ਰਾਪਤ ਕੀਤੇ ਵਰ ਦੇ ਅਧਾਰ ‘ਤੇ ਹੀ ਇਹ ਸਭ ਕਰਨ ਦੇ ਸਮਰੱਥ ਹੋਈ ਸੀ ਜੋ ਉਸਨੇ ਆਪਣੀ ਜਾਨ ‘ਤੇ ਹੂਲ ਕੇ ਲਿਆ ਸੀ। ਉਸਨੇ ਰਾਜੇ ਦੇ ਵੱਡੇ ਪੁੱਤਰ ਰਾਮ ਦੀ ਬਜਾਏ ਆਪਣੇ ਪੁੱਤਰ ਭਰਤ ਲਈ ਰਾਜਭਾਗ ਤਾਂ ਮੰਗ ਲਿਆ ਸੀ ਪਰ ਕਿਤੇ ਨਾ ਕਿਤੇ ਉਸਦੇ ਮਨ ਵਿੱਚ ਤੌਖਲਾ ਸੀ ਕਿ ਰਾਮ ਦੇ ਉੱਥੇ ਹੁੰਦੇ ਉਹਦਾ ਪੁੱਤਰ ਰਾਜਭਾਗ ਨਹੀਂ ਚਲਾ ਸਕੇਗਾ। ਇਸੇ ਲਈ ਉਸਨੇ ਨਫਰਤ ਅਤੇ ਈਰਖਾ ਦੀ ਸ਼ਿਕਾਰ ਹੋ ਕੇ ਹੀ ਰਾਮ ਲਈ ਬਨਵਾਸ ਦੀ ਮੰਗ ਕੀਤੀ ਸੀ। ਹਾਲਾਂਕਿ ਉਹ ਭਲੀਭਾਂਤ ਜਾਣਦੀ ਸੀ ਕਿ ਰਾਜਾ ਦਸ਼ਰਥ ਰਾਮ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹ ਇਹ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਣਗੇ। ਔਰਤ ਦੀ ਜ਼ਿਦ ਦਾ ਖਮਿਆਜਾ ਰਾਣੀ ਕੈਕਈ ਨੇ ਵਿਧਵਾ ਹੋ ਜਾਣਾ ਤਾਂ ਤਸਲੀਮ ਕਰ ਲਿਆ ਪਰ ਆਪਣੇ ਪੁੱਤਰ ਮੋਹ ਤੋਂ ਪਿੱਛੇ ਨਹੀਂ ਹਟੀ।
ਦੁਨੀਆਂ ਦਾ ਵੀ ਅਜੀਬ ਹੀ ਦਸਤੂਰ ਹੈ। ਇੱਕ ਵਿਦਵਾਨ ਰਾਜਾ ਰਾਵਣ, ਜਿਸਨੇ ਆਪਣੀ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਭਗਵਾਨ ਰਾਮ ਦੀ ਪਤਨੀ ਸੀਤਾ ਮਾਤਾ ਦਾ ਹਰਣ ਕਰਕੇ ਉਹਨੂੰ ਆਪਣੀ ਕੈਦ ਵਿੱਚ ਤਾਂ ਰੱਖ ਲਿਆ ਪਰ ਉਸਦਾ ਸਤ ਭੰਗ ਨਹੀਂ ਕੀਤਾ। ਯੁੱਧ ਨੂੰ ਤਰਜੀਹ ਦੇ ਕੇ ਆਪਣੀ ਮੌਤ ਖਰੀਦ ਲਈ। ਉਸਦੀ ਮੌਤ ਦਾ ਜਸ਼ਨ ਦੁਸ਼ਿਹਰੇ ਦੇ ਰੂਪ ਵਿੱਚ ਬਦੀ ਉੱਪਰ ਨੇਕੀ ਦੀ ਜਿੱਤ ਦੇ ਲੇਬਲ ਥੱਲੇ ਸਦੀਆਂ ਤੋਂ ਹੀ ਉਹਦੇ ਪੁਤਲੇ ਸਾੜ ਕੇ ਮਨਾਉਂਦੇ ਆ ਰਹੇ ਹਾਂ। ਪਰ ਭਗਵਾਨ ਰਾਮ ਦੀ ਸੌਤੇਲੀ ਮਾਂ ਕੈਕਈ ਦਾ ਕਦੇ ਕੋਈ ਜ਼ਿਕਰ ਨਹੀਂ ਕਰਦੇ? ਅਸੀਂ ਇਹ ਸੋਚਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕਰਦੇ ਕਿ ਇਸ ਯੁੱਧ ਦੀ ਅਸਲ ਕਸੂਰਵਾਰ ਤਾਂ ਰਾਣੀ ਕੈਕਈ ਤੇ ਉਹਦੀ ਰਾਮ ਪ੍ਰਤੀ ਨਫਰਤ ਹੀ ਹੈ। ਜੇ ਉਸਨੇ ਰਾਮ ਲਈ ਬਨਵਾਸ ਨਾ ਮੰਗਿਆ ਹੁੰਦਾ ਤਾਂ ਨਾ ਸੀਤਾ ਹਰਣ ਹੁੰਦਾ ਤੇ ਨਾ ਹੀ ਰਮਾਇਣ ਦਾ ਯੁੱਧਾ ਭਾਵੇਂ ਕਸੂਰਵਾਰ ਤਾਂ ਰਾਵਣ ਵੀ ਬਰਾਬਰ ਦਾ ਹੀ ਹੈ, ਜਿਸਨੇ ਛਲਕਪਟ ਨਾਲ ਸੀਤਾ ਮਾਤਾ ਦਾ ਹਰਣ ਕੀਤਾ ਸੀ। ਜੇ ਉਸਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਹੀ ਲੈਣਾ ਸੀ ਤਾਂ ਗੱਲਬਾਤ ਕਰਕੇ ਜਾਂ ਫਿਰ ਉਂਜ ਸਿੱਧੀ ਲੜਾਈ ਕਰਕੇ ਵੀ ਲੈ ਸਕਦਾ ਸੀ। ਔਰਤ ਨੂੰ ਮੋਹਰਾ ਕਿਉਂ ਬਣਾਇਆ?
ਹੁਣ ਅਸੀਂ ਵੀ ਕਿਹੜੀ ਸਿਆਣਪ ਦਾ ਸਬੂਤ ਦੇ ਰਹੇ ਹਾਂ। ਉਸ ਵਿਦਵਾਨ ਰਾਜੇ ਰਾਵਣ, ਜਿਹੜਾ ਚਾਰ ਵੇਦਾਂ ਦਾ ਗਿਆਤਾ ਸੀ ਅਤੇ ਜਿਸ ਨੂੰ ਉਸਦੇ ਕੀਤੇ ਦੀ ਸਜ਼ਾ ਕਈ ਯੁੱਗ ਪਹਿਲਾਂ ਹੀ ਭਗਵਾਨ ਰਾਮ ਉਸਦੀ ਮੌਤ ਦੇ ਰੂਪ ਵਿੱਚ ਦੇ ਚੁੱਕੇ ਹਨ, ਹੁਣ ਅਸੀਂ ਉਹਦੇ ਨਾਮ ‘ਤੇ ਹਰ ਸਾਲ ਲੱਖਾਂ ਹੀ ਪੁਤਲੇ ਬਣਾ ਕੇ ਸਾੜਦੇ ਹਾਂ ਤੇ ਕਰੋੜਾਂ ਰੁਪਇਆ ਅਜਾਈਂ ਬਰਬਾਦ ਕਰ ਦਿੰਦੇ ਹਾਂ। ਮਨ ਹੀ ਮਨ ਅਸੀਂ ਸੰਤੁਸ਼ਟ ਵੀ ਹੋ ਜਾਂਦੇ ਹਾਂ ਕਿ ਅਸਾਂ ਬੁਰਾਈ ‘ਤੇ ਫਤਿਹ ਪਾ ਲਈ ਹੈ। ਅਸੀਂ ਇਸ ਫੋਕੀ ਸੰਤੁਸ਼ਟੀ ਨਾਲ ਆਪਣੇ ਆਪ ਅਤੇ ਦੇਸ਼ ਨਾਲ ਕਿੱਡਾ ਭੱਦਾ ਮਜ਼ਾਕ ਕਰ ਰਹੇ ਹਾਂ ਕਿਉਂਕਿ ਇੱਥੇ ਤਾਂ ਗਲੀ ਗਲੀ ਰਾਵਣ ਹਰਲ ਹਰਲ ਕਰਦੇ ਫਿਰਦੇ ਹਨ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਨਾ ਹੁੰਦਾ ਹੋਵੇ, ਬਲਾਤਕਾਰ ਅਤੇ ਗੈਂਗਰੇਪ ਨਾ ਹੁੰਦੇ ਹੋਣ ਅਤੇ ਕੁਕਰਮ ਕਰਕੇ ਲੜਕੀਆਂ ਅਤੇ ਔਰਤਾਂ ਦੀ ਹੱਤਿਆ ਨਾ ਹੁੰਦੀ ਹੋਵੇ। ਜਦੋਂ ਇਹ ਸਭ ਉਸੇ ਤਰ੍ਹਾਂ ਜਾਰੀ ਹੈ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਬਦੀ ਅਤੇ ਬੁਰਾਈ ਦਾ ਅੰਤ ਹੋ ਗਿਆ?
ਜੇ ਅਸੀਂ ਥੋੜ੍ਹੀ ਜਿਹੀ ਵੀ ਸਿਆਣਪ ਤੋਂ ਕੰਮ ਲਈਏ ਤਾਂ ਜੋ ਧਨ ਅਸੀਂ ਪੁਤਲੇ ਬਣਾਉਣ ਅਤੇ ਸਾੜਨ ਉੱਤੇ ਖਰਚ ਕਰਦੇ ਹਾਂ, ਜੇ ਉਹੀ ਲੋੜਵੰਦਾਂ ਦੇ ਸਪੁਰਦ ਕਰ ਕੇ ਉਨ੍ਹਾਂ ਨੂੰ ਢਾਰਸ ਦੇਣ ਦੀ ਕੋਸ਼ਿਸ਼ ਕਰੀਏ ਤਾਂ ਉਨ੍ਹਾਂ ਦੀ ਜੂਨ ਸੁਧਰ ਸਕਦੀ ਹੈ। ਪਰ ਅਸੀਂ ਤਾਂ ਕੇਵਲ ਇੱਕੋ ਹੀ ਲਕੀਰ ਪਿੱਟਣ ਤੇ ਲੱਗੇ ਹੋਏ ਹਾਂ। ਧਾਰਮਕ ਅਸਥਾਨਾਂ ‘ਤੇ ਸੋਨਾ ਚਾੜ੍ਹੀ ਜਾਵਾਂਗੇ, ਰੈਲੀਆਂਅ ਤੇ ਜਲਸੇ ਜਲੂਸਾਂ ਵਿੱਚ ਧਨ ਦਾ ਉਜਾੜਾ ਕਰੀ ਜਾਵਾਂਗੇ ਪਰ ਲੋੜਵੰਦਾਂ ਦੇ ਮੂੰਹ ਵਿੱਚ ਬੁਰਕੀ ਨਹੀਂ ਪਾਵਾਂਗੇ। ਅੱਜਕਲ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਅਨੁਸਾਰ ਦੇਸ਼ ਦੇ ਕੁਝ ਚੋਟੀ ਦੇ ਮੰਦਰਾਂ ਵਿੱਚ ਤੀਹ ਹਜ਼ਾਰ ਟੱਨ ਤੋਂ ਵੀ ਵੱਧ ਸੋਨੇ ਦੇ ਭੰਡਾਰ ਪਏ ਹੋਏ ਹਨ। ਜੇ ਉਹੀ ਸੋਨਾ ਦੇਸ਼ ਦੇ ਭੰਡਾਰ ਵਿੱਚ ਸੌਂਪ ਦਿੱਤਾ ਜਾਵੇ ਤਾਂ ਭਾਰਤ ਮੁੜ ਤੋਂ ਸੋਨੇ ਦੀ ਚਿੜੀ ਬਣ ਸਕਦਾ ਹੈ ਅਤੇ ਵਿਸ਼ਵ ਦੀ ਇੱਕ ਨੰਬਰ ਦੀ ਸ਼ਕਤੀ ਬਣ ਸਕਦਾ ਹੈ। ਪਰ ਕਿਸੇ ਨੂੰ ਅੰਧ ਵਿਸ਼ਵਾਸ ਤੋਂ ਨਿਜ਼ਾਤ ਮਿਲੇ ਤਾਂ ਹੀ ਨਾ।
ਦਰਅਸਲ ਸਾਡਾ ਦੇਸ਼ ਤਾਂ ਅੰਦਰੋਂ ਵੀ ਤੇ ਬਾਹਰੋਂ ਵੀ ਅਜਿਹੇ ਰਾਵਣਾਂ ਨਾਲ ਘਿਰਿਆ ਪਿਆ ਹੈ। ਕਿਧਰੇ ਨੀਰਵ ਮੋਦੀ ਤੇ ਵਿਜੈ ਮਾਲੀਆ ਵਰਗੇ ਠੱਗ ਦੇਸ਼ ਦਾ ਕਰੋੜਾਂ ਰੁਪਇਆ ਲੁੱਟ ਕੇ ਵਿਦੇਸ਼ਾਂ ਵਿੱਚ ਜਾ ਲੁਕੇ ਹਨ ਤੇ ਕਿਧਰੇ ਦੇਸ਼ ਦੇ ਰਾਜਨੀਤਕ ਨੇਤਾ ਸੇਵਾਦਾਰਾਂ ਦੇ ਮਖੌਟੇ ਪਹਿਨ ਕੇ ਦੋਹੀਂ ਦੋਹੀਂ ਹੱਥੀਂ ਦੇਸ਼ ਦਾ ਸਰਮਾਇਆ ਲੁੱਟ ਰਹੇ ਹਨ। ਨੇਤਾਵਾਂ ਦੀਆਂ ਵੱਡੀਆਂ ਵੱਡੀਆਂ ਤਨਖਾਹਾਂ, ਪੈਨਸ਼ਨਾਂ ਅਤੇ ਸੁੱਖ ਸਹੂਲਤਾਂ ਦੇਸ਼ ਦੇ ਖਜ਼ਾਨੇ ਦਾ ਧੂੰਆਂ ਕੱਢ ਰਹੀਆਂ ਹਨ ਅਤੇ ਨੌਜਵਾਨ ਵਿਚਾਰੇ ਰੋਜ਼ਗਾਰ ਲਈ ਤਰਲੇ ਲੈਂਦੇ ਹੋਏ ਵਿਦੇਸ਼ਾਂ ਵੱਲ ਦੌੜਨ ਲਈ ਮਜਬੂਰ ਹਨ। ਦੇਸ਼ ਦਾ ਪੰਜਾਹ ਫੀਸਦੀ ਤੋਂ ਵੀ ਵੱਧ ਸਰਮਾਇਆ ਕੇਵਲ ਇੱਕ ਫੀਸਦੀ ਲੋਕਾਂ ਦੇ ਕਬਜ਼ੇ ਵਿੱਚ ਆ ਚੁੱਕਾ ਹੈ। ਦੂਜੇ ਪਾਸੇ 135 ਕਰੋੜ ਭਾਰਤੀਆਂ ਵਿੱਚੋਂ ਅੱਜ ਵੀ ਅੱਸੀ ਕਰੋੜ ਲੋਕ ਉਹ ਹਨ ਜੋ 100 ਤੋਂ 300 ਰੁਪਏ ਦਿਹਾੜੀ ਕਮਾ ਕੇ ਢਿੱਡ ਨੂੰ ਝੁਲਕਾ ਦਿੰਦੇ ਹਨ। ਇਹ ਵਿਚਾਰੇ ਉਹ ਲੋਕ ਹਨ ਜੋ ਲੋਕ ਰਾਜ ਦੀ ਚੋਣ ਪ੍ਰਕਿਰਿਆ ਵਿੱਚ ਤਾਂ ਭਾਗੀਦਾਰ ਹੁੰਦੇ ਹਨ ਪਰ ਉਹਨਾਂ ਦੀ ਕੋਈ ਨਿੱਜੀ ਅਜ਼ਾਦ ਰਾਇ ਨਹੀਂ ਹੁੰਦੀ। ਸਗੋਂ ਉਹ ਤਾਂ ਚੰਦ ਕੁ ਰੁਪਇਆਂ ਬਦਲੇ ਆਪਣੀਆਂ ਵੋਟਾਂ ਵੀ ਵੇਚ ਦਿੰਦੇ ਹਨ। ਫਿਰ ਉਹ ਵਿਚਾਰੇ ਮੁਫਤ ਦਾਲ ਰੋਟੀ ਵਰਗੀਆਂ ਸਕੀਮਾਂ ਦੀ ਉਡੀਕ ਕਰਨ ਲੱਗ ਜਾਂਦੇ ਹਨ, ਜਿੰਨਾ ਦੇ ਲਾਰੇ ਸਾਡੇ ਨੇਤਾ ਅਕਸਰ ਚੋਣਾਂ ਦੌਰਾਨ ਲਗਾਉਂਦੇ ਰਹਿੰਦੇ ਹਨ।
ਇਨ੍ਹਾਂ ਤੋਂ ਵੀ ਵੱਡੇ ਰਾਵਣ ਹਨ ਮਿਲਾਵਟਖੋਰ, ਜੋ ਭੋਲੇਭਾਲੇ ਦੇਸ਼ਵਾਸੀਆਂ ਦੀ ਸਿਹਤ ਨਾਲ ਰੱਜ ਕੇ ਖਿਲਵਾੜ ਕਰਦੇ ਹਨ। ਨਿੱਤ ਵਧਦੀ ਅਬਾਦੀ ਕਾਰਨ ਸਾਡੇ ਦੇਸ਼ ਵਿੱਚ ਦੁੱਧ ਦੀ ਖਪਤ ਬਹੁਤ ਵਧ ਗਈ ਹੈ ਪਰ ਪੈਦਾਵਾਰ ਉਸ ਅਨੁਪਾਤ ਅਨੁਸਾਰ ਨਹੀਂ ਵਧੀ। ਮਨੁੱਖਤਾ ਦੇ ਦੋਖੀ ਇਸ ਪਾੜੇ ਦਾ ਲਾਹਾ ਲੈਣ ਲਈ ਨਿਰੰਤਰ ਯਤਨਸ਼ੀਲ ਹਨ। ਨਕਲੀ ਦੁੱਧ, ਖੋਇਆ, ਪਨੀਰ ਅਤੇ ਹੋਰ ਮਠਿਆਈਆਂ ਤਿਉਹਾਰਾਂ ਅਤੇ ਮੇਲਿਆਂ ਉੱਤੇ ਸਾਡੇ ਭੋਲੇਭਾਲੇ ਲੋਕਾਂ ਨੂੰ ਸ਼ਰੇਆਮ ਪ੍ਰੋਸੀਆਂ ਜਾਂਦੀਆਂ ਹਨ। ਗਰੀਬੀ ਉਹਨਾਂ ਨੂੰ ਸਸਤੇ ਪਦਾਰਥ ਖ੍ਰੀਦਣ ਲਈ ਮਜਬੂਰ ਕਰਦੀ ਹੈ ਤੇ ਉਹ ਸਹਿਜੇ ਹੀ ਜ਼ਹਿਰੀਲੇ ਮਿਲਾਵਟੀ ਪਦਾਰਥਾਂ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਬੀਮਾਰੀਆਂ ਅਤੇ ਉਹਨਾਂ ਦੇ ਮਹਿੰਗੇ ਇਲਾਜ। ਵਰ੍ਹੇ ਛਿਮਾਹੀ ਸਰਕਾਰਾਂ ਨੀਂਦ ਤੋਂ ਉੱਠਕੇ ਛਾਪੇਮਾਰੀ ਕਰਦੀਆਂ ਹਨ। ਇੱਕ ਦੋ ਦਿਨ ਭਾਵੇਂ ਰਾਹਤ ਮਿਲੇ, ਨਹੀਂ ਤਾਂ ਫਿਰ ਉਹੀ ਪੁਰਾਣੀ ਬੰਸਰੀ ਤੇ ਉਹੀ ਪੁਰਾਣਾ ਰਾਗ ਫਿਰ ਸ਼ੁਰੂ ਹੋ ਜਾਂਦਾ ਹੈ। ਫਲ ਸਬਜ਼ੀਆਂ ਉੱਤੇ ਪਹਿਲਾਂ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਉ ਤੇ ਫਿਰ ਉਹਨਾਂ ਨੂੰ ਪਕਾਉਣ ਲਈ ਜ਼ਹਿਰਾਂ ਦੀ ਵਰਤੋਂ। ਕੋਈ ਕਰੇ ਤਾਂ ਕੀ? ਜਿੱਥੇ ਪਾਣੀ ਵੀ ਸ਼ੁੱਧ ਮਿਲਣਾ ਬੰਦ ਹੋ ਜਾਵੇ, ਉਹ ਵੀ ਗੁਰੂਆਂ ਪੀਰਾਂ ਦੀ ਧਰਤੀ ਉੱਪਰ, ਉਸ ਬਾਰੇ ਹੋਰ ਕੀ ਕਿਹਾ ਜਾ ਸਕਦਾ ਹੈ। ਤੇ ਇੱਕ ਅਸੀਂ ਹਾਂ ਜੋ ਰਾਵਣ ਦਾ ਪੁਤਲਾ ਸਾੜ ਕੇ ਆਪਣੇ ਆਪ ਨੂੰ ਸੁਰਖਰੂ ਸਮਝਣ ਲੱਗ ਜਾਂਦੇ ਹਾਂ, ਲਓ ਜੀ, ਬੁਰਾਈਆਂ ਖਤਮ ਹੋ ਗਈਆਂ। ਹੁਣ ਅਗਲੇ ਦੁਸਹਿਰੇ ਤੱਕ ਸਿਰ ਹੇਠ ਬਾਂਹ ਲੈ ਕੇ ਸੌਂ ਜਾਓ! ਕਿੱਡੀ ਵੱਡੀ ਭੁੱਲ ਕਰਦੇ ਹਾਂ ਅਸੀਂ। ਇਨ੍ਹਾਂ ਰਾਵਣਾਂ ਤੋਂ ਮਹਿਜ਼ ਪੁਤਲੇ ਸਾੜਣ ਨਾਲ ਛੁਟਕਾਰਾ ਨਹੀਂ ਮਿਲਣਾ। ਜਿੰਨੀ ਦੇਰ ਤੱਕ ਅਸਾਂ ਆਪਣੀ ਸੋਚ ਨਾ ਬਦਲੀ। ਕੁੱਝ ਵੀ ਹਾਸਲ ਨਹੀਂ ਹੋਣਾ।

– ਦਰਸ਼ਣ ਸਿੰਘ ਰਿਆੜ