ਗੁਰਦੁਆਰਾ ਚੋਣਾਂ ਦੇ ਵਿਵਾਦ ਨੇ ਭਾਈਚਾਰਕ ਸਾਂਝ ਨੂੰ ਲਾਇਆ ਵੱਡਾ ਖੋਰਾ : ਸੰਗਤ

ਗੁਰਦੁਆਰਾ ਚੋਣਾਂ ਦੇ ਵਿਵਾਦ ਨੇ ਭਾਈਚਾਰਕ ਸਾਂਝ ਨੂੰ ਲਾਇਆ ਵੱਡਾ ਖੋਰਾ : ਸੰਗਤ

ਗੋਲਕਾਂ ਗੁਰੂਘਰਾਂ ਦੀਆਂ ਨਹੀਂ ਸਗੋਂ ਵਕੀਲਾਂ ਦੀ ਆਮਦਨ ਦਾ ਸਾਧਨ ਬਣੀਆਂ

ਵੈਨਕੂਵਰ: (ਬਰਾੜ-ਭਗਤਾ ਭਾਈ ਕਾ) ਗੁਰਦੁਆਰਾ ਸਾਹਿਬਾਨ ਦੀਆਂ ਚੋਣਾਂ ਲੋਕਾਂ ਲਈ ਇੱਕ ਹਊਆ ਬਣਕੇ ਰਹਿ ਗਈਆਂ ਹਨ। ਭਲਿਆਂ ਵੇਲਿਆਂ ‘ਚ ਗੁਰੂਘਰਾਂ ਦੀਆਂ ਗੋਲਕਾਂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਨਹੀਂ ਸਨ ਜਾਂਦੀਆਂ ਪਰ ਅੱਜ ਕੱਲ੍ਹ ਇਹ ਗੋਲਕਾਂ ਕੋਰਟ ਕਚਹਿਰੀਆਂ ਅਤੇ ਵਕੀਲਾਂ ਦੀ ਆਮਦਾਨ ਦਾ ਸਾਧਨ ਹੀ ਨਹੀਂ ਬਣੀਆਂ ਸਗੋਂ ਕੱਟੇ ਵੱਛਿਆਂ ਦੇ ਵਪਾਰ ਲਈ ਅਤੇ ਵੱਡੇ ਵੱਡੇ ਸਟਾਰ ਹੋਟਲਾਂ ਦੀ ਭੇਂਟ ਵੀ ਚੜ੍ਹ ਚੁੱਕੀਆਂ ਹਨ। ਵਿਦੇਸ਼ੀ ਗੁਰਦੁਆਰਾ ਸਾਹਿਬਾਨ ਦੀਆਂ ਚੋਣਾਂ ਦੀ ਆੜ ‘ਚ ਗੋਲਕਾਂ ‘ਤੇ ਕਾਬਜ਼ ਪ੍ਰਬੰਧਕ ਲੋਕ ਤੰਤਰ ਨੂੰ ਮੰਨ ਕੇ ਚੋਣਾਂ ਦੀ ਮਿਆਦ ਅੱਗੇ ਦੀ ਅੱਗੇ ਵਧਾਈ ਜਾ ਰਹੇ ਹਨ, ਜੇ ਕਰਵਾ ਵੀ ਲੈਂਦੇ ਹਨ ਤਾਂ ਤਾਨਾਸ਼ਾਹੀ ਵਰਤ ਕੇ ਫਿਰ ਜ਼ਬਰੀ ਕਾਬਜ਼ ਹੋ ਜਾਂਦੇ ਹਨ। ਗੁਰੂਘਰਾਂ ਦੀਆਂ ਗੋਲਕਾਂ ਨੂੰ ਆਪਣੇ ਨਿੱਜੀ ਧੰਦਿਆਂ ‘ਚ ਵਰਤਣ ਲਈ ਪ੍ਰਬੰਧਕ ਕਮੇਟੀਆਂ ਇਸ ਦੀ ਦੁਰਵਰਤੋਂ ਕਰ ਰਹੀਆਂ ਹਨ। ਚੋਣਾਂ ਦੌਰਾਨ ਡਾਂਗੋ ਸੋਟੀ ਹੋਏ ਪ੍ਰਬੰਧਕਾਂ ਨੂੰ ਲੜਦਿਆਂ ਵੇਖ ਕੇ ਗੁਰਦੁਆਰਾ ਸਾਹਿਬ ਨਾਲੋਂ ਲੋਕਾਂ ਦਾ ਮੋਹ ਕਾਫ਼ੀ ਭੰਗ ਹੋ ਗਿਆ ਜਾਪ ਰਿਹਾ ਹੈ। ਸ਼ਰਧਾਲੂਆਂ ਨਾਲ ਲੱਗਬਾਤ ਕਰਨ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਗੋਲਕਾਂ ਦੀ ਇਸ ਲੜਾਈ ‘ਚ ਗੁਰੂ ਘਰ ਜਾਣਾ ਵੀ ਬੰਦ ਹੋਇਆ ਪਿਆ ਹੈ ਕਿਉਂਕਿ ਉਹ ਸਮਝ ਰਹੇ ਹਨ ਕਿ ਜਿਹੜੀਆਂ ਪ੍ਰਬੰਧਕ ਕਮੇਟੀਆਂ ਗੋਲਕਾਂ ਉਪਰ ਕਬਜ਼ੇ ਲਈ ਭਾਈਚਾਰੇ ‘ਚ ਦੋਫਾੜ ਪਾ ਰਹੀਆਂ ਹਨ ਉਹ ਹੋਰ ਕਿਸੇ ਦਾ ਕੀ ਸੰਵਾਰ ਸਕਦੀਆਂ ਹਨ। ਗੱਲਬਾਤ ਕਰਨ ‘ਤੇ ਬਹੁਤੇ ਲੋਕਾਂ ਦੇ ਇਹ ਖਿਆਲ ਵੀ ਪਾਏ ਗਏ ਕਿ ਉਨ੍ਹਾਂ ਨੂੰ ਉਨ੍ਹਾਂ ਪ੍ਰਬੰਧਕਾਂ ਨਾਲ ਨਫਰਤ ਮਹਿਸੂਸ ਹੋ ਰਹੀ ਹੈ ਜਿਹੜੇ ਪ੍ਰਬੰਧਕ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੁਧਾਰਨ ਦੀ ਜਗ੍ਹਾ ਭਾਈਚਾਰੇ ਨੂੰ ਵੰਡਣ ‘ਚ ਲੱਗੇ ਹੋਏ ਹਨ। ਕੁਝ ਲੋਕਾਂ ਦਾ ਦੁਖੀ ਮਨ ਨਾਲ ਇਹ ਵੀ ਕਹਿਣਾ ਹੈ ਕਿ ਗੁਰੂ ਘਰ ਤਾਂ ਪੂਜਣਯੋਗ ਅਸਥਾਨ ਹਨ ਪਰ ਗੋਲਕਾਂ ‘ਤੇ ਕਾਬਜ਼ੀ ਲੋਕਾਂ ਨੇ ਗੁਰੂਘਰਾਂ ਨੂੰ ਆਪਣੀਆਂ ਦੁਕਾਨਾਂ ਹੀ ਬਣਾ ਲਈਆਂ ਹਨ ਜਿਸ ਦੀ ਆਮਦਨ ਤੋਂ ਉਹ ਆਪਣੇ ਘਰਾਂ ਦੇ ਕਾਰੋਬਾਰ ਚਲਾ ਰਹੇ ਹਨ ਅਤੇ ਹਮੇਸ਼ਾ ਲਈ ਕਾਰੋਬਾਰ ਬਰਕਰਾਰ ਰੱਖਣ ਲਈ ਗੋਲਕ ਨੂੰ ਹੀ ਵਰਤ ਕੇ ਕੋਰਟ ਕਚਹਿਰੀਆਂ ‘ਚ ਚੱਲਦੇ ਮੁਕੱਦਮਿਆਂ ਨੂੰ ਜਿੱਤਣ ਲਈ ਵਕੀਲਾਂ ਦੀਆਂ ਜੇਬ੍ਹਾਂ ਨੂੰ ਰੰਗਭਾਗ ਲਾ ਰਹੇ ਹਨ।
ਕਿਸੇ ਸ਼ਾਇਰ ਨੇ ਲਿਖਿਆ:- ਅਸੀ ਚੋਰ ਨਹੀਂ, ਕਮਜ਼ੋਰ ਨਹੀਂ। ਅਸੀਂ ਸਾਫ਼ ਗੋਲਕਾਂ ਕਰਦੇ ਹਾਂ, ਕੋਈ ਹੋਰ ਨਹੀਂ।