Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬ ‘ਚ ਔਰਤਾਂ ਖਿਲਾਫ ਜ਼ੁਲਮਾਂ ਦੇ ਡਰਾਉਣੇ ਅੰਕੜੇ

ਪੰਜਾਬ ‘ਚ ਔਰਤਾਂ ਖਿਲਾਫ ਜ਼ੁਲਮਾਂ ਦੇ ਡਰਾਉਣੇ ਅੰਕੜੇ

ਚੰਡੀਗੜ੍ਹ: ਪੰਜਾਬ ਵਿਚ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਖਾਸ ਕਰ ਕੇ ਜਬਰ ਜਨਾਹ ਤੇ ਜਿਸਮਾਨੀ ਛੇੜਛਾੜ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਬੇ ‘ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ ਤੇ 7 ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਵਿਚ ਸਾਲ 2012 ਤੋਂ 15 ਜੂਨ 2019 ਤੱਕ (ਤਕਰੀਬਨ 2,730 ਦਿਨਾਂ ਦੌਰਾਨ) ਬਲਾਤਕਾਰ ਦੇ 6,060 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ ਇਸੇ ਸਮੇਂ ਦੌਰਾਨ ਦਹੇਜ ਲਈ ਤਸ਼ੱਦਦ ਢਾਹੁਣ, ਘਰੇਲੂ ਹਿੰਸਾ ਅਤੇ ਜਿਸਮਾਨੀ ਛੇੜਛਾੜ ਦੀਆਂ 19 ਹਜ਼ਾਰ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ। ਜਦਕਿ ਮਹਿਲਾ ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਜਬਰ ਜਨਾਹ ਤੇ ਛੇੜਛਾੜ ਦੀਆਂ ਬਹੁਤ ਸਾਰੀਆਂ ਘਟਨਾਵਾਂ ‘ਇੱਜ਼ਤ ਖਾਤਰ ਪਰਦਾ ਪਾਈ ਰੱਖਣ’ ਦੀ ਰਵਾਇਤ ਕਰ ਕੇ ਪੁਲਿਸ ਦੇ ਰਿਕਾਰਡ ਵਿਚ ਆਉਂਦੀਆਂ ਹੀ ਨਹੀਂ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ‘ਤੇ ਹੁੰਦੇ ਅਤਿਆਚਾਰ ਦੇ ਮਾਮਲਿਆਂ ਵਿਚ ਸਖਤ ਕਾਰਵਾਈ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਫਿਰ ਵੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪੁਲਿਸ ਰਿਕਾਰਡ ਮੁਤਾਬਕ ਵੀ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦਹੇਜ ਅਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਿਚ ਜ਼ਿਆਦਾ ਵਾਪਰੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਦੇ ਮਾਮਲੇ ਆਮ ਤੌਰ ‘ਤੇ ਪੁਲਿਸ ਰਿਕਾਰਡ ਵਿੱਚ ਨਹੀਂ ਆਉਂਦੇ। ਕਈ ਮੌਕਿਆਂ ‘ਤੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ‘ਚ ਘਰੇਲੂ ਹਿੰਸਾ ਕਾਨੂੰਨ ਨੂੰ ਲਾਗੂ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ। ਕੰਮਕਾਜੀ ਔਰਤਾਂ ਨੂੰ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਵੱਲੋਂ ਵੀ ਢਿੱਲ ਵਰਤਣ ਦੇ ਮਾਮਲੇ ਸਾਹਮਣੇ ਆਏ ਹਨ ਤੇ ਘਰੇਲੂ ਹਿੰਸਾ ਦੇ ਕਿਸੇ ਵੀ ਕੇਸ ਵਿਚ ਸਜ਼ਾ ਨਹੀਂ ਸੁਣਾਈ ਗਈ। ਕੌਮਾਂਤਰੀ ਪੱਧਰ ‘ਤੇ ਹੋਏ ਇਕ ਸਰਵੇਖਣ ਵਿਚ ਵੀ ਭਾਰਤ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਮਾਮਲਿਆਂ ਵਿਚ ਦੁਨੀਆਂ ‘ਚੋਂ ਪਹਿਲੇ ਨੰਬਰ ਉਤੇ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਇਸ ਸੰਗੀਨ ਅਪਰਾਧ ਦੀ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਸਮੂਹਿਕ ਬਲਾਤਕਾਰ ਵਰਗੀ ਘਟਨਾ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਜਾਂ ਲੜਕੀਆਂ ਆਪਣੇ ਨਾਲ ਹੁੰਦੀ ਜ਼ਿਆਦਤੀ ਨੂੰ ਪੁਲਿਸ ਦੇ ਰਿਕਾਰਡ ਵਿਚ ਨਹੀਂ ਲਿਆਉਂਦੀਆਂ ਤੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਪਰਦਾ ਪਾਈ ਰੱਖਣ ਵਿਚ ਹੀ ਭਲਾ ਸਮਝਦੀਆਂ ਹਨ।