ਅਮਰੀਕਾ ਛੱਡਕੇ ਕੋਰੋਨਾ ਪੀੜ੍ਹਤਾਂ ਦੀ ਮਦਦ ਲਈ ਪੰਜਾਬ ਪਹੁੰਚੇ ਡਾ. ਹਰਮਨਦੀਪ ਸਿੰਘ ਬੋਪਾਰਾਏ

ਅਮਰੀਕਾ ਛੱਡਕੇ ਕੋਰੋਨਾ ਪੀੜ੍ਹਤਾਂ ਦੀ ਮਦਦ ਲਈ ਪੰਜਾਬ ਪਹੁੰਚੇ ਡਾ. ਹਰਮਨਦੀਪ ਸਿੰਘ ਬੋਪਾਰਾਏ

ਵੈਨਕੂਵਰ, (ਰਛਪਾਲ ਸਿੰਘ): ਅਮਰੀਕਾ ਦੀ ਐਸ਼ੋ ਅਰਾਮ ਦੀ ਜ਼ਿੰਦਗੀ ਛੱਡਕੇ ਕੋਰੋਨਾ ਪੀੜ੍ਹਤਾਂ ਦੀ ਮਦਦ ਲਈ ਭਾਰਤ ਪਹੁੰਚਿਆ ਡਾ. ਹਰਮਨਦੀਪ ਸਿੰਘ ਬੋਪਾਰਾਏ, 34 ਵਰਿਆਂ ਦਾ ਨੌਜਵਾਨ ਗੱਭਰੂ ਸਿੱਖ ਡਾਕਟਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਦੇਖ ਭਾਲ ਲਈ ਫਰੰਟ ਲਾਈਨ ‘ਤੇ ਕੰਮ ਕਰ ਚੁੱਕਾ ਹੈ। ਉਸਨੇ ਐਮ ਬੀ ਬੀ ਐਸ ਦੀ ਪੜ੍ਹਾਈ ਗੌਰਮੈਂਟ ਕਾਲਜ ਅੰਮ੍ਰਿਤਸਰ ਤੋਂ ਕੀਤੀ ਤੇ 2011 ‘ਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਆ ਕੇ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕਰੋਨਾ ਦੀ ਮਹਾਂਮਾਰੀ ਦੌਰਾਨ ਪੀੜ੍ਹਤ ਲੋਕਾਂ ਦੀ ਸੇਵਾ ਸੰਭਾਲ ਫਸਟ ਲਾਈਨ ‘ਤੇ ਕਰਦਾ ਰਿਹਾ। ਅੰਮ੍ਰਿਤਸਰ ‘ਚ ਉਨਾਂ ਦੇ ਪਰਿਵਾਰ ਦਾ ਅਜੇ ਵੀ ਲੀਜ਼ ‘ਤੇ ਵਧੀਆ ਹਸਪਤਾਲ ਚੱਲ ਰਿਹਾ ਹੈ।
ਪਰਿਵਾਰ ਨੂੰ ਦੀਨ-ਦੁਨੀਆ ਦੀ ਸੇਵਾ ਕਰਨ ਦਾ ਚਾਓ ਮੁੱਢ ਤੋਂ ਹੀ ਚਲਿਆ ਆ ਰਿਹਾ ਹੈ। ਡਾ. ਬੋਪਾਰਾਏ 11 ਅਪ੍ਰੈਲ ਨੂੰ ਯੂ.ਐਸ. ਛੱਡ ਪੰਜਾਬ ਪਹੁੰਚ ਗਿਆ ਜਿਥੇ ਉਸ ਨੇ ਕੋਰੋਨਾ ਪੀੜ੍ਹਤਾਂ ਦੀ ਦੇਖ ਭਾਲ ਕਰਨੀ ਸੀ । ਉਸ ਨੇ ਡਾਕਟਰਾਂ ਅਤੇ ਨਰਸਾਂ ਨੂੰ ਇਸ ਸਬੰਧੀ ਸਿਖਲਾਈ ਵੀ ਦਿੱਤੀ। ਉਹ ਕੋਰੋਨਾ ਤੋਂ ਪੀੜ੍ਹਤ ਮਰੀਜ਼ਾਂ ਦੀ ਦੇਖਭਾਲ ਵਿੱਚ ਏਨਾਂ ਮਸ਼ਰੂਫ ਹੈ ਕਿ ਚੱਜ ਦੀ ਨੀਂਦ ਵੀ ਨਹੀਂ ਸੌਂ ਸਕਦਾ। ਅਜਿਹਾ ਕਰਦਿਆਂ ਉਹ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਦਾ। ਉਹ ਕੋਰੋਨਾ ਦੀ ਰੋਕਥਾਮ ਲਈ ਮਾਸਕ ਲਗਾਉਣ, ਹੱਥ ਸਾਬਣ ਨਾਲ ਧੌਣ ਅਤੇ ਵੈਕਸੀਨੇਸ਼ਨ ਦੀ ਨਸੀਹਤ ਲੋਕਾਂ ਨੂੰ ਦੇ ਰਿਹਾ ਹੈ ਕਿਉਂਕਿ ਇਹੋ ਕੁਝ ਅਪਣਾ ਕੇ ਹੀ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਸਫਾਈ ਤੇ ਆਕਸੀਜਨ ਦੇ ਪ੍ਰਬੰਧਾਂ ਲਈ ਵੀ ਆਖ ਰਿਹਾ ਹੈ। ਇਨੀਂ ਦਿਨੀਂ ਹਰਮਨਦੀਪ ਸਿੰਘ ਬੋਪਾਰਾਏ ਮੁੰਬਈ ਵਿੱਚ ਕੋਰੋਨਾ ਪੀੜ੍ਹਤਾਂ ਦੀ ਮਦਦ ਅੰਤਰਰਾਸ਼ਟਰੀ ਮਾਨਵਵਾਦੀ ਸੰਗਠਨ (Doctors Without Borders) ਵਲੋਂ ਕਰ ਰਿਹਾ ਹੈ। ਸਾਡੇ ਵਲੋਂ ਡਾ. ਬੋਪਾਰਾਏ ਦੀਆਂ ਇਨ੍ਹਾਂ ਦੀ ਕੋਸ਼ਿਸ਼ਾਂ ਨੂੰ ਸਲਾਮ ਕੀਤੀ ਜਾਂਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਣ।