ਸਿੱਖ ਕੌਮ ਲਈ ਚੜ੍ਹਦੀ ਕਲਾ ਦਾ ਮੰਤਰ ਗੁਰ ਸ਼ਬਦ ਹੈ ਸਿਆਸਤ ਨਹੀਂ

ਸਿੱਖ ਕੌਮ ਲਈ ਚੜ੍ਹਦੀ ਕਲਾ ਦਾ ਮੰਤਰ ਗੁਰ ਸ਼ਬਦ ਹੈ ਸਿਆਸਤ ਨਹੀਂ 

ਕੋਈ ਕੌਮ ਜਦੋਂ ਆਪਣੇ ਆਚਰਣ ਤੇ ਵਿਚਾਰ ਕਰਨ ‘ਚ ਦਿਲਚਸਪੀ ਗੁਆ ਬਹਿੰਦੀ ਹੈ , ਉਸ ਦਾ ਨਿਘਾਰ ਵਲ ਜਾਣਾ ਤੈ ਹੋ ਜਾਂਦਾ ਹੈ। ਮਹਿਜ ਆਪਣੀ ਵਿਰਾਸਤ ਤੇ ਮਾਣ ਕਰ ਅਵੇਸਲੇ ਹੋ ਜਾਣਾ ਤੇ ਆਪਨੇ ਫਰਜ ਭੁਲ ਜਾਣਾ ਆਤਮਘਾਤ ਹੁੰਦਾ ਹੈ। ਕੌਮ ਅੰਦਰ ਕੀ ਚਲ ਰਿਹਾ ਹੈ , ਸਮਾਜ ਅੰਦਰ ਕਿਹੇ ਜਿਹਾ ਸਵਰੂਪ ਬਣ ਰਿਹਾ ਇਸ ਤੇ ਨਿਰੰਤਰ ਨਿਗਾਹ ਰਖਨ ਦੀ ਲੋੜ ਹੁੰਦੀ ਹੈ। ਮਨੁਖ ਆਪਨੇ ਸ਼ਰੀਰ ਦੀ ਲਗਾਤਾਰ ਦੇਖ ਭਾਲ ਕਰਦਾ ਰਹਿੰਦਾ ਹੈ। ਸਮੇਂ ਸਮੇਂ ਤੇ ਅੰਦਰੂਨੀ ਸਿਹਤ ਦੀਆਂ ਜਾਚਾਂ ਕਰਾਉਂਦਾ ਰਹਿੰਦਾ ਹੈ ਤਾਂ ਜੋ ਤੰਦਰੁਸਤੀ ਦੀ ਤਸਲੀ ਬਣੀ ਰਹੇ। ਕੌਮ ਵੀ ਸ਼ਰੀਰ ਹੈ। ਜੇ ਸ਼ਰੀਰ ਅੰਦਰ ਰੋਗ ਡੇਰਾ ਜਮਾ ਲੈਣ ਤਾਂ ਸੁੰਦਰ ਵੇਸ਼ ਭੂਸ਼ਾ , ਸਾਜ ਸਿੰਗਰ ਕਿਸੇ ਕੰਮ ਦਾ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ” ਕਾਪੜੁ ਪਹਿਰਹਿ ਅਧਿਕੁ ਸੀਗਾਰੁ , ਮਾਟੀ ਫੂਲੀ ਰੂਪੁ ਬਿਕਾਰੁ ”। ਇਹ ਮਨੁਖ ਦੀ ਅੰਤਰ ਅਵਸਥਾ ਲਈ ਜਿੰਨਾ ਸਚ ਹੈ , ਕਿਸੇ ਸਮਾਜ ਜਾਂ ਕੌਮ ਲਈ ਵੀ ਉੰਨਾ ਹੀ ਢੁਕਵਾਂ ਹੈ। ਸਿਖ ਕੌਮ ਦੀ ਚੜ੍ਹਦੀਕਲਾ ਲਈ ਨਿਤਪ੍ਰਤਿ ਅਰਦਾਸ ਕਰਣਾ ਗੁਰਸਿਖ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਪਰ ਇਸ ਨਾਲ ਉਸ ਦੇ ਫਰਜ ਵੀ ਜੁੜੇ ਹੋਏ ਹਨ। ਆਪਨੇ ਤਨ ਦੀ ਨੇਮ ਨਾਲ ਸਿਹਤ ਜਾਂਚ ਕਰਾਉਣ ਵਾਂਗੂੰ ਕੌਮ ਦੀ ਸਿਹਤ ਦੀ ਜਾਂਚ ਵੀ ਤਾਂ ਹੋਣੀ ਹੀ ਚਾਹੀਦੀ ਹੈ। ਸਿਆਣਪ ਇਹੋ ਹੁੰਦੀ ਹੈ ਕਿ ਵਕਤ ਰਹਿੰਦੀਆਂ ਲੋੜੀਂਦੇ ਕਦਮ ਚੁਕ ਲਏ ਜਾਣ ਤਾਂ ਜੋ ਕੋਈ ਰੋਗ ਲਾਈਲਾਜ ਹੋ ਕੇ ਤਨ ਨੂੰ ਖੋਰਾ ਨਾ ਪਾਉਣਾ ਆਰੰਭ ਕਰ ਦੇ। ਸਿਖ ਕੌਮ ਸੰਸਾਰ ਦੀ ਸਭ ਤੋਂ ਆਧੁਨਿਕ ਕੌਮ ਹੈ ਤੇ ਕੌਮਾਂ ਲਈ ਪੰਜ ਓਸਾਢੇ ਪੰਜ ਸੌ ਸਾਲ ਦਾ ਇਤਿਹਾਸ ਕੋਈ ਖਾਸ ਮਾਇਨੇ ਨਹੀਂ ਰਖਦਾ। ਸਿਖ ਕੌਮ ਨੂੰ ਗੁਰੂ ਸਾਹਿਬਾਨ ਨੇ ਜੋ ਅਦੁਤੀ ਗੁਰ ਇਤਿਹਾਸ ਤੇ ਗੁਰ ਸ਼ਬਦ ਦੀ ਦਾਤ ਬਖਸ਼ੀ ਹੈ ਉਸ ਦੀ ਸਚੀ ਸੰਭਾਲ ਇਕ ਵਡੀ ਜਿੰਮੇਵਾਰੀ ਹੈ। ਕੌਮ ਦੇ ਅਜ ਦੇ ਹਾਲਾਤ ਇਸ ਗਲ ਦਾ ਪ੍ਰਮਾਣ ਹਨ ਕਿ ਇਹ ਜਿੰਮੇਵਾਰੀ ਪੂਰੀ ਹੋ ਰਹੀ। ਕੌਮ ਜਬਰਦਸਤ ਆਪਸੀ ਵੰਡ ਦਾ ਸ਼ਿਕਾਰ ਹੋ ਗਈ ਹੈ। ਵਖ ਵਖ ਧੜੇ ਕੌਮ ਦੀ ਤਰਕੀ ਲਈ ਕੁਝ ਕਰਨ ਦੀ ਥਾਂ ਇਕ ਦੂਜੇ ਦੀ ਬਦਖੋਹੀ ਕਰਨ ਲਈ , ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਕਿਸੇ ਵੀ ਹਦ ਤਕ ਜਾਣ ਲਈ ਕਮਰ ਕਸੇ ਕਰ ਵੈਰੀਆਂ ਦੀ ਤਰਹ ਮੈਦਾਨ ‘ਚ ਡਟੇ ਹੋਏ ਹਨ। ਹਾਲ ‘ਚ ਹੀ ਅਮੇਰਿਕਾ ਅੰਦਰ ਦਿਲੀ ਦੇ ਅਕਾਲੀ ਆਗੂ ਸਰਦਾਰ ਮਨਜੀਤ ਸਿੰਘ ਜੀ ਕੇ ਤੇ ਹੰਮਲੇ ਹੋਏ। ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਚਿਰਾਂ ਤੋਂ ਕੌਮ ਦੇ ਦੁਖ , ਰੋਸ਼ ਤੇ ਚਿੰਤਾ ਡਾ ਵਿਸ਼ਾ ਬਣੇ ਹੋਏ ਹਨ। ਇਸ ਤੇ ਸਿਆਸਤ ਤਾਂ ਹੋ ਰਹੀ ਹੈ ਪਰ ਕੋਈ ਨਿਦਾਨ ਨਹੀਂ ਹੋ ਸਕਿਆ ਹੈ। ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਵਿਵਾਦ ਦਾ ਵਿਸ਼ਾ ਬਣਾ ਦਿਤਾ ਗਿਆ ਹੈ ਤੇ ਭਰਮ ਬਣੇ ਹੋਏ ਹਨ। ਹਰ ਧਿਰਾ ਕੌਮ ਦਾ ਸਚਾ ਹਮਦਰਦ ਹੋਣ ਦਾ ਦਾਅਵਾ ਕਰਦਾ ਹੈ ਪਰ ਇਸ ਪਿਛੇ ਪੰਜਾਬ ਦੀ ਸਿਆਸਤ ਤੇ ਕਾਬਿਜ ਹੋਣ ਦਾ ਮਕਸਦ ਕਿਸੇ ਨੂੰ ਵੀ ਸਾਫ਼ ਨਜਰ ਆ ਜਾਉਂਦਾ ਹੈ। ਸਾਕਾ ਨੀਲਾ ਤਾਰਾ ਤੇ ਸੰਨ ਚੁਰਾਸੀ ਦੇ ਸਿਖ ਨਸਲਕੁਸ਼ੀ ਦੇ ਮੁਦੇ ਨੂੰ ਸਿਖ ਸਿਆਸਤ ਵਿਚ ਸਭ ਤੋਂ ਜਿਆਦਾ ਵਰਤਿਆ ਗਿਆ ਹੈ ਪਰ ਤਿੰਨ ਦਹਾਕਿਆਂ ਤੋਂ ਜਿਆਦਾ ਸਮਾਂ ਗੁਜਰ ਜਾਣ ਤੋਂ ਬਾਅਦ ਵੀ ਕੁਝ ਠੋਸ ਪ੍ਰਾਪਤੀ ਨਹੀਂ ਹੋ ਸਕੀ ਹੈ। ਇਹ ਮੁਦੇ ਜਰੂਰੀ ਅਹਿਮਿਅਤ ਰਖਦੇ ਹਨ ਪਰ ਇਨ੍ਹਾਂ ਦੀ ਕੀਮਤ ਤੇ ਕੌਮ ਦੀ ਚੜ੍ਹਦੀਕਲਾ ਦੇ ਬੁਨਿਆਦੀ ਸਵਾਲ ਦਰਕਿਨਾਰ ਕਰ ਦਿਤੇ ਗਏ। ਕਿਉਂਕਿ ਬੁਨਿਆਦੀ ਸਵਾਲਾਂ ਤੇ ਕੁਰਸੀਆਂ ਦੀ ਸਿਆਸਤ ਨਹੀਂ ਹੋ ਸਕਦੀ। ਅਜ ਦੁਨਿਆ ਵੇਖ ਰਹੀ ਹੈ ਕਿ ਅਸੀਂ ਬੁਰੀ ਤਰਹ ਵੰਡੇ ਹੋਏ ਤੇ ਆਪਸ ‘ਚ ਗੁਥਮ ਗੁਥਾ ਹਾਂ। ਕੌਮ ਦੇ ਸਭ ਤੋਂ ਪਵਿਤਰ ਮੰਨੇ ਜਾਣ ਵਾਲੇ ਧਾਰਮਿਕ ਅਸਥਾਨਾਂ ਤੇ ਵਾਹੀਆਂ ਤਲਵਾਰਾਂ ਤੇ ਡਿਗੀਆਂ ਪਗਾਂ ਦੇ ਦ੍ਰਿਸ਼ ਸੰਸਾਰ ਅੰਦਰ ਕਿਹੋ ਜਿਹੀ ਜਗਹ ਬਣਾਉਣ ਵਾਲੇ ਹਨ ਇਹ ਨਿਰਨਾਂ ਕਰਣਾ ਜਿਆਦਾ ਔਖਾ ਨਹੀਂ।
ਅਜ ਕੌਮ ਦੇ ਜੋ ਹਾਲਾਤ ਹਨ ਉਹ ਗੁਰੂ ਨਾਨਕ ਸਾਹਿਬ ਦੇ ਪਾਵਨ ਵਚਨਾਂ ਤੋਂ ਸਮਝੇ ਜਾ ਸਕਦੇ ਹਨ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ” ਜਾਗਤੁ ਬਿਗਸੈ ਮੂਠੋ ਅੰਧਾ , ਗਲਿ ਫਾਹੀ ਸਿਰਿ ਮਾਰੇ ਧੰਧਾ॥ ਮਨੁਖ ਜਾਗਦਿਆਂ ਹੋਈਆਂ ਵੀ ਲੁਟਿਆ ਜਾ ਰਿਹਾ ਹੈ। ਉਸ ਦਾ ਸਭ ਕੁਝ ਦਾਂਵ ਤੇ ਲਗ ਗਿਆ ਹੈ ਪਰ ਉਹ ਇਸ ਵਿਚ ਹੀ ਆਨੰਦ ਮਾਣ ਰਿਹਾ ਹੈ। ਅਜਿਹੇ ਜਾਗਣ ਦਾ ਤੇ ਅਜਿਹੇ ਸੁਖ ਮਾਨਣ ਦਾ ਕੀ ਲਾਭ ਹੈ। ਜਿਸ ਦੀ ਅਜਿਹੀ ਅਵਸਥਾ ਬਣ ਗਈ ਹੋਵੇ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ” ਉਰਝੀ ਤਾਣੀ ਕਿਛੁ ਨ ਬਸਾਇ ”। ਤਾਨਾ ਹੀ ਉਲਝਿਆ ਹੋਇਆ ਹੈ। ਸੋਚ ਤੇ ਸਮਝ ਦੇ ਕਿੰਨੇ ਹੀ ਤਰਕ ਕਿਉਂ ਨਾ ਦਿਤੇ ਜਾਣ ਉਹ ਚੰਗੇ ਨਹੀਂ ਲਗਦੇ ” ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ”। ਕੌਮ ਅੰਦਰ ਏਕਾ ਬਣਾਉਣ ਦੀਆਂ ਸੋਚਾਂ ਵੀ ਚਲਦੀਆਂ ਰਹਿੰਦੀਆਂ ਹਨ ਪਰ ਕਾਮਿਆਬ ਨਹੀ ਹੁੰਦੀਆਂ ਕਿਉਂਕਿ ਤਾਨਾ ਸਿਧਾ ਕਰਨ ਦੇ ਜਤਨ ਨਹੀਂ ਹੋਏ। ਗੁਰੂ ਅੰਗਦ ਸਾਹਿਬ ਨੇ ਵਚਨ ਕੀਤੇ ਕਿ ਉਲਝੇ ਹੋਏ ਤਾਨੇ ਨੂੰ ਸੁਲਝਾਉਣ ਦੀ ਕੁੰਜੀ ਵਾਹਿਗੁਰੂ ਕੋਲ ਹੈ ” ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ”। ਸਿਖ ਕੌਮ ਦੀ ਚੜ੍ਹਦੀਕਲਾ ਦੀ ਕੁੰਜੀ ਵਾਹਿਗੁਰੂ ਦੇ ਹਥ ਹੈ। ਗੁਰ ਸ਼ਬਦ ਤੋਂ ਹੀ ਆਸ ਹੈ ਤੇ ਇਥੋਂ ਹੀ ਕੌਮ ਦੀ ਸਿਹਤ ਬਣਨੀ ਹੈ। ਅਜ ਸਭ ਤੋਂ ਜਿਆਦਾ ਦੁਰਵਰਤੋਂ ਗੁਰ ਸ਼ਬਦ ਤੇ ਗੁਰੂ ਘਰ ਦੀ ਹੋ ਰਹੀ ਹੈ ਜੋ ਸਿਖੀ ਦਾ ਮੂਲ ਹਨ ਤੇ ਜਿਥੋਂ ਕੁੰਜੀ ਲੈ ਕੇ ਸੋਚ ਤੇ ਆਚਾਰ ਦੇ ਜੰਦਰੇ ਖੋਲਨੇ ਹਨ। ਅਸਲ ਮੁਦਾ ਅਜ ਗੁਰੂ ਘਰ ਦੀ ਮਰਿਆਦਾ ਕਾਇਮ ਕਰਣਾ ਹੈ ਜਿਥੋਂ ਤਾਨਾ ਸੁਲਝਾਉਣ ਦੀ ਜਾਚ ਤੇ ਸੇਧ ਮਿਲਦੀ ਹੈ। ਇਹ ਤਾਨਾ ਭਾਵੇਂ ਮਨ ਦਾ ਹੋਵੇ , ਜੀਵਨ ਦਾ ਜਾਂ ਸਮਾਜ ਦਾ ਹੋਵੇ।
ਗੁਰੂ ਘਰਾਂ ਦਾ ਸਿਆਸੀ ਦਾਵੇਦਾਰੀਆਂ ਦਾ ਕੇਂਦਰ ਬਣਦੇ ਜਾਣਾ ਗਹਿਰੀ ਚਿੰਤਾ ਦਾ ਕਾਰਣ ਹੈ। ਗੁਰਦੁਆਰਾ ਵਾਹਿਗੁਰੂ ਦਾ ਪਵਿਤਰ ਨਿਵਾਸ ਅਸਥਾਨ ਹੈ। ਇਹ ਦੁਆਰ ਵਾਹਿਗੁਰੂ ਦੇ ਸੇਵਕ ਤੇ ਦਾਸ ਲਈ ਸਦਾ ਖੁਲਿਆ ਹੋਇਆ ਹੈ। ਵਾਹਿਗੁਰੂ ਦੇ ਦਰ ਤੇ ਗੁਰਸਿਖ , ਸੇਵਕ , ਦਾਸ ਬਣ ਕੇ ਹੀ ਜਾਇਆ ਜਾ ਸਕਦਾ ਹੈ , ਵਿਦਵਾਨ , ਆਗੂ ਜਾਂ ਸਤਾਧਾਰੀ ਬਣ ਕੇ ਨਹੀਂ। ਗੁਰੂ ਆਪ ਸਚਾ ਆਗੂ ਤੇ ਉਬਾਰਨ ਵਾਲਾ ਹੈ ” ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ ”। ਜੇ ਕੋਈ ਗੁਰਸਿਖ ਆਪਨੇ ਆਪ ਨੂੰ ਕੌਮ ਦਾ ਆਗੂ ਸਮਝਦਾ ਹੈ ਤਾਂ ਇਹ ਉਸ ਦੇ ਅਗਿਆਨ ਦਾ ਹਨੇਰਾ ਹੈ। ਅਜਿਹੇ ਆਗੂ ਆਪ ਵੀ ਡੁਬਦੇ ਹਨ ਤੇ ਨਾਲ ਦਿਆਂ ਨੂੰ ਵੀ ਡੁਬੋ ਦਿੰਦੇ ਹਨ ” ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ”। ਅਜ ਗੁਰਦੁਆਰਿਆਂ ਅੰਦਰ ਆਮ ਹੋ ਗਿਆ ਹੈ ਕਿ ਕਿਸੇ ਵੀ ਸਿਆਸਤਦਾਨ, ਔਹਦੇਦਾਰ ਮਿਹਮਾਨ ਵਾਂਗੂੰ ਸੁਆਗਤ ਹੁੰਦਾ ਹੈ , ਚਲ ਰਹੇ ਸ਼ਬਦ ਕੀਰਤਨ, ਸ਼ਬਦ ਕਥਾ ਨੂੰ ਰੋਕ ਕੇ ਵੀ ਸਿਰੋਪਾ ਦਿਤਾ ਜਾਂਦਾ ਹੈ, ਕੈਮਰਿਆਂ ਦੇ ਫਲੈਸ਼ ਚਮਕਦੇ ਹਨ ਤੇ ਦੀਵਾਨ ਰੁਕ ਜਿਹੇ ਜਾਂਦੇ ਹਨ। ਜਿਥੋਂ ਕੌਮ ਦੀ ਚੜ੍ਹਦੀਕਲਾ ਦੀ ਸੇਧ ਮਿਲਣੀ ਹੈ ਉਸ ਅਸਥਾਨ ਦੀ ਮਰਿਆਦਾ ਹੀ ਭੰਗ ਕਰ ਦਿਤੀ ਗਈ ਹੈ। ਸਿਖ ਰਹਿਤ ਮਰਿਆਦਾ ਭਾਗ 4 ( ਹ ) ਅਨੁਸਾਰ ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ , ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ ਕਿਸੇ ਮੌਕੇ ਜਾਂ ਇਕਤ੍ਰਤਾ ਨੂੰ ਗੁਰਮਤਿ ਪ੍ਰਚਾਰ ਲਈ ਵਰਤਣਾ ਯੋਗ ਨਹੀਂ। ਸਿਆਸੀ ਲੋਗਾਂ ਤੇ ਔਹਦੇਦਾਰਾਂ ਦਾ ਸਿਰੋਪੇ , ਸ਼ਾਲ ਤੇ ਮੋਮੇਂਟੋ ਦੇ ਕੇ ਸਨਮਾਨ ਕਰਣਾ ਗੁਰਦੁਆਰਿਆਂ ਦਾ ਆਮ ਵਿਉਹਾਰ ਬਣ ਗਿਆ ਹੈ ਜੋ ਨਿਰਾ ਅਨਮਤ ਹੈ। ਇਸ ਜਰੀਏ ਪ੍ਰਬੰਧਕ ਜਨ ਤਾਕਤਵਰ ਲੋਕਾਂ ਨਾਲ ਨਿਜੀ ਰਿਸ਼ਤੇ ਬਣਾਉਣ ਦੀ ਭੁਖ ਮਿਟਾਉਣ ਦੇ ਜਤਨ ਕਰਦੇ ਹਨ। ਇਸ ਨਾਲ ਸੰਗਤ ਦੀ ਨਿਰਮਲ ਭਾਵਨਾ ” ਸਤਸੰਗਤਿ ਕੈਸੀ ਜਾਣੀਐ, ਜਿਥੇ ਏਕੋ ਨਾਮੁ ਵਖਾਣੀਐ ” ਨੂੰ ਕੋਝਾ ਠਲ ਪਾਇਆ ਜਾ ਰਿਹਾ ਹੈ। ਗੁਰੂ ਘਰ ਅੰਦਰ ਜੁੜੀ ਹੋਇ ਸਾਧ ਸੰਗਤ ਵਹਿਗੁਰ ਦਾ ਜਸ ਗਾਇਨ ਕਰਨ ਲਈ ਹੈ ਨਾ ਕਿ ਕਿਸੇ ਸਿਆਸੀ ਔਹਦੇਦਾਰ ਨੂੰ ਉਸ ਦਾ ਔਹਦੇ ਕਾਰਨ ਸਨਮਾਨ ਦੇਣ ਲਈ। ਨਾ ਤਾਂ ਗੁਰੂ ਦੇ ਹੁਕਮ ਦਾ ਪਾਲਣ ਹੋ ਰਿਹਾ ਹੈ , ਨਾ ਰਹਿਤ ਮਰਿਆਦਾ ਮੰਨੀ ਜਾ ਰਹੀ ਹੈ। ਸਾਧ ਸੰਗਤ ਤਾਂ ਨਿਰਲੇਪ ਹੋਣ ਦਾ ਅਸਥਾਨ ਹੈ ” ਬਿਸਰ ਗਈ ਸਭ ਤਾਤਿ ਪਰਾਈ ਪਰ ਇਥੇ ਹੀ ਸਿਖ ਸਿਆਸਤਦਾਨ ਆਪਨੇ ਸਾਰੇ ਹਿਸਾਬ ਪੂਰੇ ਕਰ ਰਹੇ ਹਨ। ਗੁਰਦੁਆਰਿਆਂ ਅੰਦਰ ਭਿੰਨ ਭਿੰਨ ਕਰਮ ਕਾਂਡ ਤੇ ਅੰਧ ਵਿਸ਼ਵਾਸ ਵੀ ਪੈਰ ਜਮਾ ਰਹੇ ਹਨ। ਗੋਲਕ ਵਧਾਉਣ ਤੇ ਸੰਗਤ ਜੋੜਨ ਲਈ ਆਪ ਪ੍ਰਬੰਧਕ ਭਰਮ ਪੈਦਾ ਕਰ ਰਹੇ ਹਨ। ਸਮਾਗਮਾ ਨੂੰ ਵਿਪਰਵਾਦੀ ਸਵਰੂਪ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਝੂਠੀਆਂ ਭਾਵਨਾਵਾਂ ਉਭਾਰੀਆਂ ਜਾ ਸਕਣ। ਅਜਿਹੀਆਂ ਚਲਾਕੀਆਂ ਕਾਰਣ ਸੰਗਤ ਗੁਰ ਸ਼ਬਦ ਤੋਂ ਦੂਰ ਹੁੰਦੀ ਜਾ ਰਹੀ ਹ। ਇਹ ਹਾਲਾਤ ਨਗਰ , ਕਸਬਿਆਂ, ਪਿੰਡਾਂ ਤਕ ਦੇ ਗੁਰਦੁਆਰਿਆਂ’ਚ ਬਣੇ ਨਜਰ ਆਉਂਦੇ ਹਨ। ਸਿਖ ਕੌਮ ਦੀ ਚੜ੍ਹਦੀਕਲਾ ਲਈ ਜੇ ਕਿਸੇ ਦੇ ਮਨ ਅੰਦਰ ਗੰਭੀਰਤਾ ਹੈ ਤਾਂ ਸਭ ਤੋਂ ਪਹਿਲਾਂ ਗੁਰਦੁਆਰਿਆਂ ਤੇ ਸਾਧਸੰਗਤ ਦੀ ਸਿਆਸੀ ਤੇ ਨਿਜੀ ਹਿਤਾਂ ਲਈ ਦੁਰਵਰਤੋਂ ਤਤਕਾਲ ਰੋਕਣ ਲਈ ਆਵਾਜ ਚੁਕੇ। ਇਹ ਦੁਰਵਰਤੋਂ ਕੌਮ ਦੇ ਤਨ ਅੰਦਰ ਪੈਦਾ ਹੋ ਗਿਆ ਵਡਾ ਰੋਗ ਹੈ ਜਿਸ ਕਾਰਣ ਮਿਟੀ ਫੁਲਦੀ ਜਾ ਰਹੀ ਹੈ। ਇਸ ਰੋਗ ਕਾਰਨ ਗੁਰਦੁਆਰਿਆਂ ਦੇ ਕਰੋੜਾਂ, ਅਰਬਾਂ ਦੇ ਬਜਟ, ਸ਼ਾਨਦਾਰ ਇਮਾਰਤਾਂ ਸਭ ” ਕਾਪੜੁ ਪਹਿਰਹਿ ਅਧਿਕੁ ਸੀਗਾਰੁ , ਮਾਟੀ ਫੂਲੀ ਰੂਪੁ ਬਿਕਾਰੁ ” ਦੇ ਅੰਜਾਮ ਤੇ ਹੀ ਪੁਜਣ ਵਾਲੇ ਹਾਲਾਤ ਵਲ ਇਸ਼ਾਰਾ ਕਰਦੇ ਲਗਦੇ ਹਨ। ਸਿਖ ਕੌਮ ਲਈ ਸਭ ਤੋਂ ਅਹਿਮ ਸਵਾਲ ਤੇ ਮੁਖ ਮੁਦਾ ਗੁਰਦੁਆਰਿਆਂ ਦੀ ਅੰਦਰੂਨੀ ਮਰਿਆਦਾ ਹੈ। ਇਸ ਲਈ ਮਿਹਨਤ ਕਰਨ ਤੇ ਲੰਬੀ ਜਦੋਜਹਿਦ ਦੀ ਲੋੜ ਹੈ। ਗੁਰਦੁਆਰੇ ਸਿਖ ਕੌਮ ਦੇ ਬੈਕੁੰਠ ਹਨ। ਇਨ੍ਹਾਂ ਦੀ ਪਵਿਤਰਤਾ ਨਾਲ ਹੀ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਪੂਰਨ ਹੁੰਦੀ ਹੈ। ਇਸ ਵਿਚ ਕਿਸੇ ਸਿਆਸੀ ਸਿਖ ਦਾ ਮਨੋਰਥ ਭਾਵੇਂ ਪੂਰਾ ਨਾ ਹੋਵੇ ਪਰ ਆਮ ਗੁਰਸਿਖ ਦੀ ਭਾਵਨਾ ਨੂੰ ਟੇਕ ਮਿਲਦੀ ਹੈ। ਗੁਰਦੁਆਰਾ ਸੁਧਾਰ ਤੇ ਸਿੰਘ ਸਭਾ ਲਹਿਰ ਗੁਰਦੁਆਰਿਆਂ ਦੇ ਪ੍ਰਬੰਧ ਤਕ ਸੀਮਤ ਹੋ ਗਈ ਸੀ। ਅਜ ਹਾਲਾਤ ਜਿਆਦਾ ਚੁਨੌਤੀਪੂਰਣ ਹਨ। ਗੁਰੂ ਘਰ ਦੀ ਮਰਿਆਦਾ ਬਹਾਲ ਕਰਣਾ ਤੇ ਬਨਾਏ ਰਖਣਾ ਇਕ ਨਿਰੰਤਰ ਚਲਣ ਵਾਲਾ ਮੋਰਚਾ ਹੈ। ਇਸ ਲਈ ਵਿਆਪਕ ਪਧਰ ਤੇ ਸਹਿਮਤੀ ਬਣਾ ਕੇ ਵਡੀ ਲਹਿਰ ਚਲਾਉਣ ਦੀ ਲੋੜ ਹੈ। ਜੇ ਇਹ ਲਹਿਰ ਚਲਦੀ ਤੇ ਕਾਮਿਆਬੀ ਵਲ ਵਧਦੀ ਹੈ ਤਾਂ ਇਸ ਦੇ ਨਾਲ ਜੁੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਪੰਜਾ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਚੋਣ ਜਿਹੇ ਕਈ ਹੋਰ ਮਸਲੇ ਆਪ ਹੀ ਹਲ ਹੋ ਜਾਣਗੇ। ਹਰ ਕਥਾ ਦਾ ਅੰਤ ਹੁੰਦਾ ਹੈ। ਕੋਈ ਵੀ ਚੰਗੇ ਜਾਂ ਮਾੜੇ ਹਾਲਾਤ ਸਦਾ ਨਹੀਂ ਰਹਿੰਦੇ। ਸਦਾ ਟਿਕਣ ਵਾਲਾ ਕੇਵਲ ਗੁਰ ਸ਼ਬਦ ਹੈ। ਅਜ ਜਾਂ ਕਲ ਗੁਰ ਸ਼ਬਦ ਤੇ ਭਰੋਸਾ ਰਖਨ ਵਾਲੇ ਆਪ ਹੀ ਗੁਰੂ ਘਰ ਦੀ ਮਰਿਆਦਾ ਲਈ ਅਗੇ ਆਉਣਗੇ ਇਹ ਵਿਸ਼ਵਾਸ ਰਖਣਾ ਚਾਹੀਦੇ ।

-ਡਾ. ਸਤਿੰਦਰਪਾਲ ਸਿੰਘ