ਰੁਝਾਨ ਖ਼ਬਰਾਂ
ਪੰਜਾਬੀਅਤ ਦਾ ਮੁਰੀਦ ; ਨੰਦ ਲਾਲ ਨੂਰਪੁਰੀ

ਪੰਜਾਬੀਅਤ ਦਾ ਮੁਰੀਦ ; ਨੰਦ ਲਾਲ ਨੂਰਪੁਰੀ 

ਨੰਦ ਲਾਲ ਨੂਰਪੁਰੀ (1906-1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸਨ। ਉਨ੍ਹਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ. ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।
ਮਸਤ-ਮੌਲਾ ਤੇ ਅੜਬੰਗ ਸ਼ਾਇਰ ਨੰਦ ਲਾਲ ਨੂਰਪੁਰੀ ਭਾਵੇਂ ਸਾਰੀ ਜ਼ਿੰਦਗੀ ਚੰਗਾ ਵਪਾਰੀ ਗੀਤਕਾਰ ਤੇ ਦੁਨੀਆਦਾਰ ਨਾ ਬਣ ਸਕਿਆ ਪਰ ਉਸ ਦੇ ਗੀਤਾਂ ਅੱਜ ਵੀ ਕੋਈ ਸਾਨੀ ਨਹੀਂ। ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਨੂਰਪੁਰੀ ਕੁਝ ਸਮਾਂ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਰਿਆਸਤ ਬੀਕਾਨੇਰ ਵਿੱਚ ਥਾਣੇਦਾਰ ਲੱਗ ਗਿਆ ਪਰ ਕਵੀ ਮਨ ਨੂੰ ਇਹ ਨੌਕਰੀ ਰਾਸ ਨਾ ਆਈ। ਸਿੱਟੇ ਵਜੋਂ ਥਾਣੇਦਾਰੀ ਛੱਡ ਉਹ ਮੁੜ ਲਾਇਲਪੁਰ ਆ ਗਿਆ। ਜੇ ਗੱਲ ਸਾਹਿਤਕ ਸਫ਼ਰ ਦੀ ਕਰੀਏ ਤਾਂ ਨੰਦ ਲਾਲ ਨੂਰਪੁਰੀ ਨੇ ਗੀਤਾਂ ਤੋਂ ਇਲਾਵਾ ਗ਼ਜ਼ਲਾਂ ਅਤੇ ਕਵਿਤਾਵਾਂ ‘ਤੇ ਵੀ ਹੱਥ ਅਜ਼ਮਾਇਆ। ਨੂਰਪੁਰੀ ਨੇ ਪੰਜਾਬੀ ਸਾਹਿਤ ਦੀ ਝੋਲੀ ਨੂਰਪੁਰੀਆ (ਪਹਿਲੀ ਵਾਰ ਉਰਦੂ ਅੱਖਰਾਂ ਵਿੱਚ ਛਪੀ), ਚੰਗਿਆੜੇ, ਜਿਉਂਦਾ ਪੰਜਾਬ, ਵੰਗਾਂ, ਸੌਗਾਤ, ਪੰਜਾਬ ਬੋਲਿਆ ਤੇ ਆਰੀ ਸੁਗਾਤ (ਮਰਨ ਉਪਰੰਤ) ਪੁਸਤਕਾਂ ਪਾਈਆਂ। ਭਾਸ਼ਾ ਵਿਭਾਗ ਪੰਜਾਬ ਨੇ 1960 ਵਿੱਚ ਸੁਗਾਤ ਕਾਵਿ-ਸੰਗ੍ਰਹਿ ਦੇ ਖਰੜੇ ਨੂੰ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ‘ਤੇ ਸਨਮਾਨਿਤ ਕੀਤਾ।
ਨੰਦ ਲਾਲ ਨੂਰਪੁਰੀ ਨੇ ਆਪਣਾ ਜੀਵਨ ਚੱਪਲਾਂ ਨਾਲ ਅਤੇ ਸਾਈਕਲ ਉੱਪਰ ਤੈਅ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਆਸ਼ਾ ਸਿੰਘ ਮਸਤਾਨਾ, ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਕੋਠੀਆਂ ਵਾਲੇ ਜ਼ਰੂਰ ਬਣਾਇਆ। ਇਹ ਅਲਬੇਲਾ ਸ਼ਾਇਰ ਸਾਰੀ ਉਮਰ ਭੁੱਖ-ਨੰਗ ਨਾਲ ਹੀ ਜੂਝਦਾ ਰਿਹਾ। ਇੱਕ ਗੱਲ ਨੂਰਪੁਰੀ ਆਪਣੇ ਤਜਰਬੇ ਦੇ ਅਧਾਰ ‘ਤੇ ਅਕਸਰ ਆਖਿਆ ਕਰਦਾ ਸੀ ਕਿ ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ। ਉਂਜ ਤਾਂ ਨੂਰਪੁਰੀ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ ਪਰ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਜੋ ਗੀਤ ਬਹੁਤ ਮਸ਼ਹੂਰ ਹੋਇਆ, ਉਸ ਦੇ ਬੋਲ ਨੇ:
ਚੰਨ ਵੇ ਸ਼ੌਂਕਣ ਮੇਲੇ ਦੀ,
ਪੈਰ ਧੋ ਕੇ ਝਾਂਜਰਾਂ ਪਾਉਂਦੀ,
ਮੇਲ੍ਹ ਦੀ ਆਉਂਦੀ,
ਕਿ ਸ਼ੌਂਕਣ ਮੇਲੇ ਦੀ।
ਇਸ ਗੀਤ ਤੋਂ ਇਲਾਵਾ ਉਸ ਦੀ ਹੋਰ ਵੀ ਬਹੁਤ ਸਾਰੀ ਰਚਨਾ ਹੈ ਜਿਸ ਨੇ ਨੰਦ ਲਾਲ ਨੂਰਪੁਰੀ ਨੂੰ ਅਮਰ ਕਰ ਦਿੱਤਾ। ਜਿਵੇਂ:-
* ਦਾਤਾ ਦੀਆਂ ਬੇਪਰਵਾਹੀਆਂ ਤੋਂ, ਓਏ ਬੇਪਰਵਾਹਾ ਡਰਿਆ ਕਰ।
* ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ।
* ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ।
* ਗੋਰੀ ਦੀਆਂ ਝਾਂਜਰਾਂ
ਨੂਰਪੁਰੀ ਨੇ ਕਈ ਫ਼ਿਲਮਾਂ ਲਈ ਵੀ ਗੀਤ ਲਿਖੇ ਜਿਵੇਂ ਮੰਗਤੀ ਤੇ ਵਲਾਇਤ ਪਾਸ ਆਦਿ। ਫ਼ਿਲਮੀ ਗੀਤ ਲਿਖਣ ਕਰਕੇ ਹੀ ਕੋਲੰਬੀਆ ਨਾਮੀ ਫ਼ਿਲਮ ਕੰਪਨੀ ਨੇ ਨੂਰਪੁਰੀ ਨੂੰ ਭਰਤੀ ਕਰ ਲਿਆ ਸੀ ਪਰ ਉਸ ਦਾ ਖੁੱਲ੍ਹਾ-ਡੁੱਲਾ ਤੇ ਮੌਜੀ ਸੁਭਾਅ ਫ਼ਿਲਮੀ ਦੁਨੀਆਂ ਦੇ ਮਨਸੂਹੀ ਵਤੀਰੇ ਤੋਂ ਬਗ਼ਾਵਤ ਕਰ ਗਿਆ।
ਭਾਖੜਾ ਡੈਮ ਬਣਨ ‘ਤੇ ਨੂਰਪੁਰੀ ਦੀ ਕਲਮ ਹਰਫ਼ ਪਿਰੋਏ ਬਿਨਾਂ ਨਾ ਰਹਿ ਸਕੀ ਅਤੇ ਲਿਖਿਆ ‘ਭਾਖੜਾ ਤੋਂ ਆਉਂਦੀ ਮੁਟਿਆਰ ਨੱਚਦੀ’। ਉਸ ਨੇ ਦੇਸ਼ ਦੀ ਖਤਾਰ ਜਾਨ ਵਾਰਨ ਵਾਲੇ ਸੂਰਬੀਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਲਿਖਿਆ:
ਓ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇਕ ਇਨਸਾਨਾਂ ਨੂੰ,
ਦੇਸ਼ ਦੀ ਖਾਤਰ ਵਾਰ ਗਏ ਜੋ, ਪਿਆਰੀਆਂ-ਪਿਆਰੀਆਂ ਜਾਨਾਂ ਨੂੰ।
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਨੰਦ ਲਾਲ ਨੂਰਪੁਰੀ ਦੀਆਂ ਲਿਖੀਆਂ ਦੋ ਰਚਨਾਵਾਂ ‘ਕਿੱਥੇ ਮਾਤਾ ਤੋਰਿਆਸ਼’ ਅਤੇ ‘ਮਾਤਾ ਗੁਜਰੀ ਜੀਸ਼’, ਅੱਜ ਵੀ ਸਿੱਖ ਕੌਮ ਤੇ ਸਮੁੱਚੀ ਮਾਨਵਤਾ ਦੇ ਮਨਾਂ ਵਿੱਚ ਦਰੇਗ ਪੈਦਾ ਕਰਦੀਆਂ ਹਨ:
* ਅੱਧੀ ਰਾਤੀ ਮਾਂ ਗੁਜਰੀ, ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ,
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ।
* ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।
‘ਇੱਥੋਂ ਉੱਡ ਜਾ ਭੋਲਿਆ ਪੰਛੀਆ’ ਤੇ ‘ਕਾਹਨੂੰ ਵੇ ਪਿੱਪਲਾ ਖੜ-ਖੜ ਲਾਈ ਐ’ ਗੀਤਾਂ ਦਾ ਰਚੇਤਾ ਪੰਜਾਬੀ ਸਾਹਿਤ ਦਾ ਮਾਣ ਨੂਰਪੁਰੀ 13 ਮਈ 1966 ਨੂੰ ਘਰ ਦੀਆਂ ਤੰਗੀਆਂ ਨਾ ਸਹਾਰਦਾ ਹੋਇਆ ਖੂਹ ਵਿੱਚ ਛਾਲ ਮਾਰ ਕੇ ਸਭ ਨੂੰ ਅਲਵਿਦਾ ਕਹਿ ਗਿਆ ਪਰ ਪੰਜਾਬੀ ਦਾ ਇਹ ਸੱਚਾ ਆਸ਼ਕ ਆਪਣੇ ਗੀਤਾਂ ਰਾਹੀਂ ਹਮੇਸ਼ਾਂ ਲੋਕ ਦਿਲਾਂ ਵਿੱਚ ਧੜਕਦਾ ਰਹੇਗਾ।
ਵਰਤਮਾਨ ਦੌਰ ਵਿੱਚ ਮੀਡੀਏ ਦੁਆਰਾ ਲੱਚਰ ਦ੍ਰਿਸ਼ਾਂ ਸਹਿਤ ਜਿਸ ਤਰ੍ਹਾਂ ਦੀ ਗੀਤਕਾਰੀ ਸੰਚਾਰੀ, ਪਸਾਰੀ ਅਤੇ ਪ੍ਰਚਾਰੀ ਜਾ ਰਹੀ ਹੈ ਉਹ ਪੰਜਾਬੀ ਨੌਜਵਾਨ ਨੂੰ ਵਿਹਲੜ, ਬਲਾਤਕਾਰੀ, ਫੁਕਰੇ ਤੇ ਨਸ਼ੱਈ ਦੇ ਰੂਪ ਵਿੱਚ ਬਿਆਨਦੀ ਹੀ ਨਹੀਂ ਸਗੋਂ ਸਿਰਜਦੀ ਵੀ ਹੈ । ਪਰ ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ । ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-
ਦਾਤਾ ਦੀਆ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਗੋਰੀ ਦੀਆਂ ਝਾਂਜਰਾਂ ਬਲੌਂਦੀਆਂ ਗਈਆਂ
ਚੰਨ ਵੇ ਕਿ ਸ਼ੌਂਕਣ ਮੇਲੇ ਦੀ
ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਤਰਲੇ ਨਹੀਂ ਮਾਰੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ । ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ।
ਉਸ ਨੇ ਆਪਣੀਆਂ ਬਹੁਤ ਹੀ ਕੋਮਲ ਭਾਵਨਾਵਾਂ ਨਾਲ ਪੰਜਾਬੀਆਂ ਅਤੇ ਪੰਜਾਬਣਾਂ ਨੂੰ ਦੇਸ਼ ਪਿਆਰ, ਕਿਰਤ, ਅਤੇ ਪਿਆਰ ਦੀ ਤ੍ਰਿਮੂਰਤੀ ਵਜੋਂ ਪਰਗਟਾਇਆ।ਅੱਜ ਦੇ ਗੰਦਲੇ ਮਹੌਲ ਵਿੱਚ ਮੀਡੀਏ ਰਾਹੀਂ ਲੱਚਰਤਾ ਦਾ ਮੁੱਖ ਸਹਾਰਾ ਲੈ ਕੇ ਜਿਹੋ ਜਿਹੀ ਗੀਤਕਾਰੀ ਦਾ ਪਸਾਰਾ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਪੰਜਾਬ ਦੇ ਜੁਆਨਾਂ ਨੂੰ ਬਲਾਤਕਾਰੀ, ਵਿਹਲੜ, ਮੁਸ਼ਟੰਡੇ ਅਤੇ ਨਸ਼ਈ ਦੇ ਰੂਪ ਬਿਆਨਦੀ ਪ੍ਰਸਾਰਦੀ ਅਤੇ ਪ੍ਰਚਾਰਦੀ ਹੈ। ਪਰ ਨੰਦ ਲਾਲ ਨੂਰਪੁਰੀ ਦੇ ਗੀਤਾਂ ਵਿੱਚ ਅਜਿਹਾ ਕੁੱਝ ਨਹੀ, ਉਹਦੀ ਗੀਤਕਾਰੀ ਯੁਵਕਾਂ ਨੂੰ ਬਹਾਦਰ, ਬਲਵਾਨ, ਮਾਨਸਿਕ ਅਤੇ ਆਤਮਿਕ ਤੌਰ ਤੇ ਚੇਤਨ ਬਿਆਨਦੀ ਹੈ। ਨੂਰਪੁਰੀ ਦੇ ਗੀਤਾਂ ਨੂੰ ਸੁਰਿੰਦਰ ਕੌਰ, ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ ਆਦਿ ਨੇ ਆਪਣੀਆਂ ਆਵਾਜ਼ਾਂ ਨਾਲ ਅਮਰ ਕੀਤਾ ਹੈ। ਨੰਦ ਲਾਲ ਨੂਰਪੁਰੀ ਪੰਜਾਬੀ ਸਾਹਿਤ ਅੰਦਰ ਕਵਿਤਾ ਦੀ ਸਿਰਜਨਾ ਨੂੰ ਪੰਜਾਬੀ ਸੱਭਿਆਚਾਰ ਦਾ ਵਿਸਥਾਰ ਦਿੰਦਾ ਹੈ। ਪੰਜਾਬੀ ਸਾਹਿਤ ਸਿਰਜਨਾ ਅੰਦਰ ਸਮਾਜ ਮੋਨੋਵਿਗਿਆਨਕ ਬਿਰਤਾਂਤਕ ਪਰੰਪਰਾ ਦੀ ਹਾਜ਼ਰੀ ਲਗਾਉਦਾ ਹੈ। ਕਵਿਤਾ ਵਿਚ ਉਸਦੀ ਸਿਰਜਨਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ। ਇਸ ਕਵਿਤਾ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ। ਪੰਜਾਬੀ ਸਾਹਿਤ ਵਿੱਚ ਖੇਤਰੀ ਸਾਹਿਤ ਸਿਰਜਨਾ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਉਸ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ। ਉਸ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਨੰਦ ਲਾਲ ਨੂਰਪੁਰੀ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ। ਨੰਦ ਲਾਲ ਨੂਰਪੁਰੀ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਨੰਦ ਲਾਲ ਨੂਰਪੁਰੀ ਦੇ ਗੀਤ ਹਰ ਇੱਕ ਵਰਗ ਦੀ ਤਰਜ਼ਮਾਨੀ ਕਰਦੇ ਹਨ। ਉਹ ਆਪਣੇ ਗੀਤਾਂ ਵਿੱਚ ਪੰਜਾਬ ਦੇ ਅਨੇਕਾ ਰੂਪਾ ਨੂੰ ਬਿਆਨ ਕਰਦਾ ਹੈ। ਉਸ ਦੇ ਹਰ ਇੱਕ ਰੂਪ ਵਿੱਚ ਵਿਲਖਣਤਾ ਅਤੇ ਤਾਜ਼ਗੀ ਹੁੰਦੀ ਹੈ। ਹੁਸਨ ਇਸ਼ਕ ਦੇ ਵਾਰਤਾਲਾਪ ਨੂੰ ਨੰਦ ਲਾਲ ਨੂਰਪੁਰੀ ਨੂੰ ਇਸ ਪ੍ਰਕਾਰ ਦਰਸਾਇਆ ਹੈ।
ਇਸ਼ਕ
ਇਸ਼ਕ ਕਹੇ ਤੂੰ ਸੁਣ ਓਏ ਹੁਸਨਾ ਨੈਣ ਤੇਰੇ ਮਤਵਾਲੇ
ਵੇਖੇ, ਤੇਰੇ ਅੰਗ ਰੇਸ਼ਮੀ ਸੱਚਿਆਂ ਦੇ ਵਿਚ ਢਾਲੇ
ਕਈ ਅਨਭੋਲ ਵੇਖ ਕੇ ਫਸ ਗਏ ਵਾਲ ਤੇਰੇ ਘੁੰਗਰਾਲੇ
ਤੇਰੀ ਇਕ ਪਰਾਂਦੀ ਲੱਭਦੇ ਵਿਕ ਗਏ ਮੋਤੀਆਂ ਵਾਲੇ
ਅੱਖੀਆਂ ਦੇ ਵਿਚ ਹੰਝੂ ਭਰ ਭਰ ਤੂੰ ਲੱਖਾਂ ਘਰ ਗਾਲੇ
ਪਾਟੀਆਂ ਲੀਰਾਂ ਵਿਚ ਤੇਰੇ ਮੈਂ ਨਖਰੇ ਕਈ ਸੰਭਾਲੇ ।

ਹੁਸਨ
ਹੁਸਨ ਆਖਦਾ ਜਾਹ ਉਏ ਇਸ਼ਕਾ ਨਾ ਕਰ ਇਹ ਵਡਿਆਈਆਂ
ਮੈਂ ਨਾ ਹੁੰਦਾ ਦੁਨੀਆਂ ਵਿਚ ਤੂੰ ਭੁੱਲ ਜਾਂਦਾ ਚਤੁਰਾਈਆਂ
ਗਲੀਆਂ ਦੇ ਵਿਚ ਪਸ਼ੂਆਂ ਵਾਂਗਰ ਫਿਰਦੋਂ ਵਾਂਗ ਸੁਦਾਈਆਂ
ਨਾ ਤੂੰ ਬੰਨ੍ਹਦੋਂ ਟੇਢੀਆਂ ਪੱਗਾਂ ਫਰਲਿਆਂ ਨਾਲ ਸਜਾਈਆਂ
ਨਾ ਤੂੰ ਦਿੰਦਾ ਵੱਟ ਮੁੱਛਾਂ ਨੂੰ ਤਕਦਾ ਫਿਰੇਂ ਪਰਾਈਆਂ
ਤੇਰੇ ਚੁੱਲ੍ਹੇ ਅੱਗ ਨਾ ਬਲਦੀ ਨਾ ਹੁੰਦੀਆਂ ਕੁੜਮਾਈਆਂ ।

ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਤਰਲੇ ਨਹੀਂ ਮਾਰੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ। ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ।ਅੱਜ ਜਦੋਂ ਪੇਂਡੂ ਵਿਕਾਸ ਪੁੱਠੇ ਪੈਰੀਂ ਮੁੜ ਤੁਰਿਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬਿਜਲੀ ਉਤਪਾਦਨ ਜ਼ਰੂਰਤ ਨਾਲੋਂ ਅੱਧਾ ਹੈ, ਸਿੱਖਿਆ ਖੇਤਰ ਵਿਚ ਨਿਘਾਰ ਆ ਰਿਹਾ ਹੈ, ਰਾਜਨੀਤੀ ਵਿਚ ਸੇਵਾ ਦੀ ਥਾਂ ਮੁਨਾਫਾ ਤੇ ਲੁੱਟ ਪ੍ਰਧਾਨ ਹੋ ਰਹੇ ਹਨ, ਪੰਜਾਬੀ ਨੌਜਵਾਨ ਹਰ ਹੀਲੇ ਪੰਜਾਬ ਤੋ ਬਾਹਰ ਭੱਜਣਾ ਚਾਹੁੰਦਾ ਹੈ, ਕੁਦਰਤੀ ਸਾਧਨ ਅਤੇ ਵਾਤਾਵਰਨ ਦੂਸ਼ਿਤ ਹੋ ਰਹੇ ਹਨ, ਔਰਤ ਦੇ ਪੈਦਾ ਹੋਣ ਤੇ ਪਾਬੰਦੀ ਲੱਗ ਰਹੀ ਹੈ, ਮਨੋਰੰਜਨ ਦੇ ਨਾਂ ਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਧਰਮ ਜੀਵਨ ਜਾਚ ਦੀ ਬਜਾਏ ਤਿਜਾਰਤ ਬਣ ਰਿਹਾ ਹੈ ਤਾਂ ਇਹ ਵੇਲਾ ਨੰਦ ਲਾਲ ਨੂਰਪੁਰੀ ਦੀ ਸ਼ਾਇਰੀ, ਸ਼ਖ਼ਸੀਅਤ ਅਤੇ ਮੌਤ ਦਾ ਧਿਆਨ ਧਰਨ ਦਾ ਹੈ। ਨਾਲ ਹੀ ਵੇਲਾ ਹੈ ਆਪੋ ਆਪਣੇ ਹਿੱਸੇ ਦੀ ਸ਼ਰਮਿੰਦਗੀ ਦੇ ਸਨਮੁੱਖ ਹੋਣ ਦਾ।