ਰੱਬੀ ਰੰਗ ‘ਚ ਰੰਗੀ ਸ਼ਖਸੀਅਤ ; ਭਾਈ ਘਨ੍ਹੱਈਆ ਜੀ

ਰੱਬੀ ਰੰਗ ‘ਚ ਰੰਗੀ ਸ਼ਖਸੀਅਤ ; ਭਾਈ ਘਨ੍ਹੱਈਆ ਜੀ 

ਭਾਈ ਘਨ੍ਹੱਈਆਂ ਜੀ ਦੀ ਸਖ਼ਸੀਅਤ ਸੰਪੂਰਣ ਸੰਤ ਭਾਈ ਘਨ੍ਹੱਈਆ ਜੀ ਦਾ ਜੀਵਨ ਜਗਤ ਨੂੰ ਸੱਚ ਮਾਰਗ ਦਰਸਾਉਣ ਵਾਲਾ ਸਰਵ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ-ਵਡਿਆਈ ਤੋਂ ਬੇਖਬਰ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ ਸਭ ਜੀਵਾਂ ਵਿੱਚ ਇੱਕ ਬ੍ਰਹਮ ਨੂੰ ਪ੍ਰਤੱਖ ਜਾਨਣਾ, ਗੋਬਿੰਦ ਰੂਪ ਜਾਣ ਕੇ ਸਰਵ ਜੀਵਾਂ ਦੀ ਇਕ ਸਮਾਨ ਸੇਵਾ ਕਰਨ ਵਾਲੇ, ਨਿਰਭਉ ਤੇ ਨਿਰਵੈਰ, ਸੰਤੋਖ ਸਬਰ ਵਾਲੇ, ਸਹਿਣਸ਼ੀਲਤਾ ਦੇ ਧਾਰਨੀ, ਮਿੱਠ ਬੋਲੜੇ, ਵਾਹਿਗੁਰੂ ਪਿਆਰ ਵਿੱਚ ਸਦਾ ਮਗਨ ਅਤੇ ਨੇਕ ਕਰਨੀ ਦੇ ਮਾਲਕ ਸਨ।
ਜੀਵ ਆਤਮਾ ਦੇਹ ਤੋਂ ਪਹਿਲਾਂ ਹੈ। ਚੰਦਨ ਸੰਸਕਾਰ ਸੁਲੱਖਣੀ ਮਾਂ ਦੀ ਕੁੱਖ ਵਿੱਚ ਸ਼ੁੱਧ ਆਤਮਾ ਤਹਿਤ ਅਕਾਲ ਪੁਰਖ ਦੀ ਕ੍ਰਿਪਾ ਨਾਲ ਪ੍ਰਵੇਸ਼ ਕਰਦੇ ਹਨ। ਭਗਤੀ ਭਗਵਾਨ ਦੇ ਸੰਯੋਗ ਨਾਲ ਇੱਕ ਰੂਪ ਹੋ ਜਾਂਦੀ ਹੈ। ਸਘਨ ਸ਼ਰਧਾ ਅਤੇ ਗੁਰਮਤਿ ਸੰਗਤ ਦੇ ਭਗਤ ਯੋਗੀ ਭਾਈ ਘਨ੍ਹੱਈਆ ਜੀ ਦਾ ਜਨਮ ਮਾਤਾ ਸੁੰਦਰੀ ਜੀ ਅਤੇ ਪਿਤਾ ਨੱਥੂ ਰਾਮ ਖੱਤਰੀ ਦੇ ਗ੍ਰਹਿ ਵਿਖੇ 1648 ਈ: ਨੂੰ ਸੋਦਰਾ ਜੋ ਦਰਿਆ ਚਨਾਬ ਕਿਨਾਰੇ ਵਜ਼ੀਰਾਬਾਦ ਪਾਕਿਸਤਾਨ ਵਿਖੇ ਹੋਇਆ। ਸ਼ੁਰੂ ਤੋਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਨੁਯਾਈ ਸਨ। ਸਦਾ ਹੀ ਗੁਰੂ ਦੀ ਭੈਅ-ਭਾਵਨੀ, ਗੁਰਮਤਿ ਸਿਧਾਂਤ ਅਤੇ ਰਹਿਤ ਮਰਯਾਦਾ ਵਿੱਚ ਰਹਿ ਕੇ ਧਰਮ ਕਰਮ ਕਰਦੇ ਰਹੇ। ਆਪ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ‘ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਸੀ। ਭਾਈ ਘਨ੍ਹੱਈਆ ਜੀ ਨੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਕਵ੍ਹੇ ਨਗਰ ਅਟਕ ਪਾਕਿਸਤਾਨ ਵਿੱਚ ਪਾਣੀ ਦੀ ਅਤਿ ਕਮੀ ਨੂੰ ਦੂਰ ਕਰਨ ਲਈ ਖੂਹ ਲਵਾਏ, ਧਰਮਸ਼ਾਲਾ ਸਥਾਪਤ ਕੀਤੀਆਂ, ਪਾਣੀ ਦੇ ਭਰੇ ਘੜੇ ਰੱਖੇ, ਲੰਗਰ ਤੇ ਬਿਸ੍ਰਾਮ ਲਈ ਮੰਜੇ ਬਿਸਤਰਿਆਂ ਆਦਿ ਦਾ ਪ੍ਰਬੰਧ ਉਤਮ ਭਾਵ ਨਾਲ ਕੀਤਾ। ਪਿੰਡ ਕਵ੍ਹੇ ਵਿੱਚ 1675 ਈ: ਵਿੱਚ ਧਰਮਸ਼ਲਾ ਕਾਇਮ ਕੀਤੀ।
ਭਾਈ ਘਨ੍ਹੱਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚੇ ਸੇਵਕ ਸਨ। ਗੁਰੂ ਘਰ ਦੇ ਘੋੜਿਆਂ ਦੀ ਸਾਂਭ-ਸੰਭਾਲ ਅਤੇ ਲੰਗਰ ਵਿੱਚ ਜੂਠੇ ਬਰਤਨਾਂ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਜੀ ਦੇ ਅਨਿੰਨ ਭਗਤ ਭਾਈ ਨੰਨੂਆਂ ਜੀ ਤੋਂ ਭਾਵਾਤਮਕ ਸ਼ਰਧਾ ਭਾਵਨਾ ਤੋਂ ਭਾਈ ਘਨ੍ਹੱਈਆ ਜੀ ਨੂੰ ਗਹਿਨ ਉਤਸ਼ਾਹ ਪ੍ਰਾਪਤ ਹੋਇਆ ਤੇ ਸੇਵਾ ਕਰਦਿਆਂ ਆਪ ਸਮਦ੍ਰਿਸ਼ਟਾ ਹੋ ਗਏ। ਦਸਮ ਪਾਤਸ਼ਾਹ ਨਾਲ ਪਹਿਲਾਂ ਮਿਲਾਪ 1678 ਈ: ਵਿਚ ਹੋਇਆ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
(ਪੰਨਾ 472)
ਪਹਾੜੀ ਰਾਜਿਆਂ ਨਾਲ ਸਿੱਖਾਂ ਦੇ ਹੋਏ ਖੌਫ਼ਨਾਕ ਅਤੇ ਅਮਾਨਵੀ ਹਿੰਸਕ ਯੁੱਧ ਸਮੇਂ ਆਪ ਜਲ ਦੀ ਭਰੀ ਮਸ਼ਕ ਨਾਲ ਫੱਟੜਾਂ ਲਈ ਜਲ ਦੀ ਬਿਨਾਂ ਭਿੰਨ-ਭੇਦ ਅਤੇ ਵਿਤਕਰੇ ਦੇ ਸੇਵਾ ਕਰਦੇ ਸਨ। ਆਪ ਗੁਰੂ ਦੇ ਨਿਰਮਲ ਭੈਅ ਵਿੱਚ ਇਹ ਸੇਵਾ ਨਿਭਾਉਂਦੇ ਰਹੇ। ਇੱਕ ਸਿੰਘ ਨੇ ਗੁਰੂ ਦਸਮ ਪਾਤਸ਼ਾਹ ਜੀ ਨੂੰ ਜਾ ਕੇ ਭਾਈ ਘਨ੍ਹੱਈਆ ਜੀ ਦੀ ਸ਼ਿਕਾਇਤ ਇਸ ਤਰ੍ਹਾਂ ਕੀਤੀ, ‘ਗੁਰੂ ਜੀ! ਭਾਈ ਘਨ੍ਹੱਈਆ ਜੀ ਮੁਗਲ ਦੁਸ਼ਮਣ ਫੱਟੜਾਂ ਦੇ ਮੂੰਹ ਵਿੱਚ ਵੀ ਜਲ ਪਾਈ ਜਾ ਰਿਹਾ ਹੈ। ਦਸਮ ਪਾਤਸ਼ਾਹ ਜੀ ਨੇ ਭਾਈ ਘਨ੍ਹੱਈਆ ਜੀ ਨੂੰ ਬੁਲਾਇਆ ਅਤੇ ਕਾਰਣ ਪੁੱਛਿਆ, ਸਿਰ ਝੁਕਾ ਕੇ ਨਿਮਰਤਾ ਤੇ ਸਤਿਕਾਰ ਨਾਲ ਭਾਈ ਜੀ ਅਤਿ ਮਿਠਾਸ ਵਿੱਚ ਬੋਲੇ, ‘ਗੁਰੂ ਜੀ ਮੈਨੂੰ ਹਰ ਚਿਹਰੇ ਵਿੱਚੋਂ ਆਪ ਜੀ ਦੇ ਚਿਹਰੇ ਦੇ ਦੀਦਾਰ ਹੋ ਰਹੇ ਹਨ।
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥ (ਪੰਨਾ 77)
ਅਗੰਮੀ ਵਿਸ਼ਾਲਤਾ ਦੇ ਅਨੁਭਵੀ ਅਤੇ ਉਦਾਰਚਿਤ, ਸਰਵ ਕਲਿਆਣਕਾਰੀ ਗੁਰੂ ਜੀ ਨੇ ਪ੍ਰਸੰਨਚਿੱਤ ਹੋ ਕੇ ਮਲ੍ਹਮ ਅਤੇ ਪੱਟੀਆਂ ਦੇਂਦਿਆਂ ਕਿਹਾ ਕਿ ਜਲ ਕੀ ਸੇਵਾ ਤਾਂ ਭਾਈ ਜੀ ਤੁਸੀਂ ਕਰ ਹੀ ਰਹੇ ਹੋ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰੀ ਜਾਓ।
ਗੁਰਬਾਣੀ ਅਤੇ ਵਿਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਪੂਰਾ ਪੱਛਮ ਅਤੇ ਪੱਛਮੀ ਵਿਗਿਆਨੀ ਦਾਅਵਾ ਕਰਦੇ ਹਨ ਕਿ ਸਰ ਜੀਨ ਹੈਨਰੀ ਡਿਊਨਾ ਨੇ 1859 ਈ: ਵਿੱਚ ਰੈਡ ਕਰਾਸ ਨੂੰ ਜਨਮ ਦਿੱਤਾ। ਪੱਛਮ ਅਤੇ ਪੱਛਮੀ ਵਿਗਿਆਨੀ ਕਿਵੇਂ ਭੁੱਲ ਗਏ ਕਿ ਰੈਡ ਕਰਾਸ ਦਾ ਜਨਮ ਤਾਂ ਪਹਾੜੀ ਰਾਜਿਆਂ ਨਾਲ ਸਿੰਘਾਂ ਦੇ ਹੋਏ ਯੁੱਧ ਸਮੇਂ ਭਾਈ ਘਨ੍ਹੱਈਆ ਜੀ ਦੇ ਮਲ੍ਹਮ ਪੱਟੀ ਕਰਦਿਆਂ ਹੀ ਹੋ ਗਿਆ ਸੀ। ਮਲ੍ਹਮ ਪੱਟੀ ਹੀ ਅੰਗਰੇਜ਼ੀ ਭਾਸ਼ਾ ਵਿੱਚ ਰੈਡ ਕਰਾਸ ਸੀ।
ਰੈਡ ਕਰਾਸ (ਮਲ੍ਹਮ ਪੱਟੀ) ਦਾ ਜਨਮ ਅਤੇ ਸਥਾਪਨਾ ਦਾ ਸ਼੍ਰੋਮਣੀ ਸਿਹਰਾ ਸਿੱਖ ਧਰਮ ਨੂੰ ਜਾਂਦਾ ਹੈ ਜਿਸ ਦੇ ਜਨਮ ਦਾਤਾ ਸਾਹਿਬੇ-ਕਮਾਲ ਦਸਮੇ ਨਾਨਕ ਕਲਗੀਧਰ ਪਿਤਾ ਜੀ ਹਨ। ਭਾਈ ਘਨ੍ਹੱਈਆ ਜੀ ਗੁਰੂ ਘਰ ਦਾ ਅਨਿੰਨ ਸੇਵਕ ਜਿਸ ਦਾ ਕੋਈ ਸਾਨੀ ਨਹੀਂ ਹੈ। ਇਸ ਧਰਤੀ ‘ਤੇ ਸਭ ਤੋਂ ਵੱਧ ਜ਼ੁਲਮ ਤੇ ਅਨਿਆਏ, ਕੇਵਲ ਸਿੱਖ ਧਰਮ ਨਾਲ ਹੋਇਆ ਹੈ। ਪਰ ਗੁਰੂ ਦੇ ਦੁਲਾਰਿਆਂ, ਪਿਆਰਿਆਂ, ਸੂਰਬੀਰਾਂ ਸਿੱਖਾਂ/ਸਿੰਘਾਂ ਨੇ ਸਿੱਖੀ ਅਤੇ ਮਰਯਾਦਾ ਨੂੰ ਅਡੋਲ ਅਤੇ ਸੁਦ੍ਰਿੜ੍ਹ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਓਟ ਲੈ ਕੇ ਮਰਜੀਵੜਿਆਂ ਦਾ ਗੁਰਮਤਿ ਫ਼ਰਜ਼ ਨਿਭਾਇਆ ਹੈ। ਵਿਗਿਆਨਕ ਸੁੱਖ ਸੁਵਿਧਾਵਾਂ ਮਨੁੱਖਤਾ ਲਈ ਹਨ। ਵਿਗਿਆਨਕ ਕਾਢਾਂ ਦੀ ਜੜ੍ਹ, ਗੁਰਮਤਿ ਵਿਚਾਰਧਾਰਾ ਤੋਂ ਲਈ ਗਈ ਹੈ। ਮਸ਼ੀਨ ਸਹੂਲਤ ਤਾਂ ਹੋ ਸਕਦੀ ਹੈ। ਆਤਮਕ ਸੰਤੁਸ਼ਟੀ ਅਤੇ ਗੁਰਮਤਿ ਸਹਿਜ ਕਦਾਚਿਤ ਨਹੀਂ।
ਗੁਰੂ ਨਾਨਕ ਵਿਚਾਰਧਾਰਾ ਨੂੰ ਲਾਸਾਨੀ ਸ੍ਰੇਸ਼ਟਤਾ ਅਤੇ ਉਤਮ ਉਜਵਲ ਵਰਤਾਰਾ ਸਵੀਕਾਰ ਕਰਨ ਤੋਂ ਸੇਵਾ ਭਾਵਨਾ ਵਾਲਾ ਕਦੇ ਵੀ ਅਸ਼ੁੱਧ ਨਹੀਂ ਹੋ ਸਕਦਾ। ਮਕਾਰੀ, ਦੰਭ ਅਤੇ ਚਤੁਰਾਈ ਕਦੇ ਵੀ ਸਦੀਵੀਂ ਨਹੀਂ ਹੁੰਦੀ। ਸੁਕਰਮ ਅਤੇ ਸ਼ਰਧਾ ਮੂਲਕ ਸੇਵਾ ਦੀ ‘ਏਕਮ ਦ੍ਰਿਸ਼ਟੀ’ ਨੂੰ ਵੀ ਭਾਈ ਘਨ੍ਹੱਈਆ ਜੀ ਨੇ ਗੁਰੂ ਦ੍ਰਿਸ਼ਟੀ ਅਨੁਭਵਿਆ ਅਤੇ ਸਦੈਵ ਗੁਰੂ ਘਰ ਦੇ ਸੇਵਕ ਅਤੇ ਨਿਰਮਾਣ ਸੰਜਮੀ ਗੁਰਸਿੱਖ ਰਹੇ। ਆਪ ਨੇ ਗੁਰੂ ਘਰ ਤੋਂ ਸਭ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਸੇਵਾ ਰਾਮ ਜੀ ਅਤੇ ਭਾਈ ਸੂਰੀ ਸ਼ਾਹ ਜੀ ਆਪ ਦੇ ਅਨਿੰਨ ਸੇਵਕ ਸਨ। ਸੇਵਾ ਪੰਥੀ ਸੰਪ੍ਰਦਾਇ ਲਈ ਮਹਾਨ ਕਾਰਜ ਭਾਈ ਸੇਵਾ ਰਾਮ ਜੀ ਅਤੇ ਭਾਈ ਅੱਡਣ ਸ਼ਾਹ ਜੀ ਨੇ ਕੀਤੇ। ਇਸ ਸੰਪ੍ਰਦਾਇ ਦਾ ਨਾਮ ਹੀ ਅੱਡਣ ਸ਼ਾਹੀ ਪੈ ਗਿਆ। ਇਹ ਸੰਪ੍ਰਦਾ ਵਰਤਮਾਨ ਸਮੇਂ ਵੀ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤਨੋਂ-ਮਨੋਂ ਅਤੇ ਆਤਮਕ ਉਤਸ਼ਾਹ ਨਾਲ ਕਰ ਰਹੀ ਹੈ। ਅਜੋਕੇ ਭੌਤਿਕ ਅਤੇ ਪਦਾਰਥਵਾਦੀ ਦਵੰਦ ਦੇ ਯੁੱਗ ਵਿੱਚ ਭਾਈ ਘਨ੍ਹੱਈਆ ਜੀ ਦੇ ਸਮਰੂਪ ਗੁਰਸਿੱਖ ਲੱਭਣਾ ਕਠਿਨ ਹੀ ਨਹੀਂ ਅਸੰਭਵ ਵੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਅਤੇ ਵਿਚਾਰਧਾਰਾ ਕਥਨੀ ਤੇ ਕਰਨੀ ਵਿੱਚ ਹੈ। ਮਿੱਥ ਅਤੇ ਨਿਕਰਮਣ ਉਦਾਸੀ ਨੂੰ ਕੋਈ ਥਾਂ ਨਹੀਂ। ਕਰਮੀ ਅਤੇ ਧਰਮੀ ਪੁਰਸ਼ਾਂ ਦੇ ਮੁੱਖ ਉਜਵਲ ਅਤੇ ਕਮਲ ਜਿਹੇ ਖਿੜ੍ਹੇ ਹੁੰਦੇ ਹਨ।
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
(ਪੰਨਾ 918)
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਪੰਨਾ 1412)
ਸੇਵਾ ਪੰਥੀ ਸੰਪ੍ਰਦਾਇ ਦੇ ਸੰਚਾਰਕ ਭਾਈ ਘਨ੍ਹੱਈਆ ਜੀ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰਾਂ ਦੀ ਅਸੀਸ ਅਤੇ ਹੁਕਮ ਸਦਕਾ ਸੇਵਾ ਤੇ ਨਾਮ ਸਿਮਰਨ ਵਰਗੀ ਮਹਾਨ ਦਾਤ ਲੋਕਾਈ ਵਿੱਚ ਵੰਡਣ ਦਾ ਮਾਣ ਪ੍ਰਾਪਤ ਕੀਤਾ। ਤੇਰੇ ਬਿਨਾ ਮੇਰਾ ਹੋਰ ਕੋਈ ਨਹੀਂ ਤੇ ਗੁਰੂ ਸਾਹਿਬ ਦੇ ਹਰ ਹੁਕਮ ਅੱਗੇ ਭਾਈ ਜੀ ਨੇ ਆਪਣਾ ਸੀਸ ਝੁਕਾਇਆ।
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ॥ (ਪੰਨਾ 132)
ਭਾਈ ਘਨ੍ਹੱਈਆ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਵ੍ਹਾ ਨਗਰ, ਜ਼ਿਲ੍ਹਾ ਅਟਕ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ, ਧਰਮ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ। ਪ੍ਰਭੂ ਭਗਤੀ, ਸਮਦ੍ਰਿਸ਼ਟਾ, ਨਿਸ਼ਕਾਮ ਸੇਵਾ, ਵੈਰਾਗ, ਹਰ ਜੀਵ ਵਿੱਚ ਪ੍ਰਭੂ ਜੋਤ ਵੇਖਣੀ, ਉਚ-ਆਦਰਸ਼,ਨਿਰਪੱਖਤਾ ਆਦਿ ਇਨ੍ਹਾਂ ਦੇ ਜੀਵਨ ਵਿੱਚ ਸਮਾਏ ਹੋਏ ਗੁਣ ਸਨ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਆਪ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਪਹੁੰਚੇ ਤੇ ਦਰਸ਼ਨ ਕਰ ਕੇ ਨਿਹਾਲ ਹੋਏ। ਗੁਰੂ ਸਾਹਿਬ ਨੇ ਭਾਈ ਜੀ ‘ਤੇ ਐਸੀ ਕ੍ਰਿਪਾ ਬਖਸ਼ਿਸ਼ ਕੀਤੀ ਕਿ ਸਾਰਾ ਜਗਤ ਹੀ ਭਾਈ ਜੀ ਲਈ ‘ਹਰਿ ਕਾ ਰੂਪੁ’ ਹੋ ਗਿਆ। ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਘਨ੍ਹੱਈਆ ਜੀ ਫੇਰ ਕਵ੍ਹੇ ਪਿੰਡ ਚਲੇ ਗਏ ਅਤੇ ਉਥੇ ਰਹਿ ਕੇ ਸੇਵਾ ਸਿਮਰਨ ਦਾ ਪ੍ਰਵਾਹ ਤੇ ਪ੍ਰਚਾਰ ਆਰੰਭਿਆ।
ਅਦੁੱਤੀ ਅਤੇ ਨਿਸ਼ਕਾਮ ਸੇਵਾ ਦੇ ਮਹਾਨ ਸੇਵਾਈ ਭਾਈ ਘਨ੍ਹੱਈਆ ਜੀ ਨੂੰ ਯਾਦ ਕਰਦਿਆਂ ਸਿਰ ਸਤਿਕਾਰ ਸਹਿਤ ਝੁਕਦਾ ਹੈ ਕਿ ਉਹ ਪ੍ਰਭੂ ਬਖਸ਼ਿਸ਼ ਰੂਹ ਕਿਵੇਂ ਸਾਰਿਆਂ ਵਿੱਚ ਇਕ ਰੱਬ ਦੀ ਜੋਤਿ ਵੇਖ ਕੇ ਜਲ ਛਕਾਉਂਦੇ ਅਤੇ ਜ਼ਖ਼ਮਾਂ ‘ਤੇ ਮਲ੍ਹਮ ਪੱਟੀ ਕਰਦੇ ਰਹੇ। ਇਹ ਸੇਵਾ ਸਿੱਖ ਪੰਥ ਦੇ ਫਲਸਫੇ ਵਿੱਚ ਅਗੰਮੀ ਵਿਚਾਰਧਾਰਾ ਦਾ ਸਪੱਸ਼ਟ ਅਤੇ ਪ੍ਰਤੱਖ ਪ੍ਰਮਾਣ ਹੈ। ਅਜੋਕੇ ਯੁੱਗ ਵਿੱਚ ਭਾਈ ਘਨ੍ਹੱਈਆ ਜੀ ਵਰਗੇ ਪੁਰਸ਼ ਜੋ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਦੇ ਧਾਰਨੀ ਬਣੇ, ਵਰਗੀ ਸੋਚ ਹੋਣ ਦੀ ਬਜਾਏ ਵਿਰੋਧਮਈ ਹੋ ਕੇ ਹਉਮੈ ਦੇ ਚੱਕਰਾਂ ਵਿੱਚ ਗ੍ਰਸਤ ਹੋ ਚੁੱਕੀ ਹੈ ਕੋਈ ਕਿਸੇ ਦਾ ਭਲਾ ਕਰਨ ਵਾਲਾ ਵਿਰਲਾ ਹੀ ਹੈ। ਹਰ ਕਿਸੇ ਨੂੰ ਆਪੋ-ਆਪਣੀ ਪਈ ਹੈ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ ਪਰ ਉਨ੍ਹਾਂ ਅੰਦਰ ਦਰਜ ਸਿਧਾਂਤਾਂ ਤੋਂ ਕੋਹਾਂ ਦੂਰ ਹਾਂ। ਗੁਰਮਤਿ ਸਿਧਾਂਤਾਂ ਦਾ ਧਾਰਨੀ ਕੋਈ-ਕੋਈ ਹੀ ਹੈ। ਸਾਡੀ ਕਥਨੀ ਤੇ ਕਰਨੀ ਵਿੱਚ ਭਿੰਨਤਾ ਹੈ।
ਉਚ ਇਖਲਾਕੀ ਜੀਵਨ ਵਾਲੀਆਂ ਮਹਾਨ ਸਖ਼ਸ਼ੀਅਤਾਂ ਹੀ ਕਿਸੇ ਕੌਮ ਦੇ ਗੌਰਵਮਈ ਇਤਿਹਾਸ ਦੀਆਂ ਸਿਰਜਣਹਾਰ ਹੁੰਦੀਆਂ ਹਨ। ਅਨੁਭੂਤੀਆਂ ਦੇ ਰੰਗਾਂ ਵਿੱਚ ਸਾਖਿਆਰਤਾ ਤੇ ਉਨ੍ਹਾਂ ਦੀਆਂ ਮਹਾਨ ਸਿਖਿਆਵਾਂ ਸਦੀਆਂ ਤਕ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ ਰਹਿੰਦੀਆਂ ਹਨ। ਰਾਜਨੀਤਕ ਦੁਨੀਆਂ ਵਿੱਚ ਵੱਖ-ਵੱਖ ਅਹੁਦੇ ਹਨ, ਵਿਦਿਆ ਸੰਸਾਰ ਵਿੱਚ ਭਿੰਨ-ਭਿੰਨ ਉਪਾਧੀਆਂ ਹਨ। ਏਵੇਂ ਹੀ ਅਧਿਆਤਮ ਮੰਡਲ ਵਿੱਚ ਵੀ ਵੱਖ-ਵੱਖ ਦਰਜੇ ਹਨ, ਗੁਰਮੁੱਖ, ਗਿਆਨੀ, ਰਿਸ਼ੀ-ਮੁਨੀ, ਸਾਧੂ, ਸੰਤ, ਭਗਤ ਆਦਿ। ਭਗਤ ਇਕ ਐਸੀ ਅਵਸਥਾ ਹੈ ਜੋ ਅਧਿਆਤਮ ਜਗਤ ਦੀ ਸਿਖਰਤਾ ਹੈ। ਜੀਵਨ ਦਾ ਸਾਰ ਪ੍ਰਮਾਤਮ ਰਸ, ਦੈਵੀ ਗੁਣਾਂ ਦੀ ਸਾਰੀ ਸਮਰੱਥਾ ਭਗਤ ਦੇ ਅੰਦਰ ਹੁੰਦੀ ਹੈ। ਸਾਡੇ ਦੇਸ਼ ਵਿੱਚ ਰਾਜਨੀਤੀ ਦੇ ਖੇਤਰ ਦਾ ਸਭ ਤੋਂ ਵੱਡਾ ਰੁਤਬਾ ਰਾਸ਼ਟਰਪਤੀ ਦਾ ਹੈ। ਧਾਰਮਿਕ ਦੁਨੀਆਂ ਵਿੱਚ ਭਗਤ ਸ੍ਰੇਸ਼ਟ ਹੈ।ਭਗਤ ਪੂਰਨਪਦ ਹੈ। ਪੂਰਨ ਅਨੰਦ ਅਤੇ ਪੂਰਨ ਪ੍ਰਕਾਸ਼ ਹੈ। ਬੂੰਦ ਸਾਗਰ ਵਿੱਚ ਲੀਨ ਹੋ ਸਾਗਰ ਹੋ ਗਈ, ਇਵੇਂ ਹੀ ਪੁਰਖ ਪ੍ਰਮਾਤਮਾ ਵਿੱਚ ਲੀਨ ਹੋ ਪੁਰਖ ਪੂਰਨ ਹੋ ਜਾਂਦਾ ਹੈ। ਪੂਰਨ ਪੁਰਖ ਨੂੰ ਹੀ ਭਗਤ ਕਹਿੰਦੇ ਹਨ। ਬ੍ਰਹਿਮੰਡ ਵਿੱਚ ਪਰਮਾਤਮਾ ਸਭ ਤੋਂ ਵੱਡਾ ਸੱਚ ਹੈ। ਹੁਕਮੀ ਬੰਦੇ ਨੂੰ ਹੀ ਸਿੱਖ ਦੀ ਸੰਗਯਾ ਦਿੱਤੀ ਗਈ ਹੈ, ਏਸੇ ਮਾਰਗ ਤੇ ਚਲਦਿਆਂ ਹੀ ਸਵੈ-ਸਰੂਪ ਵਿੱਚ ਲੀਨਤਾ ਹੁੰਦੀ ਹੈ, ‘ਸਫਲ ਸਫਲ ਭਈ ਸਫਲ ਜਾਤ੍ਰਾ’ ਵਾਲੀ ਗੁਰ ਅਸੀਸ ਪ੍ਰਾਪਤ ਹੁੰਦੀ ਹੈ। ਨਾਮ ਰੰਗ ਰੱਤੀਆਂ, ਗੁਰੂ ਵਰੋਸਾਈਆਂ ਗੁਰਮੁੱਖ ਹਸਤੀਆਂ ਵਿੱਚੋਂ ਅਜਿਹੀ ਵਿਗਸੀ ਮੂਰਤ ਭਾਈ ਘਨ੍ਹੱਈਆ ਜੀ ਹੋਏ ਹਨ ਜੋ ਨਾਮ-ਸੇਵਾ ਦੀ ਲਾਲੀ ਨਾਲ ਦਗ ਦਗ ਕਰਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ। ਭਾਈ ਘਨ੍ਹੱਈਆ ਜੀ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਬਿਆ ਰਹਿ ਨਾਮ ਸਿਮਰਨ ਤੇ ਸੰਗਤ ਲਈ ਜਲ ਤੇ ਲੰਗਰ ਦੀ ਸੇਵਾ ਦੇ ਨਾਲ ਗੁਰੂ ਘਰ ਦੇ ਘੋੜਿਆਂ ਦੀ ਸਾਂਭ-ਸੰਭਾਲ ਦੀ ਸੇਵਾ ਵੀ ਲੁੱਟਦੇ ਰਹੇ ਹਨ। ਉਨ੍ਹਾਂ ਨੂੰ ਗੁਰੂ ਦੀ ਗੋਦ ਦਾ ਨਿੱਘ ਮਾਨਣ ਦਾ ਸ਼ਰਫ ਹਾਸਲ ਹੈ। ਇਨ੍ਹਾਂ ਦੀ ਨਿਰਮਲ ਪ੍ਰੇਰਨਾ ਅਤੇ ਗੁਰਮਤਿ ਪ੍ਰਚਾਰ ਸਦਕਾ ਬੇਸ਼ੁਮਾਰ ਜੀਵਾਂ ਨੇ ਗੁਰੂ ਦਰਬਾਰ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਕੀਤਾ। ਭਾਈ ਘਨ੍ਹੱਈਆ ਜੀ ਰੱਬੀ ਬੰਦਗੀ ਵਿੱਚ ਲੀਨ ਹੋ ਸੰਗਤਾਂ ਨੂੰ ਬ੍ਰਹਮ ਵਿਦਿਆ ਦਾ ਦਾਨ, ਘਾਲ ਕਮਾਈ, ਵੈਰਾਗ, ਤਿਆਗ, ਗੁਰਬਾਣੀ ਦਾ ਸਤਿਕਾਰ, ਪ੍ਰੇਮ ਤੇ ਸ਼ਰਧਾ ਨਾਲ ਬਾਣੀ ਦਾ ਪਾਠ, ਨਿਤਨੇਮ, ਕਥਾ ਪ੍ਰਪੱਕਤਾ, ਗੁਰਸਿੱਖੀ ਲਈ ਸ਼ਰਧਾ, ਸਰਬੱਤ ਦੇ ਭਲੇ ਲਈ ਕਈ ਜੀਵਨ ਜੁਗਤ ਦੇ ਭੇਦ ਵੰਡਦੇ ਰਹੇ। ਐਸੇ ਮਹਾਨ ਵਿਅਕਤੀਆਂ ਦਾ ਜੀਵਨ ਬਿਰਤਾਂਤ ਜਗਿਆਸੂਆਂ ਲਈ ਪ੍ਰੇਰਨਾ ਸ੍ਰੋਤ ਹੁੰਦਾ ਹੈ। ਚੰਗੀ ਕਲਮ ਇਨ੍ਹਾਂ ਜੀਵਨ ਬਿਰਤਾਂਤਾਂ ਨੂੰ ਤੁਰਦੇ ਫਿਰਦੇ, ਜਿਉਂਦੇ ਜਾਗਦੇ ਬਣਾ ਦਿੰਦੀ ਹੈ। ਭਾਈ ਘਨ੍ਹੱਈਆ ਜੀ ਦੇ ਜੀਵਨ ਤੇ ਸੇਵਾ ਘਾਲ ਬਾਰੇ ਬਹੁਤ ਖੋਜ ਦੀ ਲੋੜ ਹੈ। ਬਹੁਤ ਘੱਟ ਜਾਣਕਾਰੀ ਉਨ੍ਹਾਂ ਬਾਰੇ ਉਪਲੱਬਧ ਹੈ। ਅਜਿਹੀਆਂ ਗੁਰੂ ਘਰ ਦੀਆਂ ਸ਼ਖ਼ਸੀਅਤਾਂ ਦਾ ਜੀਵਨ, ਇਤਿਹਾਸ ਤੇ ਉਨ੍ਹਾਂ ਵੱਲੋਂ ਕੀਤੀ ਕਮਾਈ ਦਾ ਜੀਵਨ ਬਿਓਰਾ ਨਾ ਮਿਲਣ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀਹਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਵਿੱਚ ਚਿੰਤਾ ਵਿਅਕਤ ਕਰਦਿਆਂ ਲਿਖਿਆ ਸੀ ਕਿ ਠਪਿਛਲੀਆਂ ਦੋ ਸਦੀਆਂ ਅਠਾਰ੍ਹਵੀਂ ਤੇ ਉਨ੍ਹਵੀਂ ਸਦੀ ਵਿੱਚ ਖ਼ਾਲਸੇ ਨੇ ਆਪਣੇ ਫਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਣ ਪੇਸ਼ ਕਰਨ ਤੋਂ ਅਸਮਰੱਥ ਹੈ ਪਰ ਦੁੱਖ ਦੀ ਬਾਤ ਹੈ ਕਿ ਖਾਲਸੇ ਦੀ ਦੇਸ਼ ਰੱਖਿਆ ਵਾਸਤੇ ਵਾਹੀ ਤੇਗ, ਅਨਾਥਾਂ, ਮਜ਼ਲੂਮਾਂ ਦੇ ਬਚਾਓ ਲਈ ਕੀਤੀਆਂ ਕੁਰਬਾਨੀਆਂ ਤੇ ਪਰਜਾ ਦੀ ਇੱਜ਼ਤ ਤੇ ਹੁਰਮਤ ਲਈ ਡੋਲ੍ਹੇ ਖੂਨ ਦੇ ਨਕਸ਼ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿੱਚੋਂ ਅਲੋਪ ਹੋ ਰਹੇ ਹਨ। ਰਾਜਸੀ ਮੱਲਾਂ ਦਾ ਸਿੱਖ ਇਤਿਹਾਸ, ਪੰਥਕ ਘਾਲਾਂ ਤੇ ਬੇਸ਼ੁਮਾਰ ਕੁਰਬਾਨੀਆਂ, ਜਗਿਆਸੂਆਂ, ਅਭਿਆਸੀਆਂ ਭਾਵ ਸਭ ਲਈ ਚਾਨਣ ਮੁਨਾਰੇ ਤੋਂ ਵੱਧ ਪ੍ਰਕਾਸ਼ ਪਾ ਸਕਦੀਆਂ ਹਨ। ਪਰ ਇਹ ਗੱਲਾਂ ਸਾਡੀ ਭੁੱਲ ਤੇ ਅਵੇਸਲੇਪਨ ਦੇ ਕਾਲੇ ਗੁਬਾਰ ਵਿੱਚ ਗੁੰਮ ਗਈਆਂ ਤੇ ਹੁੰਦੀਆਂ ਜਾ ਰਹੀਆਂ ਹਨ।
-ਦਿਲਜੀਤ ਸਿੰਘ ਬੇਦੀ