ਰੁਝਾਨ ਖ਼ਬਰਾਂ
ਕੈਨੇਡਾ ‘ਚ ਇਕਾਂਤਵਾਸ ਦੀ ਆੜ ‘ਚ ਹੋਟਲਾਂ ਦੀ ਲੁੱਟ ਅਤੇ ਕਰੋਨਾ ਜਾਂਚ ਕਿੱਟ ਤੋਂ ਯਾਤਰੀ ਪ੍ਰੇਸ਼ਾਨ

ਕੈਨੇਡਾ ‘ਚ ਇਕਾਂਤਵਾਸ ਦੀ ਆੜ ‘ਚ ਹੋਟਲਾਂ ਦੀ ਲੁੱਟ ਅਤੇ ਕਰੋਨਾ ਜਾਂਚ ਕਿੱਟ ਤੋਂ ਯਾਤਰੀ ਪ੍ਰੇਸ਼ਾਨ

ਇੱਕੋ ਕਮਰੇ ਦਾ ਤਿੰਨ ਵਿਅਕਤੀਆਂ ਤੋਂ ਵਸੂਲਦੇ ਹਨ ਕਿਰਾਇਆ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਇਸ ਦੀ ਰੋਕਥਾਮ ਲਈ ਕੈਨੇਡਾ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮ ਭਾਵੇਂ ਮਨੁੱਖਤਾ ਲਈ ਬਿੱਲਕੁਲ ਜਾਇਜ਼ ਅਤੇ ਸਹੀ ਹਨ, ਪਰ ਜੇ ਕਰ ਇਸ ਦੇ ਦੂਜੇ ਪੱਖ ‘ਤੇ ਬਰੀਕੀ ਨਾਲ ਝਾਤ ਮਾਰੀਏ ਤਾਂ ਇਸ ਦੇ ਨਤੀਜੇ ਵਜੋਂ ਇਹ ਗੱਲ ਹੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਵੱਲੋਂ ਉਠਾਏ ਗਏ ਸਖ਼ਤ ਕਦਮਾਂ ਦਾ ਕੈਨੇਡਾ ਦੇ ਹੋਟਲ ਨਾਜਾਇਜ਼ ਫ਼ਾਇਦਾ ਲੈ ਰਹੇ ਹਨ।
ਕੈਨੇਡਾ ਦੀ ਧਰਤੀ ‘ਤੇ ਉੱਤਰਨ ਵਾਲੇ ਹਰ ਮੁਸਾਫ਼ਰ ਦੀ ਹਵਾਈ ਅੱਡੇ ‘ਤੇ ਕਰੋਨਾ ਜਾਂਚ ਪਿੱਛੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਨੂੰ ਆਪਣੇ ਖ਼ਰਚੇ ‘ਤੇ ਤਿੰਨ ਦਿਨ ਦਾ ਕਿਰਾਇਆ ਭਰ ਕੇ ਹੋਟਲ ਵਿੱਚ ਇਕਾਂਤਵਾਸ ਕਰਨਾ ਲਾਜ਼ਮੀ ਹੈ ਅਤੇ ਉਸ ਪਿੱਛੋਂ ਉਹ ਦੱਸੀ ਹੋਈ ਜਗ੍ਹਾ ‘ਤੇ 11 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰੇਗਾ ਜਿਸ ਦੌਰਾਨ ਉਸ ਨੂੰ ਦਿੱਤੀ ਹੋਈ ਕਰੋਨਾ ਕਿੱਟ ਨਾਲ ਉਹ ਆਪਣੇ ਆਪ ਦੀ ਕਰੋਨਾ ਜਾਂਚ ਕਰਕੇ ਸਿਹਤ ਵਿਭਾਗ ਨੂੰ ਭੇਜੇਗਾ ਜਿਸ ਉਪਰੰਤ ਵਿਭਾਗ ਉਸ ਦੁਆਰਾ ਭੇਜੀ ਗਈ ਰਿਪੋਰਟ ਦੇ ਅਧਾਰਤ ਉਸ ਨੂੰ ਅਗਲੇ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰੇਗਾ। ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਜੁਰਮਾਨੇ ਸਮੇਤ ਜੇਲ੍ਹ ਵੀ ਜਾਣਾ ਪਵੇਗਾ।
ਏਥੇ ਇੱਕ ਗੱਲ ਤਾਂ ਹੋਟਲਾਂ ਦੀ ਹੈ ਕਿ ਹੋਟਲ ਕਿਰਾਇਆ ਤਾਂ ਤਿੰਨ ਦਾ ਵਸੂਲ ਕਰਦੇ ਹਨ ਅਤੇ ਛੁੱਟੀ ਇੱਕ ਦਿਨ ਰੱਖ ਕੇ ਕਰ ਦਿੰਦੇ ਹਨ ਅਤੇ ਉਸੇ ਤਿੰਨ ਦਿਨ ਦੇ ਕਿਰਾਏ ‘ਚ ਅਗਲੇ ਨਵੇਂ ਯਾਤਰੀ ਤੋਂ ਪਹਿਲੇ ਯਾਤਰੀ ਦੇ ਰਹਿੰਦੇ ਦੋ ਦਿਨ ਰਹਿੰਦਿਆਂ ਹੀ ਉਸ ਕਮਰੇ ਦਾ ਤਿੰਨ ਦਿਨ ਦਾ ਕਿਰਾਇਆ ਵਸੂਲ ਲੈਂਦੇ ਹਨ। ਪਹਿਲੇ ਯਾਤਰੀ ਦੇ ਰਹਿੰਦੇ ਦੋ ਦਿਨਾਂ ‘ਚ ਇੱਕ ਦਿਨ ਦਾ ਕਿਰਾਇਆ ਦੂਜੇ ਯਾਤਰੀ ਤੋਂ ਵਸੂਲ ਕੇ ਇੱਕ ਦਿਨ ਪਿੱਛੋਂ ਰਿਪੋਰਟ ਆਉਣ ਉਪਰੰਤ ਛੁੱਟੀ ਦੇ ਦਿੰਦੇ ਹਨ। ਪਹਿਲੇ ਯਾਤਰੀ ਦੇ ਤੀਜੇ ਇੱਕ ਦਿਨ ਬਚੇ ਤੋਂ ਤੀਜੇ ਯਾਤਰੀ ਨੂੰ ਉਹੀ ਕਮਰਾ ਦੇ ਕੇ ਉਸ ਤੋਂ ਤਿੰਨ ਦਿਨ ਦਾ ਕਿਰਾਇਆ ਵਸੂਲ ਲਿਆ ਜਾਂਦਾ ਹੈ ਜਦੋਂ ਕਿ ਦੂਜੇ ਯਾਤਰੀ ਤੋਂ ਵੀ ਉਸੇ ਕਮਰੇ ਦਾ ਕਿਰਾਇਆ ਲਿਆ ਜਾ ਰਿਹਾ ਹੁੰਦਾ। ਇਸ ਤਰਾਂ ਯਾਤਰੀਆਂ ਨੂੰ ਕਰੋਨਾ ਦੀ ਆੜ ‘ਚ ਲੁੱਟਣ ਦਾ ਇਹ ਇੱਕ ਅਨੋਖਾ ਤੇ ਗੋਰਖ ਧੰਦੇ ਵਾਲਾ ਤਰੀਕਾ ਹੈ। ਭਾਵ ਕਿ ਇੱਕ ਇੱਕ ਰੂਮ ਦਾ ਤਿੰਨ ਤਿੰਨ ਵਿਅਕਤੀਆਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਉਹ ਹੋਟਲਾਂ ਨੂੰ ਹਦਾਇਤ ਕਰੇ ਕਿ ਬਣਦਾ ਓਨਾਂ ਹੀ ਜਾਇਜ਼ ਕਰਾਇਆ ਵਸੂਲਣ ਜਿੰਨਾਂ ਸਮਾਂ ਯਾਤਰੀ ਰੂਮ ‘ਚ ਰਹਿੰਦਾ ਹੈ।
ਹੁਣ ਬਹੁਤ ਅਹਿਮ ਤੇ ਜ਼ਰੂਰੀ ਗੱਲ ਕਰਦੇ ਹਾਂ ਕਰੋਨਾ ਕਿੱਟ ਦੀ, ਜਿਹੜੀ ਕਿ ਹਵਾਈ ਅੱਡੇ ‘ਤੇ ਉੱਤਰਨ ਸਮੇਂ ਕਰੋਨਾ ਜਾਂਚ ਕਰਨ ਪਿੱਛੋਂ ਦਿੱਤੀ ਜਾਂਦੀ ਹੈ। ਇਸ ਕਿੱਟ ਨਾਲ ਯਾਤਰੀ ਆਪਣੀ ਕਰੋਨਾ ਦੀ ਆਪ ਜਾਂਚ ਕਰਕੇ ਸਿਹਤ ਵਿਭਾਗ ਨੂੰ ਕਿੱਟ ਵਿੱਚ ਦੱਸੇ ਗਏ ਪ੍ਰੋਗਰਾਮ ਅਨੁਸਾਰ ਭੇਜਣ ਲਈ ਕਿਹਾ ਗਿਆ ਹੈ। ਆਪਣੇ ਆਪ ਜਾਂਚ ਕਰਨ ਸਮੇਂ ਕਦੇ ਦੀ ਮੱਦਦ ਵੀ ਨਹੀਂ ਸਕਦਾ, ਕਿਸੇ ਨੂੰ ਕੋਲ ਬਿਠਾ ਕੇ ਜਾਂਚ ਨਹੀਂ ਕਰ ਸਕਦਾ। ਘੱਟ ਪੜ੍ਹੇ ਜਾਂ ਅਣਪੜ ਵਿਅਕਤੀਆਂ ਲਈ ਇਹ ਕੰਮ ਪੱਥਰ ਚੁੱਕੇ ਪਹਾੜ ਚੜ੍ਹਣ ਨਾਲ਼ੋਂ ਵੀ ਔਖਾ ਕੰਮ ਹੈ। ਕਿੱਟ ਦੇਣ ਸਮੇਂ ਇਸ ਬਾਰੇ ਵਿਸਤਾਰ ਸਹਿਤ ਬਹੁਤ ਕੁਝ ਦੱਸਿਆ ਵੀ ਜਾਂਦਾ, ਜਿਸ ਕਰਕੇ ਕੈਨੇਡਾ ਆਉਣ ਵਾਲੇ ਯਾਤਰੀ ਇਸ ਤਰਾਂ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ।