ਰੁਝਾਨ ਖ਼ਬਰਾਂ
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਦਾ ਸਿੱਖ ਜਗਤ ਵਿੱਚ ਬੜਾ ਸਨਮਾਨ ਹੈ। ਸਿੱਖ ਪੰਥ ਦੇ ਸ਼ਹੀਦਾਂ ਵਿੱਚ ਉਨ੍ਹਾਂ ਦਾ ਬੜਾ ਉਚਾ ਸਥਾਨ ਹੈ। ਉਹ ਅਜਿਹੇ ਅਨੋਖੇ, ਅਮਰ ਤੇ ਮਹਾਨ ਸ਼ਹੀਦ ਹੋਏ ਹਨ ਕਿ ਅਜਿਹੀ ਮਿਸਾਲ ਦੁਨੀਆਂ ਵਿੱਚ ਲੱਭਣੀ ਔਖੀ ਹੀ ਨਹੀਂ ਸਗੋਂ ਕਾਇਮ ਹੋਣੀ ਵੀ ਬਹੁਤ ਮੁਸ਼ਕਿਲ ਹੈ। ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਇੱਕ ਮਹਾਨ ਸ਼ਹੀਦ ਅਤੇ ਯੋਧਾ ਹੋਣ ਦੇ ਨਾਲ ਨਾਲ ਮਹਾਨ ਵਿਦਵਾਨ ਵੀ ਸਨ। ਉਹ ਸਹੀ ਅਰਥਾਂ ਵਿੱਚ ਸੰਤ ਸਿਪਾਹੀ ਸਨ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 (14 ਮਾਘ ਸੰਮਤ 1739) ਨੂੰ ਅੰਮ੍ਰਿਤਸਰ ਦੇ ਪਹੁਵਿੰਡ ਪਿੰਡ ਵਿੱਚ ਪਿਤਾ ਭਗਤੂ ਜੀ ਅਤੇ ਮਾਤਾ ਜਿਉਣੀ ਜੀ ਦੇ ਗ੍ਰਹਿ ਵਿਖੇ ਹੋਇਆ। ਉਹ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਸਨ। ਇਸ ਲਈ ਉਨ੍ਹਾਂ ਦਾ ਪਾਲਣ ਪੋਸ਼ਣ ਬੜੇ ਚਾਅ-ਮਲਾਰ ਅਤੇ ਪੂਰੀ ਦੇਖ-ਰੇਖ ਨਾਲ ਹੋਇਆ। ਉਨ੍ਹਾਂ ਦੇ ਜਨਮ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਭਗਤੂ ਜੀ ਮਿਹਨਤੀ ਕਿਸਾਨ ਸਨ ਅਤੇ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ। ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਇੱਕ ਦਿਨ ਇੱਕ ਸੰਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਬੜਾ ਹੋਣਹਾਰ ਅਤੇ ਪਰਤਾਪੀ ਪੁੱਤਰ ਪੈਦਾ ਹੋਵੇਗਾ। ਉਸਦਾ ਨਾਂ ਦੀਪ ਰੱਖਣਾ। ਉਹ ਬਾਲਕ ਦੀਪ ਜਦੋਂ 12 ਸਾਲ ਦਾ ਹੋਇਆ ਤਾਂ ਮਾਤਾ ਪਿਤਾ ਉਸਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਲਈ ਅਨੰਦਪੁਰ ਸਾਹਿਬ ਆਏ। ਇਹ ਪਰਿਵਾਰ ਉਥੇ ਕਈ ਦਿਨ ਠਹਿਰਿਆ ਅਤੇ ਬੜੀ ਲਗਨ ਨਾਲ ਸਿੱਖ ਸੰਗਤ ਦੀ ਸੇਵਾ ਵਿੱਚ ਲੱਗਿਆ ਰਿਹਾ। ਜਦੋਂ ਵਾਪਿਸ ਪਿੰਡ ਜਾਣ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈਣ ਲਈ ਆਏ ਤਾਂ ਗੁਰੂ ਜੀ ਨੇ ਬਾਲਕ ਦੀਪ ਨੂੰ ਉਥੇ ਰੁਕਣ ਲਈ ਕਿਹਾ। ਬਾਲਕ ਦੀਪ ਨੇ ਗੁਰੂ ਜੀ ਦਾ ਹੁਕਮ ਬਿਨਾ ਕਿਸੇ ਝਿਜਕ ਦੇ ਫੋਰਨ ਮੰਨਦਿਆਂ ਹਾਂ ਕਰ ਦਿੱਤੀ। ਉਹ ਪੂਰੀ ਲਗਨ ਤੇ ਸ਼ਰਧਾ ਨਾਲ ਗੁਰੂ ਘਰ ਅਤੇ ਸਿੱਖ ਸੰਗਤ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਜੀ ਤਾਂ ਜਾਣੀ ਜਾਣ ਸਨ ਅਤੇ ਉਹ ਬਾਲਕ ਦੀਪ ਦੀ ਲਗਨ ਅਤੇ ਸੇਵਾ ਭਾਵ ਨੂੰ ਰੋਜ਼ ਵੇਖਦੇ ਸਨ। ਗੁਰੂ ਜੀ ਨੇ ਉਸਦੇ ਪੜ੍ਹਨ ਲਿਖਣ ਦਾ ਪ੍ਰਬੰਧ ਕਰ ਦਿੱਤਾ। ਬਾਲਕ ਦੀਪ ਨੇ ਉਥੇ ਗੁਰਮੁਖੀ ਅਤੇ ਕਈ ਹੋਰ ਭਾਸ਼ਾਵਾਂ ਦੀ ਸਿੱਖਿਆ ਹਾਸਿਲ ਕਰ ਲਈ। ਪੜ੍ਹਾਈ ਦੇ ਨਾਲ ਨਾਲ ਗੁਰੂ ਜੀ ਨੇ ਉਸਦੇ ਘੋੜ ਸਵਾਰੀ ਕਰਨ ਅਤੇ ਹਥਿਆਰਾਂ ਦੀ ਸਿਖਲਾਈ ਹਾਸਿਲ ਕਰਨ ਦਾ ਵੀ ਪ੍ਰਬੰਧ ਕਰ ਦਿੱਤਾ। ਬਾਲਕ ਦੀਪ ਕੋਈ ਅੱਠ ਸਾਲ ਗੁਰੂ ਜੀ ਦੀ ਸੇਵਾ ਵਿੱਚ ਅਨੰਦਪੁਰ ਸਾਹਿਬ ਵਿੱਚ ਰਹੇ। ਬਾਲਕ ਦੀਪ 18 ਸਾਲ ਦੇ ਹੋ ਗਏ ਸਨ ਅਤੇ ਵਿਸਾਖੀ ਦੇ ਤਿਉਹਾਰ ਦਾ ਮੌਕਾ ਸੀ। ਇਸ ਮੌਕੇ ਅਨੰਦਪੁਰ ਸਾਹਿਬ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਜੁੜਿਆ ਕਰਦੀ ਸੀ ਅਤੇ ਭਾਰੀ ਅੰਮ੍ਰਿਤ ਸੰਚਾਰ ਹੁੰਦਾ ਸੀ। ਬਾਲਕ ਦੀਪ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਦੀਪ ਸਿੰਘ ਬਣਾ ਦਿੱਤਾ। ਨਿਸ਼ਕਾਮ ਸੇਵਾ-ਭਾਵ, ਸਿੱਖੀ ਪ੍ਰਤੀ ਸੱਚੀ ਲਗਨ ਅਤੇ ਉਚੇ ਆਚਰਣ ਸਦਕਾ ਦੀਪ ਸਿੰਘ ਗੁਰੂ ਜੀ ਦੇ ਵਿਸ਼ਵਾਸਪਾਤਰ ਸਿੱਖਾਂ ਵਿੱਚੋਂ ਇੱਕ ਬਣ ਗਏ। ਫਿਰ ਗੁਰੂ ਜੀ ਨੇ ਦੀਪ ਸਿੰਘ ਨੂੰ ਵਾਪਿਸ ਪਿੰਡ ਜਾ ਕੇ ਮਾਤਾ ਪਿਤਾ ਦੀ ਮਦਦ ਕਰਨ ਲਈ ਕਿਹਾ। ਗੁਰੂ ਜੀ ਦੀ ਆਗਿਆ ਪਾ ਕੇ ਦੀਪ ਸਿੰਘ ਵਾਪਿਸ ਆਪਣੇ ਪਿੰਡ ਆ ਗਏ। ਇੱਕ ਸਾਲ ਬੀਤ ਗਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦਾ ਸੁਨੇਹਾ ਲੈ ਕੇ ਇੱਕ ਸਿੱਖ ਪਹੁਵਿੰਡ ਪਿੰਡ ਪੁੱਜਾ ਅਤੇ ਉਸਨੇ ਦੀਪ ਸਿੰਘ ਨੂੰ ਦੱਸਿਆ ਕਿ ਗੁਰੂ ਜੀ ਪਹਾੜੀ ਰਾਜਿਆਂ ਅਤੇ ਮੁਗ਼ਲ ਫੌਜਾਂ ਨਾਲ ਲਗਭਗ ਸੱਤ ਮਹੀਨੇ ਯੁੱਧ ਕਰਨ ਤੋਂ ਬਾਅਦ ਸ਼੍ਰੀ ਅਨੰਦਪੁਰ ਛੱਡ ਕੇ ਚਲੇ ਗਏ ਹਨ। ਗੁਰੂ ਜੀ ਦਾ ਸਾਰਾ ਪਰਿਵਾਰ ਵੀ ਵਿੱਛੜ ਗਿਆ ਹੈ। ਇਹ ਦੁਖਦਾਈ ਖ਼ਬਰ ਸੁਣ ਕੇ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਫੋਰਨ ਪਿੰਡ ਛੱਡ ਕੇ ਤੁਰ ਪਏ। ਗੁਰੂ ਜੀ ਦਾ ਪਤਾ ਕਰਦੇ ਹੋਇਆਂ ਚਲਦੇ ਚਲਦੇ ਉਹ ਸਾਬੋ ਕੀ ਤਲਵੰਡੀ ਪਹੁੰਚ ਗਏ ਜਿੱਥੇ ਗੁਰੂ ਜੀ ਨਾਲ ਉਨ੍ਹਾਂ ਦਾ ਮਿਲਾਪ ਹੋਇਆ। ਇੱਥੇ ਗੁਰੂ ਜੀ ਨੇ ਦੀਪ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ -ਅਜੀਤ ਸਿੰਘ ਤੇ ਜੁਝਾਰ ਸਿੰਘਖ਼ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਹਨ ਅਤੇ ਛੋਟੇ ਸਾਹਿਜ਼ਾਦਿਆਂ -ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ-ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬੜੀ ਨਿਰਦੈਤਾ ਨਾਲ ਸ਼ਹੀਦ ਕਰ ਦਿੱਤਾ ਹੈ। ਗੁਰੂ ਜੀ ਨੇ ਇੱਥੇ ਦੀਪ ਸਿੰਘ ਨੂੰ ਭਾਈ ਮਨੀ ਸਿੰਘ ਨਾਲ ਮਿਲਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵਾਸਤੇ ਲਾ ਦਿੱਤਾ। ਗੁਰੂ ਜੀ ਗੁਰਬਾਣੀ ਦਾ ਮੌਖਿਕ ਉਚਾਰਣ ਕਰਦੇ ਸਨ ਅਤੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਲਿਖਦੇ ਸਨ। ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਏ ਗਏ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਆਪਣਾ ਇੱਕ ਸਲੋਕ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਵੇਂ ਸਿਰਿਉਂ ਤਿਆਰ ਕਰਵਾਈ ਗਈ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਉਸ ਸਮੇਂ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਰਤਾਰਪੁਰ ਵਿਖੇ ਧੀਰ ਮਲ ਦੇ ਪਰਿਵਾਰ ਕੋਲ ਪਈ ਹੋਈ ਸੀ। ਧੀਰ ਮਲ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਅਤੇ ਗੁਰੂ ਹਰਿ ਰਇ ਸਾਹਿਬ ਦੇ ਵੱਡੇ ਭਾਈ ਸਨ। ਛੋਟੇ ਭਰਾ ਨੂੰ ਗੁਰਗੱਦੀ ਮਿਲਣ ਕਰਕੇ ਉਹ ਵੀ ਗੁਰੂ ਘਰ ਦਾ ਦੋਖੀ ਬਣ ਗਿਆ ਸੀ। ਇਸ ਲਈ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰੂ ਗੋਬਿੰਦ ਜੀ ਨੂੰ ਨਹੀਂ ਮਿਲੀ ਸੀ ਅਤੇ ਉਨ੍ਹਾਂ ਨੂੰ ਸਾਰੀ ਬਾਣੀ ਜੁਬਾਨੀ ਹੀ ਬੋਲਣੀ ਪਈ ਸੀ। ਬਾਬਾ ਦੀਪ ਸਿੰਘ ਨੇ ਇੱਥੇ ਸਾਬੋ ਕੀ ਤਲਵੰਡੀ ਵਿਖੇ ਰਹਿ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ ਅਤੇ ਇਹ ਬੀੜਾਂ ਪੰਜਾਂ ਸਿੱਖ ਤਖਤਾਂ ਉਤੇ ਭੇਜੀਆਂ ਗਈਆਂ। ਇੱਕ ਬੀੜ ਉਨ੍ਹਾਂ ਨੇ ਪਰਸੀਅਨ ਭਾਸ਼ਾ ਵਿੱਚ ਵੀ ਲਿਖ ਕੇ ਮੱਧ ਪੂਰਬੀ ਦੇਸ਼ਾਂ ਵੱਲ ਭੇਜੀ। ਹੁਣ ਇਹ ਪਤਾ ਨਹੀਂ ਕਿ ਬਾਬਾ ਜੀ ਵੱਲੋਂ ਲਿਖੀ ਗਈ ਇਹ ਬੀੜ ਕਿੱਥੇ ਪਈ ਹੋਈ ਹੈ, ਕਿਉਂਕਿ ਇਸ ਬੀੜ ਦੇ ਕਈ ਉਤਾਰੇ ਹੋ ਚੁੱਕੇ ਹਨ ਜਿਹੜੇ ਮੱਧ-ਪੂਰਬੀ ਦੇਸ਼ਾਂ ਵਿੱਚ ਵੱਖ ਵੱਖ ਥਾਵਾਂ ਉਤੇ ਪਏ ਹੋਏ ਹਨ। ਹਾਂ ਇਸ ਭਾਸ਼ਾ ਵਿੱਚ ਲਿਖੀ ਇੱਕ ਬੀੜ ਫਰੀਦਾਬਾਦ, ਹਰਿਆਣਾ ਦੇ ਗੁਰਦੁਆਰਾ ਸੰਤ ਭਗਤ ਸਿੰਘ ਜੀ ਵਿਖੇ ਪਈ ਹੋਈ ਹੈ ਜਿਸਦਾ ਰੋਜ਼ਾਨਾਂ ਸਵੇਰੇ ਸ਼ਾਮ ਪ੍ਰਕਾਸ਼ ਅਤੇ ਸੁਖਾਸਨ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਨੂੰ 1706 ਵਿੱਚ ਦਮਦਮਾ ਸਾਹਿਬ (ਤਲਵੰਡੀ ਸਾਬੋ) ਦਾ ਮੁਖੀ ਥਾਪਿਆ। ਬਾਬਾ ਦੀਪ ਸਿੰਘ ਨੇ ਇੱਥੇ ਰਹਿ ਕੇ ਕਈ ਸਾਲ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਦੇ ਕਈ ਗੁਟਕਾ ਸਾਹਿਬ ਲਿਖ ਕੇ ਸਿੱਖ ਸੰਗਤ ਵਿੱਚ ਵੰਡੇ। ਸੰਨ 1707 ਵਿੱਚ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਕੇ ਸਧਾਉੜਾ ਅਤੇ ਸਰਹੰਦ ਦੀ ਯੰਗ ਲੜੀ। ਸੰਨ 1733 ਵਿੱਚ ਨਵਾਬ ਕਪੂਰ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਇੱਕ ਹਥਿਆਰਬੰਦ ਜਥੇ ਦਾ ਜਥੇਦਾਰ ਥਾਪਿਆ। ਸੰਨ 1748 ਵਿੱਚ ਵਿਸਾਖੀ ਦੇ ਮੌਕੇ ਉਤੇ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਹੋਇਆ, ਜਿਸ ਵਿੱਚ ਦਲ ਖਾਲਸਾ ਦੇ 65 ਜਥਿਆਂ ਦਾ ਪੁਨਰਗਠਨ ਕਰਕੇ 12 ਸਿੱਖ ਮਿਸਲਾਂ ਬਣਾਈਆਂ ਗਈਆਂ। ਬਾਬਾ ਦੀਪ ਸਿਘ ਨੂੰ ਸ਼ਹੀਦਾਂ ਮਿਸਲ ਦਾ ਮੁਖੀ ਬਣਾਇਆ ਗਿਆ।
-ਸੰਤੋਖ ਸਿੰਘ ਸੰਧੂ,
(+੬੧) ੦੪੩੪ ੦੬੦ ੫੪੦,
(+੬੪) ੦੨੨ ੦੭੧ ੦੯੩੫

ਅਹਿਮਦਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਨੂੰ ਢਾਹੁਣਾ
ਅਹਿਮਦਸ਼ਾਹ ਅਬਦਾਲੀ ਨੇ ਅਪ੍ਰੈਲ, 1757 ਵਿੱਚ ਚੌਥੀ ਵਾਰ ਭਾਰਤ ਉਤੇ ਹਮਲਾ ਕੀਤਾ। ਉਹ ਭਾਰੀ ਲੁੱਟਮਾਰ ਕਰਕੇ ਅਤੇ ਭਾਰੀ ਗਿਣਤੀ ਵਿੱਚ ਨੌਜ਼ਵਾਨ ਮੁੰਡੇ ਕੁੜੀਆਂ ਨੂੰ ਬੰਦੀ ਬਣਾ ਕੇ ਕਾਬੁਲ ਨੂੰ ਵਾਪਿਸ ਮੁੜ ਰਿਹਾ ਸੀ। ਸਿੱਖਾਂ ਨੇ ਉਸਤੋਂ ਲੁੱਟਿਆ ਹੋਇਆ ਮਾਲ ਵਪਿਸ ਲੈਣ ਅਤੇ ਬੰਦੀਆਂ ਨੂੰ ਮੁਕਤ ਕਰਾਉਣ ਲਈ ਮਤਾ ਪਕਾਇਆ। ਬਾਬਾ ਦੀਪ ਸਿੰਘ ਦੇ ਜਥੇ ਨੂੰ ਕੁਰਕੁਸ਼ੇਤਰ ਵਿੱਚ ਦਰਿਆ ਮਾਰਕੰਡਾ ਵਿਖੇ ਸਭ ਤੋਂ ਮੂਹਰੇ ਮੋਰਚਾ ਸੰਭਾਲਣ ਲਈ ਕਿਹਾ ਗਿਆ। ਜਦੋਂ ਅਹਿਮਦਸ਼ਾਹ ਅਬਦਾਲੀ ਦੀਆਂ ਫੌਜਾਂ ਜਿੱਤ ਦੀ ਖੁਸ਼ੀ ਵਿੱਚ ਖੀਵੀਆਂ ਹੋਈਆਂ ਇਸ ਸਥਾਨ ਉਤੇ ਪੁੱਜੀਆਂ ਤਾਂ ਮੋਰਚਾ ਸੰਭਾਲੀ ਬੈਠੇ ਸਿੱਖਾਂ ਨੇ ਇੱਕਦਮ ਚੀਤੇ ਦੀ ਫੁਰਤੀ ਵਾਂਗ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਉਨ੍ਹਾਂ ਤੋਂ ਲੁੱਟਿਆ ਹੋਇਆ ਬਹੁਤ ਸਾਰਾ ਮਾਲ ਖੋਹ ਲਿਆ ਅਤੇ ਬੰਦੀ ਬਣਾਏ ਹੋਏ ਬਹੁਤ ਸਾਰੇ ਮੁੰਡੇ ਕੁੜੀਆਂ/ਔਰਤਾਂ ਨੂੰ ਵੀ ਛੁਡਾ ਲਿਆ। ਇਸਤੋਂ ਇਲਾਵਾ ਸਿੱਖਾਂ ਨੇ ਸਤਲੁਜ, ਬਿਆਸ, ਰਾਵੀ, ਝਨਾਂ ਅਤੇ ਜੇਹਲਮ ਵਿਖੇ ਵੀ ਮੋਰਚੇ ਸੰਭਾਲੇ ਹੋਏ ਸਨ। ਇਸ ਤਰ੍ਹਾਂ ਅਬਦਾਲੀ ਦੀਆਂ ਫੌਜਾਂ ਨੂੰ ਇਨ੍ਹਾਂ ਸਾਰੇ ਥਾਵਾਂ ਉਤੇ ਸਿੱਖ ਫੌਜਾਂ ਦਾ ਸਾਹਮਣਾ ਕਰਨਾ ਪਿਆ। ਸਿੱਖਾਂ ਨੇ ਲੁੱਟ ਦਾ ਸਾਰਾ ਮਾਲ ਖੋਹ ਲਿਆ ਅਤੇ ਹਜ਼ਾਰਾਂ ਬੰਦੀਆਂ ਨੂੰ ਛੁਡਾ ਕੇ ਘਰੋ ਘਰੀਂ ਸੁਰੱਖਿਅਤ ਪਹੁੰਚਾਇਆ। ਇੰਝ ਸਿੱਖਾਂ ਹੱਥੋਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਉਠਾ ਕੇ ਅਬਦਾਲੀ ਲਾਹੌਰ ਪਹੁੰਚਿਆ ਅਤੇ ਉਸਨੇ ਸਿੱਖਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਸਨੇ ਸਿੱਖਾਂ ਨੂੰ ਖ਼ਤਮ ਕਰਨ, ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਹੁਣ ਅਤੇ ਇਸਦੀ ਬੇਅਦਬੀ ਕਰਨ ਦਾ ਹੁਕਮ ਦਿੱਤਾ। ਉਸਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਖੇਤਰ ਦਾ ਮੁੱਖੀ ਬਣਾ ਕੇ ਇਲਾਕੇ ਵਿੱਚ ਜਨਰਲ ਜਹਾਨ ਖਾਂ ਦੀ ਅਗਵਾਈ ਹੇਠ 10,000 ਫੌਜ ਤਾਇਨਾਤ ਕਰ ਦਿੱਤੀ। ਉਸਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢੁਆ ਕੇ ਸਰੋਵਰ ਨੂੰ ਕਚਰੇ ਮਿੱਟੀ ਨਾਲ ਭਰਵਾ ਦਿੱਤਾ। ਇਸ ਸਮੇਂ ਬਾਬਾ ਦੀਪ ਸਿੰਘ ਜੀ 75 ਸਾਲਾਂ ਦੇ ਹੋ ਗਏ ਸਨ। ਜਦੋਂ ਉਨ੍ਹਾਂ ਨੂੰ ਪਵਿੱਤਰ ਹਰਿਮੰਦਰ ਸਾਹਿਬ ਦੀ ਇਸ ਤਰ੍ਹਾਂ ਬੇਅਦਬੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਰਦਾਸ ਕਰਕੇ ਦੁਰਾਨੀਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਕਤ ਕਰਾਉਣ ਲਈ ਆਪਣਾ 18 ਸੇਰ (32 ਪੌਂਡ) ਦਾ ਖੰਡਾ ਉਠਾਇਆ ਅਤੇ ਸਿੱਖਾਂ ਨੂੰ ਇਕੱਠੇ ਕਰਦੇ ਹੋਏ ਅੰਮ੍ਰਿਤਸਰ ਵੱਲ ਚੱਲ ਪਏ। ਤਰਨ ਤਾਰਨ ਤੱਕ ਪੁੱਜਦਿਆਂ ਉਨ੍ਹਾਂ ਨਾਲ 5000 ਸਿੱਖ ਜੁੜ ਗਏ। ਉਧਰ ਜਹਾਨ ਖਾਂ ਵੀ ਫੌਜਾਂ ਲੈ ਕੇ ਅੱਗੇ ਵਧ ਆਇਆ। ਦੋਹਾਂ ਫੌਜਾਂ ਦਾ ਅੰਮ੍ਰਿਤਸਰ ਤੋਂ ਥੋੜੀ ਦੂਰ ਗੋਹਲਵੜ੍ਹ ਦੇ ਸਥਾਨ ਉਤੇ ਟਾਕਰਾ ਹੋਇਆ। ਘਮਸਾਨ ਦਾ ਯੁੱਧ ਸ਼ੁਰੂ ਹੋਇਆ। ਸਿੱਖ ਭਾਵੇਂ ਗਿਣਤੀ ਵਿੱਚ ਦੁਰਾਨੀ ਫੌਜ ਦੇ ਮੁਕਾਬਲੇ ਬਹੁਤ ਥੋੜ੍ਹੇ ਸਨ ਪਰ ਸਾਰੇ ਸਿਰਲੱਥ ਯੋਧੇ ਸਨ। ਉਹ ਸ਼ੇਰ ਵਾਂਗ ਦੁਸ਼ਮਣ ਫੌਜਾ ਉਤੇ ਝਪਟ ਪਏ। ਬਾਬਾ ਦੀਪ ਸਿੰਘ ਦੇ ਇੱਕ ਸਾਥੀ ਭਾਈ ਦਿਆਲ ਸਿੰਘ ਨੇ 500 ਸਿੱਖਾਂ ਨਾਲ ਜਰਨੈਲ ਜਹਾਨ ਖਾਂ ਉਤੇ ਹਮਲਾ ਕੀਤਾ ਅਤੇ ਉਸਨੂੰ ਮਾਰ ਮੁਕਾਇਆ। ਉਧਰ ਬਾਬਾ ਦੀਪ ਸਿੰਘ ਦਾ ਦੂਸਰੇ ਮੁਗ਼ਲ ਜਰਨੈਲ ਅਮਾਨ ਖਾਂ ਨਾਲ ਸਾਹਮਣਾ ਹੋਇਆ। ਦੋਹਾਂ ਯੋਧਿਆਂ ਦਾ ਸਾਂਝਾ ਵਾਰ ਹੋਇਆ ਅਤੇ ਦੋਹਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ। ਜਿਵੇਂ ਇਤਿਹਾਸ ਵਿੱਚ ਦਰਜ ਹੈ ਕਿ ਉਸ ਵੇਲੇ ਬਾਬਾ ਦੀਪ ਸਿੰਘ ਦੇ ਇੱਕ ਸਾਥੀ ਨੇ ਕਿਹਾ, ਠਦੀਪ ਸਿੰਘਾ, ਤੂੰ ਤਾਂ ਦਰਬਾਰ ਸਾਹਿਬ ਜਾ ਕੇ ਸੀਸ ਭੇਂਟ ਕਰਨ ਦੀ ਅਰਦਾਸ ਕੀਤੀ ਸੀ, ਇਹ ਕੀ ਹੋ ਗਿਆ ਹੈ’? ਬਾਬਾ ਦੀਪ ਸਿੰਘ ਨੇ ਉਸ ਵੇਲੇ ਆਪਣੇ ਖੱਬੇ ਹੱਥ ਉਤੇ ਸੀਸ ਟਿਕਾਇਆ ਅਤੇ ਸੱਜੇ ਹੱਥ ਵਿੱਚ ਖੰਡਾ ਥੰਮ੍ਹ ਕੇ ਦੁਸ਼ਮਣ ਫੌਜਾਂ ਉਤੇ ਬਿਜਲੀ ਵਾਂਗ ਟੁੱਟ ਕੇ ਪੈ ਗਏ। ਇਹ ਮੰਜ਼ਰ ਵੇਖ ਕੇ ਦੁਰਾਨੀ ਫੌਜਾਂ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਦੇ ਦੋ ਜਰਨੈਲ ਪਹਿਲਾਂ ਹੀ ਮੌਤ ਦੀ ਗੋਦ ਵਿੱਚ ਜਾ ਚੁੱਕੇ ਸਨ। ਦੁਰਾਨੀ ਫੌਜੀ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ ਅਤੇ ਸਿੱਖ ਫੌਜਾਂ ਦੀ ਜਿੱਤ ਹੋਈ। ਬਾਬਾ ਦੀਪ ਸਿੰਘ ਆਪਣਾ ਪ੍ਰਣ ਨਿਭਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁੱਜ ਗਏ ਅਤੇ ਪਵਿੱਤਰ ਸਰੋਵਰ ਦੀ ਪਰਿਕਰਮਾਂ ਵਿੱਚ ਸੱਚ ਖੰਡ ਸਿਧਾਰ ਗਏ।