ਅੰਮ੍ਰਿਤਸਰ ਜ਼ਿਲ੍ਹੇ ਦੇ ਫ਼ਰਜ਼ੀ ਮੁਕਾਬਲਾ ਮਾਮਲੇ ‘ਚ ਥਾਣਾ ਮੁਖੀ ਤੇ ਐੱਸ. ਆਈ. ਨੂੰ ਉਮਰ ਕੈਦ

ਅੰਮ੍ਰਿਤਸਰ ਜ਼ਿਲ੍ਹੇ ਦੇ ਫ਼ਰਜ਼ੀ ਮੁਕਾਬਲਾ ਮਾਮਲੇ ‘ਚ ਥਾਣਾ ਮੁਖੀ ਤੇ ਐੱਸ. ਆਈ. ਨੂੰ ਉਮਰ ਕੈਦ

26 ਸਾਲ ਬਾਅਦ ਮਿਲਿਆ ਇਨਸਾਫ਼, 61-61 ਹਜ਼ਾਰ ਜੁਰਮਾਨਾ ਵੀ ਲਗਾਇਆ

ਐੱਸ. ਏ. ਐੱਸ. ਨਗਰ, ਇੱਥੋਂ ਦੀ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਐੱਨ. ਐੱਸ. ਗਿੱਲ ਦੀ ਅਦਾਲਤ ਨੇ ਸਤੰਬਰ 1992 ‘ਚ ਇਕ ਫ਼ਰਜ਼ੀ ਪੁਲਿਸ ਮੁਕਾਬਲੇ ‘ਚ ਮਾਰੇ ਗਏ ਹਰਪਾਲ ਸਿੰਘ (15) ਵਾਸੀ ਪਿੰਡ ਪਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਕੇਸ ‘ਚ ਥਾਣਾ ਬਿਆਸ ਦੇ ਸਾਬਕਾ ਮੁਖੀ ਰਘਵੀਰ ਸਿੰਘ ਅਤੇ ਐੱਸ. ਆਈ. ਦਾਰਾ ਸਿੰਘ ਨੂੰ ਧਾਰਾ 302 ‘ਚ ਉਮਰ ਕੈਦ ਤੇ ਧਾਰਾ 364 ‘ਚ 10-10 ਸਾਲ ਦੀ ਕੈਦ ਤੋਂ ਇਲਾਵਾ 61-61 ਹਜ਼ਾਰ ਰੁ: ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਜੁਰਮਾਨੇ ਦੀ ਰਕਮ ‘ਚੋਂ 1 ਲੱਖ ਰੁ: ਮਿਝਤਕ ਦੀ ਮਾਂ ਬਲਵਿੰਦਰ ਕੌਰ ਨੂੰ ਬਤੌਰ ਹਰਜ਼ਾਨੇ ਵਜੋਂ ਦੇਣ ਦੇ ਹੁਕਮ ਸੁਣਾਏ ਹਨ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਨਾਮਜ਼ਦ ਤਿੰਨ ਹੋਰਨਾਂ ਪੁਲਿਸ ਮੁਲਾਜ਼ਮਾਂ ਨਿਰਮਲਜੀਤ ਸਿੰਘ, ਜਸਵੀਰ ਸਿੰਘ ਤੇ ਪਰਮਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਮਿਝਤਕ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ 1992 ਨੂੰ ਸਵੇਰੇ 5 ਵਜੇ ਦੇ ਕਰੀਬ ਹਰਪਾਲ ਸਿੰਘ ਜਿਸ ਦੀ ਉਮਰ ਕੇਵਲ 15 ਸਾਲ ਸੀ, ਅਚਾਨਕ ਘਰੋਂ ਲਾਪਤਾ ਹੋ ਗਿਆ ਸੀ। ਇਸੇ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਹਰਪਾਲ ਸਿੰਘ ਨੂੰ ਥਾਣਾ ਬਿਆਸ ਪੁਲਿਸ ਦੇ ਉਸ ਸਮੇਂ ਦੇ ਸਬ ਇੰਸਪੈਕਟਰ ਰਾਮ ਲੁਭਾਇਆ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਚੁੱਕਿਆ ਸੀ। ਜਿਸ ਨੇ ਕੁਝ ਸਮਾਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ। ਪੁਲਿਸ 4 ਦਿਨਾਂ ਤੱਕ ਹਰਪਾਲ ਸਿੰਘ ਨੂੰ ਨਾਜਾਇਜ਼ ਹਿਰਾਸਤ ‘ਚ ਰੱਖਣ ਦੇ ਬਾਵਜੂਦ ਪਰਿਵਾਰ ਕੋਲ ਇਸ ਬਾਰੇ ਮੁਕਰਦੀ ਰਹੀ। ਇਸ ਤੋਂ ਬਾਅਦ 18 ਸਤੰਬਰ 1992 ਨੂੰ ਪੁਲਿਸ ਨੇ ਇਕ ਐਫ਼. ਆਈ. ਆਰ. ਦਰਜ ਕਰਕੇ ਕਿਹਾ ਕਿ ਹਰਪਾਲ ਸਿੰਘ ਮੁਕਾਬਲੇ ‘ਚ ਮਾਰਿਆ ਗਿਆ ਹੈ . ਪੁਲਿਸ ਦੀ ਕਹਾਣੀ ਮੁਤਾਬਿਕ ਹਰਪਾਲ ਸਿੰਘ ਤੇ ਹਰਜੀਤ ਸਿੰਘ ਇਕੱਠੇ ਸਨ, ਪ੍ਰੰਤੂ ਮੁਕਾਬਲੇ ਦੌਰਾਨ ਹਰਜੀਤ ਸਿੰਘ ਮੌਕੇ ਤੋਂ ਫ਼ਰਾਰ ਹੋਣ ‘ਚ ਸਫ਼ਲ ਹੋ ਗਿਆ ਸੀ, ਜਦਕਿ ਕਰੀਬ 16 ਦਿਨਾਂ ਬਾਅਦ ਹਰਜੀਤ ਸਿੰਘ ਨੂੰ ਕਿਸੇ ਹੋਰ ਮੁਕਾਬਲੇ ‘ਚ ਮਾਰਿਆ ਗਿਆ ਦਿਖਾ ਦਿੱਤਾ ਗਿਆ। ਐਡਵੋਕੇਟ ਬੈਂਸ ਮੁਤਾਬਿਕ ਹਰਪਾਲ ਸਿੰਘ ਦੀ ਲਾਸ਼ ਪਰਿਵਾਰ ਨੂੰ ਨਹੀਂ ਸੌਪੀ ਗਈ, ਉਲਟਾ ਪੁਲਿਸ ਨੇ ਹਰਪਾਲ ਸਿੰਘ ਦੀ ਲਾਸ਼ ਦਾ ਇਹ ਕਹਿ ਕੇ ਸਸਕਾਰ ਕਰ ਦਿੱਤਾ ਸੀ ਕਿ ਲਾਸ਼ ਨੂੰ ਕੋਈ ਲੈਣ ਲਈ ਨਹੀਂ ਆਇਆ। ਬੈਂਸ ਨੇ ਦੱਸਿਆ ਕਿ ਪੁਲਿਸ ਦੀ ਕਹਾਣੀ ਮੁਤਾਬਿਕ ਮੁਕਾਬਲੇ ਦੌਰਾਨ 217 ਗੋਲੀਆਂ ਚੱਲੀਆਂ ਸਨ ਤੇ ਹਰਪਾਲ ਸਿੰਘ ਕੋਲੋਂ ਏ. ਕੇ. 47 ਰਾਈਫਲ ਬਰਾਮਦ ਹੋਈ ਸੀ। ਉਧਰ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਹਰਪਾਲ ਸਿੰਘ ਦੇ ਸਿਰ ‘ਚ 3 ਮੀਟਰ ਦੀ ਦੂਰੀ ਤੋਂ ਦੋ ਗੋਲੀਆਂ ਵੱਜੀਆਂ ਸਨ। ਇਥੇ ਹੀ ਬਸ ਨਹੀਂ ਇਸ ਮੁਕਾਬਲੇ ‘ਚ ਨਾ ਤਾਂ ਪੁਲਿਸ ਦੀ ਗੱਡੀ ‘ਤੇ ਕੋਈ ਗੋਲੀ ਲੱਗੀ ਸੀ ਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਹੀ ਜ਼ਖ਼ਮੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਦਾ ਕਹਿਣਾ ਸੀ ਕਿ ਇਸ ਮੁਕਾਬਲੇ ਦੌਰਾਨ ਸੀ. ਆਰ. ਪੀ. ਐਫ਼. ਦੀ ਇਕ ਟੁਕੜੀ ਵੀ ਉਨ੍ਹਾਂ ਦੇ ਨਾਲ ਸੀ, ਜਦਕਿ ਸੀ. ਆਰ. ਪੀ. ਐਫ਼. ਨੂੰ ਇਸ ਮਾਮਲੇ ‘ਚ ਗਵਾਹ ਹੀ ਨਹੀਂ ਬਣਾਇਆ ਗਿਆ। ਇਸ ਤੋਂ ਇਲਾਵਾ ਪੁਲਿਸ ਕੋਲ ਇਸ ਮੁਕਾਬਲੇ ਸਬੰਧੀ ਨਾ ਤਾਂ ਕੋਈ ਰਿਕਾਰਡ ਸੀ ਤੇ ਨਾ ਹੀ ਪੁਲਿਸ ਥਾਣੇ ਦੇ ਮਾਲਖ਼ਾਨੇ ‘ਚ ਉਸ ਮੁਕਾਬਲੇ ਦੌਰਾਨ ਚੱਲੇ ਅਸਲ੍ਹੇ ਦਾ ਕੋਈ ਰਿਕਾਰਡ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਇਨਸਾਫ਼ ਲਈ 1992 ਤੋਂ ਹੀ ਲੜਾਈ ਲੜ ਰਹੀ ਸੀ। ਐਡਵੋਕੇਟ ਬੈਂਸ ਮੁਤਾਬਿਕ ਪੰਜਾਬ ‘ਚ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰਨ ਦਾ ਮਾਮਲਾ ਜਸਵੰਤ ਸਿੰਘ ਖਾਲੜਾ ਵਲੋਂ ਚੁੱਕਿਆ ਗਿਆ ਸੀ। ਇਹ ਮਾਮਲਾ ਵੀ ਉਸ ਸਮੇਂ ਸੁਰਖੀਆਂ ‘ਚ ਰਿਹਾ ਸੀ ।