ਰੁਝਾਨ ਖ਼ਬਰਾਂ
ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਕੈਨੇਡਾ-ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ : ਟਰੂਡੋ

ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਕੈਨੇਡਾ-ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ : ਟਰੂਡੋ

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਸਟ੍ਰਾਜ਼ੈਨੇਕਾ ਦੀਆਂ 1.5 ਮਿਲੀਅਨ ਖੁਰਾਕਾਂ ਦੇਣ ਦਾ ਭਰੋਸਾ ਦਿਵਾਉਣ ‘ਤੇ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਡੀਲ ਅਜੇ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹੀ ਹੈ। ਬੀਤੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਵੈਕਸੀਨਜ਼ ਹੀ ਇਸ ਮਹਾਂਮਾਰੀ ‘ਚੋਂ ਬਾਹਰ ਨਿਕਲਣ ਦਾ ਰਾਹ ਹਨ। ਉਨ੍ਹਾਂ ਆਖਿਆ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨਾਲ ਇਸ ਬਾਰੇ ਡੀਲ ਫਾਈਨਲ ਕਰ ਰਹੇ ਹਾਂ। ਵੀਰਵਾਰ ਨੂੰ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਸੀ ਕਿ ਜੇ ਇਹ ਡੀਲ ਸਿਰੇ ਚੜ੍ਹ ਜਾਂਦੀ ਹੈ ਤਾਂ ਅਮਰੀਕਾ ਇਸ ਮਹੀਨੇ ਦੇ ਅੰਤ ਤੱਕ ਲੋਨ ਐਗਰੀਮੈਂਟ ਤਹਿਤ ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਦੀਆਂ 1.5 ਮਿਲੀਅਨ ਡੋਜ਼ਾਂ ਦੇਵੇਗਾ। ਟਰੂਡੋ ਨੇ ਆਖਿਆ ਕਿ ਅਸੀਂ ਬਾਇਡਨ ਪ੍ਰਸ਼ਾਸਨ ਨਾਲ ਕਈ ਮੁਹਾਜ ਉੱਤੇ ਮਿਲ ਕੇ ਕੰਮ ਕਰ ਰਹੇ ਹਾਂ ਤੇ ਇਸ ਵਿੱਚ ਵੈਕਸੀਨ ਵੀ ਸ਼ਾਮਲ ਹੈ। ਉਨ੍ਹਾਂ ਸਹਿਯੋਗ ਦੇਣ ਲਈ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਤੇ ਅਮਰੀਕਾ ਇੱਕ ਦੂਜੇ ਦੇ ਨੇੜਲੇ ਦੋਸਤ ਹਨ ਤੇ ਅਹਿਮ ਭਾਈਵਾਲ ਹਨ। ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਕੈਨੇਡੀਅਨਾਂ ਤੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ।