Copyright & copy; 2019 ਪੰਜਾਬ ਟਾਈਮਜ਼, All Right Reserved
ਰਾਜਸਥਾਨ ਅਦਾਲਤ ਨੇ ਜਗਮੋਹਨ ਸਿੰਘ ਨੂੰ ਯੁਆਪਾ ਤਹਿਤ 8 ਉਮਰ ਕੈਦਾਂ ਸੁਣਾਈਆਂ

ਰਾਜਸਥਾਨ ਅਦਾਲਤ ਨੇ ਜਗਮੋਹਨ ਸਿੰਘ ਨੂੰ ਯੁਆਪਾ ਤਹਿਤ 8 ਉਮਰ ਕੈਦਾਂ ਸੁਣਾਈਆਂ

ਚੰਡੀਗੜ੍ਹ : ਲੰਘੇ ਦਿਨ ਰਾਜਸਥਾਨ ਦੀ ਇੱਕ ਅਦਾਲਤ ਵੱਲੋਂ ਬੰਦੀ ਸਿੰਘ ਜਗਮੋਹਨ ਸਿੰਘ ਅਤੇ ਦੋ ਹੋਰਾਂ ਨੂੰ ਯੁਆਪਾ ਕਾਨੂੰਨ ਤਹਿਤ ਚੱਲੇ ਇੱਕ ਮੁਕੱਦਮੇ ਵਿੱਚ ਅੱਠ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ।
ਇਸ ਫੈਸਲੇ ਬਾਰੇ ਪਤਾ ਲੱਗਣ ਉੱਤੇ ਜਦੋਂ ਸਿੱਖ ਸਿਆਸਤ ਵੱਲੋਂ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਜਸਥਾਨ ਦੀ ਅਦਾਲਤ ਇਸ ਮਾਮਲੇ ਦਾ ਮੁਕਦਮਾ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਯੁਆਪਾ, ਹਥਿਆਰਾਂ ਅਤੇ ਬਾਰੂਦ ਦੀ ਬਰਾਮਦਗੀ, ਅਸਲਾ ਕਾਨੂੰਨ ਬਾਰੂਦ ਅਤੇ ਧਮਾਕਾ ਖੇਜ ਸਮੱਗਰੀ ਕਾਨੂੰਨ ਅਤੇ ਇੰਡੀਅਨ ਪੀਨਲ ਕੋਡ ਤਹਿਤ ਚੱਲਿਆ ਜਿਸ ਦਾ ਫ਼ੈਸਲਾ ਮੰਗਲਵਾਰ 25 ਅਗਸਤ ਨੂੰ ਸੁਣਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਗਮੋਹਨ ਸਿੰਘ ਖ਼ਿਲਾਫ਼ ਪੰਜਾਬ ਵਿੱਚ ਵੀ ਕੁਝ ਮਾਮਲੇ ਚੱਲ ਰਹੇ ਸਨ ਜਿਹਨਾਂ ਵਿੱਚੋਂ ਫਰਵਰੀ 2015 ਵਿੱਚ ਰੁਲਦਾ ਸਿੰਘ ਮਾਮਲੇ ਚ ਪਟਿਆਲਾ ਦੀ ਅਦਾਲਤ ਵੱਲੋਂ ਜਗਮੋਹਨ ਸਿੰਘ ਤੇ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਰਾਜਸਥਾਨ ਦੀ ਅਦਾਲਤ ਵਿੱਚ ਚੱਲੇ ਉਕਤ ਮਾਮਲੇ ਬਾਰੇ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਮਾਮਲਾ ਸਿਰਫ ਬਰਾਮਦਗੀ ਦੇ ਆਧਾਰ ਉੱਤੇ ਹੀ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਕੋਈ ਵੀ ਵਾਰਦਾਤ ਜਾਂ ਘਟਨਾ ਨਹੀਂ ਸੀ ਵਾਪਰੀ।
ਉਨ੍ਹਾਂ ਕਿਹਾ ਕਿ ਇਹੋ ਜਿਹੇ ਹੀ ਬਰਾਮਦਗੀ ਦੇ ਇੱਕ ਹੋਰ ਮਾਮਲੇ ਵਿੱਚ ਪੰਜਾਬ ਦੀ ਇੱਕ ਅਦਾਲਤ ਵੱਲੋਂ ਜਗਮੋਹਨ ਸਿੰਘ ਨੂੰ ਯੁਆਪਾ ਕਾਨੂੰਨ ਤਹਿਤ ਦਸ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਤੋਂ ਬਾਅਦ ਹਾਈ ਕੋਰਟ ਨੇ ਜਗਮੋਹਨ ਸਿੰਘ ਨੂੰ ਯੁਆਪਾ ਕਾਨੂੰਨ ਦੇ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਸੀ।
ਸਿਰਫ ਬਰਾਮਦਗੀ ਦੇ ਆਧਾਰ ਉੱਪਰ ਅਤੇ ਬਿਨਾਂ ਕਿਸੇ ਵਾਰਦਾਤ ਦੇ ਵਾਪਰਨ ਤੋਂ ਯੁਆਪਾ ਜਿਹੇ ਕਾਨੂੰਨ ਤਹਿਤ ਸਜ਼ਾ ਸੁਣਾਏ ਜਾਣਾ ਕਾਨੂੰਨੀ ਤੌਰ ਉੱਪਰ ਸੁਆਲਾਂ ਦੇ ਘੇਰੇ ਵਿੱਚ ਹੈ ਇਸ ਲਈ ਇਸ ਮਾਮਲੇ ਦੇ ਫੈਸਲੇ ਦੀ ਪੜਤਾਲ ਕਰਨ ਤੋਂ ਬਾਅਦ ਰਾਜਸਥਾਨ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਜਾਵੇਗੀ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ।
ਜ਼ਿਕਰਯੋਗ ਹੈ ਕਿ ਫੈਸਲਾ ਸੁਣਾਉਣ ਵਾਲੀ ਬਾਡਮੇਰ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਇਸ ਫ਼ੈਸਲੇ ਵਿੱਚ ਸੁਣਾਈਆਂ ਗਈਆਂ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣਗੀਆਂ ਅਤੇ ਅਦਾਲਤ ਵੱਲੋਂ ਉਮਰ ਕੈਦ ਦੀ ਮਿਆਦ ਚੌਦਾਂ ਸਾਲ ਮਿੱਥੀ ਗਈ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਇੰਡੀਅਨ ਪੁਲਿਸ ਵੱਲੋਂ ਇੰਗਲੈਂਡ ਵਾਸੀ ਪਰਮਜੀਤ ਸਿੰਘ ਪੰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਅਤੇ ਇਸੇ ਮਾਮਲੇ ਦੇ ਆਧਾਰ ਉੱਪਰ ਇੰਡੀਆ ਦੇ ਸਰਕਾਰ ਨੇ ਬਰਤਾਨੀਆ ਕੋਲੋਂ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਮੰਗੀ ਸੀ।

ਭਾਈ ਜਗਮੋਹਨ ਸਿੰਘ ਸਬੰਧੀ ਸੰਖੇਪ ਜਾਣਕਾਰੀ…
ਪੰਜਾਬ ਪੁਲਿਸ ਦੇ ਰਿਕਾਰਡ ਵਿਚ ਭਾਈ ਜਗਮੋਹਨ ਸਿੰਘ ਬਸੀ ਪਠਾਣਾਂ ਸੰਨ1991 ਤੋਂ ਹੀ ਸਿੱਖ ਸੰਘਰਸ਼ ਵਿੱਚ ਸਰਗਰਮ ਚੱਲਿਆ ਆ ਰਿਹਾ ਹੈ। ਭਾਈ ਜਗਮੋਹਨ ਸਿੰਘ ਅਤੇ ਸਿਪਾਹੀ ਬਲਵਿੰਦਰ ਸਿੰਘ ਬੱਗੀ ਬਚਪਨ ਦੇ ਦੋਸਤ ਸੀ। ਉਨ੍ਹਾਂ ਦੋਵਾਂ ਦੀ ਭਾਲ ਵਿਚ ਮੇਰੀ ਵੀ ਪੁਲਿਸ ਦੇ ਬਦਨਾਮ ਤਸੀਹਾ ਕੇਂਦਰ ਮਾਈ ਦੀ ਸਰਾਂ ਪਟਿਆਲਾ ਵਿਖੇ 1991 ਵਿੱਚ ਕਈ ਦਿਨ ਭਾਰੀ ਤਸ਼ੱਦਦ ਹੇਠ ਤਫਤੀਸ਼ ਹੋਈ ਸੀ। ਮੇਰੇ ਪੱਟਾਂ ਉਪਰ ਗਰਮ ਪਰੈਸਾਂ ਤੱਕ ਵੀ ਲਾਈਆਂ ਗਈਆਂ ਸੀ। ਤਸ਼ੱਦਦ ਦੇ ਇਹ ਨਿਸ਼ਾਨ ਮੈਂ ਮਾਈ ਦੀ ਸਰਾਂ ਤੋਂ ਰਿਹਾਅ ਹੋਣ ਪਿੱਛੋਂ ਆਪਣੇ ਪਿੰਡ ਦੇ ਪਤਵੰਤਿਆਂ ਨੂੰ ਵੀ ਦਿਖਾਏ ਸੀ। ਮੈਨੂੰ ਤਿੰਨ ਦਿਨ ਤੱਕ ਮੰਡੀ ਗੋਬਿੰਦਗੜ੍ਹ ਦੇ ਡਾਕਟਰ ਨਿਰਮਲ ਸਿੰਘ ਦੇ ਹਸਪਤਾਲ ਵਿਚ ਰਹਿ ਕੇ ਆਪਣਾਂ ਇਲਾਜ ਕਰਾਉਣਾਂ ਪਿਆ ਸੀ। ਮੇਰੇ ਉਪਰ ਇਹ ਤਸ਼ੱਦਦ ਬਦਨਾਮ ਪੁਲਿਸ ਅਫਸਰ ਸੁਰਜੀਤ ਸਿੰਘ ਗਰੇਵਾਲ ਵਲੋਂ ਕੀਤਾ ਗਿਆ ਸੀ।
ਬੱਗੀ ਸਾਡੇ ਜ਼ਿਲੇ ਦਾ ਹੋਣ ਕਰਕੇ ਨਾਭਾ ਜੇਲ ਵਿੱਚ ਮੇਰੇ ਨਾਲ ਸਰਸਰੀ ਤੌਰ ਉਤੇ ਤਾਲਮੇਲ ਰੱਖਦਾ ਹੁੰਦਾ ਸੀ।ਜਿਸ ਕਰਕੇ ਮੈਨੂੰ ਇਹ ਸੇਕ ਝੱਲਣਾ ਪਿਆ ਸੀ। ਕਿਉਂਕਿ ਬਲਵਿੰਦਰ ਸਿੰਘ ਬੱਗੀ ਉਚ ਸੁਰੱਖਿਆ ਜੇਲ ਨਾਭਾ ਵਿਖੇ ਬਤੌਰ ਸਿਪਾਹੀ ਡਿਊਟੀ ਨਿਭਾ ਰਿਹਾ ਸੀ।ਬੱਗੀ ਦੇ ਪਿਤਾ ਜੀ ਮਰਹੂਮ ਸ.ਬਾਬੂ ਸਿੰਘ ਜੀ ਆਈ ਟੀ ਆਈ ਬਸੀ ਪਠਾਣਾਂ ਵਿਖੇ ਟ੍ਰੇਨਰ ਦੀ ਨੌਕਰੀ ਕਰਦੇ ਹੁੰਦੇ ਸੀ। ਅਤੇ ਇਸ ਪ੍ਰਵਾਰ ਦੀ ਰਿਹਾਇਸ਼ ਵੀ ਆਈ ਟੀ ਆਈ ਕਲੋਨੀ ਵਿੱਚ ਹੀ ਹੁੰਦੀ ਸੀ।
ਬਲਵਿੰਦਰ ਸਿੰਘ ਬੱਗੀ ਕੋਲ ਉਘੇ ਖਾੜਕੂ ਭਾਈ ਕੁਲਵਿੰਦਰ ਸਿੰਘ ਕਿੱਡ ਨੇ ਜੇਲ ਤੋਂ ਰਿਹਾਅ ਹੋਣ ਪਿੱਛੋਂ ਆਉਣ ਜਾਣ ਕਰ ਲਿਆ ਸੀ।ਪਰ ਕਿੱਡ ਦੇ ਫੜੇ ਜਾਣ ਪਿੱਛੋਂ ਬੱਗੀ ਅਤੇ ਜਗਮੋਹਨ ਸਿੰਘ ਦਾ ਨਾਓਂ ਪੁਲਿਸ ਕੋਲ ਨਸ਼ਰ ਹੋ ਗਿਆ ਸੀ। ਬਲਵਿੰਦਰ ਸਿੰਘ ਬੱਗੀ ਦਾ ਤਾਂ ਮੁੜ ਕੇ ਕਦੇ ਨਾਓਂ ਹੀ ਨਹੀਂ ਸੁਣਿਆ ਸੀ।ਹੋ ਸਕਦੈ ਉਸ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਗਿਆ ਹੋਵੇ।ਪਰ ਭਾਈ ਜਗਮੋਹਨ ਸਿੰਘ ਦਾ ਨਾਓਂ ਜ਼ਰੂਰ ਪੰਜਾਬ ਪੁਲਿਸ ਦੀ ਭਗੌੜਿਆਂ ਸਬੰਧੀ ਜਾਰੀ ਕੀਤੀ ਜਾਂਦੀ ਲਿਸਟ ਵਿੱਚ ਲਗਾਤਾਰ ਬੋਲਦਾ ਆ ਰਿਹਾ ਸੀ। ਉਹ ਟੈਕਸੀ ਡਰਾਈਵਰ ਹੁੰਦਾ ਸੀ।
ਇਹ ਵੀ ਇਤਫ਼ਾਕ ਦੀ ਹੀ ਗੱਲ ਕਹੀ ਜਾ ਸਕਦੀ ਹੈ ਕਿ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਰਿਹਾਈ ਤੋਂ ਦੂਜੇ ਦਿਨ ਇਹ ਫੈਸਲਾ ਆਇਆ ਹੈ। ਭਾਈ ਲਾਲ ਸਿੰਘ ਅੰਗਰੇਜ਼ ਹਕੂਮਤ ਤੋਂ ਲੈ ਕੇ ਅੱਜ ਤੱਕ ਅਜ਼ਾਦ ਭਾਰਤ ਵਿੱਚ ਪਹਿਲੇ ਇੰਨਸਾਨ ਹਨ ਜਿਨ੍ਹਾਂ ਨੂੰ ਆਰਮਜ਼ ਐਕਟ ਤਹਿਤ 28 ਸਾਲਾਂ ਤੱਕ ਕੈਦ ਰੱਖਿਆ ਗਿਆ ਹੈ।ਜਦ ਕਿ ਭਾਈ ਜਗਮੋਹਨ ਸਿੰਘ ਬਸੀ ਪਠਾਣਾਂ ਦੇ ਉਕਤ ਕੇਸ ਵਿੱਚ ਰਾਜਸਥਾਨ ਦੀ ਬਾਡਮੇਰ ਸਪੈਸ਼ਲ ਕੋਰਟ ਵਲੋਂ ਭਾਈ ਲਾਲ ਸਿੰਘ ਅਕਾਲਗੜ੍ਹ ਦੇ ਕੇਸ ਤੋਂ ਵੀ ਚਾਰ ਕਦਮ ਹੋਰ ਅੱਗੇ ਜਾ ਕੇ ਆਰਮਜ਼ ਐਕਟ ਤਹਿਤ ਇਕੱਠੀਆਂ ਹੀ 8 ਉਮਰ ਕੈਦਾਂ ਸੁਣਾ ਕੇ ਸਮੁੱਚੇ ਸਿੱਖ ਜਗਤ ਨੂੰ ਪੈਰਾਂ ਤੋਂ ਲੈਕੇ ਸਿਰ ਤੱਕ ਹਿਲਾ ਕੇ ਰੱਖ ਦਿੱਤਾ ਗਿਆ ਹੈ। – ਅਮਰਜੀਤ ਸਿੰਘ ਬਡਗੁਜਰਾਂ