Copyright & copy; 2019 ਪੰਜਾਬ ਟਾਈਮਜ਼, All Right Reserved
ਪ੍ਰੋ. ਗੁਰਭਜਨ ਸਿੰਘ ਗਿੱਲ ਸ਼ੇਖ ਫ਼ਰੀਦ ਕਵਿਤਾ ਪੁਰਸਕਾਰ-2019 ਨਾਲ ਸਨਮਾਨਿਤ

ਪ੍ਰੋ. ਗੁਰਭਜਨ ਸਿੰਘ ਗਿੱਲ ਸ਼ੇਖ ਫ਼ਰੀਦ ਕਵਿਤਾ ਪੁਰਸਕਾਰ-2019 ਨਾਲ ਸਨਮਾਨਿਤ

ਫ਼ਰੀਦਕੋਟ : ਬੀਤੇ ਦਿਨੀਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 15ਵਾਂ ਸ਼ੇਖ ਬਾਬਾ ਫ਼ਰੀਦ ਕਵੀ ਦਰਬਾਰ ਲਿਟਰੇਰੀ ਫੌਰਮ ਫ਼ਰੀਦਕੋਟ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਵੀ/ ਸਾਹਿਤਕਾਰ/ ਗਜ਼ਲਗੋ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੂੰ ਸ਼ੇਖ ਫ਼ਰੀਦ ਕਵਿਤਾ ਪੁਰਸਕਾਰ-2019 ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਗੁਰਭਜਨ ਗਿੱਲ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਖੇਡ ਖੇਤਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਹੈ। ਉਨਾਂ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਹੈ। ਗੁਰਭਜਨ ਗਿੱਲ ਦੀ ਪਹਿਲੀ ਕਾਵਿ ਪੁਸਤਕ ‘ਸ਼ੀਸ਼ਾ ਝੂਠ ਬੋਲਦਾ ਹੈ’ 1978 ਵਿੱਚ ਪ੍ਰਕਾਸ਼ਿਤ ਹੋਈ। ਹੁਣੇ ਜਿਹੇ ਉਨਾਂ ਦੀ ਸੋਲਵੀਂ ਪੁਸਤਕ ‘ਧਰਤੀ ਨਾਦ’ ਪ੍ਰਕਾਸ਼ਿਤ ਹੋਈ ਹੈ। ਉਨਾਂ ਸੋਲਾਂ ਕਾਵਿ ਸੰਗ੍ਰਹਿ ਤੇ ਇਕ ਵਾਰਤਕ (ਸ਼ਬਦ ਚਿੱਤਰ) ਦੀ ਪੁਸਤਕ ਲਿਖੀ। ਇਸ ਤੋਂ ਇਲਾਵਾ ਪੰਜ ਪੁਸਤਕਾਂ ਸੰਪਾਦਿਤ ਕੀਤੀਆਂ। ਪ੍ਰੋ. ਗਿੱਲ ਨੇ ਹੁਣ ਤੱਕ 30-35 ਗੀਤ ਵੀ ਲਿਖੇ ਜਿਹੜੇ ਨਾਮੀਂ ਗਾਇਕਾਂ ਨੇ ਸੁਰਬੱਧ ਕੀਤੇ।
ਇਸ ਮੌਕੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਫ਼ਰੀਦਕੋਟ ਚ ਬਾਬਾ ਸ਼ੇਖ ਫ਼ਰੀਦ ਪੁਰਸਕਾਰ ਹਾਸਲ ਕਰਨਾ ਬੇਹੱਦ ਚੰਗਾ ਲੱਗਿਆ। ਉਨਢਾਂ ਕਿਹਾ ਕਿ ਹੁਣ ਤੀਕ ਮਿਲੇ ਆਦਰ ਮਾਣ ਸ਼ਾਇਦ ਮੈਨੂੰ ਉਹ ਰੱਜ ਨਹੀਂ ਦੇ ਸਕੇ ਜੋ ਬਾਬਾ ਸ਼ੇਖ ਫ਼ਰੀਦ ਪੁਰਸਕਾਰ ਹਾਸਲ ਕਰਕੇ ਮਿਲਿਆ ਹੈ। ਇਸ ਮੌਕੇ ਉਪ ਕੁਲਪਤੀ ਬਾਬਾ ਫ਼ਰੀਦ ਯੂਨੀਵਰਸਿਟੀ ਡਾ: ਰਾਜ ਬਹਾਦਰ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਉੱਘੇ ਕਵੀ ਸ਼੍ਰੀ. ਸੁਰਜੀਤ ਪਾਤਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ ਵੱਲੋਂ ਮਨਜੀਤ ਪੁਰੀ ਦੀ ਪੁਸਤਕ ”ਕੁਝ ਤਿੜਕਿਆਂ ਤਾਂ ਹੈ” ਅਤੇ ਵਕਤ ਦੇ ਪਰਛਾਵੇਂ ਪੁਸਤਕ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਖੁਸ਼ਵੰਤ ਸਿੰਘ ਬਰਗਾੜੀ ਨੂੰ ਸਵਰਗੀ ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਅਤੇ ਸ. ਕੋਮਲ ਸਿੰਘ ਜਿਨਾਂ ਨੇ ਪੰਖੜੀ ਮੈਗਜ਼ੀਨ ਦਾ ਸੰਪਾਦਨ ਕੀਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਪ੍ਰੋਗਰਾਮ ਦੌਰਾਨ ਨਿਰਮੋਹੀ ਫ਼ਰੀਦਕੋਟੀ ਨੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਸਨਮਾਨ ਪੱਤਰ ਪੜ੍ਹਿਆ। ਇਸ ਮੌਕੇ ਤਰਸੇਮ ਨੂਰ, ਵਿਜੇ ਵਿਵੇਕ, ਪ੍ਰੋ: ਗੁਰਤੇਜ ਕੋਹਾਰਵਾਲਾ,ਹਰਮੀਤ ਵਿਦਿਆਰਥੀ, ਡਾ. ਜਸਵਿੰਦਰ ਯੋਧਾ, ਕਵਿੱਤਰੀ ਨੀਤੂ ਅਰੋੜਾ, ਡਾ. ਸ਼ਮਸ਼ੇਰ ਮੌਜੀ, ਗੁਰਪ੍ਰੀਤ ਸਿੰਘ, ਤ੍ਰਿਲੋਚਨ ਲੋਚੀ, ਸੁਰਜੀਤ ਜੱਜ, ਜਸਬੀਰ ਸਿੰਘ ਜੱਸੀ, ਸੁਨੀਲ ਚੰਦਿਆਣਵੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਵੀ ਹਾਜ਼ਰ ਸਨ।