Copyright © 2019 - ਪੰਜਾਬੀ ਹੇਰਿਟੇਜ
ਸਾਊਦੀ ਸ਼ਹਿਜ਼ਾਦੇ ਦੇ ਜੈੱਟ ‘ਤੇ ਅਮਰੀਕਾ ਪੁੱਜਿਆ ਇਮਰਾਨ

ਸਾਊਦੀ ਸ਼ਹਿਜ਼ਾਦੇ ਦੇ ਜੈੱਟ ‘ਤੇ ਅਮਰੀਕਾ ਪੁੱਜਿਆ ਇਮਰਾਨ

ਨਿਊਯਾਰਕ : ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਅਮਰੀਕਾ ਫ਼ੇਰੀ ਲਈ ਆਪਣਾ ਨਿੱਜੀ ਜੈੱਟ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖ਼ਾਨ ਸਾਊਦੀ ਅਰਬ ਦੀ ਦੋ ਰੋਜ਼ਾ ਫੇਰੀ ਮਗਰੋਂ ਸ਼ਹਿਜ਼ਾਦੇ ਦੇ ਨਿੱਜੀ ਜੈੱਟ ‘ਤੇ ਅਮਰੀਕਾ ਲਈ ਰਵਾਨਾ ਹੋ ਗਏ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸਾਊਦੀ ਸ਼ਹਿਜ਼ਾਦੇ ਨੇ ਖ਼ਾਨ ਨੂੰ ਅਮਰੀਕਾ ਲਈ ਕਮਰਸ਼ੀਅਲ ਉਡਾਣ ਲੈਣ ਤੋਂ ਡੱਕਦਿਆਂ ਕਿਹਾ ਕਿ ਉਹ ਆਪਣੇ ਮਹਿਮਾਨ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਖ਼ਾਨ ਨਾਲ ਸ਼ਹਿਜ਼ਾਦੇ ਦੇ ਨਿੱਜੀ ਜੈੱਟ ‘ਤੇ ਅਮਰੀਕਾ ਜਾਣ ਵਾਲੇ ਆਗੂਆਂ ‘ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਸਲਾਹਕਾਰ ਅਬਦੁਲ ਹਫ਼ੀਜ਼ ਸ਼ੇਖ਼, ਵਿਦੇਸ਼ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਜ਼ੁਲਫਿਕਾਰ ਅੱਬਾਸ ਬੁਖਾਰੀ ਸ਼ਾਮਲ ਹਨ। ਅਮਰੀਕਾ ਪੁੱਜੇ ਖ਼ਾਨ ਸੋਮਵਾਰ ਨੂੰ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਤੇ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਦੇ ਇਜਲਾਸ ਨੂੰ ਸੰਬੋਧਨ ਕਰਨਗੇ। ਕਸ਼ਮੀਰ ਮੁੱਦੇ ‘ਤੇ ਸੰਸਾਰ ਦਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ‘ਚ ਜੁਟੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਪੁੱਜਣ ‘ਤੇ ‘ਕਸ਼ਮੀਰ ਸਟੱਡੀ ਗਰੁੱਪ’ ਨੂੰ ਕਿਹਾ ਹੈ ਕਿ ਵਾਦੀ ਦੀ ਸਥਿਤੀ ਨੂੰ ਉਭਾਰਿਆ ਜਾਵੇ ਜੋ ਕਿ ਖਿੱਤੇ ਦੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਖ਼ਾਨ ਅੱਜ ਸਟੱਡੀ ਗਰੁੱਪ ਦੇ ਬਾਨੀ ਫ਼ਾਰੂਕ ਕਾਠਵਾੜੀ ਨਾਲ ਨਿਊਯਾਰਕ ਵਿਚ ਮਿਲੇ ਤੇ ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਇਸ ਮੌਕੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਇਮਰਾਨ ਦੇ ਵਿਸ਼ੇਸ਼ ਸਹਾਇਕ ਨਈਮ ਉਲ ਹੱਕ, ਪਾਕਿ ਦੀ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਮਲੀਹਾ ਲੋਧੀ ਤੇ ਹੋਰ ਅਧਿਕਾਰੀ ਹਾਜ਼ਰ ਸਨ।