Copyright © 2019 - ਪੰਜਾਬੀ ਹੇਰਿਟੇਜ
ਬੋਰਿਸ ਜਾਨਸਨ ਬਣੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ

ਬੋਰਿਸ ਜਾਨਸਨ ਬਣੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ

ਲੰਡਨ : ਬਰਤਾਨੀਆ ‘ਚ ਬੁੱਧਵਾਰ ਨੂੰ ਬੋਰਿਸ ਜਾਨਸਨ (55) ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਮੰਗਲਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਪਾਰਟੀ ਦੇ ਨਵੇਂ ਨੇਤਾ ਦੇ ਰੂਪ ਵਿਚ ਵੱਡੇ ਬਹੁਮਤ ਨਾਲ ਉਨ੍ਹਾਂ ਦੀ ਚੋਣ ਕੀਤੀ ਸੀ। ਬੋਰਿਸ ਨੇ ਜੈਰੇਮੀ ਹੰਟ ਨੂੰ ਹਰਾਇਆ ਸੀ।
ਬੁੱਧਵਾਰ ਨੂੰ ਨਿਰਧਾਰਤ ਪ੍ਰਰੋਗਰਾਮ ਮੁਤਾਬਕ, ਪਹਿਲਾਂ ਥੈਰੇਸਾ ਮੇ ਨੇ ਬਕਿੰਘਮ ਪੈਲੇਸ ਜਾ ਕੇ ਮਹਾਰਾਣੀ ਐਲਿਜ਼ਾਬੈੱਥ (ਦੂਜੀ) ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪਿਆ, ਇਸ ਤੋਂ ਬਾਅਦ ਬੋਰਿਸ ਜਾਨਸਨ ਨੇ ਮਹਾਰਾਣੀ ਨਾਲ ਮੁਲਾਕਾਤ ਕੀਤੀ। ਬੋਰਿਸ ਨੇ ਮਹਾਰਾਣੀ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ, ਸੰਸਦ ‘ਚ ਸਮਰਥਨ ਦੀ ਹਾਮੀ ਭਰਨ ਤੋਂ ਬਾਅਦ ਮਹਾਰਾਣੀ ਨੇ ਉਨ੍ਹਾਂ ਦਾ ਦਾਅਵਾ ਸਵੀਕਾਰ ਕਰ ਲਿਆ ਅਤੇ ਉਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣ ਗਏ। ਬੋਰਿਸ ਹੁਣ ਆਪਣੇ ਮੰਤਰੀ ਮੰਡਲ ਦਾ ਗਠਨ ਕਰਨਗੇ।
ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਪਹਿਲੇ ਭਾਸ਼ਣ ਵਿਚ ਜਾਨਸਨ ਨੇ ਕਿਹਾ, ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਵੱਖ ਹੋਣਾ) ਪ੍ਰਕਿਰਿਆ ਹਰ ਹਾਲ ਵਿਚ 31 ਅਕਤੂਬਰ ਨੂੰ ਪੂਰੀ ਹੋਵੇਗੀ। ਉਹ ਦੇਸ਼ ਨੂੰ ਤਾਕਤਵਰ ਬਣਾਉਣਗੇ। ਥੈਰੇਸਾ ਮੇ ਤਿੰਨ ਵਾਰ ਬ੍ਰੈਗਜ਼ਿਟ ਨਾਲ ਸਬੰਧਤ ਮਤਾ ਲੈ ਕੇ ਸੰਸਦ ‘ਚ ਗਈ ਪਰ ਹਰ ਵਾਰ ਉਨ੍ਹਾਂ ਨੂੰ ਉਥੋਂ ਅਸਫਲਤਾ ਮਿਲੀ। ਆਖ਼ਰ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

ਨਵੀਂ ਸਰਕਾਰ ‘ਚ ਕਈ ਭਾਰਤੀ ਸ਼ਾਮਲ, ਪਾਕਿ ਦੇ ਸਾਜਿਦ ਬਣੇ ਵਿੱਤ ਮੰਤਰੀ
ਬ੍ਰਿਟੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ। ਇਸ ‘ਚ ਵਧੇਰੇ ਨੇਤਾ ਉਹ ਹਨ ਜੋ ਪਹਿਲਾਂ ਵੀ ਬੋਰਿਸ ਨਾਲ ਕੰਮ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਬੋਰਿਸ ਨੇ ਆਪਣੀ ਕੈਬਨਿਟ ‘ਚ ਭਾਰਤੀ ਮੂਲ ਦੇ ਕਈ ਐੱਮ. ਪੀਜ਼ ਨੂੰ ਸ਼ਾਮਲ ਕੀਤਾ ਹੈ। ਅਲੋਕ ਸ਼ਰਮਾ ਨੂੰ ਕੌਮਾਂਤਰੀ ਵਿਕਾਸ ਦਾ ਰਾਜ ਮੰਤਰੀ ਚੁਣਿਆ ਗਿਆ ਹੈ। ਜੂਨ 2017 ‘ਚ ਉਨ੍ਹਾਂ ਨੂੰ ਹਾਊਸਿੰਗ ਮੰਤਰੀ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬ੍ਰੈਗਜ਼ਿਟ ਨੀਤੀ ਦੇ ਮੁੱਖ ਆਲੋਚਕਾਂ ‘ਚ ਸ਼ਾਮਲ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। 49 ਸਾਲ ਦੇ ਰਿਸ਼ੀ ਸੁਨਕ ਖਜ਼ਾਨਾ ਮੁੱਖ ਸਕੱਤਰ ਚੁਣੇ ਗਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਨਿਯੁਕਤੀ ਦੇ ਤਹਿਤ ਸਾਬਕਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਵਿੱਤ ਮੰਤਰੀ ਬਣਾਇਆ ਹੈ। ਬੋਰਿਸ ਨੇ ਡਾਮਿਨਿਕ ਰਾਬ ਨੂੰ ਬ੍ਰਿਟੇਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਲਿਜ਼ ਟਰੁੱਸ ਨੂੰ ਇੰਟਰਨੈਸ਼ਨਲ ਟਰੇਡ ਸੈਕੇਟਰੀ ਅਤੇ ਗੈਵਿਨ ਵਿਲੀਅਮਸਨ ਨੂੰ ਸਿੱਖਿਆ ਮੰਤਰਾਲਾ ਸੌਂਪਿਆ ਗਿਆ ਹੈ।