ਕੈਨੇਡਾ ਵਲੋਂ ਰੱਦ ਕੀਤੀ ਜਾ ਸਕਦੀ ਹੈ ਆਂਗ ਸਾਨ ਸੂ ਕੀ ਨੂੰ ਦਿੱਤੀ ਗਈ ਆਨਰੇਰੀ ਕੈਨੇਡੀਅਨ ਸਿਟੀਜ਼ਨਸ਼ਿਪ

ਕੈਨੇਡਾ ਵਲੋਂ ਰੱਦ ਕੀਤੀ ਜਾ ਸਕਦੀ ਹੈ ਆਂਗ ਸਾਨ ਸੂ ਕੀ ਨੂੰ ਦਿੱਤੀ ਗਈ ਆਨਰੇਰੀ ਕੈਨੇਡੀਅਨ ਸਿਟੀਜ਼ਨਸ਼ਿਪ

ਔਟਵਾ: ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੂੰ ਦਿੱਤੀ ਗਈ ਆਨਰੇਰੀ ਕੈਨੇਡੀਅਨ ਸਿਟੀਜ਼ਨਸ਼ਿਪ ਰੱਦ ਕਰਨ ਲਈ  ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਸਾਰੇ ਐਮਪੀਜ਼ ਵਲੋਂ ਇੱਕ ਮਤ ਹੋ ਕੇ ਵੋਟਿੰਗ ਕੀਤੀ  ਗਈ ਅਤੇ  ਬਲਾਕ ਕਿਊਬਿਕਿਉਆ ਦੇ ਐਮ.ਪੀ. ਗੈਬਰੀਅਲ ਸਟੀ-ਮੈਰੀ ਵੱਲੋਂ ਲਿਆਂਦੇ ਇਸ ਮਤੇ ਨੂੰ ਸਰਬਸਮੰਤੀ ਨਾਲ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਹੁਣ ਤੱਕ ਸਿਰਫ਼ ਛੇ ਵਿਅਕਤੀਆਂ ਨੂੰ ਦਿੱਤਾ ਗਿਆ ਹੈ ਅਤੇ ਹਾਊਸ ਆਫ ਕਾਮਨਜ਼ ਵੱਲੋਂ ਇਸ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਸੈਨੇਟਰਜ਼ ਵੱਲੋਂ ਵੀ ਸੂ ਕੀ ਨੂੰ ਇਹ ਖਿਤਾਬ ਦਿੱਤਾ ਗਿਆ ਸੀ ਤੇ ਹੁਣ ਇਸ ਖਿਤਾਬ ਨੂੰ ਵਾਪਿਸ ਲੈਣ ਲਈ ਸੈਨੇਟਰਜ਼ ਨੂੰ ਵੀ ਮਤਾ ਪਾਸ ਕਰਨਾ ਹੋਵੇਗਾ, ਜਿਸ ਸਬੰਧੀ ਅਗਲੀ ਕਾਰਵਾਈ ਮੰਗਲਵਾਰ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ।  ਪਿਛਲੇ ਹਫਤੇ ਹਾਊਸ ਆਫ ਕਾਮਨਜ਼ ‘ਚ ਮਿਆਂਮਾਰ ਵਿੱਚ ਰੋਹਿੰਗੀਆ ਮੁਸਲਮਾਨਾਂ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਨਸਲਕੁਸ਼ੀ ਆਖਿਆ ਗਿਆ ਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਤੇ ਪਾਬੰਦੀਆਂ ਦੀ ਮੰਗ ਕੀਤੀ ਗਈ ਤੇ ਹਾਊਸ ਨੇ ਸੂਕੀ ਨੂੰ 2007 ਵਿੱਚ ਦਿੱਤੀ ਗਈ ਆਨਰੇਰੀ ਕੈਨੇਡੀਅਨ ਸਿਟੀਜ਼ਨਸ਼ਿਪ ਨੂੰ ਰੱਦ ਕਰਨ ਦਾ ਫੈਸਲਾ ਕੀਤਾ।  ਇਸ ਸਾਰੀ ਕਾਰਵਾਈ ਸਬੰਧੀ ਗੱਲਬਾਤ ਕਰਦਿਆਂ ਕਿਊਬਿਕ ਦੇ ਐਮਪੀ ਜੋਲੀਐਟ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਸੂ ਕੀ ਦੀ ਨੱਕ ਥੱਲੇ ਉਸ ਦੇ ਦੇਸ਼ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਲੋਕਾਂ ਨਾਲ ਹੋ ਰਿਹਾ ਹੈ ਉਸ ਤੋਂ ਬਾਅਦ ਸੂ ਕੀ ਨੂੰ ਆਨਰੇਰੀ ਸਿਟੀਜ਼ਨਸ਼ਿਪ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਵੱਲੋਂ ਚੁੱਕਿਆ ਗਿਆ ਇਹ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਕੌਮਾਂਤਰੀ ਪੱਧਰ ਉੱਤੇ ਇਹ ਸੁਨੇਹਾ ਜਾਵੇਗਾ ਕਿ ਜੇਕਰ ਹੋੲ ਕੋਈ ਵੀ ਅਜਿਹੀ ਨਸਲਕੁਸ਼ੀ ਵਿੱਚ ਸਾਥ ਦਿੰਦਾ ਹੈ ਤਾਂ ਕੈਨੇਡਾ ਵਿੱਚ ਉਸ ਨੂੰ ਆਨਰੇਰੀ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ।