ਅਜੋਕਾ ਵਿਕਾਸ ਮਾਡਲ ਮਨੁੱਖ ਲਈ ਘਾਤਕ

ਅਜੋਕਾ ਵਿਕਾਸ ਮਾਡਲ ਮਨੁੱਖ ਲਈ ਘਾਤਕ

ਪੁਰਾਣੇ ਸਮੇਂ ਵਿੱਚ ਜਦੋਂ ਮਨੁੱਖ ਦੇ ਕੁਝ ਕਬੀਲਿਆਂ ਨੂੰ ਖੇਤੀ ਕਰਨ ਦਾ ਢੰਗ ਸੁੱਝਣ ਲੱਗਾ ਤਾਂ ਉਨ੍ਹਾਂ ਨੇ ਪਰਵਾਸ ਕਰਨਾ ਹੌਲੀ ਹੌਲੀ ਛੱਡ ਦਿੱਤਾ। ਇਹ ਸਮੇਂ ਦੀ ਲੋੜ ਵੀ ਸੀ। ਉਦੋਂ ਮਨੁੱਖ ਅੱਜ ਜਿੰਨਾ ਸਿਆਣਾ ਤਾਂ ਭਾਵੇਂ ਨਹੀਂ ਸੀ ਪਰ ਕੁਦਰਤ ਨਾਲ ਵਧੇਰੇ ਜੁੜਿਆ ਹੋਣ ਕਰਕੇ ਉਹ ਆਪਣੇ ਆਲੇ ਦੁਆਲੇ ਦੇ ਘਾਹ, ਬੂਟੇ, ਰੁੱਖਾਂ, ਜੰਗਲਾਂ, ਪਹਾੜਾਂ ਬਾਰੇ ਸੁਚੇਤ ਸੀ। ਫਿਰ ਜਿਵੇਂ ਜਿਵੇਂ ਮਨੁੱਖ ਦੀ ਅਕਲ ਵਧਦੀ ਗਈ, ਹੋਰ ਕੰਮਾਂ ਤੋਂ ਇਲਾਵਾ ਖੇਤੀ ਦੇ ਧੰਦੇ ਵਿੱਚ ਵੀ ਵੱਡਾ ਇਨਕਲਾਬ ਲੈ ਆਇਆ। ਮਨੁੱਖ ਖਾਦ-ਪਦਾਰਥਾਂ ਦੇ ਅੰਬਾਰ ਲਾਉਣ ਵਿੱਚ ਭਾਵੇਂ ਬੜਾ ਅੱਗੇ ਨਿੱਕਲ ਗਿਆ ਪਰ ਇਸ ਦੇ ਨਾਲ ਨਾਲ ਕੁਦਰਤ ਪ੍ਰਤੀ ਇਸ ਦਾ ਰਵੱਈਆ ਕਰੂਰ ਹੁੰਦਾ ਗਿਆ। ਆਉਣ ਵਾਲੀਆਂ ਨਸਲਾਂ ਪ੍ਰਤੀ ਮਨੁੱਖ ਦੀ ਲਾਪਰਵਾਹੀ ਨੂੰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਅੰਦਰ ਸੂਝ ਸਮਝ ਦਾ ਪ੍ਰਵੇਸ਼ ਹੋਣਾ ਅਜੇ ਬਾਕੀ ਹੈ। ਅਸੀਂ ਜਿਸ ਤਰ੍ਹਾਂ ਦੀ ਤਰੱਕੀ ਵੱਲ ਵਧ ਰਹੇ ਹਾਂ, ਇਸ ਨਾਲ ਸਾਡੀਆਂ ਮੁਸੀਬਤਾਂ ਘਟਣ ਦੀ ਬਜਾਏ ਹੋਰ ਵਧ ਜਾਣਗੀਆਂ। ਆਪਣੇ ਆਲੇ ਦੁਆਲੇ ਅਜਿਹੇ ਵਰਤਾਰੇ ਅਸੀਂ ਵੇਖ ਹੀ ਰਹੇ ਹਾਂ। ਕੁਝ ਸਾਲ ਪਹਿਲਾਂ ਸਾਨੂੰ ਪਾਣੀ ਪੁਣ ਪੁਣ ਕੇ ਪੀਣ ਦੀ ਲੋੜ ਨਹੀਂ ਸੀ ਪਰ ਅੱਜ ਅਸੀਂ ਬੰਦ ਬੋਤਲ ਵਾਲਾ ਪਾਣੀ ਖਰੀਦ ਕੇ ਪੀਣ ਲੱਗ ਪਏ ਹਾਂ। ਜਲਦੀ ਹੀ ਅਸੀਂ ਹਵਾ ਵੀ ਪੁਣ ਪੁਣ ਕੇ ਪੀਣ ਦੇ ਆਦੀ ਹੋ ਜਾਵਾਂਗੇ।
ਅੱਜ ਸਾਡੇ ਆਲੇ ਦੁਆਲੇ ਬਿਮਾਰੀਆਂ ਦੁਸ਼ਵਾਰੀਆਂ ਦਾ ਮਾਹੌਲ ਪੈਦਾ ਹੋ ਰਿਹਾ ਹੈ। ਖਾਣ ਪੀਣ ਦੀਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਮਨੁੱਖ ਸਦੀਆਂ ਤੋਂ ਖਾਂਦਾ ਆ ਰਿਹਾ ਹੈ, ਬਾਰੇ ਹੁਣ ਅਸੀਂ ਦੋਚਿਤੀ ਵਿੱਚ ਪੈ ਜਾਂਦੇ ਹਾਂ। ਜੇ ਖਾਈਏ ਤਾਂ ਕੀ ਖਾਈਏ? ਸਾਫ ਅਤੇ ਸ਼ੁੱਧ ਤਾਂ ਕੁਝ ਵੀ ਨਹੀਂ ਰਿਹਾ। ਹੁਣ ਮੁਨਾਫੇ ਲਈ ਕੱਚੇ ਫਲ ਤੋੜ ਕੇ ਸਟੋਰ ਕਰ ਲਏ ਜਾਂਦੇ ਹਨ। ਕੈਲਸ਼ੀਅਮ ਕਾਰਬਾਈਡ ਵਰਗੇ ਮਨੁੱਖੀ ਸਿਹਤ ਲਈ ਘਾਤਕ ਕੈਮੀਕਲ ਲਾ ਕੇ ਕੁਝ ਘੰਟਿਆਂ ਵਿੱਚ ਹੀ ਇਨ੍ਹਾਂ ਨੂੰ ਪਕਾ ਕੇ ਬਾਜ਼ਾਰ ਵਿੱਚ ਸਜਾ ਦਿੱਤਾ ਜਾਂਦਾ ਹੈ। ਦੁੱਧ ਘਿਓ ਦੀ ਓਨੀ ਪੈਦਾਵਾਰ ਨਹੀਂ ਹੁੰਦੀ, ਜਿੰਨਾ ਇਹ ਨਕਲੀ ਬਣਾਇਆ ਜਾ ਰਿਹਾ ਹੈ। ਮਠਿਆਈਆਂ, ਖੋਇਆ ਅਤੇ ਪਨੀਰ ਤੱਕ ਨਕਲੀ ਬਣਾਏ ਜਾ ਰਹੇ ਹਨ। ਔਕਸੀਟਾਕਸਿਨ ਦਾ ਟੀਕਾ ਲਾ ਕੇ ਪਾਈਆ ਦੇ ਕੱਦੂ ਨੂੰ ਰਾਤੋ ਰਾਤ ਕਿਲੋ ਦਾ ਬਣਾਉਣ ਦੀ ਮੁਹਾਰਤ ਆਮ ਹੋ ਗਈ ਹੈ। ਅਸੀਂ ਪੰਜਾਬੀ ਇਸ ਕੰਮ ਵਿੱਚ ਸਭ ਤੋਂ ਅੱਗੇ ਹਾਂ। ਕੁਝ ਸਾਲ ਪਹਿਲਾਂ ਡਾਕਟਰ ਕਿਹਾ ਕਰਦੇ ਸਨ ਕਿ ਕੁਝ ਖਾਇਆ ਪੀਆ ਕਰੋ। ਹੁਣ ਉਹ ਸਲਾਹਾਂ ਦੇ ਰਹੇ ਹਨ- ਫਲਾਣੀ ਚੀਜ਼ ਨਾ ਖਾਓ, ਫਲਾਣੀ ਵੀ ਨਾ ਖਾਓ। ਫਿਰ ਜਦੋਂ ਸਲਾਹ ਲੈਣ ਵਾਲਾ ਪੁੱਛਦਾ ਹੈ- ਖਾਵਾਂ ਕੀ? ਜਵਾਬ ਵਿੱਚ ਪ੍ਰਹੇਜ ਦੱਸਣ ਵਾਲਾ ਸੋਚਣ ਲੱਗ ਪੈਂਦਾ ਹੈ ਕਿ ਉਹ ਕੀ ਦੱਸੇ ਕਿ ਕੀ ਖਾਓ? ਮਿਲਾਵਟ ਅਤੇ ਜ਼ਹਿਰਾਂ ਤੋਂ ਅਛੂਤੀ ਤਾਂ ਕੋਈ ਚੀਜ਼ ਵੀ ਨਹੀਂ ਰਹੀ।
ਸਾਡੇ ਖੇਤਾਂ ਵਿੱਚ ਫਸਲਾਂ ਦੇ ਨਾਲ ਨਾਲ ਜ਼ਹਿਰਾਂ ਵੀ ਪੈਦਾ ਹੋ ਰਹੀਆਂ ਹਨ। ਦੂਸ਼ਿਤ ਹਵਾ ਸਾਹ ਲੈਣ ਦੇ ਯੋਗ ਨਹੀਂ ਰਹੀ। ਨਦੀਆਂ, ਨਾਲੇ, ਨਹਿਰਾਂ ਗੰਦੇ ਮੁਸ਼ਕ ਮਾਰਦੇ ਪਾਣੀਆਂ ਨਾਲ ਪਲੀਤ ਰਹੇ ਹਨ। ਪੰਜਾਬ ਦੇ ਜਾਇਆਂ ਨੂੰ ਅੱਜ ਇਹ ਫਿਕਰ ਨਹੀਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਖੇਤਾਂ ਜ਼ਹਿਰਾਂ ਬੀਜ ਰਹੇ ਹਾਂ, ਹਵਾ ਪਾਣੀ ਮਿੱਟੀ ਨੂੰ ਬਰਬਾਦ ਕਰ ਰਹੇ ਹਾਂ। ਬਸ ਫਿਕਰ ਹੈ ਤਾਂ ਇਹ ਹੈ ਕਿ ਕਿਵੇਂ ਨਾ ਕਿਵੇਂ ਆਪਣੀ ਔਲਾਦ ਲਈ ਵੱਡੀਆਂ ਵੱਡੀਆਂ ਦੋ ਤਿੰਨ ਮੰਜ਼ਲਾਂ ਇਮਾਰਤਾਂ ਉਸਾਰ ਲਈਆਂ ਜਾਣ, ਮਾਇਆ ਧਨ ਦੌਲਤ ਦੇ ਅੰਬਾਰ ਲਾ ਲਏ ਜਾਣ। ਅੱਜ ਅਸੀਂ ਆਪਣੇ ਖੇਤਾਂ ਵਿੱਚ ਜ਼ਹਿਰਾਂ ਦਾ ਕਹਿਰ ਸਾਫ ਦੇਖ ਸਕਦੇ ਹਾਂ। ਪੰਜਾਬ ਦੇ ਮਾਲਵਾ ਖੇਤਰ ਦੇ ਲੋਕਾਂ ਦੀ ਵੱਡੀ ਗਿਣਤੀ ਕੈਂਸਰ ਦੀ ਲਪੇਟ ਵਿੱਚ ਹੈ। ਇਨ੍ਹਾਂ ਲੋਕਾਂ ‘ਚੋਂ ਅਨੇਕਾਂ ਹੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਚੱਲ ਵੱਸੇ ਅਤੇ ਅਨੇਕਾਂ ਨਵੇਂ ਮਰੀਜ਼ ਇਸ ਦੀ ਲਪੇਟ ਵਿੱਚ ਆ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਬਿਮਾਰੀ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਅਨੇਕਾਂ ਅਜਿਹੇ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਘਰਦੇ ਇਸ ਬਿਮਾਰੀ ਦੀ ਲਪੇਟ ਵਿੱਚ ਆਏ; ਜੀਅ ਵੀ ਨਾ ਰਹੇ ਤੇ ਜ਼ਮੀਨ-ਜਾਇਦਾਦ ਵੀ ਨਾ ਬਚੀ।
ਇਸ ਤੋਂ ਇਲਾਵਾ ਹੈਪੇਟਾਈਟਸ ਬੀ. ਅਤੇ ਸੀ. ਵਰਗੀਆਂ ਭਿਆਨਕ ਬਿਮਾਰੀਆਂ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਦੇ ਇਲਾਜ ਇੰਨੇ ਮਹਿੰਗੇ ਹਨ ਕਿ ਗਰੀਬ ਬੰਦਾ ਇਲਾਜ ਕਰਾਉਣ ਲਈ ਹਸਪਤਾਲ ਵੱਲ ਮੂੰਹ ਵੀ ਨਹੀਂ ਕਰ ਸਕਦਾ। ਵੱਖ ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਪਲੀਤ ਹੋਏ ਵਾਤਾਵਰਨ ਨਾਲ ਮਨੁੱਖਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਕਰਕੇ ਬੱਚਾ ਪੈਦਾ ਕਰਨ ਦੀ ਸਮਰੱਥਾ ਘਟ ਰਹੀ ਹੈ। ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਕੁਝ ਲੋਕਾਂ ਨੂੰ ਅਜਿਹੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ ਜੋ ਡਾਕਟਰੀ ਵਿਗਿਆਨ ਦੀ ਸਮਝ ਤੋਂ ਪਰ੍ਹੇ ਹਨ। ਡਾਕਟਰ ਇਨ੍ਹਾਂ ਨੂੰ ਅਣਪਛਾਤੀਆਂ ਬਿਮਾਰੀਆਂ ਦੱਸ ਰਹੇ ਹਨ। ਹਾਲਾਤ ਦਾ ਤਕਾਜ਼ਾ ਇਹ ਹੈ ਕਿ ਅਸੀਂ ਇਸ ਸਾਰੇ ਵਰਤਾਰੇ ਪ੍ਰਤੀ ਰਤਾ ਵੀ ਗੰਭੀਰ ਨਹੀਂ ਹਾਂ ਅਤੇ ਨਾ ਹੀ ਸਾਡਾ ਸਰਕਾਰੀ ਪ੍ਰਸ਼ਾਸਨਿਕ ਢਾਂਚਾ ਇਸ ਪ੍ਰਤੀ ਗੰਭੀਰ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਭੀੜਾਂ ਲਗਾਤੱਰ ਵਧ ਰਹੀਆਂ ਹਨ। ਬਿਮਾਰੀਆਂ ਦੁਸ਼ਵਾਰੀਆਂ ਦੇ ਵਿਆਪਕ ਹੋਣ ਦੀ ਹੋਰ ਉਡੀਕ ਕਰਨੀ ਹਕੀਕਤ ਤੋਂ ਅੱਖਾਂ ਮੀਟ ਲੈਣ ਵਾਂਗ ਹੈ। ਇਸ ਲਈ ਹਾਲਾਤ ਦੀ ਭਿਆਨਕਤਾ ਨੂੰ ਸਮਝ ਕੇ ਤੁਰੰਤ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਨਹੀਂ ਤਾਂ ਆਉਣ ਵਾਲਾ ਸਮਾਂ ਅਤਿ ਭਿਆਨਕ ਹਾਲਾਤ ਅਖਤਿਆਰ ਕਰ ਸਕਦਾ ਹੈ।
ਕੀਟ ਨਾਸ਼ਕ ਜ਼ਹਿਰਾਂ ਦੇ ਭਰੇ ਟਰੱਕਾਂ ਦੇ ਟਰੱਕ ਪੰਜਾਬ ਦੀ ਧਰਤੀ ਵਿੱਚ ਜਜ਼ਬ ਹੋ ਰਹੇ ਹਨ। ਉਹ ਵੀ ਇੱਕ ਵਾਰ ਨਹੀਂ, ਸਾਲ ਵਿੱਚ ਦੋ ਦੋ ਵਾਰ। ਇਨ੍ਹਾਂ ਜ਼ਹਿਰਾਂ ਦਾ ਅਸਰ ਵਕਤੀ ਨਹੀਂ ਹੁੰਦਾ ਬਲਕਿ ਬੜਾ ਲੰਮਾ ਸਮਾਂ ਰਹਿੰਦਾ ਹੈ। ਕਈ ਸਾਲਾਂ ਤੋਂ ਵੱਡੀ ਪੱਧਰ ‘ਤੇ ਹੋ ਰਹੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਫਸਲਾਂ ਦੀਆਂ ਬਿਮਾਰੀਆਂ ਘਟਣ ਦੀ ਬਜਾਏ ਹੋਰ ਵਧੀਆਂ ਹਨ। ਪਿਛਲੇ ਸਮੇਂ ਦੌਰਾਨ ਇਹ ਵੇਖਣ ਵਿੱਚ ਆਇਆ ਹੈ ਕਿ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵੱਧ ਮਾਤਰਾ ਵਿੱਚ ਵਰਤੋਂ ਨਾਲ ਫਸਲਾਂ ਦੇ ਝਾੜ ਵਧਣ ਦੀ ਬਜਾਏ ਘਟ ਰਹੇ ਹਨ। ਸੁਪਰਫਾਸਫੇਟ ਅਤੇ ਡੀਏਪੀ ਵਰਗੀਆਂ ਰਸਾਣਿਕ ਖਾਦਾਂ ਨਾਲ ਯੂਰੇਨੀਅਮ ਜਿਹੇ ਤੱਤ ਸਾਡੀ ਮਿੱਟੀ ਵਿੱਚ ਰਲ ਰਹੇ ਹਨ। ਇਨ੍ਹਾਂ ਦੇ ਮਾੜੇ ਪ੍ਰਭਾਵ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਵੀ ਆ ਰਹੇ ਹਨ। ਫਸਲਾਂ ‘ਤੇ ਹਮਲਾ ਕਰਨ ਵਾਲੀਆਂ ਸੁੰਡੀਆਂ ਕੀੜੇ ਮਕੌੜੇ ਟਿੰਡੀਆਂ ਦੀਆਂ ਫੌਜਾਂ ਅਨੇਕਾਂ ਨਸਲਾਂ ਤੇਜ਼ ਤੋਂ ਤੇਜ਼ ਜ਼ਹਿਰਾਂ ਸਾਹਵੇਂ ਆਕੀ ਹੋ ਰਹੀਆਂ ਹਨ। ਇਨ੍ਹਾਂ ਨੂੰ ਖਤਮ ਕਰਨ ਦੀ ਜਿਦ ਵਿੱਚ ਅਸੀਂ ਆਪਣੇ ਵਧੀਆ ਮਿੱਤਰ ਪੰਛੀ ਅਤੇ ਹੋਰ ਮਿੱਟੀ ਨੂੰ ਸਰੱਖਿਅਤ ਰੱਖਣ ਵਾਲੇ ਕੀੜੇ ਪਤੰਗੇ ਵੀ ਖਤਮ ਕਰੀ ਜਾ ਰਹੇ ਹਾਂ।
ਅੱਜ ਮਨੁੱਖ ਆਪਣੀ ਔਲਾਦ ਅਤੇ ਆਉਣ ਵਾਲੀਆਂ ਨਸਲਾਂ ਦੇ ਰਾਹਾਂ ਵਿੱਚ ਕੰਡੇ ਖਿਲਾਰਨ ਵਿੱਚ ਲੱਗਿਆ ਹੋਇਆ ਹੈ ਜੋ ਸਮਾਂ ਪੈਣ ‘ਤੇ ਇਸ ਨੂੰ ਚੁਗਣੇ ਔਖੇ ਹੋ ਜਾਣਗੇ। ਅੱਜ ਭਾਵੇਂ ਅਸੀਂ ਅਕਲ ਵਾਲੇ ਹੋਣ ਦੇ ਜਿੰਨੇ ਮਰਜ਼ੀ ਦਾਅਵੇ ਕਰੀ ਜਾਈਏ ਪਰ ਅਜੋਕੇ ਮਨੁੱਖ ਦੀਆਂ ਲਾਲਚੀ ਖੁਦਗਰਜ਼ੀ ਭਰੀਆਂ ਪ੍ਰਵਿਰਤੀਆਂ ਨੂੰ ਜੇ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਿਆਣਪ ਇਸ ਤੋਂ ਅਜੇ ਵੀ ਕੋਹਾਂ ਦੂਰ ਖੜ੍ਹੀ ਹੈ। ਮਨੁੱਖ ਇਸ ਧਰਤੀ ‘ਤੇ ਕੇਵਲ ਪੈਸੇ ਲਈ ਜਿਊਣ ਲਈ ਨਹੀਂ ਪੈਦਾ ਹੋਇਆ, ਉਸ ਨੇ ਆਪਣੀ ਨਸਲ ਦੇ ਭਲੇ ਦੀ ਕਾਮਨਾ ਕਰਨ ਦੇ ਨਾਲ ਨਾਲ ਦੂਜੇ ਜੀਵਾਂ ਅਤੇ ਇਸ ਧਰਤੀ ਦੇ ਮਿੱਟੀ ਪਾਣੀ ਅਤੇ ਹਵਾ ਲਈ ਵੀ ਜਿਊਣਾ ਹੈ। ਜੇ ਸਾਡਾ ਆਲਾ ਦੁਆਲਾ ਸਾਫ ਨਹੀਂ ਹੋਵੇਗਾ ਤਾਂ ਕੁਦਰਤੀ ਗੱਲ ਹੈ ਕਿ ਅਸੀਂ ਅਤੇ ਦੂਜੇ ਜੀਵ ਜੰਤੂ ਵੀ ਇਸ ਤੋਂ ਜ਼ਰੂਰ ਪ੍ਰਭਾਵਿਤ ਹੋਣਗੇ। ਬਿਮਾਰ ਵਾਤਾਵਰਨ ਵਿੱਚ ਤੰਦਰੁਸਤ ਜੀਵਨ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ। ਬਿਮਾਰ ਵਾਤਾਵਰਨ ਸਾਡੇ ਸਰੀਰ ਨੂੰ ਹੀ ਬਿਮਾਰ ਨਹੀਂ ਕਰਦਾ ਸਗੋਂ ਇਸ ਨਾਲ ਅਸੀਂ ਮਾਨਸਿਕ ਤੌਰ ‘ਤੇ ਵੀ ਬਿਮਾਰ ਹੁੰਦੇ ਹਾਂ। ਅੱਜ ਜਿੱਥੇ ਸਾਡਾ ਸਮਾਜ ਕਈ ਤਰਾ੍ਹਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਰਿਹਾ ਹੈ, ਉੱਥੇ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਵੀ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਹਨ।
ਅੱਜ ਜਿੱਥੇ ਅਸੀਂ ਧਰਮ ਕਰਮ ਦੇ ਨਾਮ ‘ਤੇ ਵੱਡੇ ਵੱਡੇ ਅਡੰਬਰ ਰਚਦੇ ਹਾਂ, ਵੱਡੀਆਂ ਰਕਮਾਂ ਖਰਚ ਕਰਦੇ ਹਾਂ, ਉੱਥੇ ਸਾਨੂੰ ਲੋੜ ਹੈ, ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਬਣਾਉਣ ਲਈ ਵੀ ਯਤਨਸ਼ੀਲ ਹੋਈਏ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਮਨੁੱਖ ਜਿਸ ਵਿਕਾਸ ਦੀਆਂ ਟਾਹਰਾਂ ਮਾਰ ਰਿਹਾ ਹੈ, ਇਹ ਵਿਕਾਸ ਉਸ ਦੇ ਜੀਅ ਦਾ ਜੰਜ਼ਾਲ ਤਾਂ ਨਹੀਂ ਬਣ ਜਾਵੇਗਾ? ਵਿਕਾਸ ਦੀ ਜਿਸ ਡਗਰ ‘ਤੇ ਅਸੀਂ ਚੱਲ ਰਹੇ ਹਾਂ, ਕੀ ਹਕੀਕਤ ਵਿੱਚ ਇਹ ਵਿਕਾਸ ਹੈ ਵੀ ਕਿ ਨਹੀਂ? ਅੱਜ ਜਦੋਂ ਸਾਡੀਆਂ ਮੁੱਢਲੀਆਂ ਲੋੜਾਂ ਖਾਣ ਪੀਣ, ਸ਼ੁੱਧ ਹਵਾ, ਪਾਣੀ ਅਤੇ ਮਿੱਟੀ ਹੀ ਪਲੀਤ ਹੋ ਗਏ ਰਹੇ ਹਨ ਤਾਂ ਕੀ ਅਜੋਕੇ ਵਿਕਾਸ ਮਾਡਲ ‘ਤੇ ਸਾਨੂੰ ਸ਼ਿੱਦਤ ਨਾਲ ਮੁੜ ਵਿਚਾਰ ਕਰਨ ਦੀ ਲੋੜ ਨਹੀਂ?

-ਗੁਰਚਰਨ ਸਿੰਘ ਨੂਰਪੁਰ

ਸੰਪਰਕ: 98550-51099