ਰੁਝਾਨ ਖ਼ਬਰਾਂ
ਵਿਸ਼ਵਾਸ ਦੀਆਂ ਪੌੜੀਆਂ

ਵਿਸ਼ਵਾਸ ਦੀਆਂ ਪੌੜੀਆਂ

”ਅੱਜ 12: 40 ‘ਤੇ ਮੈਕਰੋ ਇਕਨਾਮਿਕਸ ਦਾ ਪੀਰੀਅਡ ਹੈ। … ਜ਼ਰੂਰ ਲਗਾਉਣਾ ਹੈ ਤੂੰ! ਜੇ ਤੂੰ ਇੱਦਾਂ ਹੀ ਕਰਦਾ ਰਿਹਾ ਤਾਂ ਟੌਪ ਕਿੱਦਾਂ ਕਰੇਂਗਾ ਬੇਟਾ?” ਇਹ ਵਾਕ ਜਦੋਂ ਮੈਂ ਆਪਣੀ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਇਕ ਕਾਬਿਲ ਅਧਿਆਪਕਾ ਤੋਂ ਸੁਣੇ ਤਾਂ ਮੇਰੇ ਕੰਨਾਂ ਵਿਚ ਸਕੂਲ ਸਮੇਂ ਪੜ੍ਹਾਈ ਚੰਗੀ ਤਰ੍ਹਾਂ ਨਾ ਕਰਨ ਕਰਕੇ ਰੋਜ਼ਾਨਾ ਮਾਤਾ-ਪਿਤਾ, ਭੈਣਾਂ ਅਤੇ ਅਧਿਆਪਕਾਂ ਤੋਂ ਪੈਣ ਵਾਲੀਆਂ ਝਿੜਕਾਂ ਗੂੰਜਣ ਲੱਗੀਆਂ। ਦਰਅਸਲ ਮੈਂ ਸਕੂਲ ਸਮੇਂ ਇਮਤਿਹਾਨ ਸਿਰ ‘ਤੇ ਆਉਣ ‘ਤੇ ਹੀ ਪੜ੍ਹਾਈ ਕਰਦਾ ਅਤੇ ਚੰਗੇ ਅੰਕਾਂ ਨਾਲ ਪਾਸ ਹੋ ਜਾਂਦਾ। ਸਾਰਾ ਸਾਲ ਸਕੂਲ ਦਾ ਪਾਠਕ੍ਰਮ ਲਿਖਣ ਅਤੇ ਯਾਦ ਨਾ ਕਰਨ ਕਰਕੇ ਮੇਰੇ ਮਾਪਿਆਂ ਨੇ ਸਕੂਲ ਸਟਾਫ ਨੂੰ ਕਹਿ ਰੱਖਿਆ ਸੀ ਕਿ ਪੜ੍ਹਾਈ ਦੇ ਮਾਮਲੇ ਵਿਚ ਕੋਈ ਢਿੱਲ ਨਹੀਂ ਕਰਨੀ, ਤੁਸੀਂ ਇਸ ਨੂੰ ਜਿੰਨਾ ਮਰਜ਼ੀ ਕੁੱਟੋ, ਅਸੀਂ ਕੋਈ ਸ਼ਿਕਾਇਤ ਨਹੀਂ ਸਕੂਲ ਲੈ ਕੇ ਆਵਾਂਗੇ। ਬੱਸ ਇਹ ਪੜ੍ਹਨਾ ਚਾਹੀਦਾ ਹੈ। ਉਦੋਂ ਮੇਰਾ ਇਹੀ ਸੁਫ਼ਨਾ ਸੀ ਕਿ ਔਖੇ-ਸੌਖੇ 10ਵੀਂ ਕਰਕੇ ਕਰਿਆਨੇ ਦੀ ਹੱਟੀ ਖੋਲ੍ਹ ਲੈਣੀ ਹੈ।
ਇਮਤਿਹਾਨ ਦੌਰਾਨ ਪਿਤਾ ਜੀ ਵੱਲੋਂ ਮੈਥੋਂ ਵੱਡੀਆਂ ਦੋਹਾਂ ਭੈਣਾਂ ਵਿੱਚੋਂ ਛੋਟੀ ਦੀ ਮੈਨੂੰ ਪੜ੍ਹਾਉਣ ਦੀ ਡਿਊਟੀ ਲੱਗ ਜਾਂਦੀ। ਸਕੂਲ ਵਿਚ ਕੋਈ ਨਾ ਕੋਈ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਇਸ ਭੈਣ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ। ਇਕ ਪਾਸੇ ਉਹ ਪਿਤਾ ਜੀ ਦਾ ਕਹਿਣਾ ਨਹੀਂ ਸੀ ਮੋੜ ਸਕਦੀ, ਦੂਜੇ ਪਾਸੇ ਮੇਰੇ ਵਰਗੇ ਲਾਪਰਵਾਹ ਨੂੰ ਪੜ੍ਹਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ ਹੁੰਦਾ।
ਮੇਰੀ 10ਵੀਂ ਦੀ ਬੋਰਡ ਦੀ ਪ੍ਰੀਖਿਆ ਚੱਲ ਰਹੀ ਸੀ ਅਤੇ ਉਸਦੀ 12ਵੀਂ ਦੀ। ਅਗਲੇ ਦਿਨ ਮੈਨੂੰ ਸਭ ਤੋਂ ਮੁਸ਼ਕਿਲ ਵਿਸ਼ਾ ਲੱਗਣ ਵਾਲਾ ਇੰਗਲਿਸ਼ ਦਾ ਪੇਪਰ ਸੀ। ਮੇਰੀ ਇਸ ਵਿਸ਼ੇ ਨਾਲ ਬਹੁਤ ਘੱਟ ਬਣਦੀ ਸੀ। ਬੇਸ਼ਕ ਮੇਰੇ ਨੰਬਰ 65-75 ਫ਼ੀਸਦੀ ਆ ਜਾਂਦੇ ਸਨ ਪਰੰਤੂ ਪਿਤਾ ਜੀ ਦੀ ਨਜ਼ਰ ਵਿਚ ਭੈਣਾਂ ਦੇ ਨੰਬਰਾਂ ਦੀ ਤੁਲਨਾ ਵਿਚ ਇਹ ਬਹੁਤ ਹੀ ਘੱਟ ਹੁੰਦੇ ਸਨ। ਇਸ ਕਰਕੇ ਪਿਤਾ ਜੀ ਮੈਨੂੰ ਹਮੇਸ਼ਾ ਕੋਸਦੇ ਰਹਿੰਦੇ ਅਤੇ ਮੈਂ ਵੀ ਆਪਣੇ ਆਪ ਨੂੰ ਨਾਲਾਇਕ ਮੰਨ ਚੁੱਕਾ ਸੀ। ਭੈਣ ਮੈਨੂੰ ਇੰਗਲਿਸ਼ ਪੜ੍ਹਾ ਰਹੀ ਸੀ। ਇਕ ਵਾਕ ਵਿਚ ‘ਕੁਡ’ ਸ਼ਬਦ ਆਇਆ ਅਤੇ ਮੈਂ ਉਸ ਨੂੰ ਅੰਗਰੇਜ਼ੀ ਅੱਖਰਾਂ ਮੁਤਾਬਿਕ ‘ਕੁਲਡ’ ਬੋਲ ਰਿਹਾ ਸੀ। ਵਾਰ-ਵਾਰ ਵਾਕ ਯਾਦ ਕਰਵਾਉਣ ‘ਤੇ ਵੀ ਮੈਨੂੰ ਯਾਦ ਨਹੀਂ ਸੀ ਹੋ ਰਿਹਾ। ਫੇਰ ਉਹ ਮੈਨੂੰ ਕਹਿਣ ਲੱਗੀ ਕਿ ‘ਕੁਲਡ’ ਨਹੀਂ ਇਹ ‘ਕੁਡ’ ਹੈ। ਮੈਂ ਕਿਹਾ ਜੇਕਰ ਮੈਂ ‘ਕੁਡ’ ਯਾਦ ਕਰਾਂਗਾ ਤਾਂ ਪੇਪਰ ਵਿਚ ਸ਼ਬਦ ਗਲਤ ਲਿਖ ਕੇ ਆਵਾਂਗਾ। ਉਹ ਸਿਰ ਫੜ ਕੇ ਰੋਣ ਲੱਗ ਪੈਂਦੀ ਅਤੇ ਕਹਿੰਦੀ, ”ਤੂੰ ਆਪ ਤਾਂ ਡੁੱਬਣਾ ਹੀ ਹੈ, ਮੇਰੀ ਪੁਜ਼ੀਸ਼ਨ ਵੀ ਖ਼ਰਾਬ ਕਰਨੀ ਹੈ।”
ਮੇਰੇ ਇਕ ਸਹਿਪਾਠੀ ਮਿੱਤਰ ਦੀ ਮਾਤਾ ਜੀ (ਹੁਣ ਮਰਹੂਮ) ਸਕੂਲ ਸਮੇਂ 7ਵੀਂ ਜਮਾਤ ਵਿਚ ਸਾਨੂੰ ਇੰਗਲਿਸ਼ ਪੜ੍ਹਾਉਂਦੇ ਸਨ। ਲਗਾਤਾਰ ਤਿੰਨ ਦਿਨ ਇੱਕੋ ਅਰਜ਼ੀ ਯਾਦ ਨਾ ਕਰਨ ਕਾਰਨ ਉਨ੍ਹਾਂ ਮੈਨੂੰ ਬੜੇ ਕਰਾਰੇ ਥੱਪੜ ਲਗਾ ਦਿੱਤੇ, ਜਿਨ੍ਹਾਂ ਦਾ ਸੇਕ ਅੱਜ ਵੀ ਗੱਲ੍ਹਾਂ ‘ਤੇ ਮਹਿਸੂਸ ਹੁੰਦਾ ਹੈ। ਮੈਂ ਚੌਥੇ ਦਿਨ ਉਹ ਐਪਲੀਕੇਸ਼ਨ ਯਾਦ ਕਰ ਕੇ ਬਿਨਾਂ ਗਲਤੀ ਤੋਂ ਲਿਖ ਦਿੱਤੀ ਤੇ ਮੈਨੂੰ ਟੈੱਸਟ ਵਿੱਚੋਂ 10 ਬਟਾ 10 ਨੰਬਰ ਮਿਲੇ। ਉਹ ਹੈਰਾਨ ਹੋ ਗਏ, ਕਹਿਣ ਲੱਗੇ, ”ਜੇ ਤੂੰ ਥੱਪੜ ਖਾ ਕੇ ਹੀ ਯਾਦ ਕਰਨਾ ਹੁੰਦਾ ਹੈ ਤਾਂ ਇਕ ਦਿਨ ਪਹਿਲਾਂ ਹੀ ਐਡਵਾਂਸ ਵਿਚ ਖਾ ਲਿਆ ਕਰ। ਤੇਰੀਆਂ ਦੋਵੇਂ ਭੈਣਾਂ ਤਾਂ ਹੁਸ਼ਿਆਰ ਹਨ ਪਰ ਤੂੰ …?” ਉਹ ਮੈਨੂੰ ਹਮੇਸ਼ਾ ਪੜ੍ਹਾਈ ਦਾ ਮੁੱਲ ਸਮਝਾਉਣ ਦਾ ਯਤਨ ਕਰਦੇ ਪਰ ਮੈਂ ਕਰਿਆਨੇ ਦੀ ਦੁਕਾਨ ਦੇ ਹੀ ਸੁਫਨੇ ਦੇਖਦਾ ਰਹਿੰਦਾ, ਜਿਸ ਕਰਕੇ ਮੈਂ ਪੜ੍ਹਾਈ ਵਿਚ ਰੁਚੀ ਨਾ ਬਣਾ ਸਕਿਆ।
ਆਖ਼ਰ 10ਵੀਂ ਦਾ ਨਤੀਜਾ (ਮਾਰਚ-1997) ਐਲਾਨਿਆ ਗਿਆ। ਬੋਰਡ ਵੱਲੋਂ ਪਹਿਲੀ ਵਾਰ 5 ਤਰ੍ਹਾਂ ਦੇ ਪੇਪਰ ਲਏ ਗਏ ਸਨ। ਇਹ ਪਹਿਲੀ ਵਾਰ ਸੀ ਕਿ ਮੈਂ ਆਪਣਾ ਨਤੀਜਾ ਆਪ ਦੇਖਣ ਗਿਆ, ਨਹੀਂ ਤਾਂ ਸਕੂਲ ਸਮੇਂ ਭੈਣ ਹੀ ਮੇਰਾ ਨਤੀਜਾ ਸੁਣ ਕੇ ਆਉਂਦੀ ਹੁੰਦੀ ਸੀ। ਮੈਂ ਫੇਲ ਹੋ ਜਾਣ ਦੇ ਡਰੋਂ ਘਰ ਵਿਚ ਲੁਕ ਕੇ ਬੈਠ ਜਾਂਦਾ ਸੀ। ਮੇਰੀ ਭੈਣ ਚੰਗੇ ਨੰਬਰਾਂ ਨਾਲ ਪਾਸ ਹੋਣ ਦੀ ਖ਼ਬਰ ਸੁਣਾਉਂਦੀ ਅਤੇ ਆਪਣੀ ਪਿੱਠ ਵੀ ਖ਼ੁਦ ਥਾਪੜਦੀ ਕਿ ਉਸ ਦੇ ਪੜ੍ਹਾਉਣ ਕਾਰਨ ਹੀ ਮੈਂ ਪਾਸ ਹੋ ਸਕਿਆ ਹਾਂ। ਇਹ ਸਹੀ ਵੀ ਹੁੰਦਾ ਸੀ। ਹੁਣ 10ਵੀਂ ਦਾ ਨਤੀਜਾ ਪਤਾ ਕਰਨ ਗਏ ਨੂੰ ਡਰ ਲੱਗ ਰਿਹਾ ਸੀ, ਪਰ 72 ਫ਼ੀਸਦੀ ਅੰਕਾਂ ਨੇ ਮੇਰੀ ਇੱਜ਼ਤ ਬਚਾ ਲਈ। ਇੰਜ, 10ਵੀਂ ਪਾਸ ਕਰਨ ਮਗਰੋਂ ਮੇਰਾ ਹੱਟੀ ਕਰਨ ਦਾ ਸੁਪਨਾ ਸਾਕਾਰ ਨਾ ਹੋ ਸਕਿਆ। ਘਰ ਦੇ ਆਰਥਿਕ ਹਾਲਾਤ ਜ਼ਿਆਦਾ ਸਨ, ਪਿਤਾ ਜੀ ਦੀ ਮਰਜ਼ੀ ਕਾਰਨ ਮੈਨੂੰ ਅੱਗੇ ਪੜ੍ਹਨ ਲਈ ਮਜਬੂਰ ਹੋਣਾ ਪਿਆ। …
ਇਹ ਗੱਲਾਂ ਯਾਦ ਕਰਦਿਆਂ 12:40 ਦਾ ਸਮਾਂ ਹੋ ਗਿਆ। ਮੈਂ ਆਪਣੇ ਮਿੱਤਰ ਨਾਲ ਪੀਰੀਅਡ ਲਗਾਉਣ ਲਈ ਲੈਕਚਰ ਥਿਏਟਰ ਵਿਚ ਦਾਖਲ ਹੋ ਗਿਆ। ਲੈਕਚਰ ਦੌਰਾਨ ਅਧਿਆਪਕਾ ਨਾਲ ਵਿਸ਼ੇ ਸੰਬੰਧੀ ਸਵਾਲ-ਜਵਾਬ ਵੀ ਹੋਏ। ਮੇਰੀ ਇਸ ਅਧਿਆਪਕਾ ਦੇ ਉਪਰੋਕਤ ਸ਼ਬਦ ਮੇਰੇ ਦਿਮਾਗ਼ ਵਿਚ ਘਰ ਕਰ ਗਏ ਸਨ। ਮੈਨੂੰ ਰਾਤ ਦੇ ਪਿਛਲੇ ਪਹਿਰ ਤੱਕ ਨੀਂਦ ਨਾ ਆਈ। ਹੈਰਾਨੀ ਇਸ ਗੱਲ ਦੀ ਸੀ ਕਿ ਮੈਡਮ ਮੇਰੇ ‘ਤੇ ਕੁੱਝ ਜ਼ਿਆਦਾ ਹੀ ਉਮੀਦ ਲਾ ਬੈਠੇ ਸਨ। ਮੈਂ ਭਲਾ ਕਾਲਜ ਵਿੱਚੋਂ ਟੌਪ ਕਿੱਦਾਂ ਕਰ ਸਕਦਾ ਸਾਂ? ਮੈਂ ਤਾਂ ਕਦੇ ਸਕੂਲ ਵਿਚ ਵੀ ਫ਼ਸਟ ਨਹੀਂ ਸੀ ਆਇਆ, ਇਹ ਤਾਂ ਫਿਰ ਵੀ ਸੱਭ ਤੋਂ ਮੁਸ਼ਕਿਲ ਸਮਝੀ ਜਾਣ ਵਾਲੀ ਐੱਮ.ਏ. ਇਕਨਾਮਿਕਸ ਦੀ ਡਿਗਰੀ ਸੀ। ਮੈਂ ਬੇਚੈਨ ਹੋ ਗਿਆ।
ਮੇਰੇ ਕੋਲ ਉਸ ਸਮੇਂ ਕੋਈ ਵੀ ਆਪਣੀ ਖਰੀਦੀ ਕਿਤਾਬ ਨਹੀਂ ਸੀ। ਮੈਨੂੰ ਚਿੰਤਾ ਹੋਣ ਲੱਗੀ ਕਿ ਜੇਕਰ ਮੈਂ ਟੌਪ ਨਾ ਕੀਤਾ ਤਾਂ ਮੈਡਮ ਦਾ ਵਿਸ਼ਵਾਸ ਟੁੱਟ ਜਾਵੇਗਾ। ਮੈਂ ਇਕ ਹਫਤਾ ਕਾਲਜ ਨਾ ਗਿਆ। ਜਦੋਂ ਗਿਆ ਤਾਂ ਮੈਡਮ ਦੀ ਮੇਰੇ ਲਈ ਉਹੀ ਸ਼ਬਦਾਵਲੀ ਸੀ। ਮੈਂ ਉਨ੍ਹਾਂ ਤੋਂ ਦੋ ਕਿਤਾਬਾਂ ਪੜ੍ਹਨ ਲਈ ਉਧਾਰ ਮੰਗੀਆਂ ਅਤੇ ਦੋ-ਤਿੰਨ ਲਾਇਬਰੇਰੀ ਤੋਂ ਲਈਆਂ। ਐੱਮ.ਏ. ਭਾਗ ਪਹਿਲਾ ਦੇ ਸਾਲਾਨਾ ਇਮਤਿਹਾਨ ਨੂੰ ਇੱਕ ਮਹੀਨਾ ਰਹਿ ਗਿਆ ਸੀ।
ਆਪਣੇ ਕਮਰੇ ਦੀ ਟੁੱਟੇ ਬਾਲਿਆਂ ਵਾਲੀ ਛੱਤ ਹੇਠ ਮੈਂ ਰੋਜ਼ ਸਵੇਰੇ ਤਿੰਨ ਵਜੇ ਉੱਠ ਕੇ ਅੱਠ ਵਜੇ ਤੱਕ ਪੜ੍ਹਦਾ। ਮੇਰੇ ਮਾਤਾ ਜੀ ਅੱਜ ਵੀ ਕਹਿ ਦਿੰਦੇ ਹਨ ਕਿ ਉਨ੍ਹਾਂ ਮੈਨੂੰ ਸਾਰੀ ਜਿੰਦਗੀ ਵਿਚ ਸਿਰਫ਼ ਐੱਮ.ਏ. ਇਕਨਾਮਿਕਸ ਸਮੇਂ ਹੀ ਰੀਝ ਨਾਲ ਪੜ੍ਹਦੇ ਦੇਖਿਆ। ਆਖਿਰ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਗ ਪਹਿਲਾ (ਸਾਲ 2003) ਦਾ ਨਤੀਜਾ ਐਲਾਨਿਆ ਗਿਆ। ਮੇਰੀ ਯਾਦ ਮੁਤਾਬਿਕ ਕੁੱਲ 28 ਵਿਦਿਆਰਥੀਆਂ ਵਿੱਚੋਂ 12 ਫੇਲ, 12 ਦੀ ਰੀ-ਅਪੀਅਰ ਅਤੇ ਸਿਰਫ਼ ਚਾਰ ਪਾਸ ਸਨ। ਇਨ੍ਹਾਂ ਚੌਹਾਂ ਵਿਚ ਮੇਰਾ ਨਾਂ ਵੀ ਸ਼ਾਮਿਲ ਸੀ। ਮੈਂ ਅਤੇ ਇਕ ਹੋਰ ਮਿਹਨਤੀ ਵਿਦਿਆਰਥਣ ਨੇ ਸਾਂਝੇ ਰੂਪ ਵਿਚ ਕਾਲਜ ਵਿੱਚੋਂ ਟੌਪ ਕੀਤਾ।
ਭਾਗ-2 ਦੇ ਨਤੀਜੇ ਸਮੇਂ ਮੈਂ ਯੂਨੀਵਰਸਿਟੀ ਵਿਚ ਕਿਸੇ ਕੰਮ ਗਿਆ ਹੋਇਆ ਸੀ। ਜਦੋਂ ਉੱਥੇ ਮੈਨੂੰ ਰਿਜ਼ਲਟ ਐਲਾਨੇ ਜਾਣ ਬਾਰੇ ਪਤਾ ਲੱਗਾ ਤਾਂ ਆਪਣਾ ਨਤੀਜਾ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਂ ਇਕੱਲੇ ਨੇ ਦੂਸਰੇ ਸਾਲ ਟੌਪ ਕੀਤਾ ਸੀ। ਇਹ ਫਸਟ ਆਉਣ ਦੀ ਉਹ ਖੁਸ਼ੀ ਸੀ ਜੋ ਮੈਨੂੰ ਹੁਣ ਤੱਕ ਕਦੇ ਨਹੀਂ ਸੀ ਨਸੀਬ ਹੋਈ। ਇਹ ਸਭ ਉਸ ਅਧਿਆਪਕਾ ਦੀ ਮੇਰੇ ਉੱਪਰ ਵਿਸ਼ਵਾਸ ਦੀ ਦੇਣ ਸੀ।
ਦੋਸਤੋ, ਅਧਿਆਪਕ ਦੀ ਕੁੱਟ-ਮਾਰ, ਝਿੜਕਾਂ ਅਤੇ ਵਿਸ਼ਵਾਸ ਮਾਪਿਆਂ ਦੇ ਲਾਡ ਤੋਂ ਚੰਗਾ ਹੁੰਦਾ ਹੈ।

-ਨਿਖਿਲੇਸ਼ ਜੈਨ ਨਵਲ