Copyright © 2019 - ਪੰਜਾਬੀ ਹੇਰਿਟੇਜ
ਚਿਨਮਿਆਨੰਦ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਜੇਲ੍ਹ ਭੇਜਿਆ

ਚਿਨਮਿਆਨੰਦ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਜੇਲ੍ਹ ਭੇਜਿਆ

ਨਵੀਂ ਦਿੱਲੀ : ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਿਆਨੰਦ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਨਵੀਨ ਅਰੋੜਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕੁੜੀ ਨੂੰ ਕੋਤਵਾਲੀ ਲਿਜਾਇਆ ਗਿਆ, ਉਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ।
ਮੈਡੀਕਲ ਟੈਸਟ ਤੋਂ ਬਾਅਦ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਜਿਸਟ੍ਰੇਟ ਨੇ ਵਿਦਿਆਰਥਣ ਨੂੰ ਰਿਮਾਂਡ ‘ਤੇ ਲੈਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਵਿਦਿਆਰਥਣ ‘ਤੇ ਆਪਣੀ ਸਹੇਲੀਆਂ ਨਾਲ ਮਿਲ ਕੇ ਪੰਜ ਕਰੋੜ ਰੁਪਏ ਮੰਗਣ ਦਾ ਇਲਜ਼ਾਮ ਹੈ। ਇਸ ਤੋਂ ਪਹਿਲਾਂ ਵਿਦਿਆਰਥਣ ਨੇ ਗ੍ਰਿਫ਼ਤਾਰੀ ਤੋਂ ਸੁਰੱਖਿਆ ਲੈਣ ਲਈ ਹਾਈ ਕੋਰਟ ‘ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਖਾਰਜ ਕਰਦਿਆਂ ਅਦਾਲਤ ਨੇ ਜਿਲ੍ਹਾ ਅਦਾਲਤ ‘ਚ ਜਾਣ ਦਾ ਹੁਕਮ ਦਿੱਤਾ ਸੀ।
ਜਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਅਰਜ਼ੀ ਸਵੀਕਾਰ ਕਰ ਲਈ ਸੀ ਅਤੇ ਵੀਰਵਾਰ 26 ਤਰੀਕ ਨੂੰ ਸੁਣਵਾਈ ਦੀ ਤਰੀਕ ਤੈਅ ਕੀਤਾ ਸੀ ਪਰ ਐੱਸਆਈਟੀ ਨੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਆਈਟੀ ਦੀ ਟੀਮ ਚਿਨਮਿਆਨੰਦ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਰਿਮਾਂਡ ‘ਤੇ ਜੇਲ੍ਹ ਭੇਜਿਆ ਗਿਆ ਹੈ।
ਚਿਨਮਿਆਨੰਦ ‘ਤੇ ਧਾਰਾ 360 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਕਿਸੇ ਸ਼ਖ਼ਸ ਵੱਲੋਂ ਆਪਣੀ ਤਾਕਤ ਅਤੇ ਅਹੁਦੇ ਦੀ ਵਰਤੋਂ ਕਰਦਿਆਂ ਜ਼ਬਰਨ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।
ਸ਼ਾਹਜਹਾਂਪੁਰ ਦੇ ਐੱਸਐੱਸ ਕਾਲਜ ‘ਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਉਨ੍ਹਾਂ ‘ਤੇ ਸ਼ੋਸ਼ਣ, ਅਗਵਾ ਕਰਨ ਅਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ।