Copyright & copy; 2019 ਪੰਜਾਬ ਟਾਈਮਜ਼, All Right Reserved
ਟਰੰਪ ‘ਤੇ ਮਹਾਦੋਸ਼ ਦੀ ਜਾਂਚ ਦੀ ਤਿਆਰੀ ‘ਚ ਡੈਮੋਕ੍ਰੇਟਿਕ ਪਾਰਟੀ

ਟਰੰਪ ‘ਤੇ ਮਹਾਦੋਸ਼ ਦੀ ਜਾਂਚ ਦੀ ਤਿਆਰੀ ‘ਚ ਡੈਮੋਕ੍ਰੇਟਿਕ ਪਾਰਟੀ

ਮਹਾਦੋਸ਼ ਦੀ ਜਾਂਚ ਨੂੰ ਟਰੰਪ ਨੇ ਦੱਸਿਆ ਮਜ਼ਾਕ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ‘ਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਸ਼ੁਰੂ ਕੀਤੀ ਗਈ ਜਾਂਚ ਨੂੰ ਮਜ਼ਾਕ ਕਰਾਰ ਦਿੱਤਾ ਹੈ। ਇਸ ਦਰਮਿਆਨ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਮੀਡੀਰ ਜੇਲੇਂਸਕੀ ਦਰਮਿਆਨ ਬੀਤੀ 25 ਜੁਲਾਈ ਨੂੰ ਫੋਨ ‘ਤੇ ਹੋਈ ਗੱਲਬਾਤ ਦੀ ਟ੍ਰਾਂਸਕ੍ਰਿਪਟ ਜਾਰੀ ਕਰ ਦਿੱਤੀ ਹੈ। ਸੰਖੇਪ ਫੋਨ ਕਾਲ ਡਿਟੇਲ ਤੋਂ ਜਾਹਿਰ ਹੁੰਦਾ ਹੈ ਕਿ ਟਰੰਪ ਨੇ ਜੇਲੇਂਸਕੀ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਤੇ ਉਨ੍ਹਾਂ ਦੇ ਪੁੱਤਰ ਹੰਟਰ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ। ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਕਿਹਾ ਸੀ, ‘ਬਿਡੇਨ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ ਤੇ ਬਹੁਤ ਲੋਕ ਇਸ ਬਾਰੇ ਜਾਣਨਾ ਚਾਹ ਰਹੇ ਹਨ। ਇਸ ਲਈ ਜੇਕਰ ਤੁਸੀਂ ਅਟਾਰਨੀ ਜਨਰਲ ਨਾਲ ਮਿਲ ਕੇ ਕੁਝ ਕਰ ਸਕੋ ਤਾਂ ਚੰਗਾ ਹੋਵੇਗਾ।’ ਟਰੰਪ ਨੇ ਮਹਾਦੋਸ਼ ਦੀ ਜਾਂਚ ਸ਼ੁਰੂ ਕੀਤੇ ਜਾਣ ‘ਤੇ ਬੁੱਧਵਾਰ ਨੂੰ ਕਿਹਾ, ‘ਉਹ (ਡੈਮੋਕ੍ਰੇਟ) ਮੇਰੇ ਪਿੱਛੇ ਹੱਥ ਧੋ ਕੇ ਪੈ ਗਏ ਹਨ। ਇਹ ਖ਼ਬਰ ਸੁਣਨ ‘ਚ ਮਜ਼ਾਕ ਲਗਦੀ ਹੈ। ਕਿਸ ਕਾਰਨ ਨਾਲ ਮਹਾਦੋਸ਼? ਸਿਰਫ਼ ਇਸ ਲਈ ਕਿ ਤੁਸੀਂ ਕਿਸੇ ਨਾਲ ਚੰਗੀ ਬੈਠਕ ਜਾਂ ਫੋਨ ‘ਤੇ ਚੰਗੀ ਗੱਲਬਾਤ ਹੋਈ ਹੈ?’ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਜੇਲੇਂਸਕੀ ‘ਤੇ ਕੋਈ ਦਬਾਅ ਨਹੀਂ ਬਣਾਇਆ ਸੀ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਵੀ ਕਿਸੇ ਤਰ੍ਹਾਂ ਦਾ ਦਬਾਅ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਮੀਡੀਆ ‘ਚ ਆਈ ਇਨ੍ਹਾਂ ਦੋਵਾਂ ਦੀ ਗੱਲਬਾਤ ਨੂੰ ਆਧਾਰ ਬਣਾ ਕੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਖ਼ਿਲਾਫ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਦਨ ‘ਚ ਵਿਰੋਧੀ ਧਿਰ ਡੈਮੋਕੇਝਟ ਸੰਸਦ ਮੈਂਬਰ ਬਹੁਮਤ ‘ਚ ਹਨ। ਟਰੰਪ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਅਗਲੇ ਸਾਲ ਨਵੰਬਰ ‘ਚ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ ਆਪਣੇ ਸੰਭਾਵੀ ਡੈਮੋਕ੍ਰੇਟ ਵਿਰੋਧੀ ਬਿਡੇਨ ਨੂੰ ਬਦਨਾਮ ਕਰਨ ਲਈ ਵਿਦੇਸ਼ੀ ਮਦਦ ਲੈ ਰਹੇ ਹਨ। ਟ੍ਰਾਂਸਕ੍ਰਿਪਟ ਜਾਰੀ ਹੋਣ ‘ਤੇ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਨੇਤਾ ਵੀ ਦਹਿਸ਼ਤ ‘ਚ ਆ ਗਏ ਹਨ। ਰਿਪਬਲਿਕਨ ਸੈਨੇਟਰ ਮਿਟ ਰੋਮਨੀ ਨੇ ਕਿਹਾ, ਇਹ ਬੇਹੱਦ ਚਿੰਤਾਜਨਕ ਹੈ। ਸਪੀਕਰ ਨੈਂਸੀ ਪੇਲੋਸੀ ਨੇ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦਾ ਐਲਾਨ ਬੀਤੇ ਮੰਗਲਵਾਰ ਨੂੰ ਕੀਤਾ ਸੀ।