ਪਰਵਾਸ : ਮਨੁੱਖੀ ਹੁਨਰ ਤੇ ਆਰਥਿਕ ਸੰਕਟ ਦੀ ਚਿਤਾਵਨੀ

ਪਰਵਾਸ : ਮਨੁੱਖੀ ਹੁਨਰ ਤੇ ਆਰਥਿਕ ਸੰਕਟ ਦੀ ਚਿਤਾਵਨੀ

ਪੰਜਾਬੀਆਂ ਵੱਲੋਂ ਪਰਵਾਸ ਕੀਤੇ ਜਾਣ ਦਾ ਸਿਲਸਿਲਾ ਬੇਸ਼ੱਕ ਕਾਫ਼ੀ ਪੁਰਾਣਾ ਹੈ, ਪਰ ਇਨ੍ਹੀਂ ਦਿਨੀਂ ਪਰਵਾਸ ਦੇ ਵਧੇ ਰੁਝਾਨ ਵਿੱਚ ਪੁਰਾਣੇ ਸਮਿਆਂ ਦੇ ਪਰਵਾਸ ਨਾਲੋਂ ਜ਼ਮੀਨ-ਅਸਮਾਨ ਦਾ ਫ਼ਰਕ ਹੈ।
ਪਹਿਲੇ ਸਮਿਆਂ ਵਿੱਚ ਪਰਿਵਾਰ ਦੇ ਇੱਕ-ਦੋ ਜੀਅ ਵਿਦੇਸ਼ਾਂ ਵਿੱਚ ਕਮਾਈ ਕਰਨ ਦੇ ਉਦੇਸ਼ ਨਾਲ ਜਾਂਦੇ ਸਨ, ਜੋ ਬਹੁਤੇ ਪੜ੍ਹੇ-ਲਿਖੇ ਵੀ ਨਹੀਂ ਹੁੰਦੇ ਸਨ, ਪਰ ਮਿਹਨਤੀ ਜ਼ਰੂਰ ਹੁੰਦੇ ਸਨ। ਵਿਦੇਸ਼ਾਂ ਦੀ ਧਰਤੀ ‘ਤੇ ਰਹਿੰਦਿਆਂ ਉਹ ਹੱਡ-ਭੰਨਵੀਂ ਮਿਹਨਤ ਕਰਦੇ ਅਤੇ ਕਮਾਇਆ ਧਨ ਆਪਣੇ ਪਰਿਵਾਰਾਂ ਨੂੰ ਭੇਜਦੇ ਸਨ। ਬਾਹਰੋਂ ਕਮਾਏ ਡਾਲਰ ਅਤੇ ਪੌਂਡ ਜਦੋਂ ਸਵਦੇਸ਼ੀ ਕਰੰਸੀ ਵਿੱਚ ਤਬਦੀਲ ਹੁੰਦੇ ਤਾਂ ਪਿੱਛੇ ਰਹਿੰਦੇ ਪਰਿਵਾਰ ਦੀ ਕਾਇਆ-ਕਲਪ ਹੋ ਜਾਂਦੀ ਅਤੇ ਵਿਦੇਸ਼ ਗਏ ਮੈਂਬਰ ਵੱਲੋਂ ਕੀਤੀ ਕਮਾਈ ਦੀਆਂ ਗੱਲਾਂ ਸਾਰੇ ਪਿੰਡ-ਸ਼ਹਿਰ ਦੀ ਜ਼ੁਬਾਨ ‘ਤੇ ਹੁੰਦੀਆਂ ਸਨ। ਇਹ ਪਰਵਾਸੀ ਲੋਕ ਕਮਾਈ ਕਰਨ ਮਗਰੋਂ ਵਤਨ ਪਰਤ ਆਉਂਦੇ ਸਨ। ਵਿਦੇਸ਼ੀ ਧਰਤੀ ‘ਤੇ ਪੱਕੇ ਤੌਰ ‘ਤੇ ਵਸਣ ਦਾ ਤਾਂ ਕਦੇ ਉਨ੍ਹਾਂ ਨੇ ਸੁਪਨਾ ਵੀ ਨਹੀਂ ਵੇਖਿਆ ਹੁੰਦਾ ਸੀ। ਉਦੋਂ ਪਰਵਾਸ ਸਾਡੇ ਮੁਲਕ ਅਤੇ ਸੂਬੇ ਲਈ ਵਰਦਾਨ ਸੀ, ਕਿਉਂਕਿ ਵਿਦੇਸ਼ ਗਏ ਮੈਂਬਰ ਬਾਹਰਲੀ ਮੁਦਰਾ ਆਪਣੇ ਮੁਲਕ ਵਿੱਚ ਭੇਜਦੇ ਸਨ।
ਹੁਣ ਪਰਵਾਸ ਦੇ ਮਾਮਲੇ ਵਿੱਚ ਉਲਟੀ ਗੰਗਾ ਵਗੀ ਹੋਈ ਹੈ। ਅੱਜ ਦੇ ਜ਼ਮਾਨੇ ਵਿੱਚ ਸਾਡੇ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਨੂੰ ਤਾਂ ਜਿਵੇਂ ਆਪਣੇ ਮੁਲਕ ਅਤੇ ਸੂਬੇ ਤੋਂ ਨਫ਼ਰਤ ਹੀ ਹੋ ਗਈ ਹੈ। ਪੜ੍ਹਾਈ ਵਿੱਚ ਹੁਸ਼ਿਆਰ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਮੁਹਾਰਤ ਰੱਖਣ ਵਾਲਾ ਹਰ ਨੌਜਵਾਨ ਬਾਰ੍ਹਵੀਂ ਜਮਾਤ ਪਾਸ ਕਰਨ ਮਗਰੋਂ ਵਿਦੇਸ਼ ਜਾਣ ਲਈ ਉਤਾਵਲਾ ਵਿਖਾਈ ਦਿੰਦਾ ਹੈ। ਕਈ ਵਰ੍ਹੇ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਬਜਾਇ ਇੱਧਰ ਹੀ ਕੋਈ ਰੁਜ਼ਗਾਰ ਭਾਲਣ ਲਈ ਮਜਬੂਰ ਕਰਦੇ ਸਨ, ਪਰ ਅੱਜ ਮਾਪੇ ਵੀ ਬੱਚਿਆਂ ਦੀ ਵਿਦੇਸ਼ ਜਾਣ ਦੀ ਇੱਛਾ ਨਾਲ ਇਕਸੁਰ ਹੋਣ ਲੱਗੇ ਹਨ। ਵਰਨਣਯੋਗ ਹੈ ਕਿ ਪਰਵਾਸ ਕਰਨ ਵਾਲੇ ਹੁਸ਼ਿਆਰ ਅਤੇ ਲਾਇਕ ਨੌਜਵਾਨ ਸਿਰਫ਼ ਕਮਾਈ ਕਰਨ ਦੇ ਉਦੇਸ਼ ਨਾਲ ਵਿਦੇਸ਼ ਨਹੀਂ ਜਾ ਰਹੇ, ਬਲਕਿ ਉਹ ਤਾਂ ਪੱਕੇ ਤੌਰ ‘ਤੇ ਆਪਣੇ ਵਤਨ ਨੂੰ ਅਲਵਿਦਾ ਕਹਿ ਰਹੇ ਹਨ। ਵਾਪਸ ਪਰਤਣ ਦੀ ਉਨ੍ਹਾਂ ਦੇ ਮਨਾਂ ਵਿੱਚ ਭੋਰਾ ਵੀ ਇੱਛਾ ਨਹੀਂ ਹੈ। ਪਰਵਾਸ ਪ੍ਰਤੀ ਆਈ ਇਸ ਮਾਨਸਿਕ ਤਬਦੀਲੀ ਨੇ ਮੁਲਕ ਅਤੇ ਸੂਬੇ ਦੀ ਆਰਥਿਕਤਾ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਮਨੁੱਖੀ ਅਤੇ ਮਾਲੀ ਸਰਮਾਇਆ ਲਗਾਤਾਰ ਸਾਡੇ ਹੱਥੋਂ ਖੁੱਸ ਰਿਹਾ ਹੈ। ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨ ਮਹਿੰਗੀਆਂ ਫੀਸਾਂ ਨਾਲ ਵਿਦੇਸ਼ੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਖੀਸੇ ਭਰ ਰਹੇ ਹਨ। ਇੱਕ ਤਰ੍ਹਾਂ ਨਾਲ ਵਿਦੇਸ਼ ਕਾਲਜਾਂ ਦੇ ਵਾਰੇ-ਨਿਆਰੇ ਹੋਏ ਪਏ ਹਨ। ਇਧਰ, ਸਾਡੇ ਕਾਲਜਾਂ ਨੂੰ ਦਾਖ਼ਲਿਆਂ ਦੇ ਲਾਲੇ ਪੈ ਗਏ ਹਨ। ਪਿਛਲੇ ਦਿਨੀਂ ਪ੍ਰਕਾਸ਼ਿਤ ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਕਾਲਜਾਂ ਵਿੱਚ ਵੱਡੀ ਗਿਣਤੀ ਵਿੱਚ ਸੀਟਾਂ ਖਾਲੀ ਰਹਿਣ ਲੱਗੀਆਂ ਹਨ। ਸਾਡੀਆਂ ਯੂਨੀਵਰਸਿਟਆਂ ਅਤੇ ਕਾਲਜ ਲਗਾਤਾਰ ਵੀਰਾਨ ਹੋ ਰਹੇ ਹਨ।
ਪਰਵਾਸ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਕਦੇ ਵੀ ਵਾਪਸ ਨਹੀਂ ਪਰਤਣਾ ਅਤੇ ਇਨ੍ਹਾਂ ਨੇ ਵਿਦੇਸ਼ ਦੀ ਤਰੱਕੀ ਲਈ ਹੀ ਕੰਮ ਕਰਨਾ ਹੈ। ਇੱਕ ਨਾ ਇੱਕ ਦਿਨ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਵੀ ਪਰਵਾਸ ਕਰਕੇ ਆਪਣੇ ਪੁੱਤਾਂ-ਧੀਆਂ ਕੋਲ ਜਾਣ ਲਈ ਵਤਨ ਨੂੰ ਅਲਵਿਦਾ ਕਹਿ ਜਾਣਾ ਹੈ। ਜਿਹੜੇ ਮਾਪਿਆਂ ਦੇ ਬੱਚੇ ਪਰਵਾਸ ਕਰ ਰਹੇ ਹਨ, ਉਹ ਇੱਧਰ ਪੂੰਜੀ ਨਿਵੇਸ਼ ਕਰਨੋਂ ਹਟ ਹੀ ਨਹੀਂ ਰਹੇ, ਸਗੋਂ ਇਧਰਲੀਆਂ ਜਾਇਦਾਦਾਂ ਵੇਚਣ ਲੱਗ ਪਏ ਹਨ। ਕਿਸਾਨ ਪਰਿਵਾਰ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਆਰਥਿਕ ਮਦਦ ਕਰਨ ਲੱਗੇ ਹਨ।
ਪਰਵਾਸ ਦੇ ਮਾਮਲੇ ਵਿੱਚ ਆਈ ਤੇਜ਼ੀ ਅਤੇ ਉਲਟ ਵਰਤਾਰੇ ਦੇ ਮਾਮਲੇ ਵਿੱਚ ਸਰਕਾਰਾਂ ਨੇ ਚੁੱਪ ਵੱਟੀ ਹੋਈ ਹੈ। ਤੇਜ਼ੀ ਨਾਲ ਬਾਹਰ ਜਾ ਰਹੇ ਮਨੁੱਖੀ ਅਤੇ ਮਾਲੀ ਸਰਮਾਏ ਦਾ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਜਾਪਦਾ। ਸਾਡੇ ਮੁਲਕ ਅਤੇ ਸੂਬੇ ਵਿੱਚੋਂ ਹੁਨਰ ਬਾਹਰ ਜਾ ਰਿਹਾ ਹੈ। ਹਰ ਵਰ੍ਹੇ ਹੋਣ ਵਾਲੇ ਪਰਵਾਸ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ ਹੈ। ਪਰਵਾਸ ਦੇ ਇਸ ਵਰਤਾਰੇ ਨੇ ਸਾਡੇ ਮੁਲਕ ਅਤੇ ਸੂਬੇ ਦੀ ਆਰਥਿਕਤਾ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਪਰਵਾਸ ਦਾ ਰੁਝਾਨ ਠੱਲ੍ਹਣ ਲਈ ਸਰਕਾਰਾਂ ਨੂੰ ਵਿਸ਼ੇਸ਼ ਕਦਮ ਚੁੱਕਣਗੇ ਪੈਣਗੇ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣੇ ਪੈਣਗੇ। ਨੌਕਰੀ ਦੌਰਾਨ ਵਧੀਆ ਮਾਹੌਲ ਅਤੇ ਚੰਗੀ ਤਨਖ਼ਾਹ ਯਕੀਨੀ ਬਣਾਉਣੀ ਹੋਵੇਗੀ। ਨੌਕਰੀ ਦੌਰਾਨ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ ਰੋਕਣਾ ਹੋਵੇਗਾ। ਜੇਕਰ ਸਰਕਾਰਾਂ ਨੇ ਸਮਾਂ ਰਹਿੰਦੇ ਨੌਜਵਾਨਾਂ ਦੇ ਪਰਵਾਸ ਪ੍ਰਤੀ ਗੰਭੀਰਤਾ ਨਾ ਵਿਖਾਈ ਤਾਂ ਆਉਣ ਵਾਲੇ ਕੁਝ ਹੀ ਵਰ੍ਹਿਆਂ ਵਿੱਚ ਪੰਜਾਬ ਆਰਥਿਕ ਅਤੇ ਮਨੁੱਖੀ ਹੁਨਰ ਦੇ ਗੰਭੀਰ ਸੰਕਟ ਵਿੱਚ ਹੋਵੇਗਾ।

-ਬਿੰਦਰ ਸਿੰਘ ਖੁੱਡੀ ਕਲਾਂ
ਸੰਪਰਕ: 98786-0596