Copyright & copy; 2019 ਪੰਜਾਬ ਟਾਈਮਜ਼, All Right Reserved
ਕੋਵਰਿਗ ਤੇ ਸਪੇਵਰ ਨੂੰ ਰਿਹਾਅ ਕਰਨ ਬਦਲੇ ਚੀਨ ਨੇ ਮੈਂਗ ਨੂੰ ਛੱਡਣ ਲਈ ਪਾਇਆ ਦਬਾਅ

ਕੋਵਰਿਗ ਤੇ ਸਪੇਵਰ ਨੂੰ ਰਿਹਾਅ ਕਰਨ ਬਦਲੇ ਚੀਨ ਨੇ ਮੈਂਗ ਨੂੰ ਛੱਡਣ ਲਈ ਪਾਇਆ ਦਬਾਅ

ਟੋਰਾਂਟੋ: ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਛੱਡਣ ਬਦਲੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਿਹਾਅ ਕਰਵਾਉਣ ਲਈ ਚੁਫੇਰਿਓਂ ਪੈ ਰਹੇ ਦਬਾਅ ਅੱਗੇ ਗੋਡਣ ਟੇਕਣ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਨਕਾਰ ਕਰ ਦਿੱਤਾ ਹੈ।
ਵੀਰਵਾਰ ਨੂੰ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਕਿਸੇ ਵੀ ਸਰਕਾਰ ਦੀ ਪਹਿਲੀ ਤਰਜੀਹ ਆਪਣੇ ਨਾਗਰਿਕਾਂ ਦੀ ਹਿਫਾਜ਼ਤ ਕਰਨਾ ਹੁੰਦੀ ਹੈ। ਜੇ ਚੀਨ ਸਮੇਤ ਦੁਨੀਆਂ ਭਰ ਦੇ ਦੇਸ਼ ਇਹ ਸਮਝਣਗੇ ਕਿ ਕੈਨੇਡੀਅਨਾਂ ਵਿੱਚੋਂ ਇੱਕ ਦੋ ਨੂੰ ਗ੍ਰਿਫਤਾਰ ਕਰਕੇ ਉਹ ਸਿਆਸੀ ਤੌਰ ਉੱਤੇ ਕੈਨੇਡਾ ਤੋਂ ਜੋ ਚਾਹੁੰਦੇ ਹਨ ਉਹ ਕਰਵਾ ਲੈਣਗੇ ਤਾਂ ਅਜਿਹਾ ਨਹੀਂ ਹੋ ਸਕਦਾ। ਇਸ ਨਾਲ ਦੁਨੀਆਂ ਭਰ ਵਿੱਚ ਸਫਰ ਕਰਨ ਵਾਲੇ ਕੈਨੇਡੀਅਨਾਂ ਦੀ ਸਥਿਤੀ ਬਹੁਤ ਕਮਜੋਰ ਹੋ ਜਾਵੇਗੀ। ਟਰੂਡੋ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਦਿਨ ਪਹਿਲਾਂ ਇਹ ਆਖਿਆ ਸੀ ਕਿ ਮੈਂਗ ਦੀ ਹਵਾਲਗੀ ਲਈ ਕੈਨੇਡਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦੀ ਹੋਣੀ ਉੱਤੇ ਅਸਰ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਮੈਂਗ ਨੂੰ ਅਮਰੀਕਾ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਮਰੀਕਾ ਵਿੱਚ ਮੈਂਗ ਉੱਤੇ ਇਰਾਨ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਕਈ ਵਾਰੀ ਚੀਨ ਇਹ ਆਖ ਚੁੱਕਿਆ ਹੈ ਕਿ ਮੈਂਗ ਦੀ ਰਿਹਾਈ ਤੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦਾ ਮਾਮਲਾ ਇੱਕ ਦੂਜੇ ਨਾਲ ਸਬੰਧਤ ਨਹੀਂ ਹੈ।