
ਜ਼ਹਿਰ ਦੇ ਵਣਜਾਰੇ
ਪੁੱਛੋ ਜ਼ਹਿਰ ਦੇ ਇਨ੍ਹਾਂ ਵਣਜ਼ਾਰਿਆਂ ਨੂੰ
ਕਿੱਥੇ ਵੇਚੋਗੇ ਮਾਰਕੇ ਸਾਰਿਆਂ ਨੂੰ
ਹਿੰਮਤ ਹਾਰਿਓ ਨਾ, ਜੇਕਰ ਜਿੱਤਣਾ ਏਂ
ਹੁੰਦੀ ਹਾਰ ਤਾਂ ਸਿਦਕ ਤੋਂ ਹਾਰਿਆਂ ਨੂੰ
ਉਹ ਤਾਂ ਰੋਜ਼ ਮਰਦਾ, ਜਿਹੜਾ ਰਹੇ ਡਰਦਾ
ਇੱਕ ਵਾਰ ਤਾਂ ਆਉਂਦੀ ਹੈ ਸਾਰਿਆਂ ਨੂੰ
ਸਿਰਜਣਹਾਰ ਤੇਰੇ, ਓਥੇ ਵਸਣ ਜਿਹੜੇ
ਮਹਿਲਾ ਘੂਰਦੈਂ ਕਾਸਤੋਂ ਢਾਰਿਆਂ ਨੂੰ
ਲੱਟੀ ਗਈ ਹਾਸੀ, ਹੋਏ ਚਾਅ ਬਾਸੀ
ਹਾਲ ਪੁੱਛ ਕੇ ਵੇਖ ਵਿਚਾਰਿਆਂ ਨੂੰ
ਜਿੱਥੇ ਪਾਪ ਪਲਦਾ, ਤੇ ਇਖ਼ਲਾਕ ਗਲਦਾ
ਭਲਾ ਫੂਕਣੈਂ ਉਹਨਾਂ ਚੁਬਾਰਿਆਂ ਨੂੰ
ਏਥੇ ਖ਼ੂਨ ਚਿੱਟਾ, ਏਥੇ ਜ਼ਹਿਰ ਮਿੱਠਾ
ਅੰਮ੍ਰਿਤ ਕੌੜਾ ਹੀ ਦਿਉ ਪਿਆਰਿਆਂ ਨੂੰ
-ਜਸਵੰਤ ਸਿੰਘ ਜ਼ਫ਼ਰ