Copyright © 2019 - ਪੰਜਾਬੀ ਹੇਰਿਟੇਜ
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਕੰਵਲ ਜੀ ਨੂੰ ਪੰਜਾਬ ਭਵਨ ਕੈਨੇਡਾ ਵਲੋਂ ਸ਼ਰਧਾਂਜਲੀ ਭੇਂਟ

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਕੰਵਲ ਜੀ ਨੂੰ ਪੰਜਾਬ ਭਵਨ ਕੈਨੇਡਾ ਵਲੋਂ ਸ਼ਰਧਾਂਜਲੀ ਭੇਂਟ

ਪੰਜਾਬੀ ਸਾਹਿਤ ਦੇ ਦੋ ਵੱਡੇ ਥੰਮ ਹੋਏ ਸਾਡੇ ਵਿੱਚੋਂ ਰੁਖ਼ਸਤ

ਸਰੀ : ਪੰਜਾਬੀ ਸਾਹਿਤ ਦੇ ਦੋ ਵੱਡੇ ਥੰਮ ਜਸਵੰਤ ਸਿੰਘ ਕੰਵਲ ਜੀ ਤੇ ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਕਥਾ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਦੋਵਾਂ ਮਹਾਨ ਆਤਮਾਵਾਂ ਨੇ ਪੰਜਾਬੀ ਸਾਹਿਤ ਦੀ ਦੇਹ ਤੋੜਵੀਂ ਸੇਵਾ ਕੀਤੀ।ਦਲੀਪ ਕੌਰ ਟਿਵਾਣਾ ਨੇ ਆਪਣੇ ਕਲਾਸਿਕ ਨਾਵਲ ‘ਲੰਘ ਗਏ ਦਰਿਆ ‘ ਵਿਚ ਪਟਿਆਲਾ ਦੇ ਸ਼ਾਹੀ ਜੀਵਨ ਨੂੰ ਸੰਭਾਲਿਆ। ਵਿਸ਼ਵ ਸਾਹਿਤ ਵਿਚ ਰੂਸੀ ਨਾਵਲਕਾਰ ਟਾਲਸਟਾਏ ਵੀ ਟਿਵਾਣਾ ਵਾਂਗ ਰਾਜਾ ਸ਼ਾਹੀ ਦੇ ਨੇੜੇ ਰਿਹਾ ਸੀ ਉਸਨੇ ਰੂਸ ਦੇ ਸ਼ਾਹੀ ਜੀਵਨ ਨੂੰ ਆਪਣੇ ਨਾਵਲਾਂ ਵਿਚ ਅਮਰ ਕੀਤਾ ।ਅਮੀਰ ਲੋਕਾਂ ਵਿਚ ਲੇਖਕ ਵਿਰਲੇ ਹੀ ਜੰਮਦੇ ਹਨ।ਜਸਵੰਤ ਸਿੰਘ ਕੰਵਲ ਆਮ ਲੋਕਾਂ ਵਿਚ ਜੰਮਿਆ।ਪੂਰਨਮਾਸ਼ੀ ਵਰਗੇ ਨਾਵਲ ਲਿਖਕੇ ਉਸਨੇ ਪੰਜਾਬੀ ਦੀਆਂ ਆਧੁਨਿਕ ਪਿਆਰ ਕਹਾਣੀਆਂ ਨੂੰ ਜਨਮ ਦਿੱਤਾ। ਪੰਜਾਬੀ ਨਾਵਲਕਾਰੀ ਵਿੱਚ ਇਕ ਵੱਡੇ ਨਾਂ ਵਜੋਂ ਜਾਣੇ ਜਾਂਦੇ ਸ. ਜਸਵੰਤ ਸਿੰਘ ਕੰਵਲ ਵੀ ਨਹੀਂ ਰਹੇ। 100 ਸਾਲ ਦੀ ਉਮਰ ਵਿੱਚ ਅੱਜ 1 ਫਰਵਰੀ ਨੂੰ ਉਹ ਅਕਾਲ ਚਲਾਣਾ ਕਰ ਗਏ। ਸ. ਕੰਵਲ ਪੰਜਾਬੀ ਗਲਪ ਦੇ ਖੇਤਰ ਵਿੱਚ ਇੱਕ ਪ੍ਰਤਿਸ਼ਠਿਤ ਨਾਮ ਅਤੇ ਵਿਲੱਖਣ ਹਸਤਾਖਰ ਸਨ। ਉਨ੍ਹਾਂ ਦਾ ਜਨਮ ਪਿੰਡ ਢੁੱਡੀਕੇ (ਮੋਗਾ) ਵਿਖੇ 27 ਜੂਨ 1919 ਨੂੰ ਹੋਇਆ। 1943 ਵਿੱਚ ਉਨਾਂ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ ‘ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ”ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।