ਸਨਮਾਨ

ਸਨਮਾਨ 

ਮੈਂ ਆਪਣੇ ਰਿਸ਼ਤੇਦਾਰ ਨੂੰ ਦਿੱਲੀ ਹਵਾਈ ਅੱਡੇ ਲਈ ਚੱਲਣ ਵਾਲੀ ਟੈਕਸੀ ਚੜਾਉਣ ਲਈ ਸ਼ਹਿਰ ‘ਚ ਬਣੇ ਇਸ ਟੈਕਸੀਸਟੈਂਡ ਤੇ ਆਇਆ ਸੀ।ਨਾਲ ਆਏ ਸਭ ਆਪੋ-ਆਪਣੀਆਂ ਗੱਲਾਂ ਵਿੱਚ ਰੁੱਝ ਗਏ। ਮੇਰੀ ਨਜ਼ਰ ਸਾਹਮਣੇ ਬਣੇ ਛੋਟੇ ਜਿਹੇ ਪਾਰਕ ਅਤੇ ਉਸ ਵਿੱਚ ਲੱਗੇ ਮਹਾਨ ਦੇਸ਼ ਭਗਤ ਦੇ ਬੁੱਤ ਤੇ ਚਲੀ ਗਈ। ਮੈਂ ਉਸ ਬੁੱਤ ਕੋਲ ਆ ਗਿਆ। ਪਾਰਕ ਦੀ ਸਫਾਈ ਪੱਖੋਂ ਹਾਲਤ ਬੜੀ ਮਾੜੀ ਸੀ।ਉੱਚਾ-ਉੱਚਾ ਉਗਿਆ ਘਾਹ, ਲੋਕਾਂ ਵੱਲੋਂ ਖਾ-ਪੀ ਸੁੱਟੀਆਂ ਬੋਤਲਾਂ-ਪਲੇਟਾਂ ਅਤੇ ਹੋਰ ਗੰਦ। ਬੁੱਤ ਦੀ ਹਾਲਤ ਵੀ ਸਫਾਈ ਵੱਲੋਂ ਬੜੀ ਭੈੜੀ, ਮਿੱਟੀ ਦੀ ਮੋਟੀ ਪਰਤ ਅਤੇ ਜਾਨਵਰਾਂ ਦੀਆਂ ਬਿੱਠਾਂ ਨੇ ਰੰਗੋਂ ਬੇਰੰਗ ਕੀਤਾ ਹੋਇਆ ਸੀ। ਅਜਿਹੀ ਹਾਲਤ ਵੇਖ ਅੱਖਾਂ ਵਿੱਚ ਪਾਣੀ ਆ ਗਿਆ। ਅਸੀਂ ਉਨ੍ਹਾਂ ਦੀ ਕੀਤੀ ਕੁਰਬਾਨੀ ਦਾ ਆਹ ਮੁੱਲ ਪਾ ਰਹੇ ਹਾਂ। ”ਸਾਥੀ, ਉਦਾਸ ਨਾ ਹੋ। ਕੋਈ ਗੱਲ ਨਹੀਂ।ਮੈਂ ਤਾਂ ਖੁਦ ਮਿਹਨਤਕਸ਼ ਲੋਕਾਂ ਵਿੱਚੋਂ ਹਾਂ, ਨਾ ਕਿ ਚਿਟਕਪੜੀਆਂ ਵਿਚੋਂ।ਮੈਨੂੰ ਆਪਣੀ ਹਾਲਤ ਤੇ ਕੋਈ ਰੋਸਾ ਨਹੀਂ।” ਬੁੱਤ ਮੈਨੂੰ ਉਦਾਸ ਵੇਖ ਚੁੱਪ ਨਾ ਰਹਿ ਸਕਿਆ। ”ਪਰ ਇਸ ਤਰ੍ਹਾਂ ਦੀ ਹਾਲਤ ਵੇਖ ਜਰ ਨਹੀਂ ਹੁੰਦਾ।” ਮੈਂ ਆਪਣੇ ਵਹਿਣ ਵਿਚੋਂ ਹੀ ਜਵਾਬ ਦਿੱਤਾ। ”ਸਾਥੀ, ਇਹ ਤਾਂ ਬੁੱਤ ਹੈ, ਦੇਸ਼ ਦੀ ਹਾਲਤ ਵੇਖ, ਮੈਨੂੰ ਇੱਥੋਂ ਰੋਜਾਨਾ ਬਾਹਰ ਜਾ ਰਹੇ ਲੋਕਾਂ ਨੂੰ ਵੇਖਣ-ਸੁਣਨ ਨੂੰ ਮਿਲਦਾ ਹੈ। ਜਦੋਂ ਕੋਈ ਆਪਣੀ ਬਚੀ ਜ਼ਮੀਨ ਵੇਚ ਪੁੱਤ ਨੂੰ ਰੋਜਗਾਰ ਲਈ ਬਾਹਰ ਭੇਜਦਾ, ਉਸ ਦੀ ਹਾਲਤ ਕਿਵੇਂ ਵੇਖਾਂ। ਮਾਂ ਦੀਆਂ ਅੱਖਾਂ ਵਿਚੋਂ ਵਹਿੰਦੇ ਅੱਥਰੂ ਵੇਖ ਦਿਲ ਨੂੰ ਡੋਬਾ ਪੈਂਦਾ। ਜਿਨ੍ਹਾਂ ਲੋਕਾਂ ਖਾਤਰ ਆਪਣਾ ਆਪ ਵਾਰਿਆ,ਉਨ੍ਹਾਂ ਦੀ ਹਾਲਤ ਕੀ ਹੋ ਗਈ। ਬੁੱਤ ਦਾ ਕੀ ਹੈ ? ਚਾਰ ਦਿਨਾਂ ਨੂੰ ਕੋਈ ਖਾਸ ਦਿਨ ਆ ਗਿਆ ਉਦੋਂ ਮੈਨੂੰ ਵੀ ਨਹਾ-ਧਵਾ ਦੇਣਗੇ। ਆਸੇ-ਪਾਸੇ ਦੀ ਸਫਾਈ ਵੀ ਹੋਜੂ। ਟੁੱਟੀਆਂ ਸੜਕਾਂ ਵੀ ਬਣ ਜਾਣਗੀਆਂ। ਕੋਈ ਨੇਤਾ ਐਨੀ ਗੰਦਗੀ ‘ਚ ਤਾਂ ਆਉਣੋਂ ਰਿਹਾ। ਉਸ ਦਿਨ ਮੇਰੀ ਚਮਕ ਵੇਖੀਂ।” ਬੁੱਤ ਨੇ ਹੱਸਦਿਆਂ ਵਿਅੰਗ ਕੀਤਾ। ”ਭਰਾਵਾ, ਖਾਸ ਦਿਨ ਤੇ ਤੈਨੂੰ ਸਾਡੇ ਵਰਗੇ ਆਮ ਲੋਕਾਂ ਨਾਲ ਕਿੱਥੇ ਮਿਲਣ ਦਿੰਦੇ ਆ। ਸ਼ਹਿਰ ਦੇ ਹਰ ਨਾਕੇ ਤੇ ਰੋਕ ਗਾਲ੍ਹਾਂ-ਡੰਡਿਆਂ ਨਾਲ ਮੋੜਨ ਲਈ ਪੁਲਿਸ ਖੜੀ ਹੁੰਦੀ ਹੈ ਜਿਵੇਂ ਅਸੀਂ ਇਨ੍ਹਾਂ ਨੇਤਾਵਾਂ ਨੂੰ ਮਾਰਨ ਲਈ ਹੀ ਤੁਰੇ ਫਿਰਦੇ ਹਾਂ।’ ‘ਮੈਥੋਂ ਖਾਸ ਦਿਨਾਂ ਦੀ ਗੱਲ ਸੁਣ ਉਹ ਹੋਰ ਵੀ ਉਦਾਸ ਹੋ ਗਿਆ। ” ਉਹ ਤਾਂ ਮੈਂ ਵੀ ਦੇਖਦਾਂ, ਕਿਹੋ ਜਿਹਾ ਸਨਮਾਨ ਕਰਦੇ ਨੇ, ਕਿਵੇਂ ਹਾਰ ਸਿੱਟ ਭਜਦੇ ਆ, ਜਿਵੇਂ ਮੈਂ ਉਨ੍ਹਾਂ ਤੋਂ ਕੁੱਝ ਮੰਗ ਨਾ ਲਵਾਂ। ਸਾਡੀ ਸੋਚ ਵੀ ਕਦੋਂ ਰਲਦੀ ਹੈ। ਅਸੀਂ ਲੋਕਾਂ ਲਈ ਜਿਉਂਏ-ਮਰੇ ਤੇ ਉਹ..।” ਹੁਣ ਉਸ ਤੋਂ ਕੋਈ ਗੱਲ ਨਹੀਂ ਸੀ ਹੋ ਰਹੀ। ਮੈਨੂੰ ਵੀ ਟੈਕਸੀ ਆਉਣ ਤੇ ਆਵਾਜ਼ ਵੱਜ ਗਈ।

-ਗੁਰਮੀਤ ਸਿੰਘ ਮਰਾੜ੍ਹ , ਮੋ:9501400397