Copyright & copy; 2019 ਪੰਜਾਬ ਟਾਈਮਜ਼, All Right Reserved
ਗ੍ਰੇਟਾ ਥਨਬਰਗ ਸਵੀਡਿਸ਼ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ

ਗ੍ਰੇਟਾ ਥਨਬਰਗ ਸਵੀਡਿਸ਼ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ

ਸਟਾਕਹੋਲਮ : ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਨੌਜਵਾਨ ਅੰਦੋਲਨ ਦੀ ਆਵਾਜ਼ ਬਣ ਚੁੱਕੀ ਸਵੀਡਿਸ਼ ਕੁੜੀ ਗ੍ਰੇਟਾ ਥਨਬਰਗ ਨੂੰ ‘ਰਾਈਟ ਲਾਈਵਲੀਹੁੱਡ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਨੂੰ ‘ਵਿਕਲਪਿਕ ਨੋਬਲ ਪੁਰਸਕਾਰ’ ਵੀ ਕਿਹਾ ਜਾਂਦਾ ਹੈ। ਰਾਈਟ ਲਾਈਵਲੀਹੁੱਡ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਦੱਸਿਆ ਕਿ ਥਨਬਰਗ ਨੂੰ ਜਲਵਾਯੂ ਪਰਿਵਰਤਨ ਨਾਲ ਨਿਪਟਾਰੇ ਲਈ ਤੁਰੰਤ ਕਾਰਵਾਈ ਦੀ ਰਾਜਨੀਤਕ ਮੰਗ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ,”ਜਲਵਾਯੂ ਪਰਿਵਰਤਨ ਦੇ ਕਾਰਨ ਵੱਧਦੇ ਸੰਕਟ ਨੂੰ ਬਰਦਾਸ਼ਤ ਨਹੀਂ ਨਾ ਕਰਨ ਦੇ ਉਸ ਦੇ ਸੰਕਲਪ ਨੇ ਲੱਖਾਂ ਲੋਕਾਂ ਨੂੰ ਆਵਾਜ਼ ਚੁੱਕਣ ਅਤੇ ਇਸ ਸੰਕਟ ਦੇ ਨਿਪਟਾਰੇ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ ਹੈ।” ਜਲਵਾਯੂ ਪਰਿਵਰਤਨ ਦੇ ਨਿਪਟਾਰੇ ਨੂੰ ਲੈ ਕੇ ਥਨਬਰਗ ਦੀ ਮੁਹਿੰਮ ‘ਫ੍ਰਾਈਡੇ ਫੌਰ ਫਿਊਚਰ’ ਅਗਸਤ 2018 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਉਸ ਨੇ ਸਵੀਡਨ ਦੀ ਸੰਸਦ ਦੇ ਸਾਹਮਣੇ ‘ਜਲਵਾਯੂ ਲਈ ਸਕੂਲ ਹੜਤਾਲ’ ਦੇ ਬੋਰਡ ਨਾਲ ਇਕੱਲੇ ਬੈਠ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਸੀ। ਉਸ ਦੇ ਇਸ ਸੰਦੇਸ਼ ਨੇ ਦੁਨੀਆ ਭਰ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਉਸ ਤੋਂ ਪ੍ਰੇਰਿਤ ਹੋ ਕੇ 150 ਤੋਂ ਵੱਧ ਦੇਸ਼ਾਂ ਦੇ ਕਰੀਬ 40 ਲੱਖ ਤੋਂ ਵੱਧ ਲੋਕਾਂ ਨੇ ਪਿਛਲੇ ਸ਼ੁੱਕਰਵਾਰ ‘ਗਲੋਬਲ ਜਲਵਾਯੂ ਹੜਤਾਲ’ ਵਿਚ ਹਿੱਸਾ ਲਿਆ ਅਤੇ ਨੇਤਾਵਾਂ ਨੂੰ ਜਲਵਾਯੂ ਮੁਸੀਬਤ ਦੇ ਨਿਪਟਾਰੇ ਲਈ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਾਲ ਦੇ ‘ਰਾਈਟ ਲਾਈਵਲੀਹੁੱਡ’ ਪੁਰਸਕਾਰ ਨਾਲ ਸਹਿਰਾਵੀ ਮਨੁੱਖੀ ਅਧਿਕਾਰ ਕਾਰਕੁੰਨ ਅਮਿਨੇਤੋਊ ਹੈਦਰ, ਵਕੀਲ ਗੋਉ ਜਿਆਨਮੇਈ ਅਤੇ ਬ੍ਰਾਜ਼ੀਲ ਦੇ ਹੁਤੁਕਾਰਾ ਯਾਨੋਮਾਮੀ ਐਸੋਸੀਏਸ਼ਨ ਤੇ ਉਸ ਦੇ ਨੇਤਾ ਦਾਵੀ ਕੋਪੋਨਾਵਾ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੁਰਸਕਾਰ ਜੇਤੂ ਦੇ ਕੰਮ ਨੂੰ ਸਮਰਥਨ ਦੇਣ ਲਈ ਜੇਤੂ ਨੂੰ 10 ਲੱਖ ਸਵੀਡਿਸ਼ ਕ੍ਰੋਨਰ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
ਜਲਵਾਯੂ ਪਰਿਵਰਤਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਵੱਡੇ ਨੇਤਾਵਾਂ ਦੇ ਸੰਯੁਕਤ ਰਾਸ਼ਟਰ ‘ਚ ਭਾਸ਼ਨ ਦੇਣ ਤੋਂ ਪਹਿਲਾਂ 16 ਸਾਲ ਦੀ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਨੇ ਆਪਣੇ ਭਾਸ਼ਨ ਨਾਲ ਇਨ੍ਹਾਂ ਨੇਤਾਵਾਂ ਨੂੰ ਜਲਵਾਯੂ ਸਬੰਧੀ ਸ਼ੀਸ਼ਾ ਦਿਖਾਉਂਦੇ ਹੋਏ ਫਿਟਕਾਰ ਲਗਾਈ . ਸਵੀਡਨ ਦੀ 16 ਸਾਲ ਦੀ ਵਾਤਾਵਰਨ ਪ੍ਰੇਮੀ ਗ੍ਰੇਟਾ ਨੇ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਜਲਵਾਯੂ ਸੰਮੇਲਨ ਦੌਰਾਨ ਸੋਮਵਾਰ ਨੂੰ ਆਪਣੇ ਭਾਸ਼ਨ ‘ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਾਟੋਨੀਓ ਗੁਟਰੇਸ ਸਮੇਤ ਦੁਨੀਆ ਦੇ ਵੱਡੇ ਨੇਤਾਵਾਂ ਨੂੰ ਜਲਵਾਯੂ ਸਬੰਧੀ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਫਿਟਕਾਰ ਲਗਾਈ . ਗ੍ਰੇਟਾ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ‘ਤੁਹਾਡੀ ਹਿੰਮਤ ਕਿਵੇਂ ਹੋਈ’ ਸ਼ਬਦਾਂ ਨਾਲ ਕੀਤੀ . ਉਸ ਨੇ ਕਿਹਾ ਕਿ ਤੁਸੀਂ ਸਾਡੇ ਸੁਪਨੇ, ਸਾਡਾ ਬਚਪਨ, ਆਪਣੇ ਖੋਖਲੇ ਸ਼ਬਦਾਂ ਨਾਲ ਖੋਹ ਲਿਆ . ਉਸ ਨੇ ਅੱਗੇ ਕਿਹਾ ਕਿ ਹਾਲਾਂ ਕਿ ਮੈਂ ਖੁਸ਼ਕਿਸਮਤ ਹਾਂ ਪਰ ਜਿਆਦਾਤਰ ਲੋਕ ਇਸ ਨੂੰ ਝੱਲ ਰਹੇ ਹਨ, ਮਰ ਰਹੇ ਹਨ, ਪੂਰਾ ਈਕੋ ਸਿਸਟਮ ਬਰਬਾਦ ਹੋ ਰਿਹਾ ਹੈ . ਉਸ ਨੇ ਕਿਹਾ ਕਿ ਸਾਨੂੰ ਅਜੇ ਇਕ ਲੰਬਾ ਪੈਂਡਾ ਤੈਅ ਕਰਨਾ ਹੈ . ਆਪਣੇ ਸੰਬੋਧਨ ਦੌਰਾਨ ਗ੍ਰੇਟਾ ਨੇ ਭਾਵੁਕ ਹੁੰਦੇ ਕਿਹਾ ਕਿ ਤੁਸੀਂ ਸਾਨੂੰ ਅਸਫ਼ਲ ਕਰ ਦਿੱਤਾ . ਨੌਜਵਾਨ ਸਮਝਦੇ ਹਨ ਕਿ ਤੁਸੀਂ ਸਾਨੂੰ ਠੱਗਿਆ ਹੈ, ਨੌਜਵਾਨਾਂ ਦੀਆਂ ਨਜ਼ਰਾਂ ਤੁਹਾਡੇ ‘ਤੇ ਹਨ ਅਤੇ ਜੇਕਰ ਤੁਸੀਂ ਸਾਨੂੰ ਫਿਰ ਅਸਫ਼ਲ ਕੀਤਾ ਤਾਂ ਅਸੀਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਾਂਗੇ . ਗ੍ਰੇਟਾ ਨੇ ਕਿਹਾ ਕਿ ਦੁਨੀਆ ਅਜੇ ਵੀ ਗ੍ਰੀਨ ਹਾਊਸ ਗੈਸ ਦੇ ਨਿਕਾਸ ਨੂੰ ਘਟਾ ਕੇ ਅਤੇ ਊਰਜਾ ਦੀਆਂ ਨਵੀਆਂ ਤਕਨੀਕਾਂ ਤੇ ਸਰੋਤਾਂ ਦਾ ਵਿਕਾਸ ਕਰਕੇ ਜਲਵਾਯੂ ਪਰਿਵਰਤਨ ‘ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਘਟਾ ਸਕਦੀ ਹੈ . ਆਪਣੇ ਇਸ ਤਿੰਨ ਮਿੰਟ ਦੇ ਭਾਸ਼ਨ ਵਿਚ ਗ੍ਰੇਟਾ ਦੁਨੀਆ ਭਰ ਦੇ ਵੱਡੇ ਨੇਤਾਵਾਂ ਨੂੰ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਤੁਹਾਡੀ ਏਨੀ ਹਿੰਮਤ ਕਿਵੇਂ ਹੋਈ ।