ਰੁਝਾਨ ਖ਼ਬਰਾਂ
11 ਫੀਸਦੀ ਕੈਨੇਡੀਅਨਜ਼ ਨੂੰ ਮਿਲ ਚੁੱਕੀ ਹੈ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ : ਡਾ. ਹੋਵਰਡ

 

11 ਫੀਸਦੀ ਕੈਨੇਡੀਅਨਜ਼ ਨੂੰ ਮਿਲ ਚੁੱਕੀ ਹੈ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ : ਡਾ. ਹੋਵਰਡ

ਸਰੀ, (ਪਰਮਜੀਤ ਸਿੰਘ): ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੀ ਵੰਡ ਆਉਣ ਵਾਲੇ ਹਫ਼ਤਿਆਂ ‘ਚ ਕੈਨੇਡਾ ਦੇ ਹਰ ਸੂਬੇ ‘ਚ ਨਿਰੰਤਰ ਵਧਾਈ ਜਾਵੇਗੀ। ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਹੋਵਰਡ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ਭਰ ‘ਚ 18 ਤੋਂ ਤੋਂ ਵੱਧ ਉਮਰ ਦੇ 10 ਫੀਸਦੀ ਤੋਂ ਵੱਧ ਨਾਗਰਿਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕੈਨੇਡਾ ‘ਚ ਹੁਣ 11 ਫੀਸਦੀ ਦੇ ਕਰੀਬ ਨੌਜਵਾਨ ਇਸ ਵਾਇਰਸ ਤੋਂ ਹੁਣ ਸੁਰੱਖਿਅਤ ਹਨ। ਡਾ. ਹੋਵਰਡ ਨੇ ਕਿਹਾ ਇਸ ਦੇ ਨਾਲ ਹੀ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਪਵੇਗਾ ਕਿ ਵਾਇਰਸ ਦੇ ਸੰਚਾਰ ਨੂੰ ਕਿਵੇਂ ਰੋਕਿਆ ਜਾਵੇ। ਦੇਸ਼ ‘ਚ ਲਗਾਤਾਰ ਵੱਧ ਰਹੇ ਕੋਵਿਡ-19 ਦੇ ਕੇਸਾਂ ਕਾਰਨ ਕਈ ਸੂਬਿਆਂ ਦੀਆਂ ਸਰਕਾਰਾਂ ਚਿੰਤਾ ‘ਚ ਹਨ ਅਤੇ ਪਾਬੰਦੀਆਂ ਦੁਬਾਰਾ ਲਾਗੂ ਕਰਨ ਜਾਂ ਸਖ਼ਤ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਕੁੱਲ 6 ਮਿਲੀਅਨ ਖੁਰਾਕਾਂ ਸੂਬਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਅਗਲੇ ਹਫ਼ਤੇ 2 ਮਿਲੀਅਨ ਖੁਰਾਕਾਂ ਹੋਰ ਸੂਬਿਆਂ ‘ਚ ਵੰਡੀਆਂ ਜਾਣਗੀਆਂ। ਮਾਰਚ ਦੇ ਅੰਤ ਤੱਕ ਕੁਲ 8 ਮਿਲੀਅਨ ਖੁਰਾਕਾਂ ਕੈਨੇਡਾ ਦੇ ਸੂਬਿਆਂ ‘ਚ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਦੂਜੇ ਪਾਸੇ ਮੇਜਰ ਜਨਰਲ ਡੈਨੀ ਫੋਰਟਿਨ ਨੇ ਇਹ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 1.5 ਮਿਲੀਅਨ ਖੁਰਾਕਾਂ ਅਮਰੀਕਾ ਵਲੋਂ ਕੈਨੇਡਾ ਨੂੰ ਭੇਜੀਆਂ ਜਾਣਗੀਆਂ। ਜੇਕਰ ਅਮਰੀਕਾ ਵਲੋਂ ਇਹ ਖੁਰਾਕਾਂ ਅਪ੍ਰੈਲ ਤੋਂ ਪਹਿਲਾਂ ਕੈਨੇਡਾ ਭੇਜੀਆਂ ਜਾਣ ਤਾਂ ਕੈਨੇਡਾ ਵਲੋਂ ਆਪਣੇ 8 ਮਿਲੀਅਨ ਖੁਰਾਕਾਂ ਸੂਬਿਆਂ ਨੂੰ ਵੰਡਣ ਦਾ ਟੀਚਾ ਪੂਰਾ ਕਰਨ ‘ਚ ਆਸਾਨੀ ਹੋਵੇਗੀ। ਕੈਨੇਡਾ ਅਤੇ ਅਮਰੀਕਾ ਦਰਮਿਆਨ ਹੋਈ ਇਸ ਡੀਲ ਮੁਤਾਬਿਕ ਆਉਣ ਵਾਲੇ ਕੁਝ ਮਹੀਨਿਆਂ ‘ਚ ਕੈਨੇਡਾ ਨੂੰ ਵੀ ਅਮਰੀਕਾ ਲਈ 1.5 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕਰਨਾ ਪਵੇਗਾ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਵੀ 100 ਦਿਨਾਂ ‘ਚ 200 ਮਿਲੀਅਨ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਮਿਥਿਆ ਹੈ। ਅਮਰੀਕਾ ਵਲੋਂ 1.5 ਮਿਲੀਅਨ ਖੁਰਾਕਾਂ ਇਸ ਹਫ਼ਤੇ ਹੀ ਕੈਨੇਡਾ ਪਹੁੰਣ ਦੀ ਉਮੀਦ ਜਤਾਈ ਜਾ ਰਹੀ ਹੈ।