ਪੰਜਾਬ ‘ਚ ਫਰਟੀਲਿਟੀ (ਬਾਂਝਪਨ) ਕਲੀਨਿਕਾਂ ‘ਚ ਬੇਹਿਸਾਬ ਵਾਧਾ

ਪੰਜਾਬ ‘ਚ ਫਰਟੀਲਿਟੀ (ਬਾਂਝਪਨ) ਕਲੀਨਿਕਾਂ ‘ਚ ਬੇਹਿਸਾਬ ਵਾਧਾ

ਪੰਜਾਬ ‘ਚ ਬੱਚੇ ਜੰਮਣ ਦੀ ਦਰ ਭਾਰਤ ‘ਚ ਸਭ ਤੋਂ ਘੱਟ

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਅਤੇ ਭਾਰਤ ਸਰਕਾਰ ਦੇ ਡਾਟੇ ਮੁਤਾਬਕ ਪੰਜਾਬ ‘ਚ ਨਿਆਣੇ ਜੰਮਣ ਦੀ ਦਰ ਭਾਰਤ ‘ਚ ਸਭ ਤੋਂ ਘੱਟ ਹੈ। ਇਹ ਅਮਰੀਕਾ ਦੇ ਗੋਰਿਆਂ ਤੋਂ ਜਾਂ ਦੁਨੀਆਂ ਦੀ ਕਿਸੇ ਵੀ ਹੋਰ ਨਸਲ ਤੋਂ ਘੱਟ ਨਿਆਣੇ ਜੰਮ ਰਹੇ ਨੇ। ਸਰਕਾਰੀ ਅੰਕੜੇ ਮੁਤਾਬਕ ਇਹ ਦਰ 1.6 ਹੈ, ਜਦੋੰ ਕਿ ਇਸ ਵਿੱਚ 35-40 ਲੱਖ ਬਿਹਾਰੀ ਤੇ ਯੂਪੀ ਵਾਲਾ ਵੀ ਗਿਣਿਆ ਹੈ।
ਬਿਹਾਰੀਆਂ ਦੇ ਯੋਗਦਾਨ ਨੇ ਪੰਜਾਬ ਦੀ ਜਨਮ ਦਰ 1.6 ਕੀਤੀ ਹੋਵੇਗੀ, ਜੇ ਇਕੱਲੇ ਪੰਜਾਬੀਆਂ ਦੀ ਵੇਖੀ ਜਾਵੇ ਤਾਂ ਇਹ 1.2 ਤੋਂ ਵੱਧ ਨਹੀਂ ਹੋਵੇਗੀ। ਜੇ ਇਕੱਲੇ ਸਿੱਖਾਂ ਦਾ ਕੋਈ ਡਾਟਾ ਹੋਵੇ ਤਾਂ ਸ਼ਾਇਦ ਇਸ ਤੋਂ ਵੀ ਘੱਟ ਹੋਊ।
ਆਪਣੇ ਆਲੇ ਦੁਆਲੇ ਵਿਆਹ ਤੋੰ ਮੁਨਕਰ ਹੋ ਰਹੇ ਲੋਕਾਂ ਦੀ ਵਧਦੀ ਗਿਣਤੀ ਬਾਰੇ ਧਿਆਨ ਮਾਰੋ, ਫੇਰ ਵਿਆਹੁਤਾ ਜੋੜਿਆਂ ‘ਚ ਬਾਲ ਨਾ ਪੈਦਾ ਕਰਨ ਜਾਂ ਸਿਰਫ ਇਕ ਕਰਨ ਦੇ ਹੋ ਰਹੇ ਇਕਰਾਰਨਾਮੇ ਸੁਣੋ। ਇਕ ਕੁੜੀ ਵਾਲੇ ਜਾਂ ਇਕ ਮੁੰਡੇ ਵਾਲੇ ਪਰਿਵਾਰਾਂ ਦੀ ਗਿਣਤੀ ਕਰੋ। ਬੱਚਾ ਨਾ ਪੈਦਾ ਕਰਨ ਵਾਲੇ ਜੋੜਿਆ ਨੂੰ ਗਿਣੋ। ਰਿਪੋਰਟਾਂ ਕਹਿੰਦੀਆਂ ਨੇ ਕਿ ਜਨਾਨੀਆਂ ਦਾ ਮੋਟਾਪਾ ਤੇ ਬੰਦਿਆਂ ਦੀ ਸ਼ਰਾਬ ਨੇ ਨਿਆਣੇ ਜੰਮਣ ਵਾਲੇ ਤੱਤ ਈ ਖਤਮ ਕਰਤੇ, ਪਰ ਅਸੀਂ ਕਹਿੰਦੇ ਕਿ ਤੁਸੀਂ ਰੱਬ ਵੱਲ ਪਿਠ ਕਰ ਲਈ ਏ। ਵੇਖੋ ਤਾਂ ਸਹੀ ਕਿ ਅਸੀਂ ਕਿਧਰ ਜਾ ਰਹੇ ਆ ?
ਪਹਿਲਾਂ ਤਾਂ ਜੰਮਦੇ ਇਕ ਆ, ਫੇਰ ਉਹਨੂੰ ਵੀ ਪੰਦਰਵੇਂ ਸਾਲ ਕਨੇਡਾ ਨੂੰ ਚਾੜ ਦਿੰਨੇ ਆਂ, ਜਿਥੇ ਗਿਆ ਕਦੇ ਕੋਈ ਮੁੜਿਆ ਨਹੀਂ।
ਘਰਾਂ ‘ਚ ਬੱਚਿਆਂ ਦੀ ਘਾਟ ਕਾਰਨ ਮੁਰਦੇਹਾਣ ਛਾਈ ਰਹਿੰਦੀ ਹੈ, ਪੈਸੇ ਤੇ ਪਦਾਰਥਾਂ ਦੇ ਢੇਰ ਵਧ ਰਹੇ ਨੇ।
ਸਮਾਜ ਦਾ ਪੜ੍ਹਿਆ ਲਿਖਿਆ ਤਬਕਾ ਬਹੁਤਾ ਖੱਸੀ ਹੋਇਆ ਹੈ, ਸਰੀਰਕ ਤੌਰ ਤੇ ਹੀ ਨਹੀਂ ਸਗੋਂ ਦਿਮਾਗੀ ਤੌਰ ਤੇ ਵੀ। ਪਦਾਰਥਾਂ ਦੀ ਦੌੜ ‘ਚ ਜੀਵਨ ਦੇ ਵਡਮੁੱਲੇ ਸੁੱਖ ਤੇ ਰਸ ਦਾਅ ‘ਤੇ ਲਾ ਦਿਤੇ।
ਅਗਲੇ 20 ਸਾਲਾਂ ‘ਚ ਪੰਜਾਬ ਦੀ ਜੰਮਣ ਦਰ ਕੀ ਹੋਵੇਗੀ ਜਦੋਂ ਬਾਲ ਪੈਦਾ ਕਰਨ ਯੋਗ ਜੋੜੇ ਵਿਦੇਸ਼ ਚਲੇ ਗਏ ? ਜੇ ਵਿਦੇਸ਼ ਜਾਣ ਦਾ ਬਹੁਤਾ ਚਾਅ ਤਾਂ ਇਕ ਅੱਧਾ ਪੰਜਾਬ ਲਈ ਵੀ ਜੰਮ ਲਵੋ, ਕਿਉਂ ਸੱਪਣੀ ਦੀ ਗੁੜਤੀ ਲੈ ਕੇ ਆਪਣੇ ਆਂਡੇ ਆਪ ਈ ਭੰਨੀ ਜਾਂਦੇ ਓ?
ਉਝ ਜਿਥੇ ਚਾਰ ਬੰਦੇ ਜੁੜਦੇ ਓ ਤਾਂ ਸਿਆਸਤ ਦੀਆਂ ਗੱਲਾਂ ਬੜੇ ਚਸਕੇ ਨਾਲ ਕਰਦੇ ਓ । ਸਿਆਸੀ ਤੌਰ ਤੇ ਵਿਚਾਰ ਲਵੋ ਕਿ ਚਾਰ ਨਿਆਣੇ ਜੰਮਣ ਵਾਲੇ ਬਿਹਾਰ ਦੀਆਂ ਲੋਕ ਸਭਾ ਸੀਟਾਂ ਵਧ ਜਾਣਗੀਆਂ ਤੇ ਪੰਜਾਬ ਦੀ ਦਾਹਵੇਦਾਰੀ ਹੋਰ ਘਟ ਜਾਊ। ਕਿਉਂਕਿ ਲੋਕ ਸਭਾ ਸੀਟਾਂ ‘ਚ ਸਿਰ ਗਿਣ ਕੇ ਵਾਧਾ ਕਰਨ ਦੀਆਂ ਤਿਅਰੀਆਂ ਜੋਰਾਂ ਤੇ ਨੇ।
ਬਾਕੀ ਇਕ ਜੰਮੋਗੇ ਤੇ ਕਿਹੜੇ ਕਿਹੜੇ ਮੁਹਾਜ ਤੇ ਤੋਰੋਗੇ! ਹੁਣ ਤੇ ਚੀਨ ਨੇ ਵੀ ਇਕ ਜੰਮਣ ਵਾਲੀ ਪਾਲਿਸੀ ਵਾਪਸ ਲੈ ਲਈ। ਪੰਜਾਬੀਓ ਤੁਸੀਂ ਕਦੋਂ ਆਪੇ ਬਣਾਈ ਖੱਸੀ ਪਾਲਿਸੀ ਵਾਪਸ ਲੈਣੀ ਹੋਵੇਗੀ।
ਪੰਜਾਬ ਵਿੱਚ ਹਮ ਦੋ ਹਮਾਰੇ ਦੋ ਦਾ ਸਭ ਤੋਂ ਵੱਧ ਪਰਚਾਰ ਕੀਤਾ ਗਿਆ। ਖੇਤੀ ਵਿੱਚ ਵਰਤੇ ਜਾਂਦੇ ਜਹਿਰੀਲੇ ਪੈਸਟੀਸਾਈਟਾਂ ਦੀ ਵਰਤੋਂ, ਜਹਿਰਾਂ ਨਾਲ ਪਲੀਤ ਹੋਏ ਪਾਣੀ, ਪੰਜਾਬੀ ਨੌਜਵਾਨਾਂ ਵਿੱਚ ਡਰੱਗ ਦਾ ਪਰਭਾਵ ਅਤੇ ਰਹਿਣ ਸਹਿਣ , ਖਾਣ ਪੀਣ ਆਦਿ ਦੇ ਤੌਰ ਤਰੀਕੇ ਬਦਲਣ ਨਾਲ ਪੰਜਾਬ ਦੇ ਲੋਕਾਂ ਵਿੱਚ ਫਰਟਿਲਟੀ ਰੇਟ ਘੱਟ ਰਿਹਾ ਹੈ। ਸੋਚਣ ਵਾਲੀ ਗੱਲ ਹੈ ਕਿ ਕੀ ਪੰਜਾਬ ਵਿੱਚ ਧੜਾ ਧੜ ਖੁੱਲ ਰਹੇ ਫਰਟਿਲਟੀ ਕਲਿਨਕਾਂ ਵਾਸਤੇ ਸਪਰਮ ਪੰਜਾਬੀ ਡੋਨਰਾਂ ਦੇ ਵਰਤੇ ਜਾ ਰਹੇ ਹਨ ਜਾਂ ਹੋਰ ਕਿਤੋਂ ਆ ਰਹੇ ਹਨ ?