ਮਨੁੱਖ ਦਾ ਦੁਨੀਆਂ ਵਿੱਚ ਪ੍ਰਵੇਸ਼

ਮਨੁੱਖ ਦਾ ਦੁਨੀਆਂ ਵਿੱਚ ਪ੍ਰਵੇਸ਼

ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆਂ ਵਿੱਚ ਸਾਡਾ ਪ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।
ਸਾਡੀ ਸਰੀਰਕ ਬਣਤਰ, ਕੁੱਖ ਅੰਦਰ ਪਲ ਰਿਹਾ ਭਰੂਣ, ਸਾਡਾ ਸੁਭਾਵਿਕ ਹੋਛਾਪਣ, ਸਾਡੇ ਪੂਰਵਜਾਂ ਦੇ ਪਥਰਾਟ ਅਤੇ ਸਾਡੇ ਡੀਐੱਨਏ ਅੰਦਰਲੀ ਵਿਉਂਤ ਆਦਿ ਇਸ ਤੱਥ ਉੱਤੇ ਵਿਸ਼ਵਾਸ ਦਿਵਾਉਂਦੇ ਹਨ। ਨਾਲ ਹੀ ਸਾਡੇ ਅਤੇ ਵਣਮਾਨਸੀ ਵਤੀਰੇ ‘ਚ ਸਮਾਨਤਾ ਵੀ ਪ੍ਰਤੱਖ ਹੈ। ਵਣਮਾਨਸ ਸਾਡੇ ਵਾਂਗ ਹੀ ਆਪਣੀਆਂ ਕਾਮਨਾਵਾਂ ਦੀ ਜੋਸ਼ੀਲੀ ਪੂਰਤੀ ਕਰਨ ਦੇ ਆਦੀ ਹਨ। ਉਹ ਵੀ ਈਰਖਾ ਅਤੇ ਸਾੜਾ ਕਰਦੇ ਹਨ। ਉਹ ਵੀ ਆਪਸ ‘ਚ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਹਨ। ਉਹ ਵੀ ਸੈਕਸ ਦੁਆਰਾ ਵਰਗਲਾਏ ਅਤੇ ਮੋਹ ਦੁਆਰਾ ਭਰਮਾਏ ਜਾਂਦੇ ਹਨ। ਉਹ ਵੀ ਹਉਮੈਂ ਦਾ ਪ੍ਰਗਟਾਵਾ ਸਾਡੇ ਵਾਂਗੂੰ ਹੀ ਕਰਦੇ ਹਨ। ਉਹ ਵੀ ਟੱਬਰ ‘ਚ ਵਿਚਰਦੇ ਹੋਏ ਆਪਣੇ ਬੱਚਿਆਂ ਦੀ ਸੰਭਾਲ ਮਨੁੱਖਾਂ ਵਾਂਗੂੰ ਹੀ ਕਰਦੇ ਹਨ।
ਸਵਾਲ ਇਹ ਹੈ ਕਿ ਵਣਾਂ ‘ਚ ਵਿਚਰ ਰਿਹਾ ਵਣਮਾਨਸ, ਵਣਮਾਨਸ ਦੀ ਹੀ ਦੂਜੀ ਨਸਲ ‘ਚ ਵਿਕਸਿਤ ਕਿਉਂ ਨਾ ਹੋਇਆ? ਉਸ ਨੇ ਵਿਕਸਿਤ ਹੁੰਦਿਆਂ ਵੱਖਰੀ ਦਿਸ਼ਾ ਕਿਉਂ ਅਪਣਾਈ ਕਿ ਮਨੁੱਖ ਬਣ ਗਿਆ?
ਹਰ ਜੀਵ ਜਿਉਂਦੇ ਰਹਿਣ ਲਈ ਹਰ ਰਾਹ ਅਪਣਾਉਣ ਲਈ ਤਿਆਰ ਰਹਿੰਦਾ ਹੈ। ਇਸ ਮੰਤਵ ਨਾਲ ਆਪਣੇ ਦੁਆਲੇ ਦੇ ਅਨੁਕੂਲ ਢਲਣ ਦੇ ਯਤਨ ਕਰਦਾ ਰਹਿੰਦਾ ਹੈ। ਦੁਆਲਾ ਬਦਲਣ ‘ਤੇ ਜੀਵ ਬਦਲੇ ਹਾਲਾਤ ਅਨੁਕੂਲ ਢਲਣਾ ਸ਼ੁਰੂ ਕਰ ਦਿੰਦਾ ਹੈ। ਪ੍ਰਿਥਵੀ ਉਪਰਲੇ ਹਾਲਾਤ ਕਿਧਰੇ ਵੀ ਸਦਾ ਇਕਸਾਰ ਨਹੀਂ ਰਹਿੰਦੇ; ਇਹ ਸਮੇਂ ਨਾਲ ਬਦਲਦੇ ਰਹਿੰਦੇ ਹਨ। ਇੱਥੋਂ ਤਕ ਕਿ ਦੀਪ ਅਤੇ ਮਹਾਂਦੀਪ ਵੀ ਏਧਰ-ਓਧਰ ਖਿਸਕਦੇ ਹੋਏ, ਮੌਸਮਾਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਅਜਿਹਾ ਪ੍ਰਿਥਵੀ ਦੁਆਲੇ ਦੀਆਂ ਪਲੇਟਾਂ ਦੇ ਪਿਘਲੇ ਲਾਵੇ ਉਪਰ ਟਿਕੇ ਹੋਣ ਕਾਰਨ ਹੁੰਦਾ ਹੈ। ਇਹੋ ਪਲੇਟਾਂ ਮਹਾਂਦੀਪਾਂ ਦੀ ਨੀਂਹ ਅਤੇ ਮਹਾਂਸਾਗਰਾਂ ਦੇ ਤਲ ਹਨ। ਲਗਭਗ ਕਰੋੜ ਵਰ੍ਹੇ ਪਹਿਲਾਂ ਦੋ ਪਲੇਟਾਂ ਦੇ ਆਪਸ ‘ਚ ਟਕਰਾਉਣ ਕਾਰਨ ਹਿਮਾਲਿਆ ਪਰਬਤ ਸਾਗਰ ਵਿੱਚ ਉਭਰਨ ਲੱਗਿਆ ਸੀ। ਫਲਸਰੂਪ, ਅਫ਼ਰੀਕਾ ਵਿੱਚ ਭੂਮੀ ਥੱਲੇ ਨਿਘਰ ਗਈ ਸੀ ਜਿਸ ਦੇ ਸਿੱਟੇ ਵਜੋਂ ਰਿਫਟ ਘਾਟੀ ਹੋਂਦ ‘ਚ ਆਈ। ਇੱਕ ਵੱਖਰੇ ਖੇਤਰ ‘ਚ ਪਨਾਮਾ ਦਾ ਭੂ-ਜੋੜ ਉੱਭਰ ਆਇਆ ਜਿਸ ਨੇ ਅੰਧ-ਮਹਾਂਸਾਗਰ ਅਤੇ ਸ਼ਾਂਤ-ਮਹਾਂਸਾਗਰ ਵਿਚਕਾਰ ਰੌਆਂ ਦਾ ਵਗਣਾ ਰੋਕ ਦਿੱਤਾ। ਭੂਗੋਲਿਕ ਪੱਧਰ ‘ਤੇ ਆਏ ਅਜਿਹੇ ਪਰਿਵਰਤਨਾਂ ਕਾਰਨ ਵਰਖਾ ਦੇ ਵਤੀਰੇ ‘ਚ ਭਾਰੀ ਬਦਲਾਅ ਆਏ। ਹੋਰ ਸਥਾਨਾਂ ‘ਤੇ ਵੀ ਵਰਖਾ ਦੇ ਘਟਣ-ਵਧਣ ਦਾ ਪ੍ਰਭਾਵ ਪਿਆ, ਪਰ ਪੂਰਬੀ ਅਫ਼ਰੀਕਾ ਦੀ ਰਿਫਟ ਘਾਟੀ ਦੇ ਪੂਰਬ ‘ਚ ਮੌਜੂਦ ਵਰਖਾ-ਵਣ, ਵਰਖਾ ਘਟਦੀ ਜਾਣ ਕਾਰਨ ਛਿਦਰੇ ਹੁੰਦੇ ਹੁੰਦੇ ਘਾਹ ਮੈਦਾਨ ਬਣ ਗਏ। ਅਜਿਹਾ ਹੁੰਦਿਆਂ 30 ਲੱਖ ਵਰ੍ਹੇ ਬੀਤ ਗਏ ਸਨ।
ਮੈਦਾਨ ਬਣਦੇ ਜਾ ਰਹੇ ਇਨ੍ਹਾਂ ਵਣਾਂ ਵਿੱਚ ਰਹਿੰਦੇ ਵਣਮਾਨਸ ਨੂੰ ਬਦਲ ਰਹੇ ਹਾਲਾਤ ਅਨੁਕੂਲ ਸਹਿਜੇ ਸਹਿਜੇ ਬਦਲਣ ਲਈ ਮਜਬੂਰ ਹੋਣਾ ਪਿਆ। ਰੁੱਖ ਘਟਣ ਅਤੇ ਇਨ੍ਹਾਂ ਵਿਚਕਾਰ ਫਾਸਲੇ ਵਧਣ ਕਾਰਨ ਰੁੱਖਾਂ ਆਸਰੇ ਵਿਚਰਦੇ ਵਣਮਾਨਸ ਨੂੰ ਸਿੱਧਾ ਖਲੋ ਕੇ ਚੱਲਣ ਦੀ ਜਾਚ ਸਿੱਖਣੀ ਪਈ। ਨਵਾਂ ਵਤੀਰਾ ਧਾਰਨ ਕਰਨ ‘ਚ ਵਣਮਾਨਸ ਨੂੰ ਓਨਾ ਹੀ ਸਮਾਂ ਲੱਗਿਆ ਜਿੰਨਾ ਵਣਾਂ ਦੇ ਘਾਹ ਮੈਦਾਨ ਬਣਨ ‘ਚ ਲੱਗਿਆ ਸੀ। ਸਿੱਧਾ ਖਲੋ ਕੇ ਦੋ ਟੰਗਾਂ ਉਪਰ ਚੱਲ ਰਿਹਾ ਵਣਮਾਨਸ ਵੱਖਰੀ ਨਸਲ ਆਸਟ੍ਰੇਲੋਪਿਥੀਕਸ ਵਿੱਚ ਬਦਲ ਗਿਆ ਸੀ ਜਿਸ ਦੇ ਪਥਰਾਟ ਅਫ਼ਰੀਕਾ ਦੇ ਭਿੰਨ ਭਿੰਨ ਖੇਤਰਾਂ ‘ਚੋਂ ਹਾਲੇ ਵੀ ਮਿਲ ਰਹੇ ਹਨ।
ਲਾਤੀਨੀ ਅਤੇ ਯੂਨਾਨੀ, ਦੋ ਸ਼ਬਦਾਂ ਦੇ ਬਣੇ ‘ਆਸਟ੍ਰੇਲੋਪਿਥੀਕਸ’ ਦੇ ਅਰਥ ਦੱਖਣੀ ਵਣਮਾਨਸ ਹਨ। ਇਹ ਨਾਮ ਇਸ ਲਈ ਪਿਆ ਕਿਉਂਕਿ ਇਸ ਦਾ ਪਹਿਲਾ ਪਥਰਾਟ ਦੱਖਣੀ ਅਫ਼ਰੀਕਾ ‘ਚੋਂ ਮਿਲਿਆ ਸੀ। ਅੱਜ ਤੋਂ 30-40 ਲੱਖ ਵਰ੍ਹੇ ਪਹਿਲਾਂ ਵਿਚਰ ਰਿਹਾ ਸਾਡਾ ਇਹ ਪੂਰਵਜ ਸਰੀਰ ਅਤੇ ਸਿਰ ਦੇ ਆਕਾਰ ਪੱਖੋਂ ਤਾਂ ਵਣਮਾਨਸ ਹੀ ਸੀ, ਪਰ ਇਸ ਦੀ ਸਿੱਧਾ ਖਲੋ ਕੇ ਦੋ ਲੱਤਾਂ ਉਪਰ ਤੁਰਨ ਦੀ ਮਨੁੱਖੀ ਆਦਤ ਵੀ ਪੱਕ ਗਈ ਸੀ। ਜਿਥੇ ਇਹ ਵਿਚਰ ਰਿਹਾ ਸੀ ਉੱਥੇ ਟਾਂਵੇ ਟਾਂਵੇ ਰੁੱਖਾਂ ਵਿਚਕਾਰ ਉੱਚਾ ਘਾਹ ਸੀ ਅਤੇ ਘਾਹ ਮੈਦਾਨਾਂ ‘ਚ ਕਿਧਰੇ ਵਗਦਾ ਪਾਣੀ ਸੀ ਅਤੇ ਕਿਧਰੇ ਖਲੋਤਾ ਪਾਣੀ। ਖਾਣ ਲਈ ਫ਼ਲਾਂ ਦੀ ਤੋਟ ਸੀ। ਇਸ ਲਈ ਇਸ ਵਣਮਾਨਸ ਜਿਹੇ ਮਨੁੱਖ ਨੂੰ ਪੇਟ ਭਰਨ ਲਈ ਏਧਰ-ਓਧਰ ਭਟਕਣਾ ਪੈ ਰਿਹਾ ਸੀ। ਨਿਹੱਥੇ, ਰੋਮਾਂ ਕੱਜੇ ਸਰੀਰ ਵਾਲੇ ਇਸ ਪ੍ਰਾਣੀ ਕੋਲ ਜੰਗਲੀ ਜਾਨਵਰਾਂ ਤੋਂ ਬਚਾਓ ਲਈ ਨਾ ਨਹੁੰਦਰਾਂ ਤੇ ਨੋਕੀਲੇ ਦੰਦ ਸਨ ਅਤੇ ਨਾ ਹੀ ਇਹ ਹਾਲੇ ਨੱਠ ਸਕਣ ਯੋਗ ਹੋਇਆ ਸੀ। ਆਲੇ-ਦੁਆਲੇ ਨੂੰ ਦੂਰ ਦੂਰ ਤਕ ਸਿੱਧਾ ਖਲੋ ਕੇ ਭਾਂਪਦਿਆਂ ਇਸ ਨੂੰ ਪੈਰ ਪੁੱਟਣੇ ਪੈ ਰਹੇ ਸਨ। ਅਜਿਹੀ ਸਥਿਤੀ ਅਧੀਨ ਇਸ ਦੇ ਦਿਮਾਗ਼ ‘ਚ ਹਿਲਜੁਲ ਹੋਣ ਲੱਗੀ ਅਤੇ ਇਸ ‘ਚੋਂ ਸੂਝ-ਸਮਝ ਪੁੰਗਰਨ ਲੱਗੀ।
ਖਾਣ ਨੂੰ ਮਿਲਣ ਦੀ ਤੋਟ ਹੋਣ ਕਰਕੇ ਪੇਟ ਭਰਨ ਦਾ ਕਿਧਰੋਂ ਹੋਰ ਪ੍ਰਬੰਧ ਨਹੀਂ ਸੀ ਹੁੰਦਾ ਤਾਂ ਦੱਖਣੀ ਵਣਮਾਨਸ ਸ਼ਿਕਾਰੀ ਜਾਨਵਰਾਂ ਦੀ ਜੂਠ ਚੂੰਢਣੋਂ-ਚੱਟਣੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਇਸ ਪ੍ਰਕਾਰ ਇਸ ਦੀ ਮਾਸ ਖਾਣ ਦੀ ਰੁਚੀ ਬਲਵਾਨ ਹੋਈ। ਸੂਝਵਾਨ ਹੁੰਦੇ ਜਾ ਰਹੇ ਦਿਮਾਗ਼ ਦੀ ਅਗਵਾਈ ਅਧੀਨ ਜੰਗਲੀ ਜਾਨਵਰਾਂ ਤੋਂ ਆਪਣੇ ਬਚਾਅ ਲਈ ਇਸ ਨੇ ਇੱਕ ਹੱਥ ਵਿੱਚ ਡਾਂਗ ਫੜ ਲਈ ਅਤੇ ਦੂਜੇ ‘ਚ ਪੱਥਰ ਚੁੱਕ ਲਿਆ ਜਿਸ ਨੂੰ ਦੂਰ ਸੁੱਟਣ ਦਾ ਤਰੀਕਾ ਵੀ ਇਸ ਨੂੰ ਆ ਗਿਆ ਸੀ। ਇਨ੍ਹਾਂ ਦੋਵਾਂ ਹਥਿਆਰਾਂ ਦਾ ਉਪਯੋਗ ਇਹ ਛੋਟੇ-ਮੋਟੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਵੀ ਕਰਨ ਲੱਗਿਆ। ਵਤੀਰੇ ‘ਚ ਆ ਰਹੇ ਅਜਿਹੇ ਪਰਿਵਰਤਨਾਂ ਦੇ ਬਾਵਜੂਦ ਇਸ ਨੇ ਰੁੱਖਾਂ ਨਾਲ ਆਪਣੇ ਲਗਾਓ ਦਾ ਤਿਆਗ ਨਹੀਂ ਸੀ ਕੀਤਾ। ਹੁਣ ਵੀ ਇਹ ਰੁੱਖਾਂ ਉਪਰ ਚੜ੍ਹ-ਉਤਰ ਰਿਹਾ ਸੀ ਅਤੇ ਰਾਤਾਂ ਰੁੱਖਾਂ ਉਪਰ ਹੀ ਬਿਤਾ ਰਿਹਾ ਸੀ।
ਅੱਜ ਤੋਂ 32 ਲੱਖ ਵਰ੍ਹੇ ਪਹਿਲਾਂ ਈਥੋਪੀਆ ਦੇ ਅਫਾਰ ਖੇਤਰ ‘ਚ ਵਿਚਰਦੀ ਇਸੇ ਨਸਲ ਦੀ ਇੱਕ ਯੁਵਤੀ ਦਾ ਲਗਪਗ ਪੂਰਾ ਪਿੰਜਰ ਮਿਲਿਆ ਹੈ ਜਿਸ ਦੀ ਮੌਤ ਪਾਣੀ ‘ਚ ਡੁੱਬਣ ਕਰਕੇ ਹੋਈ ਸੀ। ਇਸ ਯੁਵਤੀ ਦਾ 3.5 ਫੁੱਟ ਕੱਦ ਸੀ ਅਤੇ 30 ਕਿਲੋਗ੍ਰਾਮ ਵਜ਼ਨ ਸੀ। ਮਿਲੇ ਇਸ ਪਿੰਜਰ ਤੋਂ ਦੱਖਣੀ ਵਣਮਾਨਸ ਦੇ ਰੂਪ ਜਾਂ ਆਕਾਰ ਬਾਰੇ ਸਹੀ ਅਨੁਮਾਨ ਲਾਇਆ ਜਾ ਸਕਦਾ ਹੈ। ਲਗਭਗ ਹਰ ਪੱਖੋਂ ਦੁਰਬਲ ਦੱਖਣੀ ਵਣਮਾਨਸ ਕਠੋਰ ਜੰਗਲੀ ਵਾਤਾਵਰਨ ‘ਚ ਸੂਝਵਾਨ ਹੁੰਦੇ ਜਾ ਰਹੇ ਆਪਣੇ ਦਿਮਾਗ਼ ਕਾਰਨ ਹੀ ਆਪਣੀ ਹੋਂਦ ਬਣਾਈ ਰੱਖ ਸਕਿਆ ਜਿਹੜਾ ਇਸ ਦੇ ਵਿਹਲੇ ਹੋਏ ਹੱਥਾਂ ਨੂੰ ਵੀ ਆਹਰੇ ਲੱਗਣ ਲਈ ਉਕਸਾ ਰਿਹਾ ਸੀ। ਜਿਉਂ ਜਿਉਂ ਹੱਥ ਵਰਤੋਂ ‘ਚ ਆਉਂਦੇ ਰਹੇ, ਇਨ੍ਹਾਂ ਦੀਆਂ ਹਰਕਤਾਂ ਦੀ ਅਗਵਾਈ ਕਰ ਰਿਹਾ ਦਿਮਾਗ਼ ਵੀ ਤੀਖਣ ਬਣਦਾ ਰਿਹਾ।
ਸਾਡੇ ਪੂਰਵਜ ਦੀ ਜਿਹੜੀ ਅਗਲੀ ਨਸਲ ਹੋਂਦ ‘ਚ ਆਈ, ਉਹ ਪੱਥਰਾਂ ਨੂੰ ਤਰਾਸ਼ ਕੇ ਭਿੰਨ ਭਿੰਨ ਪ੍ਰਕਾਰ ਵਰਤੋਂ ਵਿੱਚ ਲਿਆ ਰਹੀ ਸੀ, ਸੰਦਾਂ ਵਜੋਂ ਵੀ ਅਤੇ ਹਥਿਆਰਾਂ ਵਜੋਂ ਵੀ। ਹੋਮੋ ਹੈਬੀਲਿਸ ਸੱਦੀ ਜਾਂਦੀ ਸਾਡੇ ਪੂਰਵਜਾਂ ਦੀ ਇਹ ਨਸਲ ਅੱਜ ਤੋਂ 20-25 ਲੱਖ ਵਰ੍ਹੇ ਪਹਿਲਾਂ ਰਿਫਟ ਘਾਟੀ ਖੇਤਰ ਵਿੱਚ ਅਤੇ ਇਸ ਦੇ ਆਲੇ-ਦੁਆਲੇ ਵਿਚਰ ਰਹੀ ਸੀ। ਹੋਮੋ ਅਤੇ ਹੈਬੀਲਿਸ ਲਾਤੀਨੀ ਸ਼ਬਦ ਹਨ ਜਿਨ੍ਹਾਂ ਦੇ ਅਰਥ ਹਨ ‘ਮਨੁੱਖ’ ਅਤੇ ‘ਕਾਰਗਰ’। ਇਹ ਕਾਰਗਰ ਮਨੁੱਖ ਸਹਿਚਾਰਕ ਜੀਵਨ ਬਿਤਾ ਰਿਹਾ ਸੀ। ਸਾਂਝੇ ਟਿਕਾਣਿਆਂ ‘ਚ ਵਿਚਰਦਿਆਂ ਇਹ ਮਿਲ-ਜੁਲ ਕੇ ਪੱਥਰ ਤਰਾਸ਼ ਅਤੇ ਸ਼ਿਕਾਰ ਕਰ ਰਿਹਾ ਸੀ। ਇਸ ਨੂੰ ਰਿੰਨ੍ਹਣ-ਪਕਾਉਣ ਦੀ ਜਚ ਨਹੀਂ ਸੀ ਸਗੋਂ ਇਹ ਅੱਗ ਤੋਂ ਦੂਰ ਰਹਿੰਦਾ ਸੀ।
ਅੱਗ ਦਾ ਉਪਯੋਗ ਕਰਨ ਦੀ ਜਾਚ ਅਗਲੀ ਵਿਕਸਿਤ ਹੋਈ ਨਸਲ, ਹੋਮੋ ਇਰੈਕਟਸ ਨੂੰ ਆ ਗਈ ਸੀ। ਲਾਤੀਨੀ ਸ਼ਬਦ ਇਰੈਕਟਸ ਦੇ ਅਰਥ ‘ਸਿੱਧਾ ਖਲੋਣ’ ਦੇ ਹਨ। ਕੱਦ-ਕਾਠ ਵੱਲੋਂ ਇਰੈਕਟਸ ਅੱਜ ਵਿਚਰ ਰਹੇ ਮਨੁੱਖ ਦਾ ਹੀ ਸਰੂਪ ਸੀ ਅਤੇ ਇਸ ਦੇ ਦਿਮਾਗ਼ ਦਾ ਆਕਾਰ ਵੀ ਮਨੁੱਖ ਜਿਹਾ ਹੀ ਪ੍ਰਭਾਵਸ਼ੀਲ ਸੀ, ਪਰ ਇਸ ਦਾ ਬੈਠਵੇਂ ਨੱਕ ਵਾਲਾ ਚਿਹਰਾ ਠੋਡੀਓਂ ਬਿਨਾਂ ਅਤੇ ਉੱਭਰਵੀਆਂ ਭਵਾਂ ਵਾਲਾ ਸੀ। ਇਸ ਦੇ ਢਿਲਕਵੇਂ ਮੋਢੇ ਅਤੇ ਲੰਬੀਆਂ ਬਾਹਵਾਂ ਸਨ। ਇਹ ਦੋ ਵਾਰ ਅਫ਼ਰੀਕਾ ਤੋਂ ਬਾਹਰ ਆਇਆ: ਪਹਿਲੀ ਵਾਰ 10 ਲੱਖ ਵਰ੍ਹੇ ਪਹਿਲਾਂ ਅਤੇ ਫਿਰ 5 ਲੱਖ ਵਰ੍ਹੇ ਪਹਿਲਾਂ। ਪਹਿਲੀ ਵਾਰ ਅਫ਼ਰੀਕਾ ਤੋਂ ਬਾਹਰ ਆਇਆ ਤਾਂ ਇਹ ਦੁਨੀਆਂ ਭਰ ‘ਚ ਫੈਲ ਗਿਆ, ਪਰ ਦੂਜੀ ਵਾਰ ਇਸ ਦਾ ਫੈਲਾਓ ਯੂਰਪ ਤਕ ਸੀਮਤ ਰਿਹਾ। ਇੱਥੋਂ ਦੇ ਬਰਫ਼ਾਨੀ ਵਾਤਾਵਰਨ ‘ਚ ਇਸ ਦਾ ਵਿਕਾਸ ਨਿਆਂਡਰਥਲ ਮਨੁੱਖ ‘ਚ ਹੋਇਆ।
ਅਫ਼ਰੀਕਾ ‘ਚ ਰਹਿ ਗਏ ਇਰੈਕਟਸ ਤੋਂ ਹੋਮੋ ਸੇਪੀਅਨਜ਼ ਵਿਕਸਿਤ ਹੋਏ। ਲਾਤੀਨੀ ਸ਼ਬਦ ਸੇਪੀਅਨਜ਼ ਦੇ ਅਰਥ ‘ਸਮਝਦਾਰ’ ਹਨ। ਸਮਝਦਾਰ ਮਨੁੱਖ ਵੀ ਅਫ਼ਰੀਕਾ ਤੋਂ ਬਾਹਰ ਆਇਆ ਅਤੇ ਅੱਜ ਤੋਂ 40,000 ਵਰ੍ਹੇ ਪਹਿਲਾਂ ਇਹ ਤਕਰੀਬਨ ਸਮੁੱਚੇ ਸੰਸਾਰ ‘ਚ ਫੈਲ ਗਿਆ, ਪਰ ਆਸਟਰੇਲੀਆ ਅਤੇ ਅਮਰੀਕਾ ਵਿੱਚ ਚਿਰਾਕਾ ਪੁੱਜਾ। ਦੁਨੀਆਂ ਭਰ ‘ਚ ਫੈਲਦਿਆਂ ਇਸ ਨੇ ਹਰ ਅਜਿਹੇ ਟਿਕਾਣੇ ਨੂੰ ਆਪਣੇ ਰਹਿਣ ਲਈ ਚੁਣਿਆ ਜਿੱਥੇ ਪਹਿਲਾਂ ਇਰੈਕਟਸ ਅਤੇ ਨਿਆਂਡਰਥਲ ਮਨੁੱਖ ਰਹਿ ਰਿਹਾ ਸੀ ਅਤੇ ਜਿਹੜੇ ਤਦ ਤਕ ਦੁਨੀਆਂ ‘ਚ ਵਿਚਰਦੇ ਨਹੀਂ ਸਨ ਰਹੇ। ਸੰਭਵ ਹੈ ਕਿ ਉਹ ਚਤੁਰ ਅਤੇ ਹਥਿਆਰਾਂ ਨਾਲ ਵੱਧ ਲੈਸ, ਸਮਝਦਾਰ ਮਨੁੱਖ ਦਾ ਸ਼ਿਕਾਰ ਬਣ ਕੇ ਲੋਪ ਹੋ ਗਏ ਸਨ।
ਵਣਾਂ ‘ਚ ਵਿਚਰਦਾ ਵਣਮਾਨਸ ਦਿਮਾਗ਼ ਦੇ ਲਗਾਤਾਰ ਵਿਕਸਿਤ ਹੁੰਦੇ ਰਹਿਣ ਕਰਕੇ ਹੀ ਸਮਝਦਾਰ ਸਭਿਆਚਾਰਕ ਮਨੁੱਖ ਵਿੱਚ ਵਿਕਸਿਤ ਹੋਇਆ। ਦਿਮਾਗ਼ ਵਿਕਸਿਤ ਹੁੰਦਾ ਰਹਿਣ ਦੇ ਨਾਲ-ਨਾਲ ਇਸ ਦੇ ਵਿਚਰਨ ਢੰਗ ਅਤੇ ਸਰੀਰਕ ਬਣਤਰ ਵਿੱਚ ਪਰਿਵਤਰਨ ਆਏ। ਦੋ ਲੱਤਾਂ ਉਪਰ ਤੁਰਨਾ ਸ਼ੁਰੂ ਕਰਨ ‘ਤੇ ਵਣਮਾਨਸ ਲਈ ਪਹਿਲਾਂ-ਪਹਿਲ ਸਰੀਰਕ ਸੰਤੁਲਨ ਬਣਾਈ ਰੱਖਣਾ ਸਹਿਲ ਨਹੀਂ ਸੀ। ਸਰੀਰਕ ਸੰਤੁਲਨ ਨੂੰ ਸੰਭਵ ਬਣਾਉਣ ਲਈ ਅਤੇ ਉਂਜ ਵੀ ਹੱਡੀਆਂ ਦੇ ਪਿੰਜਰ ‘ਚ ਇਉਂ ਪਰਿਵਤਰਨ ਆਏ: ਪੁੜੇ ਦੀ ਹੱਡੀ ਪਧਰਾਈ ਗਈ; ਰੀੜ੍ਹ ਦੀ ਹੱਡੀ ਸਿੱਧੀ ਹੋਈ ਅਤੇ ਸਿੱਧਾ ਖੜੋਣ ਕਾਰਨ ਇਹ ਕਪਾਲ ਨਾਲ ਹੇਠੋਂ ਜੁੜ ਗਈ; ਗੋਡੇ ਦੇ ਜੋੜ ‘ਚ ਫ਼ਰਕ ਪਿਆ ਅਤੇ ਬਾਹਾਂ ਦੀ ਲੰਬਾਈ ਘਟੀ ਜਦੋਂਕਿ ਲੱਤਾਂ ਦੀ ਲੰਬਾਈ ਵਧੀ ਜਿਸ ਦੇ ਫਲਸਰੂਪ ਕੱਦ ਲੰਬਾ ਹੋਇਆ। ਸਰੀਰ ਵਿੱਚ ਲਹੂ ਵਹਿਣੀਆਂ ਨੂੰ ਵੀ ਵੱਖਰੇ ਰਾਹ ਅਪਣਾਉਣੇ ਪਏ। ਹੱਥਾਂ ਦੀ ਪਕੜ ਵੱਖਰੀ ਮਜ਼ਬੂਤ ਹੋਈ ਅਤੇ ਅਜਿਹਾ ਉਦੋਂ ਹੋਇਆ, ਜਦੋਂ ਉਂਗਲਾਂ ਵਿਰੁੱਧ ਅੰਗੂਠਾ ਹਰਕਤ ਕਰਨ ਲੱਗਿਆ। ਅਜਿਹਾ ਹੋਣਾ ਸਭਿਆਚਾਰਕ ਜੀਵਨ ਦੇ ਪੁੰਗਰਨ ਲਈ ਅਤਿ ਮਹੱਤਵਪੂਰਨ ਸਿੱਧ ਹੋਇਆ। ਅਜਿਹਾ ਹੋਣ ਕਰਕੇ ਪੱਥਰ ਤਰਾਸ਼ਣਾ, ਹਥਿਆਰ ਅਤੇ ਸੰਦ ਬਣਾਉਣਾ ਵਰਤਣਾ ਅਤੇ ਫਿਰ ਅਗਾਂਹ ਚੱਲ ਕੇ ਕਲਮ ਅਤੇ ਔਜ਼ਾਰ ਫੜਨਾ ਸੰਭਵ ਹੋਇਆ। ਇਹ ਪਰਿਵਰਤਨ ਇੱਕ ਦੂਜੇ ਦੇ ਸਹਿਚਾਰ ‘ਚ ਆਉਂਦੇ ਹੋਏ ਮਨੁੱਖ ਬਣਨ ਜਾ ਰਹੇ ਵਣਮਾਨਸ ਨੂੰ ਦੁਆਲੇ ਵਿਆਪਕ ਹਾਲਾਤ ਅਨੁਕੂਲ ਵਿਚਰਨ ਯੋਗ ਬਣਾਉਂਦੇ ਰਹੇ।
ਹਾਲਾਤ ਅਨੁਕੂਲ ਢਲ ਚੁੱਕਿਆ ਅੱਜ ਦਾ ਮਨੁੱਖ ਕਾਸ਼ਤਕਾਰ, ਵਿਚਾਰਵਾਨ, ਵਿਦਵਾਨ, ਕਲਾਕਾਰ ਅਤੇ ਕਾਢਾਂ ਕੱਢ ਰਿਹਾ ਵਿਗਿਆਨੀ ਹੈ, ਪਰ ਨਾਲੋ-ਨਾਲ ਇਸ ਨੇ ਉਸ ਵਣਮਾਨਸ ਦਾ ਵਤੀਰਾ ਵੀ ਧਾਰਨ ਕਰ ਰੱਖਿਆ ਹੈ ਜਿਸ ਦੀ ਇਹ ਸੰਤਾਨ ਹੈ। ਇਸੇ ਕਾਰਨ ਮਨੁੱਖ ਦੇ ਜੀਵਨ ‘ਚ ਖੇੜੇ ਘੱਟ ਅਤੇ ਵਿਵਾਦ ਤੇ ਪਰੇਸ਼ਾਨੀਆਂ ਵੱਧ ਹਨ। ਇਸ ਦੇ ਬਾਵਜੂਦ ਮਨੁੱਖ ਦੁਨੀਆਂ ਦਾ ਉੱਤਮ ਅਤੇ ਅਦਭੁੱਤ ਪ੍ਰਾਣੀ ਹੈ। ਇਹ ਉਤਸੁਕਤਾ ਦਾ ਮੁਰੀਦ ਹੈ ਅਤੇ ਜੋ ਵੀ ਦੇਖਦਾ ਹੈ, ਉਸੇ ਦਾ ਇਤਿਹਾਸ ਜਾਣਨ ਲਈ ਬਿਹਬਲ ਹੋ ਜਾਂਦਾ ਹੈ। ਇਸ ਦਾ ਸੂਝਵਾਨ ਦਿਮਾਗ਼ ਅਜਿਹੀ ਕਲਪਨਾ ਦਾ ਜ਼ਖ਼ੀਰਾ ਹੈ ਜਿਹੜੀ ਸੁਪਨਿਆਂ ਦੇ ਖੁਮਾਰ ਨਾਲ ਸ਼ਰਸ਼ਾਰ ਹੈ ਅਤੇ:
ਜਿਸ ਸੇ ਤਖ਼ੀਅਲ ਪੇ ਬਿਜਲੀਆਂ ਬਰਸੇਂ,
ਜਿਸ ਕੀ ਰਫ਼ਾਕਤ ਕੋ ਸ਼ੋਖ਼ੀਆਂ ਤਰਸੇਂ।

– ਸੁਰਜੀਤ ਸਿੰਘ ਢਿੱਲੋਂ