Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬੀ ਬੋਲੀ ਪ੍ਰਤੀ ਸਾਡੇ ਫ਼ਰਜ਼

ਪੰਜਾਬੀ ਬੋਲੀ ਪ੍ਰਤੀ ਸਾਡੇ ਫ਼ਰਜ਼

ਇਸ ਪ੍ਰਤੀ ਕੋਈ ਦੋ ਰਾਵਾਂ ਨਹੀਂ, ਕਿ ਪੰਜਾਬੀ ਬੋਲੀ ਨਾਲ ਹਮੇਸ਼ਾ ਬੇ-ਇਨਸਾਫ਼ੀ ਹੋਈ। 1849 ਵਿੱਚ ਜਦੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ ਤਾਂ ਬਰਤਾਨਵੀ ਸਾਮਰਾਜੀਆਂ ਨੇ ਪੰਜਾਬੀ ਬੋਲੀ ਪ੍ਰਤੀ ਰੁੱਖਾ, ਵਤੀਰਾ ਅਖ਼ਤਿਆਰ ਕੀਤਾ, ਉਨ੍ਹਾਂ ਨੇ ਸਾਜ਼ਸ਼ ਰੱਚੀ ਅਤੇ ਪੰਜਾਬ ਅੰਦਰ ਵਿਦਿਆ ਦੇ ਰਵਾਇਤੀ ਅਤੇ ਸਭਿਆਚਾਰਕ ਅਨਕਾਲ ਸਥਾਪਤ ਸਮੂਹ ਅਦਾਰਿਆਂ ਨੂੰ ਖ਼ਤਮ ਕਰਨ ਦੇ ਮਨਸੂਬੇ ਘੜੇ। ਲੈਟਮਰ ਦੇ ਸ਼ਬਦਾਂ ਵਿੱਚ ”ਪੰਜਾਬ ਦੇ ਸ਼ਾਹੀ ਵਿਦਿਅਕ ਪ੍ਰਣਾਲੀ ਨੂੰ ਲੰਗੜਾ ਕਰ ਦਿੱਤਾ ਗਿਆ ਹੈ, ਜਾਂ ਆਪਣੇ ਅਧੀਨ ਕਰ ਲਿਆ ਅਤੇ ਤਕਰੀਬਨ ਖ਼ਤਮ ਹੀ ਕਰ ਦਿੱਤਾ ਹੈ। ਹੁਣ ਸੰਭਵ ਨਹੀਂ ਹੋਵੇਗਾ ਕਿ ਇਨ੍ਹਾਂ ਦੀਆਂ ਪ੍ਰੰਪਰਾਵਾਦੀ ਅਦਾਰੇ ਮੁੜ ਬਹਾਲ ਹੋਣ। ਅਸੀਂ ਇਨ੍ਹਾਂ ਦੀ ਤਰੱਕੀ ਦੇ ਸਾਰੇ ਰਾਹ ਬੰਦ ਕਰ ਦਿੱਤੇ ਅਤੇ ਇਨ੍ਹਾਂ ਪ੍ਰਤੀ ਧਿਆਨ ਦੇਣਾ ਛੱਡ ਦਿੱਤਾ। ਇਨ੍ਹਾਂ ਦੀਆਂ ਵਿਦਿਅਕ ਪ੍ਰੰਪਰਾਵਾਂ ਨੂੰ ਬਦਲ ਦਿੱਤਾ੩ ਤਾਂ ਜੋ ਇਹੇ ਆਪਣੇ ਵਿਰਸੇ ਦੀਆਂ ਕਦਰਾਂ ਕੀਮਤਾਂ ਨੂੰ ਲਾਂਭੇ ਰੱਖ ਦੇਣ”। ਲੈਟਮਰ ਹੋਰ ਦੱਸਦੇ ਹਨ : ”ਕਿਸਾਨ ਦੇ ਬੱਚੇ ਨੂੰ ਉਰਦੂ ਬੋਲੀ ਰਾਹੀ ਪੜ੍ਹਾਈ ਕਰਾਉਣ ਨਾਲ , ਅਸੀਂ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਸਿਖਿਆ ਦੇਣ ਦਾ ਹੱਕ ਖੋਹ ਲਿਆ ਹੈ, ਅਸੀਂ ਉਸਨੂੰ ਉਸਦੇ ਅਮੀਰ ਵਿਰਸੇ ਨਾਲੋਂ ਤੋੜ ਦਿੱਤਾ ਹੈ੩. . . ”
ਸਾਨੂੰ ਹੁਣ ਭਲੀ ਪ੍ਰਕਾਰ ਪਤਾ ਲਗਦਾ ਹੈ ਕਿ ਵੱਖ ਵੱਖ ਸਰਕਾਰਾਂ ਨੇ ਪੰਜਾਬੀ ਬੋਲੀ ਨੂੰ ਖ਼ਤਮ ਕਰਨ ਲਈ ਕੀ ਸਾਜ਼ਸ਼ਾਂ ਰੱਚੀਆਂ, ਅਸੀਂ ਕੋਈ ਜਿਆਦਾ ਇਮਾਨਦਾਰੀ ਨਾਲ ਆਪਣੀ ਮਾਂ- ਬੋਲੀ ਨੂੰ ਨਹੀਂ ਪਿਆਰ ਕੀਤਾ, ਪਰ ਸਾਡੀ ਬੋਲੀ ਜੀਵਤ ਹੈ। ਇਸ ਬੋਲੀ ਦੀ ਹੋਂਦ ਬਾਰੇ ਪੰਜਾਬ ਦੇ ਮਹਾਨ ਸ਼ਾਇਰ ਉਸਤਾਦ ਦਾਮਨ ਦੇ ਬੋਲਾਂ ਨੂੰ ਲਿਖਣਯੋਗ ਸਮਝਦਾ ਹਾਂ,
”ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।”
ਇਹ ਠੀਕ ਹੈ ਕਿ ਅਸੀਂ ਵੀ ਸੋਚਦੇ ਹਾਂ ਕਿ ਵੱਡੇ ਵੱਡੇ ਸ਼ਾਇਰ , ਸੰਤਾਂ ਅਤੇ ਗੁਰੂਆਂ ਨੇ ਰੱਬੀ ਕਲਾਮ ਪੰਜਾਬੀ ਵਿੱਚ ਰੱਚੇ । ਜਿਵੇਂ ਰਵਿੰਦਰ ਨਾਥ ਟੈਗੋਰ ਨੇ ਬਲਰਾਜ ਸਾਹਨੀ ਨੂੰ ਲਾਹਨਤ ਪਾਈ ਸੀ, ਜਦੋਂ ਉਸਨੇ ਕਿਹਾ ਸੀ ਕਿ ਪੰਜਾਬੀ ਵਿੱਚ ਸਾਹਿਤ ਘੱਟ ਹੈ, ਉਸ ਸਮੇਂ ਟੈਗੋਰ ਜੀ ਨੇ ਅੱਖਾਂ ਮੂੰਦ ਕੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ”ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ”, (ਧਨਾਸਰੀ ਮ:੧ ਪੰਨਾ 13) ਗਾਇਆ ਅਤੇ ਕਿਹਾ ”ਗੁਰੂ ਗ੍ਰੰਥ ਸਾਹਿਬ ਪੰਜਾਬੀ ਸਾਹਿਤ ਦਾ ਭੰਡਾਰ ਹਨ।”
ਮੱਧ ਪ੍ਰਦੇਸ਼ ਦੇ ਰਹਿ ਚੁੱਕੇ ਮੰਤਰੀ ਪੰਡਿਤ ਰਵੀ ਸ਼ੰਕਰ ਦੇ ਬੋਲਾਂ ਨੂੰ ਯਾਦ ਕਰੀਏ, ਜੋ ਸਾਡੇ ਲਈ ਇਕ ਸੁਨੇਹਾ ਦੇ ਰਹੇ ਹਨ, ”ਪੰਜਾਬੀ, ਪੰਜਾਬੀਆਂ ਦੀ ਮਾਤ੍ਰ ਭਾਸ਼ਾ ਹੈ। ਪੰਜਾਬੀ , ਪੰਜਾਬੀਆਂ ਦੀ ਜਿੰਦ ਜਾਨ ਹੈ। ਇਸ ਤੋਂ ਬਿਨ੍ਹਾਂ ਉਹ ਆਪਣੇ ਬੀਤ ਗਏ ਸਮੇਂ ਨਾਲੋਂ ਕੱਟੇ ਜਾਣਗੇ। ਬਿਨਾਂ ਪੰਜਾਬੀ, ਪੰਜਾਬ ਨਹੀਂ ਰਹੇਗਾ, ਹੋਰ ਕੁਝ ਭਾਵੇਂ ਬਣ ਜਾਵੇ।”
ਉਪਰੋਕਤ ਸੁਨੇਹੇ ਅੰਦਰ ਸਪਸ਼ਟ ਹੈ ਕਿ ਬਿਨ੍ਹਾਂ ਪੰਜਾਬੀ ਬੋਲੀ ਤੋਂ ਸਾਡੀ ਹੋਂਦ ਨਹੀਂ ਰਹੇਗੀ, ਪੰਜਾਬੀ ਦੀ ਹੋਂਦ ਪੰਜਾਬੀ ਬੋਲੀ ਨਾਲ ਹੀ ਸੰਭਵ ਹੈ। ਦੁਖਾਂਤਕ ਪਹਿਲੂ ਇਹ ਵੀ ਹੈ ਕਿ ਪੰਜਾਬ ਹੀ ਇੱਕਲਾ ਅਜੇਹਾ ਸੂਬਾ ਹੈ, ਜਿਸਨੂੰ ਆਪਣੀ ਬੋਲੀ ਨੂੰ ਮਾਨਤਾ ਦਿਵਾਉਣ ਲਈ ਸੰਘਰਸ਼ ਕਰਨਾ ਪਿਆ। ਪੰਜਾਬੀ ਬੋਲੀ ਲਈ ਹੱਕ ਮੰਗਣ ਲਈ , ਪੰਜਾਬੀਆਂ ਨੂੰ ਤਸੀਹੇ ਡੋਲਣੇ ਪਏ ਅਤੇ ਜੇਲ੍ਹ- ਯਾਤਰਾ ਕਰਨੀ ਪਈ। 1968 ਵਿੱਚ ਪੰਜਾਬੀ ਬੋਲੀ ਦੇ ਆਧਾਰ ਤੇ ਨਵੇਂ ਪੰਜਾਬ ਦੀ ਸਿਰਜਣਾ ਹੋਈ, ਪਰ ਹਾਲਾਂ ਤੀਕ ਪੰਜਾਬੀ ਪੰਜਾਬੀ ਬੋਲੀ ਨੂੰ ਮਾਨਤਾ ਨਹੀਂ ਮਿਲੀ।
ਸਾਲ 2008 ਵਿੱਚ ਪਾਕਿਸਤਾਨ ਦੇ ਪੰਜਾਬੀ ਲੇਖਕ ਅਮੀਨ ਮਲਿਕ ਹੋਰਾਂ ਪੰਜਾਬ ਵਿੱਚ ਆਪਣੇ ਅੱਖੀ ਡਿੱਠੇ ਹਾਲ ਨੂੰ ਵਰਣਨ ਕੀਤਾ ਸੀ। ”ਸਾਡੇ ਪਾਸੇ ਤਾਂ (ਪਾਕਿਸਤਾਨ ਅਸੈਂਬਲੀ ‘ਚ) ਪੰਜਾਬੀ ਬੋਲਣ ‘ਤੇ ਪਾਬੰਦੀ ਏ, ਪਰ ਤੁਹਾਨੂੰ ਕੀ ਹੋ ਗਿਐ? ਅੰਮ੍ਰਿਤਸਰ ਦੇ ਸਕੂਲ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆ ਬੱਚਿਆਂ ਨੂੰ ਜ਼ੁਰਮਾਨਾ ਕੀਤਾ ਜਾਂਦੈ। ਤੁਸੀ ਤਾਂ ਕਹਿੰਦੇ ਓ, ਪੰਜਾਬੀ ਨੂੰ ਸਰਕਾਰੀ ਜ਼ੁਬਾਨ ਬਣਾ ਦਿਤੈ। ਕਿੱਥੇ ਏ ਤੁਹਾਡੀ ਪੰਜਾਬੀ? ਸੰਸਕ੍ਰਿਤ ਵਿੱਚ ਲਿਪਟੀ ਪੰਜਾਬੀ ਨੂੰ ਪੰਜਾਬੀ ਕਹਿੰਦੇ ਓ? ਫਿਰ ਕਾਹਨੂੰ ਲਾਏ ਸਨ ਤੁਸੀ ਮੋਰਚੇ? ਸਾਰਾ ਪੰਜਾਬ ਘੁੰਮ ਆਓ, ਕਿਧਰੇ ਪੰਜਾਬੀ ਦਾ ਬੋਰਡ ਵੇਖਣ ਨੂੰ ਨਹੀਂ ਮਿੱਲਦਾ। ਮੈਨੂੰ ਤਾਂ ਪੰਜਾਬੀ ਵਿੱਚ ਲਿਖਣ ਕਰਕੇ ਸਿੱਖ ਕਹਿ ਦਿੰਦੇ ਨੇ, ਤੁਸੀ ਪੰਜਾਬੀ ਤੋਂ ਪੱਲਾ ਕਿਉਂ ਛੁੱਡਾ ਰਹੇ ਹੋ? ਨਾ ਕਰੋ ਇਹ ਸਲੂਕ ਆਪਣੀ ਮਾਂ ਨਾਲ . . . . ਨਾ ਮਾਰੋਂ ਆਪਣੀ ਮਾਂ ਨੂੰ .. . . . . ।”
ਕੈਨੇਡੀਅਨ ਸਿੱਖ ਸਟੱਡੀ ਤੋਂ ਟੀਚਿੰਗ ਸੁਸਾਇਟੀ , ਵੈਨਕੂਵਰ ਵੱਲੋਂ 1986 ਤੋਂ ਹੁਣ ਤੱਕ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਬਹੁਤ ਕੰਮ ਕੀਤਾ ਗਿਆ। ਜਿਥੇ ਵੀ ਲੋਕਾਂ ਦੀ ਮੰਗ ਹੁੰਦੀ, ਉਥੇ ਸਕੂਲ ਸ਼ੁਰੂ ਕੀਤਾ ਜਾਂਦਾ ਅਤੇ ਨਿਸ਼ਕਾਮ ਸੇਵਾਦਾਰ ਅਤੇ ਤਨਖ਼ਾਹ ਦੇ ਕੇ ਯੋਗ ਅਧਿਆਪਕ ਨਿਯੁਕਤ ਕੀਤੇ ਜਾਂਦੇ। ਪੰਜਾਬੀ ਬੋਲੀ ਲਈ ਵਿਸ਼ੇਸ਼ ਕਾਨਫਰੰਸਾਂ ਆਯੋਜਿਤ ਕੀਤੀ ਗਈਆਂ, ਅਤੇ ਦੇਸ਼ ਵਿਦੇਸ਼ਾਂ ਤੋਂ ਵਿਦਵਾਨ ਅਤੇ ਬੋਲੀ ਦੇ ਮਾਹਰ ਵਿਦਿਆ ਸ਼ਾਸਤਰੀ ਸਪਾਂਸਰ ਕੀਤੇ ਗਏ। ਨਾਰਥ ਅਮਰੀਕਾਂ ਦੇ ਵਿੱਚ ਇਹੀ ਇਕ ਸੰਸਥਾ ਹੈ , ਜਿਸਨੇ ਦੋ ਦਰਜਨਾਂ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਪੁਸਤਕਾਂ ਛਾਪੀਆਂ । ਪੰਜਾਬੀ ਪੜ੍ਹਾਉਣ ਲਈ ਕੈਦੇ ਅਤੇ ਗੈਰ – ਪੰਜਾਬੀ ਲੋਕਾਂ ਲਈ ਪੰਜਾਬੀ ਸਿੱਖਣ ਲਈ ਪ੍ਰਾਈਮਰ ਛਪਵਾਏ। ਇਸ ਸੰਸਥਾ ਨੇ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਮਾਨਤਾ ਦਿਵਾਉਣ ਵਾਲੇ ਵਿਦਵਾਨ ਅਤੇ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਲਹਿਰ ਚਲਾਉਣ ਵਾਲਿਆਂ ਨੂੰ ਸਹਿਯੋਗ ਦਿੱਤਾ। ਇਸ ਸੁਸਾਇਟੀ ਨੇ ਪੰਜਾਬ ਅੰਦਰ ਬੋਲੀ ਦੀ ਪ੍ਰਫੁਲਤਾ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਮੂਹ ਵਿਅਕਤੀਆਂ ਨਾਲ ਤਾਲ ਮੇਲ ਉਪਰੰਤ ਦਿਲੀ ਸਹਿਯੋਗ ਦੇਣ ਲਈ ਜਤਨਸ਼ੀਲ ਹਨ। ਅਸੀਂ ਉਨ੍ਹਾਂ ਸਮੂਹ ਵਿਦਵਾਨ , ਲੇਖਕ ਜਾਂ ਪੰਜਾਬੀ ਬੋਲੀ ਨੂੰ ਮਾਨਤਾ ਦਿਵਾਉਣ ਅਥਵਾ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਇਸਦੀ ਥਾਂ ਦਿਵਾਉਣ ਲਈ ਸੰਘਰਸ਼ ਕਰ ਰਹੇ ਵਿਅਕਤੀਆਂ ਦਾ ਦਿਲੀ ਧੰਨਵਾਦੀ । ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਪੰਜਾਬੀ , ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹੋਏ। ਆਪਣੀ ਮਾਂ ਬੋਲੀ ਨੂੰ ਪਿਆਰ ਕਰੀਏ, ਆਪਣੇ ਪਰਿਵਾਰਾਂ ਵਿੱਚ ਪੰਜਾਬੀ ਬੋਲਣ ਦਾ ਗੌਰਵ ਕਰੀਏ। ਅਸੀਂ ਸਮੂਹ ਲੋਕਾਂ ਨੂੰ ਪ੍ਰੇਰੀਏ ਕਿ ਪੰਜਾਬੀ ਬੋਲੀ ਦੇ ਪਸਾਰ ਲਈ ਉਦਮ ਕੀਤੇ ਜਾਣ। ਆਖ਼ਰ ‘ਚ ਮਹਾਨ ਲੇਖਕ ਤੇ ਐਕਟਰ ਬਲਰਾਜ ਸਾਹਨੀ ਦੇ ਕਹੇ ਬੋਲ ,” ਮੈਨੂੰ ਅਫਸੋਸ ਕਿ ਮੈਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਨਾ ਕੀਤਾ। ਜੇ ਬੰਗਾਲੀਆਂ, ਬੰਗਾਲੀ ਨਹੀਂ ਛੱਡੀ ਤਾਂ ਪੰਜਾਬੀ, ਪੰਜਾਬੀ ਕਿਉਂ ਛੱਡਣ।”

ਲੇਖਕ : ਪੂਰਨ ਸਿੰਘ (ਡਾਕਟਰ)