ਭਾਰਤ ਨਾਲ ਹੋਏ ਰਾਫ਼ਾਲ ਸੌਦੇ ਸਮੇਂ ਮੈਂ ਰਾਸ਼ਟਰਪਤੀ ਨਹੀਂ ਸੀ :  ਇਮੈਨੁਅਲ ਮੈਕਰੌਂ

ਭਾਰਤ ਨਾਲ ਹੋਏ ਰਾਫ਼ਾਲ ਸੌਦੇ ਸਮੇਂ ਮੈਂ ਰਾਸ਼ਟਰਪਤੀ ਨਹੀਂ ਸੀ :  ਇਮੈਨੁਅਲ ਮੈਕਰੌਂ

ਪੈਰਿਸ: ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰਾਫੇਲ ਵਿਵਾਦ ‘ਤੇ ਸਫਾਈ ਦਿੱਤੀ ਹੈ। ਮੈਕਰੋਨ ਨੇ ਕਿਹਾ ਕਿ ਰਾਫੇਲ ਕਰਾਰ ਸਰਕਾਰ ਨਾਲ ਸਰਕਾਰ ਵਿਚਾਲੇ ਤੈਅ ਹੋਇਆ ਸੀ। ਭਾਰਤ ਅਤੇ ਫਰਾਂਸ ਵਿਚਾਲੇ 36 ਲੜਾਕੂ ਜਹਾਜ਼ਾਂ ਨੂੰ ਲੈ ਕੇ ਜਦੋਂ ਅਰਬਾਂ ਡਾਲਰ ਦਾ ਇਹ ਕਰਾਰ ਹੋਇਆ, ਉਸ ਸਮੇਂ ਉਹ ਸੱਤਾ ਵਿਚ ਨਹੀਂ ਸਨ। ਭਾਰਤ ਨੇ ਕਰੀਬ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਪਿਛਲੇ ਸਾਲ ਸਤੰਬਰ ਵਿਚ ਫਰਾਂਸ ਨਾਲ ਅੰਤਰ-ਸਰਕਾਰੀ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਨ੍ਹਾਂ ਜਹਾਜ਼ਾਂ ਦੀ ਸਪਲਾਈ ਸਤੰਬਰ 2019 ਤੋਂ ਸ਼ੁਰੂ ਹੋਣ ਵਾਲੀ ਹੈ। ਪਿਛਲੇ ਸਾਲ ਮਈ ਵਿਚ ਫਰਾਂਸ ਦੇ ਰਾਸ਼ਟਰਪਤੀ ਬਣੇ ਮੈਕਰੋਨ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਸਾਫ-ਸਾਫ ਕਹਾਂਗਾ ਕਿ ਇਹ ਸਰਕਾਰ ਨਾਲ ਸਰਕਾਰ ਵਿਚਾਲੇ ਹੋਈ ਗੱਲਬਾਤ ਸੀ ਅਤੇ ਮੈਂ ਸਿਰਫ ਉਸ ਗੱਲ ਵੱਲ ਇਸ਼ਾਰਾ ਕਰਨਾ ਚਾਹਾਂਗਾ, ਜੋ ਪਿਛਲੀ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਪੱਸ਼ਟ ਤੌਰ ‘ਤੇ ਆਖੀ। ਮੈਕਰੋਨ ਨੇ ਕਿਹਾ ਕਿ ਮੈਨੂੰ ਹੋਰ ਕੋਈ ਟਿੱਪਣੀ ਨਹੀਂ ਕਰਨੀ। ਇਹ ਸਮਝੌਤਾ ਇਕ ਵਿਆਪਕ ਢਾਂਚੇ ਦਾ ਹਿੱਸਾ ਹੈ, ਜੋ ਭਾਰਤ ਅਤੇ ਫਰਾਂਸ ਵਿਚਾਲੇ ਫੌਜੀ ਅਤੇ ਰੱਖਿਆ ਗਠਜੋੜ ਹੈ। ਦੱਸਣਯੋਗ ਹੈ ਕਿ ਰਾਫੇਲ ਕਰਾਰ ਦੇ ਮੁੱਦੇ ‘ਤੇ ਭਾਰਤ ਵਿਚ ਵੱਡਾ ਵਿਵਾਦ ਪੈਦਾ ਹੋ ਚੁੱਕਾ ਹੈ। ਇਹ ਵਿਵਾਦ ਫਰਾਂਸ ਦੀ ਮੀਡੀਆ ਵਿਚ ਆਈ ਉਸ ਖਬਰ ਤੋਂ ਬਾਅਦ ਪੈਦਾ ਹੋਇਆ, ਜਿਸ ਵਿਚ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਕਿਹਾ ਕਿ ਰਾਫੇਲ ਕਰਾਰ ਵਿਚ ਭਾਰਤੀ ਕੰਪਨੀ ਦੀ ਚੋਣ ਨਵੀਂ ਦਿੱਲੀ ਦੇ ਇਸ਼ਾਰੇ ‘ਤੇ ਕੀਤੀ ਗਈ ਸੀ।