Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ਨੇ ਐਚ-1 ਬੀ ਅਤੇ ਹੋਰ ਕੰਮਾਂ ਲਈ ਵੀਜ਼ੇ ਜਾਰੀ ਕਰਨ ਉਤੇ ਰੋਕ ਲਾਈ

ਅਮਰੀਕਾ ਨੇ ਐਚ-1 ਬੀ ਅਤੇ ਹੋਰ ਕੰਮਾਂ ਲਈ ਵੀਜ਼ੇ ਜਾਰੀ ਕਰਨ ਉਤੇ ਰੋਕ ਲਾਈ

ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ : ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਾਲ ਦੇ ਅੰਤ ਤੱਕ ਭਾਰਤੀ ਆਈਲ਼ਟੀਲ਼ ਪੇਸ਼ੇਵਰਾਂ ਵਿਚ ਪ੍ਰਸਿੱਧ ਐਚ-1 ਬੀ ਅਤੇ ਹੋਰ ਕੰਮਾਂ ਲਈ ਵੀਜ਼ੇ ਜਾਰੀ ਕਰਨ ਉਤੇ ਰੋਕ ਲਗਾ ਦਿੱਤੀ ਹੈ। ਐਚ-1 ਬੀ ਤੋਂ ਇਲਾਵਾ ਟਰੰਪ ਨੇ ਐਚ-4, ਐਚ-2ਬੀ, ਜੇ ਅਤੇ ਐਲ ਵੀਜ਼ਿਆਂ ਉਤੇ ਵੀ ਰੋਕ ਲਾ ਦਿੱਤੀ ਹੈ।
ਟਰੰਪ ਦਾ ਦਾਅਵਾ ਹੈ ਕਿ ਇਸ ਨਾਲ ਅਮਰੀਕੀਆਂ ਲਈ ਤਕਰੀਬਨ ਸਵਾ ਪੰਜ ਲੱਖ ਨੌਕਰੀਆਂ ਖਾਲੀ ਹੋ ਜਾਣਗੀਆਂ। ਕਾਰੋਬਾਰੀ ਸੰਗਠਨਾਂ, ਸੰਸਦ ਮੈਂਬਰਾਂ ਦੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ 24 ਜੂਨ ਤੋਂ ਲਾਗੂ ਹੋ ਗਏ ਹਨ ਅਤੇ ਇਸ ਦਾ ਵੱਡੀ ਗਿਣਤੀ ਭਾਰਤੀ ਸੂਚਨਾ ਤਕਨੀਕ ਪੇਸ਼ੇਵਰਾਂ ਉਤੇ ਅਸਰ ਪੈਣ ਦੇ ਖਦਸ਼ਾ ਹੈ। ਇਸ ਦਾ ਅਸਰ ਅਮਰੀਕੀ ਅਤੇ ਭਾਰਤੀ ਕੰਪਨੀਆਂ ਉਤੇ ਪਵੇਗਾ ਜਿਨ੍ਹਾਂ ਨੂੰ ਵਿੱਤੀ ਵਰ੍ਹੇ 2021 ਲਈ ਪਹਿਲੀ ਅਕਤੂਬਰ ਤੋਂ ਅਮਰੀਕੀ ਸਰਕਾਰ ਨੇ ਐਚ-1 ਬੀ ਵੀਜ਼ਾ ਜਾਰੀ ਕੀਤਾ ਹੈ।
ਯਾਦ ਰਹੇ ਕਿ ਵੱਡੀ ਗਿਣਤੀ ਭਾਰਤੀ ਆਈਲ਼ਟੀਲ਼ ਮਾਹਿਰ ਆਪਣੇ ਐਚ-1ਬੀ ਵੀਜ਼ਾ ਨਵਿਆਏ ਜਾਣ ਦੀ ਉਡੀਕ ਕਰ ਰਹੇ ਸਨ। ਇਸ ਤੋਂ ਪਹਿਲਾਂ ਟਰੰਪ ਨੇ ਗ੍ਰੀਨ ਕਾਰਡ ਜਾਰੀ ਕਰਨ ਉਤੇ ਵੀ ਰੋਕ ਲਾ ਦਿੱਤੀ ਸੀ ਜਿਸ ਨਾਲ ਕਿਸੇ ਪਰਵਾਸੀ ਨੂੰ ਅਮਰੀਕਾ ਵਿਚ ਕੋਈ ਵੀ ਨੌਕਰੀ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ। ਟਰੰਪ ਦੇ ਤਾਜ਼ਾ ਫੈਸਲੇ ਨੂੰ ਵੀ ਚੋਣ ਪਿੜ ਤਿਆਰ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਅਸਲ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵਿਵਾਦਤ ਇਮੀਗਰੇਸ਼ਨ ਨੀਤੀਆਂ ਹਮੇਸ਼ਾ ਚਰਚਾ ਵਿਚ ਰਹੀਆਂ ਹਨ। ਟਰੰਪ ਨੇ ਪਿਛਲੀਆਂ ਚੋਣਾਂ ਵਿਚ ਸਖਤ ਇਮੀਗਰੇਸ਼ਨ ਨੀਤੀਆਂ ਨੂੰ ਮੁੱਖ ਚੋਣ ਮੁੱਦਾ ਬਣਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਅਮਰੀਕਾ ਵਿਚ ਸਥਾਨਕ ਲੋਕ ਹੀ ਨੌਕਰੀ ਦੇ ਅਸਲ ਹੱਕਦਾਰ ਹਨ।
ਉਧਰ, ਮਾੜੀਆਂ ਇੰਮੀਗਰੇਸ਼ਨ ਨੀਤੀਆਂ ਕਰ ਕੇ ਗੈਰਕਾਨੂੰਨੀ ਪਰਵਾਸੀਆਂ ਦੇ ਬੱਚੇ ਉਨ੍ਹਾਂ ਤੋਂ ਵੱਖ ਹੋ ਗਏ ਹਨ। ਇਨ੍ਹਾਂ ਨੀਤੀਆਂ ਖਿਲਾਫ ਭਾਰਤੀ-ਅਮਰੀਕੀਆਂ ਸਮੇਤ ਲੱਖਾਂ ਲੋਕਾਂ ਨੇ ਵੱਖ-ਵੱਖ ਸ਼ਹਿਰਾਂ ‘ਚ ਜ਼ੋਰਦਾਰ ਮੁਜ਼ਾਹਰੇ ਵੀ ਕੀਤੇ। ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਮੌਜੂਦਾ ਸਮਾਂ ਟਰੰਪ ਸਰਕਾਰ ਲਈ ਵੱਡੀ ਚੁਣੌਤੀ ਵਾਲਾ ਹੈ। ਕਰੋਨਾ ਵਾਇਰਸ ਦੇ ਟਾਕਰੇ ਵਿਚ ਨਾਕਾਮੀ ਕਾਰਨ ਟਰੰਪ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਮੁਲਕ ਵਿਚ ਸਿਆਹਾਫਾਮ ਰੋਹ ਨੇ ਸਰਕਾਰਾਂ ਦੀਆਂ ਜੜ੍ਹਾਂ ਹਿਲਾਈਆਂ ਹੋਈਆਂ ਹਨ।
ਹਾਲ ਹੀ ਵਿਚ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੀ ਰੈਲੀ ਵੀ ਮੌਜੂਦਾ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਲੀ ਸੀ। ਇਹ ਰੈਲੀ ਓਕਲਾਹੋਮਾ ਦੇ ਡਾਊਨਟਾਊਨ ਟੁਲਸਾ ਵਿਚ ਕੀਤੀ ਜਾਣੀ ਸੀ। ਸੋਸ਼ਲ ਮੀਡੀਆ ਉਤੇ ਜੋ ਫੋਟੋਆਂ ਪੋਸਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਰੈਲੀ ਵਾਲੀ ਥਾਂ ਉਤੇ ਬਹੁਤ ਘੱਟ ਲੋਕ ਨਜ਼ਰ ਆ ਰਹੇ ਸਨ ਅਤੇ ਕੁਰਸੀਆਂ ਖਾਲੀ ਹਨ। ਰਾਸ਼ਟਰਪਤੀ ਨੇ ਸਿਹਤ ਚਿਤਾਵਨੀ ਦੀਆਂ ਪ੍ਰਵਾਹ ਨਾ ਕਰਦਿਆਂ ਇਸ ਰੈਲੀ ਦਾ ਪ੍ਰੋਗਰਾਮ ਬਣਾਇਆ ਸੀ। ਇਸ ਲਈ ਟਰੰਪ ਹੁਣ ਆਪਣੇ ਪੁਰਾਣੇ ਪੈਂਤੜੇ ਨੂੰ ਮੁੜ ਅਜ਼ਮਾਉਣ ਵਾਲੇ ਰਾਹ ਤੁਰ ਪਿਆ ਹੈ।