Copyright © 2019 - ਪੰਜਾਬੀ ਹੇਰਿਟੇਜ
ਮੈਟਰੋਂ ਵੈਨਕੂਵਰ ‘ਚ ਲੱਗੇ 8 ਨਵੇਂ ਰੈੱਡ ਲਾਈਟ ਸਪੀਡ ਕੈਮਰੇ

ਮੈਟਰੋਂ ਵੈਨਕੂਵਰ ‘ਚ ਲੱਗੇ 8 ਨਵੇਂ ਰੈੱਡ ਲਾਈਟ ਸਪੀਡ ਕੈਮਰੇ

ਮਾਰਚ ਦੇ ਅਖੀਰ ਤੱਕ ਸੂਬੇ ‘ਚ ਕੁਲ 35 ਰੈੱਡ ਲਾਈਟ-ਸਪੀਡ ਕੈਮਰੇ ਕਰਨਗੇ ਨਿਗਰਾਨੀ

ਸਰੀ : ਬੀ.ਸੀ. ਸਰਕਾਰ ਵਲੋਂ ਮੈਟਰੋਂ ਵੈਨਕੂਵਰ ‘ਚ 8 ਨਵੇਂ ਰੈੱਡ ਲਾਈਟ ਸਪੀਡ ਕੈਮਰੇ ਭਾਰੀ ਟ੍ਰੈਫਿਕ ਵਾਲੀਆਂ ਥਾਵਾਂ ‘ਤੇ 24 ਫਰਵਰੀ ਤੋਂ ਚਾਲੂ ਕਰ ਦੇਣ ਦਾ ਐਲਾਨ ਕੀਤਾ ਗਿਆ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਸਾਲ ਮਾਰਚ ਦੇ ਅਖੀਰ ਤੱਕ ਸੂਬੇ ‘ਚ ਕੁਲ 35 ਰੈੱਡ ਲਾਈਟ ਸਪੀਡ ਕੈਮਰੇ ਚਾਲੂ ਕਰ ਦਿੱਤੇ ਜਾਣਗੇ।
ਰਿਪੋਰਟ ਅਨੁਸਾਰ ਪਹਿਲੀਵਾਰ ਲਗਾਏ 5 ਰੈੱਡ ਲਾਈਟ ਸਪੀਡ ਕੈਮਰਿਆਂ ਦੀ ਮਦਦ ਨਾਲ ਜੁਲਾਈ ਤੋਂ ਸਤੰਬਰ ਦੇ ਤਿੰਨ ਮਹਿਨਿਆਂ ‘ਚ 2,370 ਤੇਜ਼ ਰਫ਼ਤਾਰ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਜਦੋਂ ਕਿ ਕੈਮਰਿਆਂ ਦੀ ਗਿਣਤੀ 15 ਹੋਣ ਤੋਂ ਬਾਅਦ ਤੇਜ਼ ਰਫ਼ਤਾਰ ਟਿਕਟਾਂ ਦੀ ਗਿਣਤੀ 7353 ਦਰਜ਼ ਕੀਤੀ ਗਈ ਅਤੇ ਹੁਣ 8 ਕੈਮਰੇ ਹੋਰ ਲਗਣ ਜਾ ਰਹੇ ਹਨ ਜਿਸ ਤੋਂ ਬਾਅਦ ਲੋਕਾਂ ਤੇ ਇਨ੍ਹਾਂ ਦੀ ਨਿਗਰਾਨੀ ਹੋਰ ਤਿੱਖੀ ਹੋਣ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜੇਬ ‘ਤੇ ਭਾਰੀ ਪਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਦੇ ਅੰਤ ਤੱਕ ਸੂਬੇ ‘ਚ ਭੀੜ ਵਾਲੇ ਚੌਰਾਹਿਆਂ ‘ਤੇ ਕੁਲ 35 ਸਪੀਡ ਕੈਮਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਸ ਕੰਮ ਨੂੰ ਤੇਜ਼ੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਹਰ ਚੌਰਾਹੇ ‘ਤੇ ਪ੍ਰਮੁੱਖ ਚਿਤਾਵਨੀ ਬੋਰਡ ਵੀ ਲਗਾਏ ਹਨ ਜਿਸ ਤੋਂ ਇਨ੍ਹਾਂ ਕੈਮਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਪਰ ਫਿਰ ਵੀ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਨੂੰ ਟਿਕਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਸੂਬੇ ‘ਚ ਇਨ੍ਹਾਂ ਟਿਕਟਾਂ ਦਾ ਜੁਰਮਾਨਾ ਵੱਧ-ਘੱਟ ਹੋ ਸਕਦਾ ਹੈ ਜੋ ਕਿ ਸਥਾਨ ਅਤੇ ਗਤੀ ਦੇ ਆਧਾਰ ‘ਤੇ ਤਹਿ ਕੀਤਾ ਜਾਵੇਗਾ। ਤੇਜ਼ ਰਫ਼ਤਾਰ ਲਈ $138 ਤੋਂ $483 ਚਾਰਜ ਕੀਤੇ ਜਾ ਸਕਦੇ ਹਨ ਜਦੋਂ ਕਿ ਲਾਲ ਬੱਤੀ ਦੀ ਉਲੰਘਣਾ ਕਰਨ ‘ਤੇ $167 ਦਾ ਜੁਰਮਾਨਾ ਲਗਾਇਆ ਜਾਵੇਗਾ।