ਪਾਣੀ ਵਾਲੀ ਬੱਸ ਦਾ ਝੂਟਾ  (ਵਿਅੰਗ)

ਪਾਣੀ ਵਾਲੀ ਬੱਸ ਦਾ ਝੂਟਾ  (ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਕਈਆਂ ਦਿਨਾਂ ਤੋਂ ਭਾਰੀ ਬਾਰਸ਼ ਹੋਣ ਕਰਕੇ ਦੂਰ ਦੁਰਾਡੇ ਚਾਰ ਚੁਫੇਰੇ ਤੱਕ ਜਲ ਥਲ ਹੋਇਆ ਪਿਆ ਸੀ। ਪਿੰਡ ਕੁਝ ਨੀਵੇਂ ਥਾਂ ਹੋਣ ਕਰਕੇ ਬਾਰਸ਼ਾਂ ਦਾ ਬਾਹਰਲਾ ਪਾਣੀ ਵੀ ਪਿੰਡ ਵੱਲ ਨੂੰ ਇਉਂ ਆਉਂਦਾ ਜਿਵੇਂ ਵੋਟਾਂ ਵਾਲੇ ਦਿਨ ਰਹਿੰਦੀਆਂ ਖੂੰਦੀਆਂ ਵੋਟਾਂ ਚੁੱਕਣ ਜੀਪਾਂ ਕਾਰਾਂ ਪਿੰਡ ਵੱਲ ਨੂੰ ਭੱਜ ਲੈਂਦੀਆਂ। ਜਿਉਂ ਹੀ ਮੇਘੇ ਬਾਵੇ ਕਾ ਤੋਲ੍ਹੀ ਟੈਂਪੂ ਤੋਂ ਉੱਤਰ ਕੇ ਘਰ ਨੂੰ ਜਾਣ ਲੱਗਿਆ ਤਾਂ ਉਹਦੇ ਕੋਲ ਦੀ ਲੰਘਿਆ ਜਾਂਦਾ ਇੱਕ ਟਰੱਕ ਮੀਂਹ ਦੇ ਖੜ੍ਹੇ ਪਾਣੀ ਨਾਲ ਤੋਲ੍ਹੀ ਨੂੰ ਇਉਂ ਭਿਉਂ ਗਿਆ ਜਿਮੇਂ ਸਿਆਲ ਦੀ ਰੁੱਤ ‘ਚ ਮੱਝ ‘ਤੇ ਦਿੱਤਾ ਝੁੱਲ ਮੀਂਹ ਨਾਲ ਭਿੱਜਿਆ ਹੋਵੇ। ਟੀਨੋਪਾਲ ਲੱਗੇ ਚਿੱਟੇ ਕੁੜਤੇ ਪਜਾਮੇ ‘ਤੇ ਟਰੱਕ ਨਾਲ ਪਏ ਗੰਦੇ ਪਾਣੀ ਦੇ ਦਾਗ ਲੱਗਣ ਨਾਲ ਤੋਲ੍ਹੀ ਇਉਂ ਲੱਗੇ ਜਿਮੇਂ ਕੋਈ ਫੌਜੀ ਨਵੀਂ ਰੰਗਰੂਟੀ ਕਰਕੇ ਜ਼ਹਿਰ ਮੋਹਰੀ ਡੱਬ-ਖੜੱਬੀ ਵਰਦੀ ਪਾ ਕੇ ਪਿੰਡ ਨੂੰ ਆਉਂਦਾ ਹੋਵੇ। ਗੰਦੇ ਪਾਣੀ ਵਾਲੇ ਚਿੱਕੜ ‘ਚ ਭਿੱਜਿਆ ਤੋਲ੍ਹੀ ਜਿਉਂ ਹੀ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਸੱਥ ‘ਚ ਬੈਠੇ ਸਾਰੇ ਲੋਕ ਤੋਲ੍ਹੀ ਵੱਲ ਇਉਂ ਵੇਖਣ ਜਿਮੇਂ ਉਹ ਉਹ ਓਪਰਾ ਬੰਦਾ ਹੋਵੇ। ਸੱਥ ਦੇ ਦੂਜੇ ਪਾਸਿਉਂ ਸੱਥ ਵੱਲ ਨੂੰ ਆਉਂਦਾ ਜੰਗੇ ਰਾਹੀ ਕਾ ਜੱਗਾ, ਤੋਲ੍ਹੀ ਨੂੰ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਓਏ ਆਹ ਕੀ ਲੰਗੂਰ ਜਾ ਬਣਿਆਂ ਆਉਂਦਾ? ਮੈਂ ਤਾਂ ਕਿਹਾ ਕਿਤੇ ਭਿਸੀਆਣੇ ਆਲਾ ਗੜਦੁੰਬ੍ਹਾ ਆਉਂਦਾ। ਉਹ ਵੀ ਐਹੋ ਜਾ ਈ ਝੱਗਾ ਸੁੱਥੂ ਪਾਉਂਦਾ।”
ਸੱਥ ‘ਚ ਬੈਠੇ ਬਾਬੇ ਨਾਜਰ ਸਿਉਂ ਨੇ ਤੋਲ੍ਹੀ ਨੂੰ ਆਵਾਜ਼ ਮਾਰ ਕੇ ਪੁੱਛਿਆ, ”ਓਏ ਆਹ ਕਿੱਥੋਂ ਭਿਉਂ ਲੇ ਲੀੜੇ?”
ਸੀਤਾ ਮਰਾਸੀ ਮੁਸ਼ਕਣੀਆਂ ਹੱਸ ਕੇ ਟਿੱਚਰ ‘ਚ ਕਹਿੰਦਾ, ”ਪਾਣੀ ਆਲੀ ਬੱਸ ਤੋਂ ਉੱਤਰਿਆ ਲੱਗਦਾ ਬਾਬਾ ਇਹੇ। ਬੱਸ ਪਾਣੀ ‘ਚ ਤੇਜ ਭੱਜਦੀ ਐ ਬਾਹਲ਼ੀ, ਇਹਨੇ ਕਿਤੇ ਸੀਸੇ ਆਲੇ ਪਾਸੇ ਬੈਠੇ ਨੇ ਸੀਸਾ ਭੋਰਾ ਥੱਲੇ ਕਰ ਲਿਆ ਹੋਣਾ, ਪਾਣੀ ਦੀ ਇੱਕ ਅੱਧੀ ਛੱਲ ਕਿਤੇ ਅੰਦਰ ਬੱਸ ‘ਚ ਵੜ ਗੀ ਹੋਣੀ ਐਂ, ਹੋਰ ਕਿਹੜਾ ਇਹੇ ਛੱਪੜ ‘ਚ ਮੱਝਾਂ ਨਹਾਉਂਦਾ ਭਿੱਜਿਆ।”
ਬਾਬੇ ਨਾਜਰ ਸਿਉਂ ਨੇ ਪਾਣੀ ਵਾਲੀ ਬੱਸ ਦੀ ਗੱਲ ਸੁਣ ਕੇ ਹੈਰਾਨੀ ਨਾਲ ਪੁੱਛਿਆ, ”ਹੈਂਅ! ਹੁਣ ਪਾਣੀ ਆਲੀਆਂ ਬੱਸਾਂ ਵੀ ਚੱਲ ਪੀਆਂ ਬਈ। ਕੀ ਗੱਲ ਤੇਲ ਤੂਲ ਦਾ ਤੋੜਾ ਤੂੜਾ ਪੈ ਗਿਆ? ਹੁਣ ਤਾਂ ਫੇਰ ਧਰਤੀ ‘ਚੋਂ ਪਾਣੀ ਮਕਾ ਕੇ ਹਟਣਗੇ। ਅੱਗੇ ਝੋਨੇ ਨੇ ਮਕਾ ‘ਤਾ ਕੁਸ, ਰਹਿੰਦਾ ਖੂੰਹਦਾ ਹੁਣ ਬੱਸਾਂ ਮਕਾ ਦੇਣਗੀਆਂ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਅੱਧੇ ਤੇਲ ‘ਤੇ ਤੇ ਅੱਧੇ ਪਾਣੀ ‘ਤੇ ਚਲਦੀਆਂ। ਤੇਲ ਵੀ ਪੈਂਦਾ ਪਾਣੀ ਵੀ ਪੈਂਦਾ।”
ਪਾਣੀ ਵਾਲੀ ਬੱਸ ਦਾ ਗੱਪ ਸੁਣ ਕੇ ਨਾਥਾ ਅਮਲੀ ਰੇਖ ‘ਚ ਮੇਖ ਮਾਰ ਕੇ ਕਹਿੰਦਾ, ”ਕਿੱਥੇ ਰਹਿੰਨੈਂ ਬਾਬਾ ਤੂੰ? ਪਾਣੀ ਆਲੀਆਂ ਬੱਸਾਂ ਚੱਲਦੀਆਂ ਨੂੰ ਤਾਂ ਛੀ ਮਹੀਨੇ ਹੋ ਗੇ। ਹੁਣ ਤਾਂ ਅਗਲਿਆਂ ਨੇ ਮਿੰਨ੍ਹੀ ਬੱਸਾਂ ਵੀ ਚਲਾ ‘ਤੀਆਂ।”
ਬਾਬਾ ਕਹਿੰਦਾ, ”ਆਪਣੇ ਪਿੰਡ ਕੋਈ ਨਹਿਰ ਸੂਆ ਤਾਂ ਹੈਨ੍ਹੀ, ਇਹ ਕਿਹੜੀ ਬੱਸ ਤੋਂ ਉੱਤਰਿਆ ਫਿਰ?”
ਨਾਥੇ ਅਮਲੀ ਨੇ ਫੇਰ ਖੜਕਾਇਆ ਟਿੱਚਰ ਵਾਲਾ ਸਪੀਕਰ, ”ਆਪਣੇ ਪਿੰਡ ਤਾਂ ਬਾਬਾ ਮੀਂਹ ਦੇ ਚਿੱਕੜ ‘ਚ ਚੱਲਣ ਆਲੇ ਪੀਟਰ ਇੰਜਨੀਏਂ ਘੜੁੱਕੇ ਜੇ ਈ ਚੱਲੇ ਹਜੇ ਤਾਂ। ਹੁਣ ਮੂਹਰੇ ਜਦੋਂ ਸਾਉਣ ‘ਚ ਬਾਹਲ਼ੇ ਮੀਂਹ ਪੈਣਗੇ, ਉਦੋਂ ਖਾਣੀ ਮਿੰਨ੍ਹੀ ਬੱਸਾਂ ਵੀ ਚੱਲ ਪੈਣ।”
ਮਾਹਲਾ ਨੰਬਰਦਾਰ ਕਹਿੰਦਾ, ”ਐਨੇ ਮੀਂਹ ਕਿੱਥੋਂ ਪੈਣਗੇ ਬਈ ਜਿਹੜੇ ਮੀਂਹ ਦੇ ਪਾਣੀ ‘ਤੇ ਚੱਲਣਗੀਆ ਮਿੰਨ੍ਹੀ ਬੱਸਾਂ?”
ਅਮਲੀ ਫੇਰ ਕੀਤੀ ਟਿੱਚਰ, ”ਆਹ ਜਿਹੜੀਆਂ ਕੋਈ ਸਾਉਣਪੂਣਾਂ ਮੀਂਹ ਮੂੰਹ ਲਿਆਉਂਦੀਆਂ ਹੁੰਦੀਆਂ, ਸਰਕਾਰ ਨੇ ਪਹਿਲਾਂ ਤਾਂ ਉਹੀ ਖਰੀਦੀਆਂ ਬਈ ਕਿਤੇ ਮੀਂਹ ਦਾ ਤੋੜਾ ਨਾ ਪੈ ਜੇ। ਪਹਿਲਾਂ ਇਨ੍ਹਾਂ ਦਾ ਈ ਬੰਦੋਬਸਤ ਕੀਤਾ ਬਾਈ ਅਗਲਿਆਂ ਨੇ, ਫੇਰ ਈ ਖਰੀਦੀਆਂ ਪਾਣੀ ਆਲੀਆ ਬੱਸਾਂ।”
ਗੇਲਾ ਕਾਮਰੇਡ ਕਹਿੰਦਾ, ”ਸਾਉਣਪੂਣਾਂ ਨ੍ਹੀ ਓਏ ਅਮਲੀਆ, ਮੌਣਸੂਨਾਂ ਹੁੰਦੀਐਂ। ਤੂੰ ਪਤੰਦਰਾ ਹੋਰ ਈ ਨਮਾਂ ਨਾਂਅ ਧਰ ਕੇ ਬਹਿ ਗਿਐਂ।”
ਅਮਲੀ ਕਹਿੰਦਾ, ”ਸਾਨੂੰ ਕੀ ਪਤਾ ਅਣਪੜ੍ਹਾਂ ਨੂੰ ਕੀ ਹੁੰਦੀਆਂ ਇਹ ਪੌਣਾਂ ਦੌਣਾਂ। ਅਸੀਂ ਤਾਂ ਜਿਹੋ ਜਾ ਕੁਸ ਸੁਣ ਲੈਨੇਂ ਆਂ, ਓਹੀ ਕੁਸ ਗਾਹਾਂ ਦੱਸ ਦਿੰਨੇ ਆਂ। ਅਸੀਂ ਜਿਹੜਾ ਲਹੌਰੀ ਪਾੜ੍ਹਤ ਪੜ੍ਹੇ ਆਂ। ਮੈਂ ਤਾਂ ਲੱਖਣ ਜਾ ਲਾ ਕੇ ਈ ਕਿਹਾ ਬਈ ਇਹ ਸਾਉਣ ‘ਚ ਵਗਦੀਆਂ ਹੋਣ ਕਰਕੇ ਸਾਉਣਪੂਣਾਂ ਕਹਿੰਦੇ ਹੋਣਗੇ। ਬਾਕੀ ਭਾਈ ਆਹ ਜਿਹੜੀ ਪਾਣੀ ਆਲੀਆਂ ਬੱਸਾਂ ਦੀ ਤੇ ਚਿੱਕੜ ‘ਚ ਚੱਲਣ ਆਲੇ ਘੜੁੱਕਿਆਂ ਦੀ ਗੱਲ ਐ, ਇਹ ਤਾਂ ਯਾਰ ਗੌਰਮਿੰਟ ਨੇ ਹੱਦ ਈ ਕਰ ‘ਤੀ।”
ਅਮਲੀ ਪਾਣੀ ਵਾਲੀਆਂ ਬੱਸਾਂ ਦੀ ਗੱਲ ਦਾ ਛੇੜਾ ਛੇੜਕੇ ਆਪ ਤਾਂ ਚੁੱਪ ਕਰ ਜਿਆ ਕਰੇ, ਸੱਥ ਵਾਲੇ ਦੂਜੇ ਪੱਠੇ ਕੁਤਰਣ ਵਾਲੇ ਸਿੰਡੀਕੇਟ ਵਾਂਗੂੰ ਚੱਲ ਪਿਆ ਕਰਨ।
ਚੜ੍ਹਤੇ ਫੌਜੀ ਕਾ ਗੋਰਾ ਕਹਿੰਦਾ, ”ਆਪਣੇ ਪਿੰਡ ਆਲੇ ਜੱਗੂ ਮਿਸਤਰੀ ਨੇ ਕੁਆੜੀਆਂ ਦਿਉਂ ਲਿਆ ਕੇ ਸੜਿਆ ਜਾ ਇੰਜਨ, ਲੱਕੜ ਦੇ ਗੱਡੇ ‘ਤੇ ਧਰਕੇ ਗਾਰੇ ਚਿੱਕੜ ‘ਚ ਚੱਲਣ ਆਲਾ ਆਵਦਾ ਈ ਤੋਰੀ ਫੁੱਲਕਾ ਚਲਾ ਲਿਆ। ਪਿੰਡੋਂ ਮੰਡੀ ਤੇ ਮੰਡੀਉਂ ਪਿੰਡ ਦੇ ਲਾ ਲਾ ਗੇੜੇ ਆਥਣ ਨੂੰ ਸੌ ਦਾ ਨੋਟ ਕੁੱਟ ਕੇ ਧਰ ਦਿੰਦਾ।”
ਇੱਕ ਦੂਜੇ ਤੋਂ ਵਧਕੇ ਵੱਡੇ ਵੱਡੇ ਗੱਪ ਮਾਰਦਿਆਂ ਨੂੰ ਸੁਣ ਕੇ ਬਾਬਾ ਨਾਜ਼ਰ ਸਿਉਂ ਕਹਿੰਦਾ, ”ਕਿਉਂ ਯਾਰ ਧਰਤੀ ਪੁੱਠੀ ਕਰਨੀ ਲਈ ਐ ਮਾਰ ਮਾਰ ਗਪੌੜ ਸਿਉਂ। ਕਿਸਤੀਆਂ ਤਾਂ ਸੁਣਦੇ ਆਉਣੇਂ ਆਂ ਬਈ ਪਾਣੀ ‘ਚ ਕਿਸ਼ਤੀਆਂ ਚਲਦੀਆਂ ਹੁੰਦੀਆਂ, ਆਹ ਬੱਸਾਂ ਕਿਮੇਂ ਚੱਲਣਗੀਆਂ ਯਾਰ। ਕੋਈ ਹੋਰ ਗੱਲ ਵੀ ਕਰ ਲੋ। ਜਿਉਂ ਲੱਗੇ ਐਂ ਤੜਕੇ ਦੇ ਗੱਪ ਮਾਰਨ, ਸਾਹ ਮਨ੍ਹੀ ਲੈਂਦੇ।”
ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਤੂੰ ਝੂਠ ਮੰਨਦੈਂ ਬਾਬਾ ਬਈ ਪਾਣੀ ਆਲੀਆਂ ਬੱਸਾਂ ਨਹੀਂ ਚੱਲੀਆਂ।”
ਬਾਬਾ ਕਹਿੰਦਾ, ”ਹੋਰ ਕੀ ਐ ਇਹੇ। ਤੁਸੀਉਂ ਈਂ ਕਹੀ ਜਾਨੇ ਐ, ਹੋਰ ਤਾਂ ਕਿਸੇ ਤੋਂ ਸੁਣੀ ਨ੍ਹੀ ਇਹ ਗੱਲ। ਆਹ ਕੱਲ੍ਹ ਪਰਸੋਂ ਐਥੇ ਚੰਨੂ ਆਣੇ ਆਲਾ ਜੈਲਾ ਵਪਾਰੀ ਸਾਰੀ ਦਿਹਾੜੀ ਸੱਥ ‘ਚ ਬੈਠਾ ਗਿਆ। ਨਾਲੇ ਉਹਦੇ ਪਿੰਡ ਦੇ ਨਾਲ ਦੀ ਵੱਡੀ ਨਹਿਰ ਨੰਘਦੀ ਐ। ਉਹਨੇ ਤਾਂ ਦੱਸਿਆ ਨ੍ਹੀ ਬਈ ਸਾਡੇ ਪਿੰਡ ਆਲੀ ਨਹਿਰ ‘ਚ ਤਾਂ ਬੱਸਾਂ ਚੱਲ ਵੀ ਪੀਆਂ। ਤੁਸੀਂ ਪਤੰਦਰੋ ਚੌਰਸ ਈ ਛੱਡੀ ਜਾਨੇ ਉਂ। ਮਾੜਾ ਮੋਟਾ ਗੋਲ ਗਾਲ ਤਾਂ ਕਰ ਲਿਆ ਕਰੋ ਜਿਹੜਾ ਰੁੜ੍ਹ ਰੜ੍ਹ ਵੀ ਪਵੇ।”
ਸੀਤਾ ਮਰਾਸੀ ਬਾਬੇ ਨਾਜਰ ਸਿਉਂ ਨੂੰ ਕਹਿੰਦਾ, ”ਆਹ ਆਪਣੇ ਪਿੰਡ ਆਲਾ ਬਾਬਾ ਸ਼ੇਰ ਸਿਉਂ ਪਾਣੀ ਆਲੀ ਬੱਸ ‘ਤੇ ਈ ਚੜ੍ਹਕੇ ਗਿਆ ਸੀ ਚੰਦੀਗੜ੍ਹੋਂ ਪੀਜੀ ਪੂਜੀ ਆਲੇ ਹੱਥਪਤਾਲੋਂ ਦੁਆਈ ਬੂਟੀ ਲੈਣ। ਉਹਨੂੰ ਪੁੱਛ ਲੋ ਬਈ ਪਾਣੀ ਆਲੀਆਂ ਬੱਸਾਂ ਚੱਲੀਆਂ ਵੀਆਂ ਕੁ ਨਹੀਂ। ਉਹ ਤਾਂ ਨ੍ਹੀ ਝੂਠ ਮਾਰਦਾ ਬੁੜ੍ਹਾ ਬੰਦਾ।”
ਬੁੱਘਰ ਦਖਾਣ ਬੋਲਿਆ, ”ਉਹ ਆ ਗਿਆ ਬਈ, ਦੁਆਈ ਲੈ ਕੇ ਮੁੜਿਆਇਆ?”
ਭਜਨੇ ਰਾਠ ਕਾ ਮੋਠਾ ਕਹਿੰਦਾ, ”ਸ਼ੇਰ ਸਿਉਂ ਤਾਂ ਕਹੂਗਾ ਈ ਬਈ ਸਾਡੀ ਸਰਕਾਰ ਨੇ ਚਲਾਈਆਂ ਪਾਣੀ ਆਲੀਆਂ ਬੱਸਾਂ। ਪੱਕਾ ‘ਕਾਲੀ ਤਾਂ ਹੈ ਉਹੋ। ਜਿਉਂ ਜੰਮਿਆਂ ਪੰਥ ਪੰਥ ਈ ਕਰਦਾ ਰਹਿੰਦਾ।”
ਬਾਬਾ ਨਾਜਰ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਤੂੰ ਦੱਸ ਯਾਰ ਅਮਲੀਆ ਕੀ ਕਹੀ ਜਾਂਦੇ ਐ ਏਹੇ? ਆਹ ਹੁਣ ਸ਼ੇਰ ਸਿਉਂ ਨੂੰ ਪਾਣੀ ਆਲੀ ਬੱਸ ‘ਤੇ ਚੜ੍ਹਾਕੇ ਚੰਦੀਗੜ੍ਹ ਨੂੰ ਤੋਰੀ ਜਾਂਦੇ ਐ। ਉਹ ਵਚਾਰਾ ਬੁੜ੍ਹਾ ਬੰਦਾ ਕਦੇ ਪਿੰਡ ਦੀ ਜੂਹ ਨ੍ਹੀ ਟੱਪਿਆ।”
ਨਾਥਾ ਅਮਲੀ ਬਾਬੇ ਸ਼ੇਰ ਸਿਉਂ ਦੀ ਗੱਲ ਸੁਣਾਉਣ ਨੂੰ ਨੜੇ ਵਾਂਗੂੰ ਉੱਧੜ ਪਿਆ। ਬਾਬੇ ਨਾਜਰ ਸਿਉਂ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਬਾਬਾ ਫਿਰ ਬਾਬੇ ਸ਼ੇਰ ਸਿਉਂ ਦੀ ਵੀ। ਕਿਸੇ ਨੇ ਬਾਬੇ ਸ਼ੇਰ ਸਿਉਂ ਨੂੰ ਟਿੱਚਰ ‘ਚ ਕਿਤੇ ਕਹਿ ‘ਤਾ ਬਈ ਸੋਡੀ ਸਰਕਾਰ ਨੇ ਪਾਣੀ ਆਲੀਆਂ ਬੱਸਾਂ ਚਲਾ ‘ਤੀਆਂ। ਜਿਹੜੇ ਪੱਕੇ ‘ਕਾਲੀ ਐ, ਉਨ੍ਹਾਂ ਦੀ ਟਿਕਟ ਵੀ ਅੱਧੀ ਲੱਗਦੀ ਐ, ਪਰ ਬੱਸ ‘ਚ ਚੜ੍ਹਣ ਵੇਲੇ ਟਿੱਕਟਾਂ ਆਲੇ ਨੂੰ ਆਵਦਾ ਪੂਰਾ ਨਾਂਅ, ਗੋਤ ਦੱਸਣਾ ਪੈਂਦਾ ਕਿਉਂਕਿ ਉਨ੍ਹਾਂ ਕੋਲ ਪੱਕੇ ‘ਕਾਲੀਆਂ ਦੇ ਨਾਂਅ ਆਲੇ ਕਾਤਕ ਐ। ਟਿੱਚਰ ਆਲੇ ਨੇ ਬਾਬੇ ਸ਼ੇਰ ਸਿਉਂ ਨੂੰ ਇਹ ਗੱਲ ਤਾਂ ਕਹੀ ਸੀ ਕਿਉਂਕਿ ਸ਼ੇਰ ਸਿਉਂ ਬਜ਼ੁਰਗ ਹੋਣ ਕਰਕੇ ਬੋਲਣ ਵੇਲੇ ਕਈਆਂ ਗੱਲਾਂ ਉੱਲਟ ਪੁੱਲਟ ਬੋਲ ਜਾਂਦੈ। ਸ਼ੇਰ ਸਿਉਂ ਦਾ ਸੱਸਾ ਬੋਲਣ ਆਲਾ ਪੁਰਜਾ ਜਾਂ ਤਾਂ ਹੈਈ ਨ੍ਹੀ, ਜਾਂ ਫਿਰ ਖਰਾਬ ਖਰੂਬ ਹੋਇਆ ਵਿਆ ਹੋਣਾ। ਉਹ ਸੱਸੇ ਦੀ ਥਾਂ ਫੱਫਾ ਈ ਬੋਲ ਜਾਂਦਾ। ਜਦੋਂ ਕੋਈ ਬਾਬੇ ਸ਼ੇਰ ਨੂੰ ਉਹਦਾ ਨਾਂ ਪੁੱਛਦਾ, ਬਾਬਾ ਫਿਰ ਆਵਦਾ ਪੂਰਾ ਨਾਂਅ ਦੱਸੂ। ਸ਼ੇਰ ਸਿੰਘ ਸਿੱਧੂ ਕਹਿਣ ਦੀ ਥਾਂ ਕਹੂ, ਫੇਰ ਫਿੰਘ ਫਿੱਧੂ। ਅੱਗੇ ਤਾਂ ਬਾਬਾ ਸ਼ੇਰ ਸਿਉਂ ਆਪਣੇ ਪਿੰਡ ਆਲੇ ਡਾਕਦਾਰ ਤੋਂ ਈ ਦੁਆਈ ਬੂਟੀ ਲੈ ਲੈਂਦਾ ਸੀ, ਹੁਣ ਜਦੋਂ ਪਾਣੀ ਆਲੀਆਂ ਬੱਸਾਂ ਤੇ ਅੱਧੀ ਟਿੱਕਟ ਆਲੀ ਗੱਲ ਆ ਗੀ, ਹੁਣ ਬਾਬੇ ਨੇ ਲਾਲਚ ‘ਚ ਚੰਦੀਗੜ੍ਹ ਨੂੰ ਤਿਆਰੀ ਖਿੱਚ ਲੀ। ਐਥੋਂ ਪਿੰਡੋਂ ਤਾਂ ਸ਼ੇਰ ਸਿਉਂ ਆਤਮੇ ਕੇ ਬਿੱਲੂ ਦੇ ਖੱਚਰ ਰੇਹੜੇ ‘ਤੇ ਚੜ੍ਹ ਗਿਆ ਨਹਿਰ ਤੱਕ। ਚੰਨੂੰ ਆਣੇ ਆਲੀ ਨਹਿਰ ‘ਤੇ ਜਾ ਕੇ ਬਾਬਾ ਨਹਿਰ ਦੇ ਕੰਢੇ ‘ਤੇ ਖੜ੍ਹਕੇ ਪਾਣੀ ਆਲੀ ਬੱਸ ‘ਡੀਕਣ ਲੱਗ ਪਿਆ। ਡੂਢ ਦੋ ਘੈਂਟੇ ਨਹਿਰ ਕਨਾਰੇ ਖੜ੍ਹੇ ਸ਼ੇਰ ਸਿਉਂ ਨੂੰ ਚੱਕਰ ਆ ਗਿਆ। ਬੇਹੋਸ਼ ਹੋ ਕੇ ਬਾਬਾ ਨਹਿਰ ‘ਧੜੱਮ ਦੇਣੇ ਡਿੱਗ ਪਿਆ। ਬਾਬੇ ਦੇ ਕਰਮਾਂ ਨੂੰ ਉੱਥੋਂ ਦੀ ਕਿਤੇ ਦੋ ਨੌਜੁਆਨ ਮੁੰਡੇ ਨੰਘੇ ਜਾਂਦੇ ਸੀ, ਉਨ੍ਹਾਂ ਨੇ ਬਾਬੇ ਨੂੰ ਕੱਢ ਕੇ ਬਾਘੇ ਆਲੇ ਹੱਥਪਤਾਲ ‘ਚ ਪਚਾ ‘ਤਾ। ਓੱਥੇ ਆਲੇ ਡਾਕਦਾਰ ਨੇ ਬਾਬੇ ਨੂੰ ਚੰਦੀਗੜ੍ਹ ਆਲੇ ਵੱਡੇ ਹੱਥਪਤਾਲ ਘੱਲ ‘ਤਾ’। ਤਿੰਨਾਂ ਦਿਨਾਂ ਪਿੱਛੋਂ ਜਦੋਂ ਸ਼ੇਰ ਸਿਉਂ ਨੂੰ ਸੁਰਤ ਆਈ ਤਾਂ ਉਹਨੇ ਨਾਲ ਆਲੇ ਮੰਜੇ ‘ਤੇ ਪਏ ਮਰੀਜ ਨੂੰ ਪੁੱਛਿਆ ‘ਕਿਹੜੀ ਥਾਂ ਬਈ ਇਹੇ’? ਉਹਨੇ ਦੱਸਿਆ ਕਿ ਇਹ ਚੰਦੀਗੜ੍ਹ ਆਲਾ ਪੀ ਜੀ ਹੱਥਪਤਾਲ ਐ’। ਬਾਬਾ ਬੜਾ ਖੁਸ਼ ਹੋਇਆ ਬਈ ਪਾਣੀ ਆਲੀ ਬੱਸ ‘ਚ ਤਾਂ ਪਤਾ ਈ ਨ੍ਹੀ ਲੱਗਿਆ ਚੰਦੀਗੜ੍ਹ ਆ ਗਿਆ? ਜਦੋਂ ਬਾਬੇ ਨੇ ਮਾੜੀ ਮੋਟੀ ਸੁਰਤ ਫੜ੍ਹੀ ਤਾਂ ਡਾਕਦਾਰਾਂ ਨੇ ਬਾਬੇ ਨੂੰ ਪੁੱਛਿਆਂ ਕਿ ਤੇਰਾ ਨਾਂਅ ਪਤਾ ਕੀ ਅ੍ਹੈ? ਸ਼ੇਰ ਸਿਉਂ ਪਿੰਡ ਦਾ ਨਾਂ ਦੱਸ ਕੇ ਕਹਿੰਦਾ ਮੇਰਾ ਨਾਂਅ ਫੇਰ ਫਿੰਘ ਫਿੱਧੂ ਐ। ਉਨ੍ਹਾਂ ਨੇ ਘਰੇ ਸਨੇਹਾ ਭੇਜ ‘ਤਾ ਬਈ ਫੇਰ ਫਿੰਘ ਫਿੱਧੂ ਨਾਂਅ ਦਾ ਇੱਕ ਬੁੜ੍ਹਾ ਐਥੇ ਚੰਦੀਗੜ੍ਹ ਹੱਥਪਤਾਲ ‘ਚ ਦਾਖਲ ਐ। ਜਦੋਂ ਬਾਬੇ ਦੇ ਮੁੰਡਿਆਂ ਤੇ ਦੋ ਤਿੰਨ ਹੋਰਾਂ ਨੇ ਬਾਬੇ ਨੂੰ ਹੱਥਪਤਾਲ ‘ਚ ਜਾ ਕੇ ਪੁੱਛਿਆ ਬਈ ‘ਤੂੰ ਐਥੇ ਕਿਮੇਂ ਆ ਗਿਐਂ ਬਾਪੂ’? ਤਾਂ ਬਾਬਾ ਸ਼ੇਰ ਸਿਉਂ ਕਹਿੰਦਾ ‘ਮੈਂ ਤਾਂ ਦੁਆਈ ਬੂਟੀ ਲੈਣ ਆਇਆ ਫੀ, ਇਨ੍ਹਾਂ ਨੇ ਮੈਨੂੰ ਦਾਖਲ ਕਰ ਲਿਆ’। ਮੁੰਡਿਆਂ ਨੇ ਪੁੱਛਿਆ ‘ਆਇਆ ਕਾਸਤੇ ਐਂ ਤੂੰ’? ਅਕੇ ਸ਼ੇਰ ਸਿਉਂ ਕਹਿੰਦਾ ‘ਕੀ ਗੱਲਾਂ ਪੁੱਛਦੇ ਐਂ, ਫਾਡੀ ਫਰਕਾਰ ਨੇ ਜਿਹੜੀਆਂ ਪਾਣੀ ਆਲੀਆਂ ਬੱਫਾਂ ਚਲਾਈਆਂ, ਤਰਦੀਆਂ ਤੁਰੀਆਂ ਜਾਂਦੀਐਂ। ਨਾ ਕੋਈ ਹਲਾਰਾ ਨਾ ਕੋਈ ਪਾਣੀ ‘ਚ ਉੱਖਲੀ। ਜਿਉਂ ਚੜ੍ਹਿਆਂ ਚੰਨੂੰ ਆਣੇ ਆਲੀ ਨਹਿਰ ਤੋਂ ਬੱਫ ‘ਚ, ਚੰਦੀਗੜ੍ਹ ਤੱਕ ਫੁੱਤਾ ਈ ਆਇਆਂ’। ਚੰਦੀਗੜ੍ਹੋਂ ਤਿੰਨਾਂ ਚਾਰਾਂ ਦਿਨਾਂ ਪਿੱਛੋਂ ਮੁੰਡੇ ਘਰੇ ਲੈ ਕੇ ਆਏ ਬਾਬੇ ਨੂੰ । ਆਹ ਗੱਲ ਐ ਬਾਬੇ ਸ਼ੇਰ ਸਿਉਂ ਦੀ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੁਣ ਘਰੇ ਆ ਵੀ ਗਿਆ ਕੁ ਸ਼ਰਮ ਦਾ ਮਾਰਿਆ ਸਕੀਰੀ ‘ਚ ਬੈਠਾ ਬਈ ਲੋਕ ਕਹਿੰਦੇ ਹੋਣਗੇ ਖਣੀ ਸ਼ੇਰ ਸਿਉਂ ਨੇ ਘਰੋਂ ਦੁਖੀ ਹੋਏ ਨੇ ਈ ਨਹਿਰ ‘ਚ ਛਾਲ ਮਾਰਤੀ ਹੋਣੀ ਐਂ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਘਰੇ ਈ ਐ, ਹੋਰ ਕਿੱਥੇ ਜਾਣਾ ਓਹਨੇ। ਤੁਰਿਆ ਤਾਂ ਜਾਂਦਾ ਨ੍ਹੀ ਬੁੜ੍ਹੇ ਤੋਂ। ਚੰਦੀਗੜ੍ਹ ਆਲੇ ਡਾਕਦਾਰਾਂ ਨੇ ਲਾ ਲਾ ਸੂਏ ਬੁੜ੍ਹੇ ਦੇ ਪੁੜੇ ਇਉਂ ਕਰ ‘ਤੇ ਜਿਮੇਂ ਸੁੱਥੂ ‘ਚ ਤੂੜੀ ਭਰੀ ਹੁੰਦੀ ਐ। ਦੋਨੇਂ ਪੁੜੇ ਸੁੱਜ ਕੇ ਭੜੋਲਿਆਂ ਅਰਗੇ ਹੋਏ ਪਏ ਐ। ।”
ਮਰਾਸੀ ਦੀ ਗੱਲ ਸੁਣ ਕੇ ਬਾਬਾ ਨਾਜ਼ਰ ਸਿਉਂ ਕਹਿੰਦਾ, ”ਚੱਲੋ ਫੇਰ ਆਪਾਂ ਵੀ ਸ਼ੇਰ ਸਿਉਂ ਦਾ ਪਤਾ ਲਿਆਈਏ ਜਾ ਕੇ।” ਜਿਉਂ ਹੀ ਬਾਬਾ ਸੱਥ ‘ਚੋਂ ਉਠ ਕੇ ਸ਼ੇਰ ਸਿਉਂ ਦੇ ਘਰ ਨੂੰ ਤੁਰਿਆ ਤਾਂ ਬਾਕੀ ਦੇ ਸੱਥ ਵਾਲੇ ਵੀ ਬਾਬੇ ਦੇ ਨਾਲ ਹੀ ਉਠ ਕੇ ਤੁਰ ਪਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
1-604-751-1113 (ਕੈਨੇਡਾ)