ਕਲਾ ਤੇ ਸਾਹਿਤ ਦਾ ਸੰਗਮ ਬਣੀ ਲਾਇਬ੍ਰੇਰੀ ਦੀ ਕਾਵਿ-ਸ਼ਾਮ

ਕਲਾ ਤੇ ਸਾਹਿਤ ਦਾ ਸੰਗਮ ਬਣੀ ਲਾਇਬ੍ਰੇਰੀ ਦੀ ਕਾਵਿ-ਸ਼ਾਮ

 

ਸਰੀ: ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਦੋ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ ਜਾਂਦਾ ਹੈ। ਸੰਨ 2018 ਦੇ ਸਤੰਬਰ ਮਹੀਨੇ ਦੀ 19 ਤਰੀਕ, ਦਿਨ ਮੰਗਲਵਾਰ ਨੂੰ ਸਰੀ ਦੀ ਬਹੁਪੱਖੀ ਲੇਖਕਾ ਬੀਬੀ ਜਸਬੀਰ ਕੌਰ ਮਾਨ ਅਤੇ ਨਾਮਵਰ ਮੂਰਤੀ ਕਲਾਕਾਰ ਚਰਨਜੀਤ ਸਿੰਘ ਜੈਤੋ ਸਰੋਤਿਆਂ ਦੇ ਰੂ ਬ ਰੂ ਹੋਏ। ਇਸ ਪ੍ਰੋਗਰਾਮ ਦੇ ਸੰਚਾਲਕ, ਸ੍ਰੀ ਮੋਹਨ ਗਿੱਲ ਨੇ ਸਟੇਜ ‘ਤੇ ਆ ਕੇ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਬਿਆਨ ਕਰਦਿਆਂ, ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਸਰੋਤਿਆਂ ਦੇ ਰੂ ਬ ਰੂ ਹੋਣ ਵਾਲੀਆਂ ਦੋਹਾਂ ਸ਼ਖਸੀਅਤਾਂ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ ਬੀਬੀ ਜਸਬੀਰ ਕੌਰ ਮਾਨ ਨੂੰ ਸਟੇਜ ਉਪਰ ਆਉਣ ਦਾ ਸੱਦਾ ਦਿੱਤਾ।
ਬੀਬੀ ਜਸਬੀਰ ਕੌਰ ਮਾਨ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਬਹੁਤੇ ਲੇਖਕ ਸਮਝਦੇ ਹਨ ਕਿ ਉਸ ਨੂੰ ਕਰਨਲ ਸ਼ਫਾਕ ਨੇ ਲਿਖਣ ਵਾਲੇ ਪਾਸੇ ਲਾਇਆ ਹੈ ਪਰ ਇਹ ਪੂਰੀ ਹਕੀਕਤ ਨਹੀਂ। ਸਾਹਿਤ ਦੇ ਬੀਜ ਪਹਿਲਾਂ ਹੀ ਉਸ ਦੇ ਅੰਦਰ ਉਗਮ ਪਏ ਸਨ ਜਦੋਂ ਉਹ ਨਾਨਕੀਂ, ਸ਼ੇਰਪੁਰਾ ਕਲਾਂ, ਤਹਿਸੀਲ ਜਗਰਾਉਂ ਰਹਿੰਦੀ ਸੀ। ਉਹਦੇ ਨਾਨਾ ਨਾਨੀ ਬੇਸ਼ਕ ਅਨਪੜ੍ਹ ਸਨ ਪਰ ਨਾਨਾ ਸੱਥ ਵਿਚੋਂ ਖਬਰਾਂ ਸੁਣ ਕੇ ਆਉਂਦਾ ਤੇ ਇੰਨ ਬਿੰਨ ਘਰ ਆ ਕੇ ਸੁਣਾ ਦਿੰਦਾ। ਕਦੀ ਕਦਾਈਂ ਉਹ ਪੰਜਾਬੀ ਟ੍ਰਿਬਿਊਨ ਦਾ ਸਾਹਿਤਕ ਭਾਗ ਘਰ ਲੈ ਆਉਂਦਾ, ਜਿਸ ਨੂੰ ਉਹ ਬਹੁਤ ਉਤਸ਼ਾਹ ਨਾਲ ਪੜ੍ਹਦੀ। ਉਸ ਨੂੰ ਟੀਵੀ ‘ਤੇ ਪਰਸਾਰਤ ਹੁੰਦਾ ਕਵੀ ਦਰਬਾਰ ਸੁਣਨਾ ਚੰਗਾ ਲਗਦਾ ਸੀ।ਉਹਨਾਂ ਕਵੀ ਦਰਬਾਰਾਂ ਤੋਂ ਉਤਸਾਹਤ ਹੋ ਕੇ ਉਹ ਕਵਿਤਾ ਲਿਖਦੀ। ਉਸ ਦੇ ਘਰਾਂ ਵਿਚੋਂ, ਮਾਮਾ ਭਾਗ ਸਿੰਘ ਖੇਲਾ, ਜਿਹੜਾ ਆਪ ਕਵੀ ਤੇ ਪਤ੍ਰਕਾਰ ਵੀ ਸੀ ਨੇ ਉਤਸ਼ਾਹਤ ਕੀਤਾ ਤਾਂ ਉਸ ਦੀ ਕਵਿਤਾ ਤੇ ਕਹਾਣੀ ਨਿਖਰਨ ਲੱਗੀ। ਜਦੋਂ ਇਕ ਵਾਰ ਉਸ ਨੇ ਅਖਬਾਰ ਵਿਚ ਛਪਣ ਲਈ ਭਾਗ ਸਿੰਘ ਖੇਲਾ ਨੂੰ ਆਪਣੀ ਕਹਾਣੀ ਫੜਾਉਣੀ ਸੀ ਤਾਂ ਉਸੇ ਦਿਨ ਅਤਿਵਾਦੀਆਂ ਵਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਸੋਗ ਵਿਚ ਜਸਬੀਰ ਨੇ ਇਕ ਕਵਿਤਾ ‘ਕਿੰਝ ਭੁਲਾਈਏ’ ਲਿਖੀ। ਉਹ ਕਵਿਤਾ ਉਸ ਨੇ ਇਸ ਸਮਾਗਮ ਵਿਚ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਜਦੋਂ ਉਸ ਦੀਆਂ ਕਵਿਤਾਵਾਂ, ਕਹਾਣੀਆਂ ਪਰਚਿਆਂ ਵਿਚ ਛਪਣ ਲੱਗੀਆਂ ਤਾਂ ਕਿਸੇ ਮੁੰਡੇ ਨੇ ਉਸ ਨੁੰ ਪਰਸੰਸਾ ਦੀ ਚਿੱਠੀ ਲਿਖ ਦਿੱਤੀ। ਕਿਸੇ ਮੁੰਡੇ ਵਲੋਂ ਆਈ ਚਿੱਠੀ ਦੇਖ ਕੇ ਦਾਦੀ ਬਹੁਤ ਪਸ਼ੇਮਾਨ ਹੋਈ ਕਿ ਕੁੜੀ ਨੂੰ ਮੁੰਡਿਆਂ ਦੀਆਂ ਚਿੱਠੀਆਂ ਆਉਣ ਲੱਗ ਗਈਆਂ ਹਨ। ਉਹਨਾਂ ਨੇ ਜਸਬੀਰ ਨੂੰ ਨਾਨਕਿਆਂ ਤੋਂ ਦਾਦਕੇ ਪਿੰਡ, ਚੌਕੀ ਮਾਨ ਬੁਲਾ ਲਿਆ। ਉਹ ਐਮ.ਏ. ਐਮ.ਐਡ. ਕਰਨ ਮਗਰੋਂ ਇਕ ਸਕੂਲ ਵਿਚ ਪੜ੍ਹਾਉਣ ਲੱਗੀ। ਪਿਤਾ ਖੁਸ਼ ਸੀ ਕਿ ਉਹਦੀ ਕੁੜੀ ਕਹਾਣੀਆਂ ਲਿਖਦੀ ਹੈ। ਉਸ ਨੇ ਜਸਬੀਰ ਦੀ ਕਹਾਣੀਆਂ ਵਾਲੀ ਕਾਪੀ ਬੜੇ ਚਾਅ ਨਾਲ ਪਿੰਡ ਦੇ ਇਕ ਅਧਿਆਪਕ ਨੂੰ ਦਿਖਾਈ ਤਾਂ ਉਸ ਨੇ ਉਤਸਾਹਤ ਕਰਨ ਦੀ ਥਾਂ ਕਹਿ ਦਿੱਤਾ, ”ਤੁਹਾਡੀ ਕੁੜੀ ਦਾ ਦਮਾਗ ਖਰਾਬ ਹੋ ਗਿਆ ਹੈ।” ਇਹੋ ਕਾਰਨ ਸੀ ਕਿ ਉਸ ਦੀ ਲਿਖਣ ਪ੍ਰਕਿਰਿਆ ਮਧਮ ਪੈ ਗਈ।
ਜਦੋਂ ਕੈਨੇਡਾ ਆਉਣ ਦਾ ਸਬੱਬ ਬਣ ਗਿਆ ਤਾਂ ਇਥੇ ਆ ਕੇ ਉਸ ਨੇ ਪੰਜਾਬੀ ਅਧਿਆਪਕ ਦੀ ਨੌਕਰੀ ਲਈ ਯਤਨ ਕੀਤਾ ਪਰ ਮਾਯੂਸੀ ਹੀ ਹੱਥ ਪੱਲੇ ਪਈ। ਫਿਰ ਜਿਹੜਾ ਵੀ ਕੰਮ ਮਿਲਦਾ, ਮਨ ਪਸੰਦ ਦਾ ਨਾ ਹੁੰਦਾ। ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਕਿੱਤਾ ਚੁਣਿਆ ਤਾਂ ਮਨ ਇਸ ਕਿੱਤੇ ਵਿਚ ਵੀ ਨਹੀਂ ਸੀ ਲਗਦਾ ਪਰ ਜਦੋਂ ਕਰਨਲ ਸ਼ਫਾਕ ਨੇ ਇਸ ਕਿੱਤੇ ਵਿਚ ਕੰਮ ਕਰਦੀਆਂ ਕੁੜੀਆਂ ਦੀ ਤਾਰੀਫ ਵਿਚ ਉਹਨਾਂ ਨੂੰ ‘ਸਾਜਨ ਕੀ ਬੇਟੀਆਂ’ ਕਿਹਾ ਤੇ ਇਸ ਕਿੱਤੇ ਦੀ ਮਹਾਨਤਾ ਬਾਰੇ ਅਹਿਸਾਸ ਕਰਵਾਇਆ ਤਾਂ ਉਸ ਨੂੰ ਆਪਣੇ ਆਪ ਉਪਰ ਗਰਵ ਹੋਣ ਲੱਗਾ।
ਜਸਬੀਰ ਮਾਨ ਦੋ ਪੁਸਤਕਾਂ, ਇਕ ਕਾਵਿ ਸੰਗ੍ਰਹਿ ‘ਪਰ ਤੁਸੀਂ ਤਾਂ’ ਅਤੇ ਇਕ ਕਹਾਣੀ ਸੰਗ੍ਰਹਿ ‘ਸਾਜਨ ਕੀ ਬੇਟੀਆਂ’ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ। ਉਸ ਨੇ ਕਾਵਿ ਪੁਸਤਕ ਵਿਚੋਂ ਇਕ ਕਵਿਤਾ ‘ਬਾਬਾ ਜੀ ਤੁਸੀਂ ਕਿੱਥੇ ਚੱਲੇ’ ਤੇ ਕਹਾਣੀ ਸੰਗ੍ਰਹਿ ਵਿਚੋਂ ‘ਸਾਜਨ ਕੀ ਬੇਟੀਆਂ’ ਸੁਣਾਈਆਂ। ਸਰੋਤਿਆਂ ਨੇ ਭਰਪੂਰ ਦਾਦ ਦਿੱਤੀ।
ਉਸ ਤੋਂ ਮਗਰੋਂ ਸ. ਜਰਨੈਲ ਸਿੰਘ ਆਰਟਿਸਟ ਨੇ ਮੂਰਤੀਕਾਰ ਚਰਨਜੀਤ ਸਿੰਘ ਦੀਆਂ ਕਲਾ ਕ੍ਰਿਤਾਂ ਬਾਰੇ ਸੰਖੇਪ ਜਾਣਕਾਰੀ ਦੇ ਕੇ ਉਸ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ। ਚਰਨਜੀਤ ਸਿੰਘ ਨੇ ਆਪਣੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹਦਾ ਜਨਮ ਰੇਤਲੇ ਟਿੱਬਿਆਂ ਦੇ ਇਲਾਕੇ ਜੈਤੋ ਪਿੰਡ ਵਿਚ ਹੋਇਆ। ਚਾਚਾ ਨਕਸਲਵਾਦੀਆਂ ਦਾ ਹਮਦਰਦ ਸੀ, ਜਿਸ ਕਾਰਨ ਉਸ ਉਪਰ ਬਚਪਨ ਵਿਚ ਹੀ ਨਕਸਲੀ ਲਹਿਰ ਦਾ ਪ੍ਰਭਾਵ ਪੈ ਗਿਆ। ਪਿੰਡ ਵਿਚ ਕੁਝ ਸਮਾਂ ਇਕ ਸਾਧ ਨਾਲ ਰਹਿਣ ਦਾ ਮੌਕਾ ਮਿਲਿਆ ਤਾਂ ਉਸ ਦਾ ਪ੍ਰਭਾਵ ਕਬੂਲ ਕਰ ਕੇ ਮਨ ਸਾਧ ਹੋਣ ਵਾਲੇ ਪਾਸੇ ਤੁਰ ਪਿਆ। ਫਿਰ ਬੁੱਧ ਧਰਮ ਦੇ ਅਧਿਅਨ ਦਾ ਮੌਕਾ ਮਿਲ ਗਿਆ ਤਾਂ ਮੈਕਲੋਡ ਗੰਜ, ਹਿਮਾਚਲ ਪ੍ਰਦੇਸ਼ ਜਾ ਪਹੁੰਚਿਆ। ਘਰ ਵਿਚ ਪੁਸਤਕਾਂ ਪੜ੍ਹਨ ਨੂੰ ਬਹੁਤ ਸਨ, ਜਿਨ੍ਹਾਂ ਵਿਚ ਓਸ਼ੋ ਰਜਨੀਸ਼ ਦੀਆਂ ਪੁਸਤਕਾਂ ਵੀ ਸਨ। ਉਹਨਾਂ ਨੂੰ ਪੜ੍ਹ ਕੇ ਓਸ਼ੋ ਦੀ ਜੀਵਨ ਫਲਾਸਫੀ ਤੋਂ ਜਾਣੂ ਹੋਇਆ। ਕੁਝ ਨਾ ਕੁਝ ਜਾਣਨ ਦੀ ਜਗਿਆਸਾ ਬਣੀ ਰਹਿੰਦੀ, ਜਿਸ ਕਾਰਨ ਭਾਰਤ ਦੇ ਭਰਮਣ ‘ਤੇ ਨਿਕਲ ਤੁਰਿਆ। ਖੁਜਰਾਹੋ ਦੀਆਂ ਗੁਫਾਵਾਂ ਤੇ ਹੋਰ ਅਨੇਕਾਂ ਦੇਖਣ ਯੋਗ ਥਾਵਾਂ ‘ਤੇ ਗਿਆ। ਖਾਸ ਕਰ ਕੇ ਅਜਾਇਬ ਘਰਾਂ ਨੂੰ ਬਹੁਤ ਨੀਝ ਨਾਲ ਦੇਖਿਆ। ਇਸ ਤਜਰਬੇ ਨੇ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵਿਸ਼ਾਲ ਕਰ ਦਿੱਤਾ।
ਜਿਉਂ ਜਿਉਂ ਨਜ਼ਰੀਆ ਵਿਸ਼ਾਲ ਹੁੰਦਾ ਗਿਆ, ਮੂਰਤੀਆਂ ਦੀ ਬਣਤਰ ਵਿਚ ਡੂੰਘਾਈ ਆਉਂਦੀ ਗਈ। ਮੂਰਤੀਆਂ ਬਣਾਉਣ ਲਈ ਕਿਸੇ ਇਕ ਪਦਾਰਥ ਨਾਲ ਮੋਹ ਪਿਆ। ਬਹੁਤ ਸਾਰੇ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ; ਲੱਕੜੀ, ਮੈਟਲ, ਫਾਈਬਰ ਤੇ ਚਮੜਾ ਆਦਿ। ਸੰਨ 2003 ਤੋਂ 2018 ਤਕ ਦੇਸ ਬਦੇਸ ਵਿਚ ਚਰਨਜੀਤ ਸਿੰਘ ਦੇ ਕੰਮ ਦੀਆਂ 25 ਨੁਮਾਇਸ਼ਾਂ ਲੱਗ ਚੁੱਕੀਆਂ ਹਨ। ਉਹ ਦਰਜਨ ਤੋਂ ਉਪਰ ਵਰਕਸ਼ਾਪਾਂ ਲਾ ਚੁੱਕਾ ਹੈ। ਉਸ ਦੀਆਂ ਕਲਾ-ਕ੍ਰਿਤਾਂ ਨੂੰ ਅਨੇਕ ਥਾਈਂ ਸਨਮਾਨਤ ਕੀਤਾ ਗਿਆ ਹੈ ਅਤੇ ਆਂਧਰਾ ਪ੍ਰਦੇਸ ਦਾ ਨੈਸ਼ਨਲ ਅਵਾਰਡ, ਅਗਨਪੱਥ ਕਲਾ ਰਤਨ ਪੁਰਸਕਾਰ ਮਿਲਿਆ। 2018 ਵਿਚ ਪੰਜਾਬ ਸਟੇਟ ਅਵਾਰਡ ਤੇ ਫੈਲੋਸ਼ਿਪ ਪ੍ਰਾਪਤ ਹੋਈ ਹੈ।
ਚਰਨਜੀਤ ਸਿੰਘ ਨੇ ਸਲਾਈਡ ਸ਼ੋਅ ਰਾਹੀਂ ਆਪਣੀਆਂ ਕਲਾ ਕ੍ਰਿਤਾਂ ਦਿਖਾਈਆਂ ਤੇ ਹਰ ਕਲਾ ਕ੍ਰਿਤ ਦੀ ਵਿਆਖਿਆ ਵੀ ਕੀਤੀ, ਜਿਸ ਨਾਲ ਸਰੋਤਿਆਂ/ ਦਰਸ਼ਕਾਂ ਨੂੰ ਕਲਾ ਦੀ ਡੂੰਘਾਈ ਦੀ ਸਮਝ ਆਈ ਅਤੇ ਇਕ ਵਖੱਰੇ ਨਜ਼ਰੀਏ ਤੋਂ ਵਸਤਾਂ ਨੂੰ ਦੇਖਣ ਦਾ ਗਿਆਨ ਹੋਇਆ।
ਇਹਨਾਂ ਕਲਾ ਕ੍ਰਿਤਾਂ ਦਾ ਆਨੰਦ ਮਾਨਣ ਵਾਲਿਆਂ ਵਿਚ; ਸ਼ਾਇਰ ਜਸਵਿੰਦਰ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਗੁਰਦਰਸ਼ਨ ਬਾਦਲ, ਹਰਦਮ ਮਾਨ, ਇੰਦਰਜੀਤ ਧਾਮੀ, ਭੁਪਿੰਦਰ ਮੱਲ੍ਹੀ, ਡਾ. ਸ਼ਬਨਮ ਮੱਲ੍ਹੀ, ਪਰਮਜੀਤ ਸੇਖੋਂ, ਨਿਰਮਲ ਗਿੱਲ, ਨਿਰਮਲ ਪਨੇਸਰ, ਰਾਜਿੰਦਰ ਹੇਅਰ, ਕੰਵਰਇੰਦਰ ਸਿੰਘ ਹੇਅਰ, ਕਵਿੰਦਰ ਚਾਂਦ, ਡਾ. ਪ੍ਰਿਥੀਪਾਲ ਸੋਹੀ, ਡਾ. ਹਰਿੰਦਰ ਸੋਹੀ, ਬਿੰਦੂ ਮਠਾੜੂ, ਰਾਜਵੰਤ ਰਾਜ, ਬਖਸ਼ਿੰਦਰ, ਬਲਬੀਰ ਸੰਘਾ, ਕੁਲਦੀਪ ਬਾਸੀ, ਤਰਨਜੀਤ ਕੌਰ, ਮੋਹਨ ਬਚਰਾ, ਦਵਿੰਦਰ ਬਚਰਾ, ਮੀਨੂੰ ਬਾਵਾ, ਰੂਪਿੰਦਰ ਰੂਪੀ, ਦਵਿੰਦਰ ਕੌਰ ਜੌਹਲ, ਪਰਮਪ੍ਰੀਤ ਸਿੰਘ ਅਤੇ ਕਈ ਹੋਰ ਸ਼ਖਸੀਅਤਾਂ ਸ਼ਾਮਿਲ ਸਨ। ਅਖੀਰ ਵਿਚ ਮੋਹਨ ਗਿੱਲ ਨੇ ਅੱਜ ਦੇ ਸਫਲ ਸਮਾਗਮ ਦੀ ਵਧਾਈ ਦੇਣ ਦੇ ਨਾਲ 16 ਅਕਤੂਬਰ 2018 ਨੂੰ ਹੋਣ ਵਾਲੇ ਅਗਲੇ ਸਮਾਗਮ ਵਿਚ ਮੁੜ ਮਿਲਣ ਦਾ ਇਕਰਾਰ ਕਰਦਿਆਂ ਫਤਹ ਬੁਲਾਈ।