ਰੁਝਾਨ ਖ਼ਬਰਾਂ
ਅਫਗਾਨਿਸਤਾਨ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੈਨੇਡਾ ਵਲੋਂ ਜਾਰੀ ਰਹੇਗੀ : ਹਰਜੀਤ ਸੱਜਣ

ਅਫਗਾਨਿਸਤਾਨ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੈਨੇਡਾ ਵਲੋਂ ਜਾਰੀ ਰਹੇਗੀ : ਹਰਜੀਤ ਸੱਜਣ

ਔਟਵਾ : ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇੱਕ ਨਿਊਂਜ਼ ਕਾਨਫਰੰਸ ਵਿੱਚ ਆਖਿਆ ਕਿ ਕੈਨੇਡਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਓਨੀ ਦੇਰ ਹੀ ਜਾਰੀ ਰੱਖੇਗਾ ਜਿੰਨਾਂ ਚਿਰ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਅਫਗਾਨਿਸਤਾਨ ਤੋਂ 1100 ਤੋਂ ਵੀ ਵੱਧ ਲੋਕਾਂ ਨੂੰ ਬਾਹਰ ਕੱਢ ਚੁੱਕਿਆ ਹੈ, ਇਨ੍ਹਾਂ ਵਿੱਚ ਕੈਨੇਡੀਅਨ ਨਾਗਰਿਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਅਫਗਾਨੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨੀ ਨਾਗਰਿਕਾਂ ਨੂੰ ਓਟਵਾ ਵੱਲੋਂ ਆਪਣੀ ਮਦਦ ਬਦਲੇ ਕੈਨੇਡਾ ਵਿੱਚ ਮੁੜ ਵਸਾਉਣ ਦਾ ਵਾਅਦਾ ਕੀਤਾ ਗਿਆ ਸੀ। ਸੱਜਣ ਨੇ ਆਖਿਆ ਕਿ ਕਾਬੁਲ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਪਰ ਕੈਨੇਡੀਅਨ ਕਰਮਚਾਰੀ ਵੀ ਜੋ ਕੁੱਝ ਉਨ੍ਹਾਂ ਦੇ ਵੱਸ ਵਿੱਚ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਸਾਡੀਆਂ ਫੌਜੀ ਟੁਕੜੀਆਂ ਨੂੰ ਕਾਬੁਲ ਦੇ ਏਅਰਪੋਰਟ ਦੁਆਲੇ ਬਣੀ ਹਿੰਸਕ ਤੇ ਭੀੜ ਭਾੜ ਵਾਲੀ ਸਥਿਤੀ ਕਾਰਨ ਕਾਫੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਸੱਜਣ ਨਾਲ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ, ਵਿਦੇਸ਼ ਮੰਤਰੀ ਮਾਰਕ ਗਾਰਨਿਊ, ਵੁਮਨ ਤੇ ਜੈਂਡਰ ਇਕੁਆਲਿਟੀ ਮੰਤਰੀ ਮਰੀਅਮ ਮੁਨਸਫ ਵੀ ਹਾਜ਼ਰ ਸਨ। ਗਾਰਨਿਊ ਨੇ ਆਖਿਆ ਕਿ ਕਾਬੁਲ ਤੋਂ ਬਾਹਰ ਆ ਰਹੀਆਂ ਖਬਰਾਂ ਕਾਫੀ ਹੌਲਨਾਕ ਹਨ। ਲੋਕ ਡਰੇ ਹੋਏ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ ਤੇ ਉਹ ਉੱਥੋਂ ਨਿਕਲਣ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ।