ਤੇਲ ਦੀ ਬੋਤਲ

ਤੇਲ ਦੀ ਬੋਤਲ

(ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਸੱਥ ਕੋਲ ਦੀ ਤੇਜ ਚਾਲ ਨਾਲ ਲੰਘੇ ਜਾਂਦੇ ਕਾਹਲਿਆਂ ਦੇ ਤੇਜੇ ਫਾਂਸੇ ਨੂੰ ਵੇਖ ਕੇ ਬਾਬੇ ਜੱਗਰ ਸਿਉਂ ਨੇ ਐਣਕਾਂ ਲੱਗੀਆਂ ਅੱਖਾਂ ਉਪਰ ਹੱਥ ਦੀ ਛਾਂ ਕਰਕੇ ਤੇਜੇ ਫਾਂਚੇ ਵੱਲ ਝਾਕ ਕੇ ਨਾਲ ਬੈਠੇ ਸੀਤੇ ਮਰਾਸੀ ਨੂੰ ਪੁੱਛਿਆ, ”ਸੀਤਾ ਸਿਆਂ! ਆਹ ਫਾਂਚਿਆਂ ਦਾ ਤੇਜਾ ਸਿਉਂ ਬੜਾ ਵਗਿਆ ਜਾਂਦਾ, ਕੋਈ ਔਹਰ ਪੈ ਗੀ ਇਹਨੂੰ?”
ਨਾਥਾ ਅਮਲੀ ਸੀਤੇ ਮਰਾਸੀ ਦੇ ਬੋਲਣ ਤੋਂ ਪਹਿਲਾਂ ਹੀ ਖੜਕ ਪਿਆ ਲੁੱਕ ਵਾਲੇ ਖਾਲੀ ਢੋਲ ਵਾਂਗੂੰ, ”ਸੂਗਰ ਹੋਈ ਵੀ ਐ ਬਾਬਾ ਇਹਨੂੰ, ਤਾਂ ਕਰਕੇ ਵਗਿਆ ਜਾਂਦਾ। ਹੋਰ ਕਿਤੇ ਗਾਹਾਂ ਕਣਕ ਦੀਆਂ ਘਾੜਾਂ ਤਾਂ ਚੁਗਣੀਆਂ ਖੇਤ ਜਾ ਕੇ।”
ਸੀਤੇ ਮਰਾਸੀ ਨੇ ਪੁੱਛਿਆ, ”ਕਣਕ ਵੀ ਬੀਜੀ ਵੀ ਐ ਇਹਦੀ। ਇਹਨੂੰ ਤਾਂ ਬੁੜ੍ਹੇ ਨੇ ਪੈਲ਼ੀ ਓ ਈ ਨ੍ਹੀ ਦਿੱਤੀ, ਕਣਕ ਕਿੱਥੇ ਬੀਜ ਲੀ ਇਹ ਨੇ ਪੀ ਪੀ ‘ਠਾਰਾਂ?”
ਨਾਥਾ ਅਮਲੀ ਮਰਾਸੀ ਨੂੰ ਇਉਂ ਟੁੱਟ ਕੇ ਪਿਆ ਜਿਮੇਂ ਮੰਜੇ ‘ਤੇ ਪਈ ਸਣ ਦੀ ਜੂੜੀ ਅੱਗ ਪੈ ਗੀ ਹੋਵੇ, ”ਪੈਲ਼ੀ ਕਿੱਥੋਂ ਆਉਣੀ ਸੀ ਇਹਦੇ ਕੋਲੇ। ਮੈਂ ਤਾਂ ਇੱਕ ਸੁਤੇ ਸਭਾਅ ਗੱਲ ਕੀਤੀ ਸੀ ਬਈ ਕਾਹਲੀ ਨਾਲ ਇਉਂ ਭੱਜਿਆ ਜਾਂਦਾ ਜਿਮੇਂ ਕਿਸੇ ਕਾਹਲੇ ਕਾਮੇ ਜੱਟ ਨੂੰ ਹਾੜ੍ਹੀ ਵੱਢਦਿਆਂ ਕੋਲ ਜਾਣ ਦੀ ਕਾਹਲ ਹੁੰਦੀ ਐ। ਤੂੰ ਪਤੰਦਰਾ ਹੋਰ ਈ ਗਲੇਲੇ ਵੱਟਣ ਲੱਗ ਗਿਐਂ। ਪੈਲ਼ੀ ਭਾਲਦਾ ਇਹਦੇ ਕੋਲੇ ਫਤੂਹੀ ਆਲੇ ਨਾਜਰ ਨੰਬਰਦਾਰ ਕੋਲੇ।”
ਹਾਕਮ ਫੌਜੀ ਕਾ ਜੰਗੀ ਕਹਿੰਦਾ, ”ਤਾਹੀਉਂ ਤਾਂ ਇਨ੍ਹਾਂ ਦਾ ਟੱਬਰ ਕਾਹਲਿਆਂ ਦਾ ਲਾਣਾ ਵੱਜਦਾ ਬਈ ਤੇਜ ਤੁਰਦੇ ਐ। ਇੱਕ ਇਹਦਾ ਨਾਂਅ ਵੀ ਤੇਜ ਐ ਫਿਰ। ਨਾਲੇ ਹਰੇਕ ਕੰਮ ‘ਚ ਕਾਹਲੀ ਬਾਹਲੀ ਕਰਦੇ ਐ। ਤਾਂ ਕਰਕੇ ਕਾਹਲਿਆਂ ਦਾ ਲਾਣਾ ਕਹਿੰਦੇ ਐ ਇਨ੍ਹਾਂ ਨੂੰ।”
ਸੀਤੇ ਮਰਾਸੀ ਨੇ ਬਾਬੇ ਜੱਗਰ ਸਿਉਂ ਨੂੰ ਪੁੱਛਿਆ, ”ਬਾਬਾ! ਤੈਨੂੰ ਤਾਂ ਯਾਰ ਪਤਾ ਹੋਣੈ ਬਈ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਕਦੋਂ ਕੁ ਦੀ ਪੈਂਦੀ ਐ?”
ਬਾਬਾ ਕਹਿੰਦਾ, ”ਮੇਰੀ ਉਮਰ ਦੋ ਘੱਟ ਨੱਬ੍ਹਿਆਂ ਦੀ ਹੋ ਗੀ। ਮੈਂ ਨਿੱਕੇ ਹੁੰਦੇ ਤੋਂ ਈ ਇਨ੍ਹਾਂ ਦੇ ਟੱਬਰ ਨੂੰ ਫਾਂਚਿਆਂ ਦਾ ਲਾਣਾ ਸੁਣਦਾ ਆਉਣਾ। ਆਹ ਗੱਲ ਫਾਂਚਿਆਂ ਦੇ, ਆਹ ਫਾਂਚਿਆਂ ਦਾ ਟਰੈਗਟ ਐ। ਹੁਣ ਫਾਂਚਿਆਂ ਦੀ ਐ ਨਹਿਰੀ ਪਾਣੀ ਦੀ ਵਾਰੀ। ਫਾਂਚੇ, ਫਾਂਚੇ ਈ ਹੁੰਦੀ ਐ ਪਿੰਡ ‘ਚ। ਆਹ ਕਾਹਲਿਆਂ ਦਾ ਲਾਣਾ ਤਾਂ ਪਤਾਂ ਨ੍ਹੀ ਕੀਹਨੇ ਧਰਿਆਂ ਇਨ੍ਹਾਂ ਦਾ ਨਾਂਅ।”
ਸੀਤਾ ਮਰਾਸੀ ਕਹਿੰਦਾ, ”ਹੋਰਾਂ ਕੰਮਾਂ ‘ਚ ਤਾਂ ਬਾਬਾ ਭਾਮੇਂ ਕਾਹਲੇ ਹੋਣ, ਪਰ ਵੀਹ ਵਰ੍ਹੇ ਹੋ ਗੇ ਦਰਾਂ ਮੂਹਰੋਂ ਰੂੜੀ ਨ੍ਹੀ ਚੱਕ ਹੋਈ ਵੱਡੇ ਕਾਹਲਿਆਂ ਤੋਂ। ਅੱਧ ਪਚੱਧ ਜੀ ਚੱਕ ਦਿੰਦੇ ਐ, ਉਹਦੇ ‘ਤੇ ਫੇਰ ਸਿੱਟੀ ਜਾਂਦੇ ਐ। ਰੂੜੀ, ਅੱਕ ਤੇ ਬੇਰੀ ਤਾਂ ਬਾਬਾ ਦਰਾਂ ਮੂਹਰੇ ਊਈਂ ਮਾੜੇ ਹੁੰਦੇ ਐ। ਸਾਰੇ ਪਿੰਡ ‘ਚੋਂ ਘੌਲ਼ੀ ਟੱਬਰ ਐ, ਵੱਜਦਾ ਕਾਹਲ਼ਿਆਂ ਦਾ ਲਾਣਾ। ਆਪਣੇ ਪਿੰਡ ਦੇ ਲੋਕ ਵੀ ਠੀਕ ਈ ਐ।”
ਨਾਥਾ ਅਮਲੀ ਕਹਿੰਦਾ,”ਇਹ ਕਾਹਲਾ ਤੁਰਦੇ ਕਰਕੇ ਨ੍ਹੀ ਇਨ੍ਹਾਂ ਦੇ ਟੱਬਰ ਨੂੰ ਕਾਹਲਿਆਂ ਦਾ ਲਾਣਾ ਕਹਿੰਦੇ। ਇਹ ਤਾਂ ਕੋਈ ਹੋਰ ਗੱਲ ਐ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੋਰ ਕੀ ਐ ਉਹ ਤੂੰ ਦੱਸਦੇ ਜੇ ਤੈਨੂੰ ਪਤਾ ਤਾਂ।”
ਨਾਥਾ ਅਮਲੀ ਕਹਿੰਦਾ, ”ਖਾਸੇ ਚਿਰ ਦੀ ਗੱਲ ਐ, ਕਹਿੰਦੇ ਕੇਰਾਂ ਇਹਨੇ ਫਾਂਚੇ ਨੇ, ਆਹ ਜਿਹੜਾ ਹੁਣ ਨੰਘ ਕੇ ਗਿਆ ਸੱਥ ਕੋਲ ਦੀ, ਆਪਣੇ ਪਿੰਡ ਦੇ ਰਾਮ ਲਾਲ ਬਾਣੀਏ ਦੀ ਹੱਟੀ ਤੋਂ ਸਰੋਂ ਦੇ ਤੇਲ ਦੀ ਬੋਤਲ ਚੋਰੀ ਕਰ ਲੀ ਸੀ। ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਪਈ ਐ। ਸੋਨੂੰ ਤਾਂ ਬਾਬਾ ਪਤਾ ਹੋਣਾ, ਆਪਣੇ ਪਿੰਡ ਰਾਮ ਲਾਲ ਬਾਣੀਏ ਦੀ ਹੱਟ ਹੁੰਦੀ ਸੀ ਪੰਦਰਾਂ ਵੀਹ ਵਰ੍ਹੇ ਪਹਿਲਾਂ।”
ਬਾਬੇ ਜੱਗਰ ਸਿਉਂ ਨੇ ਹੁੰਗਾਰਾ ਭਰਦਿਆਂ ਕਿਹਾ, ”ਹਾਂ! ਓਧਰਲੇ ਬਾਘੇ ਕੇ ਗੁਆੜ ਹੁੰਦੀ ਸੀ।”
ਮਾਹਲੇ ਨੰਬਰਦਾਰ ਨੇ ਬਾਬੇ ਨੂੰ ਪੁੱਛਿਆ, ”ਉਹ ਤਾਂ ਜੱਗਰ ਸਿਆਂ ਏਥੋਂ ਉਠ ਨ੍ਹੀ ਗਏ ਸੀ ਕਿਸੇ ਵੱਡੇ ਸ਼ਹਿਰ ਸ਼ੂਹਰ?”
ਬਾਬਾ ਜੱਗਰ ਸਿਉਂ ਕਹਿੰਦਾ, ”ਰਾਮ ਲਾਲ ਆਪ ਤਾਂ ਮਰ ਗਿਆ ਸੀ, ਸਾਹ ਸੂਹ ਜਾ ਹੁੰਦਾ ਸੀ ਉਹਨੂੰ। ਉਹਦੇ ਮੁੰਡੇ ਸੀ ਮਗਰ। ਉਹ ਵੇਖ ਲਾ ਪੜ੍ਹ ਲਿਖ ਕੇ ਕਿਸੇ ਹੋਰ ਵਪਾਰ ਧੰਦੇ ‘ਚ ਪੈ ਗੇ ਸੀ। ਏਥੋਂ ਉਠ ਕੇ ਉਹ ਹਰਿਆਣੇ ਹਰੂਣੇ ‘ਚ ਜੀਂਦ ਰੋਹਤਕ ਵੱਲ ਜਾ ਕੇ ਰਹਿਣ ਲੱਗ ਗੇ ਸੀ। ਮੁੜ ਕੇ ਉਨ੍ਹਾਂ ਦਾ ਕੋਈ ਆਇਆ ਨ੍ਹੀ ਗਿਆ ਨ੍ਹੀ। ਪਤਾ ਨ੍ਹੀ ਹੈ ਕੁ ਨਹੀਂ। ਆਹ ਜਿੱਥੇ ਹੁਣ ਮਖਤਿਆਰੇ ਬਿੰਬਰ ਕੇ ਰਹਿੰਦੇ ਐ, ਏਸੇ ਥਾਂ ਈਂ ਸੀ ਉਨ੍ਹਾਂ ਬਾਣੀਆਂ ਦਾ ਘਰ। ਇਹਨੂੰ ਮਖਤਿਆਰੇ ਕਿਆਂ ਨੂੰ ਵੇਚ ਵੂਚ ਗੇ ਸੀ ਘਰ।”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ ਬੋਲਿਆ, ”ਮੁੜਕੇ ਕੀ ਕਰਨ ਆਉਣਾ ਸੀ ਕਰਾੜਾਂ ਨੇ ਏਥੇ। ਘਰ ਬਾਰ ਤਾਂ ਸਭ ਕੁਸ ਵੇਚ ਗੇ ਸੀ ਮਗਰ ਕੀ ਏਥੇ ਸਕਰ ਕੰਦੀਆਂ ਬੀਜੀਆਂ ਸੀ ਬਈ ਪੱਟਣ ਵੱਲੋਂ ਰਹਿ ਗੀਆਂ ਸੀ।”
ਰਾਮ ਲਾਲ ਬਾਣੀਏ ਕੀ ਗੱਲ ਚੱਲਦੀ ਟੋਕ ਕੇ ਬੁੱਘਰ ਦਖਾਣ ਬਾਬੇ ਜੱਗਰ ਸਿਉਂ ਨੂੰ ਕਹਿੰਦਾ, ”ਅਮਲੀ ਦੀ ਤਾਂ ਬਾਬਾ ਗੱਲ ਸੁਣ ਲੋ। ਇਹਦੀ ਗੱਲ ਤਾਂ ਤੁਸੀਂ ਧੂੜ ਚੀ ਰਲਾ ‘ਤੀ। ਇਹ ਦੱਸਣ ਲੱਗਿਆ ਸੀ ਬਈ ਤੇਜੇ ਫਾਂਚੇ ਕਿਆਂ ਨੂੰ ਕਾਹਲਿਆਂ ਦਾ ਲਾਣਾ ਕਾਹਤੋਂ ਕਹਿੰਦੇ ਐ?”
ਬਾਬਾ ਜੱਗਰ ਸਿਉਂ ਬੁੱਘਰ ਦਖਾਣ ਦੀ ਗੱਲ ਸੁਣ ਕੇ ਅਮਲੀ ਵੱਲ ਨੂੰ ਹੋਇਆ, ”ਹਾਂ ਬਈ ਨਾਥਾ ਸਿਆਂ! ਤੂੰ ਦੱਸ ਹੁਣ ਕੀ ਕਹਿਣ ਲੱਗਿਆ ਸੀ?”
ਨਾਥਾ ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਇਉਂ ਦੱਸਣ ਲੱਗਿਆ ਸੀ ਬਈ ਤੇਜੇ ਫਾਂਚੇ ਕਿਆਂ ਨੂੰ ਕਾਹਲਿਆਂ ਦਾ ਲਾਣਾ ਕਾਹਤੋਂ ਕਹਿੰਦੇ ਐ। ਇਹ ਜਿਹੜਾ ਤੇਜਾ ਫਾਂਚਾ, ਇਹ ਕਿਤੇ ਰਾਮ ਲਾਲ ਦੀ ਹੱਟੀ ਤੋਂ ਰੰਗ ਲੈਣ ਜਾ ਵੜਿਆ। ਅਕੇ ਰਾਮ ਲਾਲ ਬਾਣੀਏਂ ਨੂੰ ਜਾ ਕੇ ਕਹਿੰਦਾ ‘ਛਟਾਂਕ ਘਿਉ ਕਪੂਰੀ ਰੰਗ ਦੇ ਦੇ’। ਰਾਮ ਲਾਲ ਤਾਂ ਰੰਗ ਭਾਲਣ ਲੱਗ ਗਿਆ ਬਈ ਇਹ ਕਿਹੜਾ ਰੰਗ ਹੋਇਆ, ਫੰਮ੍ਹਣ ਖੜ੍ਹੇ ਖੜ੍ਹੇ ਨੇ ਸਰੋਂ ਦੇ ਤੇਲ ਦੀ ਬੋਤਲ ਚੋਰੀ ਚੱਕ ਕੇ ਨੀਕਰ ਤੇ ਸੁੱਥੂ ਦੇ ਨੇਫੇ ‘ਚ ਟੰਗ ਲੀ। ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦੀ ਅੱਲ ਪੈਣ ਲੱਗੀ ਐ। ਟੰਗ ਲੀ ਕਿਤੇ ਕਾਹਲੀ ‘ਚ ਪੁੱਠੀ। ਬੋਤਲ ਦਾ ਡੱਟ ਕਿਤੇ ਮਾੜਾ ਮੋਟਾ ਢਿੱਲਾ ਹੋਣੈ। ਡੱਟ ਤਾਂ ਬੋਤਲ ਤੋਂ ਲਹਿ ਕੇ ਨੀਕਰ ‘ਚ ਅੜ ਗਿਆ, ਤੇਲ ਸੀ ਜਿਹੜਾ ਸਰੋਂ ਦਾ, ਉਹ ਨੀਕਰ ਵਿਚਦੀ ਚਿਉਂਦਾ ਚਿਉਂਦਾ ਤੇਜੇ ਫਾਂਚੇ ਦੇ ਖੜ੍ਹੇ ਖੜ੍ਹੇ ਸੁੱਥੂ ਦੇ ਪੌਂਚੇ ਭਿਉਂਦਾ ਰਾਮ ਲਾਲ ਦੀ ਹੱਟੀ ‘ਚ ਡੁੱਲਣ ਲੱਗ ਗਿਆ। ਤੇਜੇ ਨੂੰ ਤਾਂ ਤੇਲ ਡੁੱਲਦੇ ਦਾ ਪਤਾ ਨਾ ਲੱਗਿਆ, ਰਾਮ ਲਾਲ ਨੇ ਤੇਲ ਡੁੱਲਦਾ ਵੇਖ ਲਿਆ। ਪਰ ਰਾਮ ਲਾਲ ਨੂੰ ਇਹ ਨਾ ਪਤਾ ਨਾ ਲੱਗਿਆ ਬਈ ਇਹ ਸਰੋਂ ਦਾ ਤੇਲ ਐ। ਜਦੋਂ ਉਹਨੇ ਹੱਟ ‘ਚ ਵਿਛੀ ਵੀ ਬੋਰੀ ਗਿੱਲੀ ਹੋਈ ਵੇਖੀ ਤਾਂ ਬਾਣੀਏਂ ਨੇ ਸੋਚਿਆ ਬਈ ਮੈਂ ਤਾਂ ਬੋਰੀ ‘ਤੇ ਕੋਈ ਡੁੱਲਣ ਆਲੀ ਚੀਜ ਰੱਖੀ ਨ੍ਹੀ, ਇਹ ਬੋਰੀ ਕਿਮੇਂ ਗਿੱਲੀ ਹੋ ਗੀ ਜਿੱਥੇ ਇਹ ਖੜ੍ਹਾ। ਬਾਣੀਏ ਨੇ ਬਾਬਾ ਅਕੇ ਆਪ ਈ ਲੱਖਣ ਲਾ ਲਿਆ ਬਈ ਇਹਨੂੰ ਫਾਂਚੇ ਨੂੰ ਤਾਂ ਮਰੋੜੇ ਲੱਗੇ ਲੱਗਦੇ ਐ ਜਿਹੜੀ ਬੋਰੀ ਗਿੱਲੀ ਹੋ ਗੀ। ਡੁੱਲਦਾ ਤੇਲ ਸੀ। ਅਕੇ ਰਾਮ ਲਾਲ ਫਾਂਚੇ ਨੂੰ ਕਹੇ। ਚੱਲ ਚੱਲ ਜਾਹ ਏਥੋਂ, ਜਿਹੜਾ ਰੰਗ ਤੂੰ ਮੰਗਦੈਂ ਮੇਰੇ ਕੋਲੇ ਹੈਨ੍ਹੀ। ਅਕੇ ਫਾਂਚਾ ਕਹੇ ‘ਜੇ ਘਿਉ ਕਪੂਰੀ ਨ੍ਹੀ ਤਾਂ ਦੁੱਧਾ ਕਾਸਣੀ ਦੇ ਦੇ। ਬਾਣੀਆ ਫੇਰ ਕਹਿ ਦੇ ‘ਤੂੰ ਹੱਟ ‘ਚੋਂ ਬਾਹਰ ਹੋ’। ਫਾਂਚਾ ਫੇਰ ਕਹੇ ਜੇ ਦੁਧਾ ਕਾਸਣੀ ਵੀ ਹੈਨ੍ਹੀ ਤਾਂ ਸੁੱਚਾ ਸਲੇਟੀ ਦੇ ਦੇ। ਕੋਈ ਨਾ ਕੋਈ ਤਾਂ ਦੇ ਦੇ। ਅਕੇ ਬਾਣੀਆਂ ਫਾਂਚੇ ਨੂੰ ਛਟਾਂਕੀ ਵੱਟੀ ਚੱਕੀ ਖੜ੍ਹਾ ਬਈ ਜੇ ਹੱਟ ‘ਚੋਂ ਨਾ ਬਾਹਰ ਹੋਇਆ ਤਾਂ ਮੱਥੇ ‘ਚ ਆਹ ਵੱਟੀ ਮਾਰ ਕੇ ਰੋਂਭੜਾ ਪਾ ਦੂੰ।”
ਗੱਲ ਵਿੱਚੋਂ ਟੋਕ ਕੇ ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਵੱਟੀ ਕਾਹਤੋਂ ਮਾਰਦਾ ਸੀ ਅਮਲੀਆ?”
ਅਮਲੀ ਕਹਿੰਦਾ, ”ਵੱਟੀ ਤਾਂ ਉਦੋਂ ਮਾਰਨ ਲੱਗਿਆ ਸੀ ਬਾਣੀਆਂ, ਜਦੋਂ ਫਾਂਚੇ ਨੇ ਸੁੱਚੇ ਸਲੇਟੀ ਦਾ ਨਾਂਅ ਲਿਆ।”
ਬਾਬਾ ਕਹਿੰਦਾ, ”ਸੁੱਚੇ ਸਲੇਟੀ ਦੀ ਕਾਹਦੀ ਚੇੜ ਸੀ ਬਾਣੀਏਂ ਨੂੰਬਈ?”
ਨਾਥਾ ਅਮਲੀ ਕਹਿੰਦਾ, ”ਰਾਮ ਲਾਲ ਦੇ ਪਿਓ ਦਾ ਨਾਂਅ ਸੁੱਚਾ ਮੱਲ ਸੀ। ਤਾਂ ਕਰਕੇ ਬਾਣੀਆਂ ਠੂੰਹੇਂ ਆਂਗੂੰ ਟੱਪਦਾ ਸੀ। ਫਾਂਚਾ ਰੰਗ ਮੰਗੇ, ਬਾਣੀਆਂ ਉਹਨੂੰ ਬਾਹਰ ਕੱਢੇ। ਫੇਰ ਕਿਤੇ ਪਸ਼ੌਰਾ ਸਿਉਂ ਸੂਬੇਦਾਰ ਨੇ ਆ ਕੇ ਫਾਂਚੇ ਨੂੰ ਸਰੋਂ ਦੇ ਤੇਲ ਨਾਲ ਲਿਬੜਿਆ ਵੇਖ ਕੇ ਕਿਹਾ ‘ਜਾ ਓਏ ਆਹ ਸੁੱਥੂ ਜਾ ਧੋ ਲਾ ਘਰੇ ਜਾ ਕੇ ਪਤਾ ਨ੍ਹੀ ਕਾਹਦੇ ਨਾਲ ਲਬੇੜੀ ਫਿਰਦੈਂ ਐਮੇਂ ਏਥੇ ਬਿਨਾਂ ਗੱਲ ਤੋਂ ਲੜੀ ਜਾਨੈ’। ਇਉਂ ਕਰਕੇ ਕਾਹਲਿਆਂ ਦਾ ਲਾਣਾ ਵਜਦੇ ਐ ਇਹੇ। ਕੰਮ ਕਾਹਲਾ ਕਰਨ ਕਰਕੇ ਨ੍ਹੀ ਇਨ੍ਹਾਂ ਨੂੰ ਕਾਹਲੇ ਕਹਿੰਦੇ। ਪਤੰਦਰ ਨੇ ਬੋਤਲ ਈ ਪੁੱਠੀ ਟੰਗ ਲੀ ਕਾਹਲੀ ‘ਚ।”
ਸੀਤਾ ਮਰਾਸੀ ਕਹਿੰਦਾ, ”ਅਮਲੀਆ ਫੇਰ ਸੂਬੇਦਾਰ ਨ੍ਹੀ ਬੋਲਿਆ ਬਾਣੀਏ ਨੂੰ ਕੁਸ?”
ਅਮਲੀ ਕਹਿੰਦਾ, ”ਸੂਬੇਦਾਰ ਨੇ ਰਾਮ ਲਾਲ ਨੂੰ ਪੁੱਛਿਆ ਬਈ ਕਾਹਦੇ ਪਿੱਛੇ ਲੜਦਾ ਸੀ ਇਹੇ? ਅਕੇ ਬਾਣੀਆਂ ਕਹਿੰਦਾ ‘ਇਹਨੂੰ ਮਰੋੜੇ ਲੱਗੇ ਵੇ ਐ, ਆਹ ਵੇਖ ਹੱਟ ਦਾ ਕੀ ਬੁਰਾ ਹਾਲ ਕੀਤਾ ਜੱਟ ਨੇ ਬੋਹਣੀ ਦੇ ਟੈਮ। ਅਕੇ ਸੂਬੇਦਾਰ ਬਾਣੀਏਂ ਨੂੰ ਕਹਿੰਦਾ ‘ਓਏ ਇਹ ਤਾਂ ਸੇਠਾ ਤੇਲ ਤੂਲ ਡੁੱਲਿਆ ਲੱਗਦਾ। ਮਰੋੜਿਆਂ ਮਰੂੜਿਆਂ ਆਲੀ ਨ੍ਹੀ ਕੋਈ ਗੱਲ’। ਜਦੋਂ ਬਾਬਾ ਬਾਣੀਏਂ ਨੇ ਵੇਖਿਆ ਬਈ ਇਹ ਤਾਂ ਸਰੋਂ ਦਾ ਤੇਲ ਐ, ਫੇਰ ਪਤਾ ਲੱਗਿਆ ਬਾਣੀਏ ਨੂੰ ਬਈ ਇਹ ਤਾਂ ਸਰੋਂ ਦੇ ਤੇਲ ਆਲੀ ਬੋਤਲ ਨੇਫੇ ‘ਚ ਟੰਗ ਕੇ ਲੈ ਗਿਆ ਲੱਗਦਾ। ਬਾਣੀਏਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗੀ। ਆਹ ਗੱਲ ਹੋਈ ਸੀ ਜਿੱਥੋਂ ਇਨ੍ਹਾਂ ਨੂੰ ਕਾਹਲਿਆਂ ਦਾ ਲਾਣਾ ਕਹਿਣ ਲੱਗਿਆ ਪਿੰਡ।”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਤੇਲ ਤਾਂ ਫਿਰ ਬਾਣੀਏਂ ਦੀ ਹੱਟ ਚੀ ਡੋਲ੍ਹ ਗਿਆ ਫਾਂਵਾ ਹੈਂਅ। ਘਰੇ ਤਾਂ ਖਾਲੀ ਬੋਤਲ ਈ ਗਈ ਹੋਣੀ ਐਂ।”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਉਹ ਵੀ ਘਰੇ ਵੜਦੇ ਦੀ ਫੁੱਟ ਗੀ ਸੀ ਜਦੋਂ ਦੇਹਲ਼ੀ ਤੋਂ ਠੇਡਾ ਖਾ ਕੇ ਡਿੱਗਿਆ।”
ਬਾਬਾ ਜੱਗਰ ਸਿਉਂ ਸੱਥ ਵਾਲਿਆਂ ਨੂੰ ਕਹਿੰਦਾ, ”ਕਿਉਂ ਬਈ! ਸੁਣ ਲੀ ਕਾਹਲਿਆਂ ਦੇ ਕੰਮ ਦੀ ਹੀਰ?”
ਬਜਰੰਗੇ ਕਾ ਮਿੱਠੂ ਆਵਦੇ ਕੋਲੋਂ ਗੱਲ ਬਣਾ ਕੇ ਕਹਿੰਦਾ, ”ਸੁੱਥੂ ਤੇਲ ਨਾਲ ਲਿਬੜਿਆ ਵੇਖ ਕੇ ਘਰੇ ਬੁੜ੍ਹੀਆਂ ਨੇ ਵੀ ਚੁੰਨੀਆਂ ਨਾਲ ਨੱਕ ਇਉਂ ਵਲ੍ਹੇਟ ਲੇ ਹੋਣੇ ਐਂ ਜਿਮੇਂ ਤੂੜੀ ਲਤੜ ਦੀਆਂ ਸਬ੍ਹਾਤ ‘ਚੋਂ ਨਿਕਲੀਆਂ ਹੋਣ। ਕਹਿੰਦੀਆਂ ਹੋਣਗੀਆਂ ‘ਬੂਹ ਮੈਂ ਮਰ ਜਾਂ, ਆਹ ਤਾਂ ਬੰਨ੍ਹ ਈਂ ਖੁੱਲ੍ਹ ਗਿਆ ਲੱਗਦਾ ਡੁੱਬੜੇ ਦਾ’।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਤੇਜੇ ਫਾਂਚੇ ਨੂੰ ਸੱਥ ਵੱਲ ਮੁੜੇ ਆਉਂਦੇ ਨੂੰ ਵੇਖ ਕੇ ਸੀਤਾ ਮਰਾਸੀ ਕਹਿੰਦਾ, ”ਹੋਅ ਆਉਂਦਾ ਬਰੀ ਦਾ ਤਿਓਰ ਡਾਕ ਬਣਿਆਂ। ਹੁਣ ਪਤਾ ਨ੍ਹੀ ਕੀ ਟੰਗੀ ਆਉਂਦਾ ਹੋਊ ਨੇਫੇ ‘ਚ?”
ਨਾਥਾ ਅਮਲੀ ਕਹਿੰਦਾ, ”ਹਜੇ ਪਹਿਲਾਂ ਆਲੇ ਸੁੱਥੂ ‘ਚੋਂ ਈਂ ਨ੍ਹੀ ਨਿੱਕਲੀ ਹੋਣੀ ਥੰਧਿਆਈ।”
ਅਮਲੀ ਦੀ ਗੱਲ ਸੁਣ ਕੇ ਸਾਰੀ ਸੱਥ ਉੱਚੀ ਉੱਚੀ ਹੱਸ ਪਈ। ਏਨੇ ਨੂੰ ਤੇਜਾ ਵੀ ਸੱਥ ਦੇ ਨੇੜੇ ਆ ਗਿਆ। ਸੱਥ ‘ਚ ਆ ਕੇ ਤੇਜਾ ਕਹਿੰਦਾ, ”ਬਲ਼ਾ ਉੱਚੀ ਉੱਚੀ ਹੱਸੀ ਜਾਨੇਂ ਐ ਜਿਮੇਂ ਕਿਸੇ ਦਾ ਕੁਸ ਡੁੱਲ੍ਹ ਗਿਆ ਹੁੰਦਾ।”
ਤੇਜੇ ਦੀ ਗੱਲ ਸੁਣ ਕੇ ਸੱਥ ਵਾਲੇ ਫੇਰ ਹੱਸ ਪਏ। ਬਾਬਾ ਜੱਗਰ ਸਿਉਂ ਹੱਸਦਿਆਂ ਨੂੰ ਵੇਖ ਕੇ ਲੜਾਈ ਪੈਣ ਤੋਂ ਡਰਦਾ ਗੱਲ ਟਾਲਣ ਦਾ ਮਾਰਾ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੀਏ। ਦਿਨ ਛਿਪਿਆ ਪਿਆ, ਇਨ੍ਹਾਂ ਨੂੰ ਉੱਤੋਂ ਹੱਸਣ ਦੀ ਪਈ ਐ।”
ਬਾਬੇ ਦੇ ਕਹਿਣ ‘ਤੇ ਸਾਰੇ ਸੱਥ ਵਾਲੇ ਤੇਜੇ ਫਾਂਚੇ ਦੀ ਬੋਤਲ ਵਾਲੀ ਗੱਲ ਤੋਂ ਹੱਸਦੇ ਹੱਸਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113 (ਕੈਨੇਡਾ)