ਕਰਤਾਰਪੁਰ ਲਾਂਘੇ ਸਬੰਧੀ ਅਮਰੀਕਾ ‘ਚ ਹੋਣ ਵਾਲੀ ਮੁਲਾਕਤ ਹੋਈ ਰੱਦ

ਕਰਤਾਰਪੁਰ ਲਾਂਘੇ ਸਬੰਧੀ ਅਮਰੀਕਾ ‘ਚ ਹੋਣ ਵਾਲੀ ਮੁਲਾਕਤ ਹੋਈ ਰੱਦ 

ਹਿੰਸਕ ਵਾਰਦਾਤਾਂ ਦੇ ਚੱਲਦੇ ਪਾਕਿ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਲਈ ਤਿਆਰ ਨਹੀਂ ਭਾਰਤ

ਇਮਰਾਨ ਖ਼ਾਨ ਦੀ ਕਥਨੀ ਤੇ ਕਰਨੀ ਵਿਚ ਬਹੁਤ ਫਰਕ : ਭਾਰਤ

 

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨਾਲ ਅਮਰੀਕਾ ਵਿਚ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਗੱਲਬਾਤ ‘ਤੇ ਵੀ ਰੋਕ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਬਹਾਲੀ ਲਈ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਅਗਲੇ ਹੀ ਦਿਨ ਜਵਾਬ ਦੇ ਦਿੱਤਾ।
ਭਾਰਤ ਦਾ ਕਹਿਣਾ ਹੈ ਕਿ ਹਿੰਸਕ ਵਾਰਦਾਤਾਂ ਕਰ ਕੇ ਹੀ ਉਹ ਹੁਣ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੀ ਗੱਲ ਨਹੀਂ ਕਰੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਨੀ ਤੇ ਕਰਨੀ ਵਿਚ ਬਹੁਤ ਫਰਕ ਹੈ। ਉਧਰ, ਭਾਰਤ ਵੱਲੋਂ ਨਿਊ ਯਾਰਕ ‘ਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕਰਨ ਦੇ ਫੈਸਲੇ ਨੂੰ ‘ਹੰਕਾਰ’ ਦੱਸਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਨਵੀਂ ਦਿੱਲੀ ਦੇ ਨਾਂਹ-ਪੱਖੀ ਹੁੰਗਾਰੇ ਤੋਂ ਨਿਰਾਸ਼ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਸੱਦੇ ਦਾ ਭਾਰਤ ਵੱਲੋਂ ਅਪਣਾਏ ਹੰਕਾਰੀ ਅਤੇ ਨਾਂਹ-ਪੱਖੀ ਰਵੱਈਏ ਤੋਂ ਉਹ ਨਿਰਾਸ਼ ਹਨ।
ਦੱਸ ਦਈਏ ਕਿ ਪਾਕਿਸਤਾਨ ਦੇ ਵਜ਼ੀਰੇ-ਆਲਾ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਖਾਹਿਸ਼ ਜ਼ਾਹਿਰ ਕੀਤੀ ਸੀ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਅਤੇ ਸਾਨੂੰ ਅਮਨ-ਸ਼ਾਂਤੀ ਕਾਇਮ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਸੀ ਕਿ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਿਹੜੇ ਪੰਧ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਸੀ, ਸਾਨੂੰ ਦੁਬਾਰਾ ਉਸ ਪੰਧ ਦੇ ਪਾਂਧੀ ਬਣਨਾ ਚਾਹੀਦਾ ਹੈ।

ਅਸੀਂ ਅਮਨ ਬਹਾਲੀ ਦੇ ਯਤਨ ਜਾਰੀ ਰੱਖਾਂਗੇ : ਪਾਕਿ
ਵਾਸ਼ਿੰਗਟਨ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਸੰਵਾਦ ਤੋਰਨ ਵਿਚ ਵਿਖਾਈ ਜਾ ਰਹੀ ਝਿਜਕ ਦੇ ਬਾਵਜੂਦ ਇਸਲਾਮਾਬਾਦ ਖਿੱਤੇ ‘ਚ ਅਮਨ ਬਹਾਲੀ ਲਈ ਯਤਨ ਜਾਰੀ ਰੱਖੇਗਾ ਤੇ ਉਸ ਦੇ ਦਰ ਹਮੇਸ਼ਾ ਖੁੱਲ੍ਹੇ ਰਹਿਣਗੇ। ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਅਮਨ ਵਾਰਤਾ ਦੀ ਪੇਸ਼ਕਸ਼ ਪ੍ਰਤੀ ਗ਼ੈਰਸਫ਼ਾਰਤੀ ਪਹੁੰਚ ਅਪਣਾਈ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਦੀ ‘ਭਾਸ਼ਾ ਤੇ ਸੁਰ’ ਵਿਦੇਸ਼ ਮੰਤਰੀ ਵਾਲੀ ਨਹੀਂ ਸੀ।

ਪਾਕਿਸਤਾਨੀ ਸਿੱਖਾਂ ਵੱਲੋਂ ਭਾਰਤ ਤੋਂ ਕਰਤਾਰਪੁਰ ਸਰਹੱਦ ਖੋਲ੍ਹਣ ਦੀ ਮੰਗ

ਕਰਾਚੀ: ਪਾਕਿਸਤਾਨ ਵਿਚ ਵਸਦੇ ਸਿੱਖਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਰਹੱਦ ਨੂੰ ਖੋਲ੍ਹਿਆ ਜਾਵੇ ਤਾਂ ਜੋ ਭਾਰਤ ਵਿਚਲੇ ਸਿੱਖ ਸ਼ਰਧਾਲੂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਸੌਖ ਨਾਲ ਦਰਸ਼ਨ ਕਰ ਸਕਣ। ਇਹ ਪ੍ਰਗਟਾਵਾ ਇਕ ਮੀਡੀਆ ਰਿਪੋਰਟ ਵਿਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਭਾਰਤ ਵਿਚ ਸਥਿਤ ਡੇਰਾ ਬਾਬਾ ਨਾਨਕ ਸਰਹੱਦ ਕਰਤਾਰਪੁਰ ਸਰਹੱਦ ਖੋਲ੍ਹਣ ਦੀ ਮੰਗ ਤੋਂ ਸਿਰਫ ਸਾਢੇ ਚਾਰ ਕਿਲੋਮੀਟਰ ਦੂਰ ਹੈ। ਲੋਕ ਰੋਜ਼ਾਨਾ ਦੂਰਬੀਨ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਪਾਕਿਸਤਾਨ ਸਿੱਖ ਕੌਂਸਲ ਦੇ ਆਗੂ ਸਰਦਾਰ ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਜੇ ਸਰਹੱਦ ਖੁੱਲ੍ਹ ਜਾਂਦੀ ਹੈ ਤਾਂ ਭਾਰਤ ਵਿਚਲੇ ਸਿੱਖਾਂ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਵਿਚ ਸੌਖ ਹੋ ਜਾਵੇਗੀ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਨੁਸਾਰ ਸ੍ਰੀ ਖਾਲਸਾ ਨੇ ਕਿਹਾ ਕਿ ਕਰਤਾਰਪੁਰ ਸਰਹੱਦ ਖੋਲ੍ਹਣ ਦੀ ਸਿੱਖ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਮਰਾਨ ਖਾਨ ਦੀ ਅਗਵਾਈ ਵਿੱਚ ਪਾਕਿਸਤਾਨ ‘ਚ ਬਣੀ ਨਵੀਂ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਸਰਹੱਦ ਖੋਲ੍ਹਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਜਗਤ ਸਰਕਾਰ ਦੇ ਇਸ ਨੇਕ ਕਾਰਜ ਦਾ ਸਵਾਗਤ ਕਰਦਾ ਹੈ।