ਪ੍ਰੋ. ਗੁਰਭਜਨ ਗਿੱਲ ਰਚਿਤ ‘ਸੰਧੂਰਦਾਨੀ’ ਦਾ ਰਚਨਾਤਮਕ ਵਿਵੇਕ

ਪ੍ਰੋ. ਗੁਰਭਜਨ ਗਿੱਲ ਰਚਿਤ ‘ਸੰਧੂਰਦਾਨੀ’ ਦਾ ਰਚਨਾਤਮਕ ਵਿਵੇਕ 

ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖਰ ਹੈ। ਉਹ ਇਕੋ ਸਮੇਂ ਕਵੀ, ਵਾਰਤਕਕਾਰ, ਉੱਚ ਪੱਧਰ ਦੀਆਂ ਸੰਸਥਾਵਾਂ ਦਾ ਕਰਤਾ-ਧਰਤਾ ਅਤੇ ਨਵੇਂ ਸਥਾਪਿਤ ਹੋ ਰਹੇ ਸਾਹਿਤਕਾਰਾਂ, ਸਾਹਿਤ-ਸੰਮੇਲਨਾਂ ਆਦਿ ਦਾ ਪ੍ਰੇਰਕ ਵੀ ਚਲਿਆ ਆ ਰਿਹਾ ਹੈ। ਕਵਿਤਾ ਦੇ ਖੇਤਰ ਵਿਚ ਖੁੱਲ੍ਹੀ ਕਵਿਤਾ, ਛੰਦ-ਬੱਧ ਕਵਿਤਾ, ਗੀਤ ਅਤੇ ਵਿਸ਼ੇਸ਼ਤਰ ਗ਼ਜ਼ਲ ਦੇ ਖੇਤਰਾਂ ਵਿਚ ਸ਼ਾਹ ਸਵਾਰ ਮੰਨਿਆਂ ਜਾਂਦਾ ਹੈ। ਇਨ੍ਹਾਂ ਸਭ ਵਿਧਾਵਾਂ ਜਾਂ ਰੂਪਾਂ ਵਿਚ ਉਸ ਦਾ ਰਚਨਾਤਮਕ-ਵਿਵੇਕ ਪੰਜਾਬੀ ਰਹਿਤਲ ਵਿਚੋਂ ਆਪਣੀ ਵੱਥ ਗ੍ਰਹਿਣ ਕਰਦਾ ਹੈ ਅਤੇ ਇਸਦੇ ਕਾਵਿਕ ਪ੍ਰਗਟਾਵੇ ਲਈ ਉਹ ਪੰਜਾਬੀ ਬੋਲੀ, ਪੰਜਾਬ ਦੀ ਧਰਤੀ ਅਤੇ ਇਸਦੇ ਬੋਲਣਹਾਰਿਆਂ-ਵਸਨੀਕਾਂ ਦੇ ਭਾਵਨਾਤਮਕ ਮੁਹਾਵਰੇ ਨੂੰ ਬੜੀ ਨੇੜਿਉਂ ਪਕੜ ਕੇ ਠੇਠ-ਮੁਹਾਵਰੇ ਵਿਚ ਵਿਅਕਤ ਕਰਦਾ ਹੈ। ਪੰਜਾਬੀ ਜਨਜੀਵਨ ਦੇ ਵਿਭਿੰਨ ਪਾਸਾਰਾਂ ਵਿਚਲੀਆਂ ਵਿਭਿੰਨ ਪਰਤਾਂ ਨੂੰ ਬਿਆਨ ਕਰਨ ਲੱਗਿਆਂ ਸ਼ਬਦ ਝਰ-ਝਰ ਪੈਂਦੇ ਹਨ ਜੋ ਸੁੱਤੇ-ਸਿੱਧ ਪਾਠਕਾਂ ਅਤੇ ਸਰੋਤਿਆਂ ਦੇ ਮਨਾਂ ਵਿਚ ਵਾਸਾ ਕਰ ਲੈਂਦੇ ਹਨ। ਅਸਲ ਵਿਚ ਕਿਸੇ ਵੀ ਭਾਸ਼ਾ ਦੇ ਸਾਹਿਤ ਵਿਚ ਅਜਿਹਾ ਹੋਣਾ, ਉਸ ਭਾਸ਼ਾ ਦੇ ਸਾਹਿਤ ਦੀ ਅਮੀਰੀ ਅਖਵਾਉਂਦੀ ਹੈ। ਇਸੇ ਲੜੀ ਤਹਿਤ ਗਿੱਲ ਸਾਹਿਬ ਨੇ ‘ ਸੰਧੂਰਦਾਨੀ ‘ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ, ਜਿਸ ਵਿਚ ਢਾਈ ਸੌ ਤੋਂ ਵੱਧ ਰੁਬਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ। ‘ ਰੁਬਾਈ ‘ ਉਹ ਕਾਵਿ-ਰੂਪ ਹੈ, ਜਿਸ ਵਿਚ ਕੇਵਲ ਚਾਰ ਸਤਰਾਂ ‘ਚ ਹੀ ਆਜ਼ਾਦ ਵਿਚਾਰਾਂ ਦਾ ਭਾਵ-ਪੂਰਤ ਪ੍ਰਗਟਾਵਾ ਕੀਤਾ ਜਾਂਦਾ ਹੈ। ਇਹ ਚਾਰ ਸਤਰਾਂ ਬੜੀ ਹੀ ਸੂਤਰਿਕ ਕਾਵਿ-ਸ਼ੈਲੀ ‘ਚ ਪਰੋਈਆਂ ਜਾਂਦੀਆਂ ਹਨ। ਪਹਿਲੀ, ਦੂਜੀ ਅਤੇ ਚੌਥੀ ਤੁਕ ਦਾ ਤੁਕਾਂਤ ਆਪਸ ਵਿਚ ਮਿਲਦਾ ਹੁੰਦਾ ਹੈ, ਜਦ ਕਿ ਤੀਜੀ ਤੁਕ ਦਾ ਨਹੀਂ ਮਿਲਦਾ। ਪਰੰਤੂ ਵਿਚਾਰ -ਕੜੀ ਨੂੰ ਇਹ ਤੀਜੀ ਤੁਕ ਨਵਾਂ ਮੋੜ ਦੇ ਕੇ ਚੌਥੀ ਤੁਕ ਰਾਹੀਂ ਸਮੁੱਚੇ ਅਰਥ-ਸੰਚਾਰ ਨੂੰ ਪ੍ਰਭਾਵਸ਼ਾਲੀ ਬਣਾ ਦੇਂਦੀ ਹੈ। ਉਦਾਹਰਣ ਵਜੋਂਂ
ੳ ਅਣਖ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ।
ਚੋਰਾਂ ਨਾਲ ਜੋ ਰਲ਼ ਜੇ, ਉਹ ਸਰਕਾਰ ਨਹੀਂ ਹੁੰਦੀ।
ਹੱਕ, ਸੱਚ, ਇਨਸਾਫ ਤੇ ਡਾਕੇ ਸਿਖਰ ਦੁਪਹਿਰੇ ਜੇ,
ਵੇਖ ਕੇ ਅੱਖਾਂ ਮੀਟ ਲਵੇ, ਅਖਬਾਰ ਨਹੀਂ ਹੁੰਦੀ।( ਪੰਨਾਂ50 )
ਅ ਦਸਮ ਪਿਤਾ ਹੁਣ ਸੀਸ ਤਲੀ ‘ਤੇ ਧਰਿਆ ਨਹੀਂ ਜਾਂਦਾ।
ਹੱਕ, ਸੱਚ ਇਨਸਾਫ ਦੀ ਖਾਤਰ ਮਰਿਆ ਨਹੀਂ ਜਾਂਦਾ।
ਕੁਰਸੀ ਯੁੱਧ ਨੂੰ ਲੜਦੇ ਲੜਦੇ ਧਰਮ ਗੁਆਚ ਗਿਆ,
ਸ਼ੁੱਭ ਕਰਮਨ ਵੀ ਅੱਜ ਕੱਲ੍ਹ ਸਾਥੋਂ ਕਰਿਆ ਨਹੀਂ ਜਾਂਦਾ। ( ਪੰਨਾਂ39 )
ਗੁਰਭਜਨ ਗਿੱਲ ਦੀ ਕਾਵਿ-ਰਚਨਾਤਮਕ ਖੂਬੀ ਹੈ ਕਿ ਉਹ ਰੂਪਾਕਾਰ ਦੇ ਬੰਧਨਾਂ ਵਿਚ ਬੱਝ ਕੇ ਸ਼ਾਇਰੀ ਨਹੀਂ ਕਰਦਾ। ਉਸਦਾ ਰਚਨਾਤਮਕ ਵਿਵੇਕ ਵਿਚਾਰਧਾਰਕ ਪਹਿਲੂਆਂ ਦੇ ਦਾਰਸ਼ਨਿਕ, ਸਮਾਜਕ, ਸਭਿਆਚਾਰਕ, ਰਾਜਸੀ, ਪ੍ਰਸ਼ਾਸਨਿਕ ਅਤੇ ਨਵਤਕਨੀਕੀ ਯੁੱਗ ਨਾਲ ਜੁੜੇ ਹੋਏ ਵਿਭਿੰਨ ਮੀਡੀਏ ਦੇ ਸਰੋਕਾਰਾਂ ਦਾ ਆਲੋਚਨਾਤਮਕ ਯਥਾਰਥ ਪੇਸ਼ ਕਰਨ ਵਿਚ ਨਿਹਿੱਤ ਹੁੰਦਾ ਹੈ। ਇਸ ਪੱਧਤੀ ਦਾ ਪਿਛੋਕੜ ਕਾਰਨ ਇਹ ਵੀ ਹੈ ਕਿ ਜਿੰਨਾਂ ਚਿਰ ਸਾਡਾ ਘਰ, ਸਮਾਜ, ਕੌਮ ਅਤੇ ਦੇਸ਼ ਵਿਭਿੰਨ ਬੁਰਾਈਆਂ ਦੀ ਜਕੜਬੰਦੀ ਤੋਂ ਸੁਤੰਤਰ ਨਹੀਂ ਹੋ ਜਾਂਦਾ , ਉਦੋਂ ਤਕ ਮਾਨਵ ਸੁੱਖ ਦਾ ਸਾਹ ਨਹੀਂ ਲੈ ਸਕਦਾ। ਨਿਰੇ ਰੂਪਾਕਾਰ ਜਾਂ ਛੰਦ-ਵਿਧਾਨ ਜਾਂ ਕਾਵਿ-ਭੇਦਾਂ ਦੀ ਵਿਭਿੰਨ ਬਣਤਰ-ਬੁਣਤਰ ਇਨ੍ਹਾਂ ਰੁਬਾਈਆਂ ਨੂੰ ਭਾਵੇਂ ਸੋਧਣ ਦੀ ਲੋੜ ਦੱਸਣ ਪਰ ਚੇਤਨਾ ਆਧਾਰਿਤ ਵਿਚਾਰਾਂ ਦੀ ਪ੍ਰਮੁੱਖਤਾ ਦਾ ਬੋਧ ਹੋਣਾ ਵੀ ਤਾਂ ਲਾਜ਼ਮੀ ਹੈ। ਪੰਜਾਬੀ ਕੌਮ ਨੂੰ, ਚਾਹੇ ਉਹ ਹਿੰਦੂ ਹੈ, ਮੁਸਲਿਮ ਹੈ, ਈਸਾਈ ਹੈ, ਸਿੱਖ ਹੈ ਜਾਂ ਹੋਰ ਧਰਮਾਂ ਦਾ ਅਨੁਯਾਈ ਹੈ, ਸਮਾਂ ਹੈ ਕਿ ਉਹ ਸੁਚੇਤ ਹੋਵੇ, ਜਾਗ੍ਰਿਤ ਹੋਵੇ, ਸਮਕਾਲੀਨ ਮਨੁੱਖ ਨੂੰ ਪੇਸ਼-ਦਰ-ਪੇਸ਼ ਤੰਗੀਆਂ-ਤੁਰਸ਼ੀਆਂ ਦੀ ਜਗਿਆਸਾ ਹੋਵੇ, ਤਾਂਹੀ ਤਾਂ, ਨਵੀਨ ਚੇਤਨਾ ਜਾਗੇਗੀ? ਇਹੋ ਪੈਗ਼ਾਮ ਗੁਰਭਜਨ ਗਿੱਲ ਦੀਆਂ ਇਨ੍ਹਾਂ ਰੁਬਾਈਆਂ ‘ਚ ਅੰਕਿਤ ਹੈ। ਹੇਠਾਂ ਅੰਕਿਤ ਰੁਬਾਈਆਂ ਉਸਦੇ ਵਿਭਿੰਨ ਵਿਚਾਰਧਾਰਕ ਪਹਿਲੂਆਂ ਦਾ ਸਹਿਜ- ਪ੍ਰਗਟਾਵਾ ਹਨਂ
ੳ ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨ ਫੁੱਲ ਸੁਰਖ ਗੁਲਾਬ ਜਹੇ ਨੇ।
ਇੱਕ ਮੌਸਮ ਵਿਚ ਉਗਮੇਂ, ਪੱਲ੍ਹਰੇ ਸਭ ਅਣਖੀਲੇ ਖਵਾਬ ਜਹੇ ਨੇ।
ਗੁਲਦਸਤੇ ‘ਚੋਂ ਮਨਮਤੀਏ ਕਿਉਂ, ਆਪਣੇ ਰੰਗ ਨਿਖੇੜ ਰਹੇ ਜੀ,
ਇਹ ਤਾਂ ਪੰਜ ਦਰਿਆਈ ਸੁਪਨੇ, ਸਾਬਤ ਦੇਸ ਪੰਜਾਬ ਜਹੇ ਨੇ। ( ਪੰਨਾ-19 )
ਅ ਕਿਹੋ ਜਿਹਾ ਸ਼ਹਿਰ ਜਿੱਥੇ ਧੁੱਪ ਹੈ ਨਾ ਛਾਂ ਹੈ।
ਚੱਤੇ ਪਹਿਰ ਮੌਸਮਾਂ ਦਾ ਇੱਕੋ ਜਿਹਾ ਨਾਂ ਹੈ।
ਨਵੀਂ ਤਹਿਜ਼ੀਬ ਜਿਸ ਜਿਸ ਨੂੰ ਮਧੋਲਿਆ,
ਉਨ੍ਹਾਂ ਅੰਗ-ਮਾਰਿਆਂ ‘ਚ ਮੇਰਾ ਵੀ ਗਰਾਂ ਹੈ। ( ਪੰਨਾ-97 )
ੲ ਆਹ ਇੱਕ ਪੱਤਾ ਲਾਲ ਜਿਹਾ ਹੈ। ਕੋਮਲ ਬਾਲ ਗੋਪਾਲ ਜਿਹਾ ਹੈ।
ਹੋਠ ਜਿਵੇਂ ਮੁਟਿਆਰ ਕਿਸੇ ਦੇ, ਬਿਲਕੁਲ ਸੁਰਖ ਸਵਾਲ ਜਿਹਾ ਹੈ। ( ਪੰਨਾ-86 )
ਗੁਰਭਜਨ ਗਿੱਲ ਦੀ ਸ਼ਾਇਰੀ ਮਾਨਵ ਦੇ ਕਲਿਆਣਕਾਰੀ ਸਰੋਕਾਰਾਂ ਦੇ ਲਈ ਕਾਰਜਸ਼ੀਲ ਸਰੋਕਾਰਾਂ ਦੇ ਭਾਵਾਂ- ਉਦਗਾਰਾਂ, ਚਾਹਤਾਂ ਅਤੇ ਉਮੰਗਾਂ ਦੇ ਭਾਵ-ਬੋਧ ਦਾ ਪ੍ਰਗਟਾਵਾ ਹੈ। ਉਹ ਸ਼ਾਇਰੀ ਦੇ ਸ਼ਬਦਾਂ ਦੇ ਸੰਚਾਰ ਜ਼ਰੀਏ ਮਨੁੱਖ ਨੂੰ ਭਲਾ-ਪੁਰਸ਼, ਨੇਕ-ਦਿਲ, ਖਾਹ-ਮ-ਖਾਹ ਦੀਆਂ ਰੁੱਚੀਆਂ ਤੋਂ ਉਪਰ ਉੱਠਿਆ ਹੋਇਆ ਵੇਖਣਾ ਚਾਹੁੰਦਾ ਹੈ ਅਤੇ ਨਾਲ ਦੀ ਨਾਲ ਉਹ ਇਸ ਤਾਲਾਸ਼ ਵਿਚ ਵੀ ਹੈ ਕਿ ਕਾਇਨਾਤ ਆਪਣੇ ਹੱਕਾਂ-ਸੱਚਾਂ, ਦੀ ਪ੍ਰਾਪਤੀ ਅਤੇ ਸਥਾਪਤੀ ਲਈ ਰੜੇ ਮੈਦਾਨ ‘ਚ ਵੀ ਉੱਤਰੇ। ਕਿਉਂ ਜੋ ਹੱਕ ਅੰਦਰ ਵੜਿਆਂ ਨੂੰ ਨਹੀਂ ਮਿਲਦੇ, ਨਾ ਹੀ ਆਪਣੇ ਆਪ ਨੂੰ ਰਾਜਸੀ ਤਾਕਤਾਂ ਸਾਹਮਣੇ ਗਿਰਵੀ ਰੱਖ ਕੇ ਮਿਲਦੇ ਹਨ ਅਤੇ ਨਾ ਹੀ ਅਡੰਬਰੀ ਸਮਾਜਕ ਅਤੇ ਧਾਰਮਿਕ ਆਗੂਆਂ ਦੀ ਰਹਿਨੁਮਾਈ ‘ਚ ਪ੍ਰਾਪਤ ਹੋ ਸਕਦੇ ਹਨ। ਗੁਰਭਜਨ ਗਿੱਲ ਅਜੋਕੇ ਸਮੇਂ ਦੀ ਨਬਜ਼ ਨੂੰ ਪਛਾਨਣ ਵਾਲਾ ਹੈ। ਸਮਾਜ ਵਿਚ ਕਿਥੇ ਵਿਸਫੋਟਕ ਪ੍ਰਸਥਿਤੀਆਂ ਪੈਦਾ ਹੋ ਰਹੀਆਂ ਹਨ? ਕਿਥੇ ਅਸਾਵੀਂ ਆਰਥਿਕਤਾ ਕਿਸਾਨੀ ਧੰਦੇ ਨਾਲ ਜੁੜੇ ਲੋਕਾਂ ਅਤੇ ਮਜ਼ਦੂਰ ਵਰਗ ਨਾਲ ਜੀਵਨ ਤੋਂ ਮੌਤ ਤਕ ਦਾ ਖੇਲ ਖੇਡ ਰਹੀ ਹੈ ਅਤੇ ਇਨ੍ਹਾਂ ਦੇ ਘਰ ਪਰਿਵਾਰਾਂ ਵਿਚ ਮੁੜ ਜਹਾਲਤ ਕਿਉਂ ਪ੍ਰਵੇਸ਼ ਕਰ ਰਹੀ ਹੈ? ਆਦਿ ਪ੍ਰਸ਼ਨਾਂ ਦਾ ਚਿਤਰਨ ਅਤੇ ਇਨ੍ਹਾਂ ਅਸੰਗਤੀਆਂ ਤੋਂ ਜੀਊਂਦੇ-ਜਾਗਦੇ ਮੁਕਤ ਹੋ ਜਾਣ ਵਾਲੇ ਸਰੋਕਾਰਾਂ ਨੂੰ ਵੀ ਇਹ ਰੁਬਾਈਆਂ ਚੇਤੰਨ ਅਤੇ ਉਸਾਰੂ ਪੱਧਤੀ ਨਾਲ ਪਾਠਕਾਂ ਦੇ ਸਨਮੁਖ ਹੁੰਦੀਆਂ ਹਨ। ਰੁਬਾਈ ਹੈਂ
ੳ ਇਹ ਵਰਕਾ ਤੂੰ ਕਿਥੋਂ ਪੜ੍ਹਿਆ, ਹਰ ਵੇਲੇ ਹੀ ਝੁਰਦੇ ਰਹਿਣਾ।
ਸਾਬਣ ਦੀ ਚਾਕੀ ਦੇ ਵਾਂਗੂੰ, ਕਿਣ ਮਿਣ ਥੱਲੇ ਖੁਰਦੇ ਰਹਿਣਾ।
ਸਾਬਤ ਸਿਦਕ ਸਰੂਪ ਸੁਤੰਤਰ ਸਿਰੜ ਸਮਰਪਣ ਸਾਂਭ ਲਵੇਂ ਜੇ,
ਮੰਜ਼ਿਲ ਨੇੜੇ ਆ ਜਾਵੇਗੀ, ਭੁੱਲੇੀਂ ਨਾ ਜੇ ਤੁਰਦੇ ਰਹਿਣਾ। ( ਪੰਨਾ-17 )
ਹੋਰ ਵੇਖੋਂ
ਅ ਜੇ ਜਿੱਤਣੈਂ ਜੰਗ, ਮਨ ਦੇ ਅੰਦਰ ਪਹਿਲਾਂ ਪੱਕਾ ਨਿਸ਼ਚਾ ਧਾਰੋ।
ਭਟਕਣ ਛੱਡਿਆਂ, ਮੰਜ਼ਿਲ ਨੇੜੇ, ਆ ਜਾਂਦੀ ਹੈ ਬਰਖੁਰਦਾਰੋ।
ਤੇਰੇ ਮੇਰੇ ਸਭ ਦੇ ਬਾਬੁਲ, ਬਿਨਾ ਕਿਤਾਬੋਂ ਇਹ ਕਹਿੰਦੇ ਸੀ,
ਧਰਮਸਾਲ ਵਿਚ ਮਗਰੋਂ, ਪਹਿਲਾਂ, ਮਨ ਮੰਦਰ ਵਿਚ ਝਾਤੀ ਮਾਰੋ। ( ਪੰਨਾ-22 )
ਕਵੀ ਅਨੁਸਾਰ ਆਸ਼ਾਵਾਦੀ ਹੋ ਕੇ ਹੀ ਅਗਾਉਂ ਜੀਵਨ ਮਾਰਗ ਨੂੰ ਰੁਸ਼ਨਾਇਆ ਜਾ ਸਕਦਾ ਹੈ। ਗੁਰਭਜਨ ਗਿੱਲ ਦੀਆਂ ਇਹ ਰੁਬਾਈਆਂ ਖਪਤਕਾਰੀ ਯੁੱਗ ਦੇ ਮਨੁੱਖ ਨੂੰ ਇਨਸਾਨੀਅਤ ਧਾਰਨ ਕਰਨ ਦੀ ਪ੍ਰੇਰਨਾ ਦੇਂਦੀਆਂ ਹਨ, ਮਾਂ ਦੀ ਮਮਤਾ ਦਾ ਅੁਹਿਸਾਸ ਕਰਵਾਉਂਦੀਆਂ ਹਨ, ਭੈਣਾਂ ਅਤੇ ਵਿਸ਼ੇਸ਼ਤਰ ਧੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਹਿੱਤ ਭਰਾਵਾਂ ਅਤੇ ਮਾਪਿਆਂ ਨੂੰ ਆਂਤਰਿਕ ਬੋਧ ਕਰਵਾਉਂਦੀਆਂ ਹਨ, ਤਾਂ ਜੋ ਮਾਨਵੀ ਹਿਰਦਿਆਂ ਵਿਚੋਂ ਭਰਾਤਰੀ- ਭਾਵ ਖਤਮ ਤੇ ਕੀ ਨਸ਼ਟ ਨਾ ਹੋ ਜਾਵੇ! ਵਡੇਰਿਆਂ ਪ੍ਰਤੀ ਸਤਿਕਾਰ ਅਤੇ ਬੱਚਿਆਂ ਵਾਸਤੇ ਪਿਆਰ ਦੀ ਜੋਤ ਜਗਾਉਂਦੀਆਂ ਇਹ ਰੁਬਾਈਆਂ ਸੱਚਮੁੱਚ ਪਰੰਪਰਾਇਕ ਰੁਬਾਈਆਂ ਤੋਂ ਅਗਲੇਰਾ ਕਦਮ ਜਾਪੀਆਂ ਹਨ। ਬੁਢੇਪੇ ‘ਚ ਭਾਵੇਂ ਮਾਂ-ਬਾਪ ਹੈ ਜਾਂ ਹੋਰ ਰਿਸ਼ਤੇਦਾਰੀਆਂ ‘ਚੋਂ ਕੋਈ, ਕਵੀ ਅਨੁਸਾਰ ਉਹ ਅਗਲੇਰੀਆਂ ਪੀੜ੍ਹੀਆਂ ਲਈ ਪ੍ਰੇਰਕ ਵੀ ਹੈ ਅਤੇ ਸ਼ੁੱਭ ਇਛਾਵਾਂ ਦੇਣ ਵਾਲਾ ਵੀ ਹੈ ਪਰੰਤੂ ਕਵੀ ਨੂੰ ਚਿੰਤਾ ਹੈ ਕਿ ਬਜ਼ੁਰਗੀ ਕਿਉਂ ਰੁਲ੍ਹ ਰਹੀ ਹੈਂ
ਖੜਸੁੱਕ ਬਿਰਖ, ਉਦਾਸ ਖੜੇ ਨੇ। ਬਿਲਕੁਲ ਸਾਡੇ ਪਾਸ ਖੜੇ ਨੇ।
ਬਿਨ ਬੋਲਣ ਤੋਂ ਕਹਿਣ ਬੜਾ ਕੁਝ, ਦਿਲ ਵਿਚ ਲੈ ਇਤਿਹਾਸ ਖੜੇ ਨੇ। ( ਪੰਨਾਂ48 )
ਇਨ੍ਹਾਂ ਰੁਬਾਈਆਂ ਦੀ ਹੋਰ ਉੱਘੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਵਿਚ ਵਿਅੰਗ ਸਿੱਧੇ ਅਤੇ ਪਰੋਖ ਦੋਹਾਂ ਰੂਪਾਂ ਜ਼ਰੀਏ ਪ੍ਰਗਟ ਹੁੰਦਾ ਵੇਖਿਆ ਜਾ ਸਕਦਾ ਹੈ। ਇਹ ਵਿਅੰਗ ਭ੍ਰਿਸ਼ਟਾਚਾਰ, ਪ੍ਰਦੂਸ਼ਿਤ ਵਾਤਾਵਰਣ, ਖੁਸ ਰਹੀ ਅਤੇ ਟੁੱਟ ਰਹੀ ਰਿਸ਼ਤਾ ਪ੍ਰਣਾਲੀ , ਜਾਤੀ ਅਤੇ ਸਮਾਜੀ ਵਖਰੇਵਿਆਂ ਬਾਬਤ ਅਤੇ ਘਰੇਲੂ ਜ਼ਿੰਦਗੀ ਦੇ ਪੰਜ-ਪਾਂਜੇ ਪੂਰਨ ਕਰਨ ਹਿੱਤ ਵਰਤੀਂਦੇ ਸਾਧਨਾਂ ਆਦਿ ਨਾਲ ਸੰਬੰਧਿਤ ਹਨ। ਜੋ ਪੁਸਤਕ ਪੜ੍ਹਿਆਂ ਹੀ ਪਤਾ ਲੱਗ ਸਕਦੇ ਹਨ। ‘ ਸ਼ਬਦ ‘,’ ਸੂਰਜ ‘, ‘ ਲਿਸ਼ਕੋਰ ‘, ‘ ਸੰਧੂਰ ‘, ‘ ਸੰਧੂਰਦਾਨੀ ‘, ‘ ਫੁੱਲ ‘, ‘ ਬਨਾਸਪਤੀ ‘, ‘ ਮਾਂ ‘ ( ਧਰਤੀ ਮਾਂ, ਜਣਨਹਾਰੀ ਮਾਂ, ਮਾਂ-ਬੋਲੀ ) ‘ ਧੀ ‘, ‘ ਨਦੀ-ਦਰਿਆ ‘, ‘ ਪਾਣੀ ‘, ‘ ਲੋਕ-ਗਾਇਕ ‘, ‘ ਰਾਤ ‘, ‘ ਸਵੇਰਾ ‘, ‘ ਸੋਨੇ ਦੇ ਪਿੰਜਰੇ ‘, ‘ ਬਿਰਖ ਨਿਪੱਤਰੇ ‘, ‘ਖੜਸੁੱਕ ਬਿਰਖ ‘, ‘ ਦਿਲ ਦਾ ਮੋਹ ‘, ‘ ਕਲਮ-ਕਟਾਰ ‘ ‘ ਚਿੜੀ ‘, ‘ ਪਿੰਡਾ ‘ ਆਦਿ ਸ਼ਬਦ ਜੋ ਰੁਬਾਈਆਂ ‘ਚ ਵਰਤੇ ਗਏ ਹਨ ਮਹਿਜ਼ ਸ਼ਬਦ ਨਹੀਂ ਹਨ। ਵਿਚਾਰਧਾਰਿਕ ਪੱਧਰ ‘ਤੇ ਇਹ ਸੰਕਲਪ ਵੀ ਹਨ ਅਤੇ ਵਿਸ਼ੈ ਪਾਸਾਰ ਦੇ ਵਿਭਿੰਨ ਸਰੋਕਾਰ ਵੀ ਹਨ। ਭਾਰਤੀ ਕਾਵਿ-ਸ਼ਾਸਤਰ ਦੀ ਅਧਿਐਨ ਪੱਧਤੀ ਅਨੁਸਾਰ ਇਹ ਦ੍ਰਿਸ਼ਟਾਂਤ ਵੀ ਹਨ ਜੋ ਵਿਭਿੰਨ ਪ੍ਰਕਾਰ ਦੇ ਬਿੰਬ ਵੀ ਉਭਾਰਦੇ ਹਨ ਅਤੇ ਨਾਲ ਦੀ ਨਾਲ ਅਲੰਕਾਰਿਕ ਲਹਿਜ਼ੇ ‘ਚ ਵਿਭਿੰਨ ਰਸਾਂ ਦਾ ਉਤਪਾਦਨ ਵੀ ਕਰਦੇ ਹਨ। ਅਜਿਹਾ ਗੁਣ ਪ੍ਰੌੜ ਕਾਵਿਕ-ਸਿਰਜਕ ਕੋਲ ਹੀ ਨਹੀਂ ਹੁੰਦਾ ਸਗੋਂ ਜੋ ਕਾਵਿਕ ਜੀਵਨ-ਸ਼ੈਲੀ ‘ਚ ਜੀਊ ਰਿਹਾ ਹੋਵੇ , ਉਸ ਕੋਲ ਹੀ ਸੰਭਵ ਹੋ ਸਕਦਾ ਹੈ। ਅਜਿਹਾ ਬੋਧ ਮੈਨੂੰ ‘ ਸੰਧੂਰਦਾਨੀ ‘ ਦੀਆਂ ਰੁਬਾਈਆਂ ਤੋਂ ਮਹਿਸੂਸ ਹੋਇਆ ਹੈ। ਇਸੇ ਪ੍ਰਸੰਗਤਾ ‘ਚ ਉਸਦੇ ਕਾਵਿ-ਬੋਲ ਹਨ ਕਿ ‘ ਅੰਬਰ ਦੇ ਵਿਚ ਘੁਲਿਆ ਸੂਰਜ ਮੇਰਾ ਹੈ, ਇਸ ਸੁਰਖੀ ਦਾ ਨਾਂ ਹੀ ਸੋਨ-ਸਵੇਰਾ ਹੈ। ‘ ਹੋਰ ਬਿਆਨ ਹੈ ਕਿ ‘ ਜੰਮਣਹਾਰੀ ਵਾੰਂਗਰਾਂ ਧਰਤੀ ਮਾਂ ਦਾ ਹਾਲ, ਮਾਂ ਬੋਲੀ ਦਾ ਹੋ ਗਿਆ ਇਸ ਤੋਂ ਮੰਦੜਾ ਹਾਲ। ‘ ਮੁਹੱਬਤੀ ਵਿਹਾਰ ‘ਚ ਆਈਆਂ ਤਰੇੜਾਂ ਨੂੰ ਵਿਅੱਕਤ ਕਰਦਾ ਗਿੱਲ ਕਹਿੰਦਾ ਹੈ ਕਿਂ’ ਵੇਖ ਮੁਹੱਬਤ ਦਾ ਰੰਗ ਕੈਸਾ ਅਜਬ ਕਿਸਮ ਦੀ ਮਿਲੀ ਸਜ਼ਾ ਹੈ, ਤੇਰੇ ਮੇਰੇ ਵਿਚ ਅਣਦਿਸਦਾ ਚੁੱਪ ਦਾ ਭਰ ਵਗਦਾ ਦਰਿਆ ਹੈ। ‘ ਇਹ ਕਵੀ ਪਤਝੜਾਂ ‘ਚ ਵੀ ਉਦਾਸ ਨਹੀਂ ਹੁੰਦਾ, ਸਗੋਂ ਬਹਾਰ ਰੁੱਤ ਦੇ ਫੁੱਲਾਂ ਦੀ ਆਸ ਵਿਚ ਜੀਊਂਦਾ ਹੈ ਅਤੇ ਜੀਊਣ ਜੋਗਾ ਸੰਦੇਸ਼ ਵੀ ਦੇਂਦਾ ਹੈ। ਇਸੇ ਸੋਚ-ਦ੍ਰਿਸ਼ਟੀ ਦਾ ਧਾਰਕ ਇਹ ਕਵੀ ਨੇੜੇ ਦੇ ਜੀਵਨ ਸਾਥੀ ਦੇ ਵਿਛੋੜੇ ਨੂੰ ਵੀ ਜ਼ਰ ਲੈਂਦਾ ਹੈ ਭਾਵੇਂ ਕਿ ਉਸਦੀਆਂ ਯਾਦਾਂ ਤੋਂ ਮੁਕਤ ਹੋਇਆ ਨਹੀਂ ਜਾਪਦਾ। ‘ ਸੰਧੂਰਦਾਨੀ ‘ ਪੁਸਤਕ ਵਿਚ ਅੰਕਿਤ ਹਰ ਰੁਬਾਈ ਆਪਣੇ ਆਪ ਵਿਚ ਸੁਤੰਤਰ ਅਤੇ ਸੰਪਨ ਵਿਚਾਰ, ਭਾਵ, ਜਜ਼ਬੇ ਅਤੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਹੈ। ਸੂਰਜ ਜੀਵਨ ਦੀ ਜੋਤ ਜਗਾਉਂਦਾ ਹੈ ਅਤੇ ਰੁਸ਼ਨਾਉਂਦਾ ਹੈ, ਚੰਦਰਮਾ ਠੰਡੀ-ਠਾਰ ਰੌਸ਼ਨੀ ਪ੍ਰਦਾਨ ਕਰਦਾ ਹੈ, ਰੁੱਤਾਂ-ਬਹਾਰਾਂ ਜੀਵਨ ਨੂੰ ਜੀਊਣ ਜੋਗਾ ਕਰਦੀਆਂ ਹਨ ਅਤੇ ਪ੍ਰਕਿਰਤਕ ਵਾਤਾ- ਵਰਣ, ਸਮਾਜਕ ਵਰਤਾਰਾ ਜੀਊਣ ਜੋਗੇ ਸਾਹ ਭਰਦਾ ਹੈ। ਇਸ ਸਭ ਕਾਸੇ ਦਾ ਬੋਧ ਇਨ੍ਹਾਂ ਰੁਬਾਈਆਂ ਨੂੰ ਪੜ੍ਹ ਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ। ‘ ਸੰਧੂਰਦਾਨੀ ‘ ‘ਚ ਅੰਕਿਤ ਸ਼ਬਦਾਵਲੀ ਠੇਠ ਮਾਝੀ ਪੰਜਾਬੀ ਮੁਹਾਵਰੇ ਦੀ ਰੰਗਤ ਵਿਚ ਗੜੂੰਦ ਹੈ, ਇਸ ਵਿਚ ਕਾਵਿਕ ਰਸਕਤਾ ਵੀ ਹੈ, ਰਵਾਨਗੀ ਵੀ ਹੈ ਅਤੇ ਹਰ ਵਰਗ ਦੇ ਪਾਠਕਾਂ ਦੇ ਚੇਤਿਆਂ ਵਿਚ ਘਰ ਕਰ ਜਾਣ ਦੇ ਸਮਰੱਥ ਵੀ ਹੈ। ‘ ਸੰਧੂਰ ‘ ਅਤੇ ‘ ਸੰਧੂਰਦਾਨੀ ‘ ‘ ਨੂੰਹ-ਧੀ ‘ ਨੂੰ ‘ ਸਦਾ ਸੁਹਾਗਣ ਰਹੋ ‘ ਅਸ਼ੀਰਵਾਦ ਦੇ ਕੇ ਦਿੱਤੀ ਜਾਂਦੀ ਹੈ। ਗੁਰਭਜਨ ਗਿੱਲ ਨੇ ਪੰਜਾਬੀ ਅਤੇ ਪੰਜਾਬੀ ਰਹਿਤਲ ਦੀ ਪਛਾਣ ਕਰਨ ਹਿੱਤ ਅਤੇ ਮਾਨਵ-ਹਿਤੈਸ਼ੀ ਹੋਣ ਦੀ ਭਾਵਨਾ ਨਾਲ ਪੰਜਾਬੀ ਪਾਠਕਾਂ ਨੂੰ ਅਰਪਿਤ ਕੀਤੀ ਹੈ। ਆਸ ਕਰਦੇ ਹਾਂ ਕਿ ਗੁਰਭਜਨ ਗਿੱਲ ਇਸ ਤੋਂ ਅਗਾਂਹ ਹੋਰ ਪੁਖਤਾ ਰੁਬਾਈਆਂ ਸਿਰਜੇਗਾ।

ਡਾ. ਜਗੀਰ ਸਿੰਘ ਨੂਰ, 9814209732