Copyright & copy; 2019 ਪੰਜਾਬ ਟਾਈਮਜ਼, All Right Reserved
ਗਾਇਕ ਮਾਂ ਬੋਲੀ ਦੀ ਸੇਵਾ ਨਹੀਂ ਸਗੋਂ ਦੌਲਤ ਨਾਲ ਝੋਲੀਆਂ ਭਰ ਰਹੇ ਨੇ : ਨਿੰਜਾ

ਗਾਇਕ ਮਾਂ ਬੋਲੀ ਦੀ ਸੇਵਾ ਨਹੀਂ ਸਗੋਂ ਦੌਲਤ ਨਾਲ ਝੋਲੀਆਂ ਭਰ ਰਹੇ ਨੇ : ਨਿੰਜਾ

ਚੰਡੀਗੜ੍ਹ : ਪੰਜਾਬੀ ਦੇ ਪ੍ਰਮੁੱਖ ਗਾਇਕ ਅਤੇ ਅਭਿਨੇਤਾ ਨਿੰਜਾ ਨੇ ਕਿਹਾ ਹੈ ਕਿ ਕੁਝ ਪੰਜਾਬੀ ਗਾਇਕ ਮਾਂ ਬੋਲੀ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ ਪਰ ਇਸ ਦੇ ਉਲਟ ਪੰਜਾਬੀ ਭਾਸ਼ਾ ਨੇ ਉਨ੍ਹਾਂ ਦੀਆਂ ਸ਼ੌਹਰਤ, ਦੌਲਤ ਅਤੇ ਅਕਲ ਨਾਲ ਝੋਲੀਆਂ ਭਰੀਆਂ ਹਨ।
ਆਪਣੀ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਦੂਰਬੀਨ’ ਦੇ ਸਬੰਧ ਵਿਚ ਇਥੇ ਆਏ ਨਿੰਜਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਗਾਇਕ ਤੇ ਅਭਿਨੇਤਾ ਤਾਂ ਪੰਜਾਬੀ ਭਾਸ਼ਾ ਦੀ ਧੂੜ ਦੇ ਵੀ ਬਰਾਬਰ ਨਹੀਂ ਹਨ। ਉਨ੍ਹਾਂ ਕਿਹਾ,”ਮਾਂ ਬੋਲੀ ਦੇ ਸਿਰ ‘ਤੇ ਦੁਨੀਆ ਭਰ ਵਿਚੋਂ ਅਥਾਹ ਦੌਲਤ ਤੇ ਸ਼ੌਹਰਤ ਹਾਸਲ ਕਰ ਰਹੇ ਕੁਝ ਪੰਜਾਬੀ ਕਲਾਕਾਰ ਮਾਂ ਬੋਲੀ ਦੀ ਸੇਵਾ ਕਰਨ ਦੇ ਦਾਅਵੇ ਕਰਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸੱਟ ਮਾਰ ਰਹੇ ਹਨ।” ਦੱਸਣਯੋਗ ਹੈ ਕਿ ਅੱਜ-ਕੱਲ੍ਹ ਪੰਜਾਬੀ ਗਾਇਕਾਂ ਅਤੇ ਫਿਲਮੀ ਅਦਾਕਾਰਾਂ ਵਿਚਕਾਰ ਮਾਂ ਬੋਲੀ ਦੀ ਇਕ-ਦੂਸਰੇ ਤੋਂ ਵੱਧ ਸੇਵਾ ਕਰਨ ਦੇ ਦਾਅਵਿਆਂ ਦੇ ਭੇੜ ਚੱਲ ਰਹੇ ਹਨ।
ਨਿੰਜਾ ਨੇ ਪੰਜਾਬੀ ਜ਼ੁਬਾਨ ਤੇ ਸਭਿਆਚਾਰ ਬਾਰੇ ਆਮ ਕਲਾਕਾਰਾਂ ਤੋਂ ਹੱਟ ਕੇ ਬੜੀਆਂ ਡੂੰਘੀਆਂ ਗੱਲਾਂ ਕਰਦਿਆਂ ਕਿਹਾ ਕਿ ਪੰਜਾਬੀ ਗੱਭਰੂਆਂ ਨੂੰ ਮਹਿਜ਼ ਗਾਇਕਾਂ ਜਾਂ ਕਲਾਕਾਰਾਂ ਨੂੰ ਹੀ ਆਪਣਾ ਰੋਲ ਮਾਡਲ ਨਹੀਂ ਸਮਝਣਾ ਚਾਹੀਦਾ ਹੈ ਸਗੋਂ ਪੰਜਾਬੀ ਕਲਾਕਾਰਾਂ ਨੂੰ ਵੱਡੇ ਨਾਮ ਬਖਸ਼ਣ ਵਾਲੀ ਮਾਂ ਬੋਲੀ ਪੰਜਾਬੀ ਤੇ ਆਪਣੇ ਅਮੀਰ ਸਭਿਆਚਾਰ ਤੋਂ ਸੇਧ ਲੈ ਕੇ ਆਪਣਾ ਸ਼ਾਨਾਮੱਤਾ ਭਵਿੱਖ ਸਿਰਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵੱਡੇ-ਵੱਡੇ ਸਟਾਰ ਪੰਜਾਬੀ ਬੋਲਣ ਵੇਲੇ ਸ਼ਰਮ ਅਤੇ ਅੰਗਰੇਜ਼ੀ ਬੋਲ ਕੇ ਮਾਣ ਮਹਿਸੂਸ ਕਰਦੇ ਹਨ ਪਰ ਅਜਿਹੀ ਬਿਰਤੀ ਵਾਲੇ ਕਲਾਕਾਰ ਮਾਨਸਿਕ ਹੀਣ ਭਾਵਨਾ ਦੇ ਸ਼ਿਕਾਰ ਹਨ। ਗਾਇਕ ਤੇ ਅਭਿਨੇਤਾ ਨੇ ਕਿਹਾ ਕਿ ਕਿਸੇ ਵੀ ਕੌਮ ਦੀ ਜ਼ਬਾਨ ਤੇ ਸਭਿਆਚਾਰ ਦੀ ਨੀਂਹ ਨਹੀਂ ਬਦਲੀ ਜਾ ਸਕਦੀ। ਇਸ ਲਈ ਕਿਸੇ ਨੂੰ ਸਿੱਧੇ ਰਾਹੇ ਪਾਉਣ ਲਈ ਪਹਿਲਾਂ ਆਪਣੇ ਪੁੱਠੇ ਰਾਹ ਛੱਡਣੇ ਪੈਣਗੇ। ਨਿੰਜਾ ਨੇ ਕਿਹਾ ਕਿ ਉਹ ਅੱਜ ਵੀ ਆਪਣੀ ਗਾਇਕੀ ਵਿਚ ਪੰਜਾਬੀ ਸੰਗੀਤ ਦੇ ਰਵਾਇਤੀ ਸਾਜ਼ ਅਲਗੋਜ਼ਿਆਂ ਦੀ ਵਰਤੋਂ ਕਰਕੇ ਲੋਕਾਂ ਕੋਲੋਂ ਅਥਾਹ ਮਾਣ ਹਾਸਲ ਕਰ ਰਿਹਾ ਹੈ। ਉਸ ਮੁਤਾਬਕ ‘ਦੂਰਬੀਨ’ ਫਿਲਮ ਪੰਜਾਬ ਦੇ ਇਕ ਅਜਿਹੇ ਪਿੰਡ ਦਾ ਸੱਚ ਬਿਆਨਦੀ ਹੈ, ਜਿਸ ਦੇ ਵਸਨੀਕ ਅਜੋਕੇ ਭ੍ਰਿਸ਼ਟ ਨਿਜ਼ਾਮ ਖਿਲਾਫ਼ ਆਵਾਜ਼ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਫਿਲਮ ਕਾਮੇਡੀ ਤੇ ਰੋਮਾਂਸ ਦੀ ਨਿਰੰਤਰਤਾ ਵਿਚ ਪੰਜਾਬ ਦਾ ਸੱਚ ਲੋਕਾਂ ਸਾਹਮਣੇ ਰੱਖੇਗੀ।
‘ਆਜ਼ਾਦ ਪਰਿੰਦੇ ਫ਼ਿਲਮਜ਼’ ਦੇ ਬੈਨਰ ਹੇਠ ਨਿਰਮਾਤਾ ਸੁਖਰਾਜ ਸਿੰਘ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਸਿੰਘ ਵਿਰਕ ਵੱਲੋਂ ਬਣਾਈ ਫ਼ਿਲਮ ‘ਦੂਰਬੀਨ’ 27 ਸਤੰਬਰ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਵੇਗੀ। ਇਸ ਮੌਕੇ ਜੱਸ ਬਾਜਵਾ, ਅਦਾਕਾਰਾ ਵਾਮਿਕਾ ਗੱਬੀ ਅਤੇ ਜੈਸਮੀਨ ਬਾਜਵਾ ਨੇ ਕਿਹਾ ਕਿ ਫ਼ਿਲਮ ਪੰਜਾਬ ਦੇ ਦੁਖਾਂਤਾਂ ‘ਤੇ ਝਾਤ ਪਾਉਣ ਦੇ ਨਾਲ ਨਾਲ ਸਮਾਜ ਨੂੰ ਚੰਗਾ ਸੰਦੇਸ਼ ਵੀ ਦੇਵੇਗੀ। ਫਿਲਮ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ ਅਤੇ ਪ੍ਰਕਾਸ਼ ਗਾਦੂ ਆਦਿ ਵੀ ਨਜ਼ਰ ਆਉਣਗੇ।