ਦੁਨੀਆ ‘ਚ ਵਧੀਆ ਤੇਲ ਦੀਆਂ ਕੀਮਤਾਂ ਲਈ ਟਰੰਪ ਜ਼ਿੰਮੇਦਾਰ – ਈਰਾਨ

ਤਹਿਰਾਨ: ਈਰਾਨ ਦੇ ਤੇਲ ਮੰਤਰੀ ਬਿਜਨ ਨਾਮਦਰ ਜੰਗਨੇਹ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇਲ ਦੀਆਂ ਕੀਮਤਾਂ ‘ਚ ਹਾਲੀਆ ਵਾਧੇ ਲਈ ਮੁੱਖ ਰੂਪ ਨਾਲ ਜ਼ਿੰਮੇਦਾਰ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਤੇਲ ਬਰਾਮਦ ਦੇਸ਼ਾਂ ਦੇ ਸੰਗਠਨ ਓਪੇਕ ਦੀ ਨਿੰਦਾ ਕਰਦੇ ਹੋਏ ਉਸ ‘ਤੇ ਬਾਕੀ ਦੁਨੀਆ ਨੂੰ ਠੱਗਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਜੰਗਨੇਹ ਨੇ ਸਰਕਾਰੀ ਟੈਲੀਵੀਜ਼ਨ ‘ਤੇ ਕਿਹਾ ਕਿ ਮੁੱਲ ਵਾਧੇ ਤੇ ਬਾਜ਼ਾਰ ਨੂੰ ਅਸਥਿਰ ਕਰਨ ਦੇ ਮੁੱਖ ਦੋਸ਼ੀ ਟਰੰਪ ਤੇ ਉਨ੍ਹਾਂ ਦੀਆਂ ਨੁਕਸਾਨਦਾਇਕ ਤੇ ਗੈਰ-ਕਾਨੂੰਨੀ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਟਰੰਪ ਈਰਾਨ ਦੀ ਤੇਲ ਬਰਾਮਦ ਨੂੰ ਘਟਾਉਣਾ ਚਾਹੁੰਦੇ ਹਨ ਤੇ ਇਹ ਵੀ ਚਾਹੁੰਦੇ ਹਨ ਕਿ ਕੀਮਤਾਂ ਨਾ ਵਧਣ। ਦੋਵੇਂ ਚੀਜ਼ਾਂ ਨਾਲ-ਨਾਲ ਨਹੀਂ ਹੋ ਸਕਦੀਆਂ। ਤੇਲ ਮੰਤਰੀ ਨੇ ਕਿਹਾ ਕਿ ਟਰੰਪ ਚਾਹੁੰਦੇ ਹਨ ਕਿ ਕੀਮਤਾਂ ‘ਤੇ ਲਗਾਮ ਲੱਗੇ ਤਾਂ ਉਨ੍ਹਾਂ ਨੂੰ ਪੱਛਮੀ ਏਸ਼ੀਆ ‘ਚ ਬਿਨਾਂ ਕਾਰਨ ਦੇ ਦਖਲ ਨੂੰ ਰੋਕਣਾ ਹੋਵੇਗਾ ਤੇ ਈਰਾਨ ਦੇ ਉਤਪਾਦਨ ਤੇ ਬਰਾਮਦ ‘ਤੇ ਰੋਕ ਨੂੰ ਖਤਮ ਹੋਵੇਗਾ।