ਘੋਲ਼ੀਆ ਦਾ ਲਾਣਾ

ਘੋਲ਼ੀਆ ਦਾ ਲਾਣਾ

(ਵਿਅੰਗ)
– ਪਿੰਡ ਦੀ ਸੱਥ ਵਿੱਚੋਂ

ਕੰਮ ਧੰਦੇ ਦੀ ਰੁੱਤ ਦੇ ਦਿਨਾਂ ਵਿੱਚ ਤੀਜੇ-ਚੌਥੇ ਦਿਨ ਪਿੰਡ ‘ਚ ਅਫ਼ਸਰਾਂ ਦੀ ਆਵਾ ਜਾਵੀ ਨੇ ਪਿੰਡ ਦੇ ਲੋਕਾਂ ਦੇ ਨਾਸੀਂ ਧੂੰਆਂ ਲਿਆਂਦਾ ਪਿਆ ਸੀ। ਕਦੇ ਵੱਡਾ ਤਹਿਸੀਲਦਾਰ ਆ ਜਾਂਦਾ, ਕਦੇ ਡੀ.ਸੀ. ਸਾਹਿਬ ਨੇ ਆ ਜਾਣਾ, ਕਦੇ ਐਸ.ਡੀ.ਐਮ. ਦੀ ਡਿਊਟੀ ਲੱਗ ਜਾਂਦੀ ਤੇ ਕਦੇ ਜਿਲ੍ਹੇ ਦੇ ਹੋਰ ਅਫਸਰ ਆ ਕੇ ਬੈਠ ਕੇ ਮੁੜ ਜਾਂਦੇ। ਪੁਲਿਸ ਦੇ ਪੰਜ ਚਾਰ ਮੁਲਾਜ਼ਮ ਤਾਂ ਪਿੰਡ ‘ਚ ਆਪਣਾ ਪੱਕਾ ਹੀ ਅੱਡਾ ਬਣਾਈ ਬੈਠੇ ਸਨ। ਹਰ ਰੋਜ ਪਿੰਡ ਦੀ ਸੱਥ ‘ਚ ਪਿੰਡ ਵਿੱਚ ਦੋ ਤਿੰਨੀਂ ਥਾਈਂ ਪਈਆਂ ਸ਼ਾਮਲਾਟਾਂ ਦੇ ਰੋਕ ਲੈਣ ਦੀਆਂ ਗੱਲਾਂ ਦੀ ਲੋਕ ਚੀਰਫਾੜ ਕਰਦੇ ਰਹਿੰਦੇ ਤੇ ਜਦੋਂ ਸਰਕਾਰੀ ਅਫ਼ਸਰ ਆਉਂਦੇ ਤਾਂ ਉਨ੍ਹਾਂ ਦੀ ਗੱਲ ਸੁਣ ਕੇ ਅਗਲੇ ਦਿਨ ਫੇਰ ਸੱਥ ‘ਚ ਹਰ ਬੰਦਾ ਪੰਚਾਇਤੀ ਕਰਦਾ।
ਬਾਬਾ ਕਪੂਰ ਸਿਉਂ ਪੰਦਰਾਂ ਦਿਨਾਂ ਬਾਅਦ ਜਦੋਂ ਸੱਥ ‘ਚ ਆਇਆ ਤਾਂ ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਕਰੇ ਆਇਆ ਬਾਬਾ ਤੀਰਥ ‘ਸ਼ਨਾਨ?”
ਸੀਤੇ ਮਰਾਸੀ ਨੇ ਬਾਬੇ ਨੂੰ ਇਸ ਕਰਕੇ ਪੁੱਛਿਆ ਸੀ ਕਿਉਂਕਿ ਬਾਬਾ ਹਜੂਰ ਸਾਹਿਬ ਗਿਆ ਹੋਇਆ ਸੀ।
ਬਾਬਾ ਕਹਿੰਦਾ, ”ਕਰ ਈ ਆਏ ਭਾਈ ਤੀਰਥ ਯਾਤਰਾ। ਸੁਣਿਐਂ, ਪਤਾ ਨ੍ਹੀ ਐਮੇਂ ਈ ਕਹਿੰਦੇ ਐ, ਅਕੇ ਦਸਵੇਂ ਪਾਤਸ਼ਾਹ ਹਰੇਕ ਸਿੱਖ ਨੂੰ ਸੱਠ ਸਾਲ ਦੀ ਉਮਰ ਤੱਕ ‘ਡੀਕਦੇ ਐ ਬਈ ਮੇਰਾ ਸਿੱਖ ਜਰੂਰ ਆਊਗਾ ਹਜੂਰ ਸਾਹਿਬ। ਮੈਂ ਤੇ ਤੇਰੀ ਤਾਈ ਤਾਂ ਫਿਰ ਜਾ ਈ ਆਏ ਮੀਰ।”
ਮਾਹਲੇ ਨੰਬਰਦਾਰ ਨੇ ਬਾਬੇ ਨੂੰ ਪੁੱਛਿਆ, ”ਓਥੇ ਤਾਂ ਕਪੂਰ ਸਿਆਂ ਕਹਿੰਦੇ ਬਾਰਾਂ ਮਹੀਨੇ ਤੀਹ ਦਿਨ ਗਰਮੀ ਓਂ ਈਂ ਰਹਿੰਦੀ ਐ।” ਨਾਥਾ ਅਮਲੀ ਕਹਿੰਦਾ, ”ਦੋ ਸੂਰਜ ਐ ਉੱਥੇ। ਇੱਕ ਦਿਨੇਂ ਧੁੱਪ ਕੱਢਦਾ ਤੇ ਦੂਜਾ ਰਾਤ ਨੂੰ ਗਰਮੀ ਕਰ ਦਿੰਦਾ।” ਬਾਬਾ ਕਪੂਰ ਸਿਉਂ ਵੀ ਬੋਲਿਆ, ”ਏਮੇਂ ਈਂ ਐਂ ਨੰਬਰਦਾਰਾ, ਪਰ ਸੂਰਜ ਤਾਂ ਨ੍ਹੀ ਦੋ ਵੇਖੇ। ਇਹ ਤਾਂ ਨਾਥਾ ਸਿਉਂ ਨੇ ਜੋਕ ਈ ਛੱਡਿਆ ਲੱਗਦਾ। ਐਥੇ ਤਾਂ ਪੂਰੀ ਠੰਢ ਐ ਓਥੇ ਪੱਖੇ ਚੱਲਦੇ ਐ। ਬਾਹਵਾ ਗਰਮੀ ਐਂ।”
ਨਾਥਾ ਅਮਲੀ ਕਿਸੇ ਹੋਰ ਹੀ ਟੋਨ ‘ਚੋਂ ਬੋਲ ਕੇ ਕਹਿੰਦਾ, ”ਐਥੇ ਓਦੂੰ ਵੀ ਬਾਹਲ਼ੀ ਗਰਮੀ ਹੋਈ ਪਈ ਐ ਦਸਾਂ ਕੁ ਦਿਨਾਂ ਦੀ।” ਨਾਥੇ ਅਮਲੀ ਦੀ ਗੱਲ ਸੁਣ ਕੇ ਬਾਬਾ ਕਪੂਰ ਸਿਉਂ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਨੰਬਰਦਾਰਾ! ਕਿੱਥੋਂ ਬੋਲਦੈ ਇਹੇ?” ਅਮਲੀ ਕਹਿੰਦਾ, ”ਮੈਂ ਕਿੱਥੋਂ ਬੋਲਣਾ ਸੀ ਬਾਬਾ! ਤੂੰ ਤਾਂ ਚੜ੍ਹ ਗਿਐਂ ਹਜੂਰ ਸਾਹਬ ਨੂੰ, ਏਥੇ ਅਸਫਰਾਂ ਨੇ ਮਾਰ ਮਾਰ ਗੇੜੇ ਪਿੰਡ ਨੀਮਾਂ ਕਰ ‘ਤਾ। ਆਹ ਘੁੱਲੇ ਸਰਪੈਂਚ ਦੇ ਬਾਹਰਲੇ ਘਰੇ ਤਾਂ ਪੁਲਸ ਪੱਕਾ ਈ ਅੱਡਾ ਬਣਾਈ ਬੈਠੀ ਐ। ਸਾਡੇ ਆਲੀ ਬਾਂਦਰੀ ਤਾਂ ਪੁਲਸ ਨੇ ਈ ਵੰਝ ‘ਤੇ ਚੜ੍ਹਾ ਛੱਡੀ ਐ। ਪਿੰਡ ‘ਚੋਂ ਅਮਲ ਮਿਲਣੋਂ ਹਟ ਗਿਆ ਯਾਰ। ਪੁਲਸ ਤੋਂ ਡਰਦਾ ਕੋਈ ਖਾਣ ਪੀਣ ਆਲੀਆਂ ਚੀਜਾਂ ਈ ਨ੍ਹੀ ਦਿੰਦਾ।”
ਬਾਬੇ ਕਪੂਰ ਸਿਉਂ ਨੇ ਪੁੱਛਿਆ, ”ਕਿਉਂ ਕੀ ਗੱਲ ਹੋ ਗੀ ਪਿੰਡ ‘ਚ?” ਸੀਤਾ ਮਰਾਸੀ ਕਹਿੰਦਾ, ”ਗੱਲ ਤਾਂ ਕੁਸ ਮਨ੍ਹੀ ਬਾਬਾ। ਅਸਲ ‘ਚ ਤਾਂ ਸ਼ਾਮਲਾਟਾਂ ਰੋਕਣ ਦਾ ਕਲੇਸ ਐ।” ਬਾਬੇ ਨੇ ਪੁੱਛਿਆ, ”ਸ਼ਾਮਲਾਟਾਂ ਕਿਹੜੀਆਂ?”
ਮਾਹਲਾ ਨੰਬਰਦਾਰ ਕਹਿੰਦਾ, ”ਜਿਹੜੀ ਗੱਲ ਕਪੂਰ ਸਿਆਂ ਆਪਾਂ ਓਦਣ ਕਰਦੇ ਸੀ ਉਹੀ ਹੋਈ।” ਬਾਬੇ ਨੇ ਪੁੱਛਿਆ, ”ਕਿਹੜੀ?”
ਨੰਬਰਦਾਰ ਕਹਿੰਦਾ, ”ਆਪਾਂ ਗੱਲ ਨ੍ਹੀ ਸੀ ਕਰਦੇ ਬਈ ਲੋਕ ਪਿੰਡ ਦੀਆਂ ਸ਼ਾਮਲਾਟਾਂ ਰੋਕੀ ਜਾਂਦੇ ਐ।” ਬਾਬੇ ਨੇ ਫੇਰ ਪੁੱਛਿਆ, ”ਹੁਣ ਕੀਹਨੇ ਰੋਕ ਲੀ?” ਸੀਤਾ ਮਰਾਸੀ ਕਹਿੰਦਾ, ”ਘੌਲ਼ੀਆਂ ਨੇ।” ਕਰਤਾਰੇ, ਬਚਨੇ ਕਿਆਂ ਨੂੰ ਪਿੰਡ ‘ਚ ਘੌਲੀਆਂ ਦਾ ਲਾਣਾ ਕਰਕੇ ਜਾਣਦੇ ਸੀ। ਬਾਬਾ ਕਪੂਰ ਸਿਉਂ ਹੱਸ ਕੇ ਕਹਿੰਦਾ, ”ਘੌਲ਼ੀ ਕਾਹਦੇ ਹੋਏ ਜੀਹਨੇ ਪਿੰਡ ਦੀ ਸਾਂਝੀ ਜਗਾ ਈ ਰੋਕ ਲੀ।”
ਅਮਲੀ ਨੇ ਬਾਬੇ ਦੀ ਗੱਲ ਟੋਕ ਕੇ ਪੁੱਛਿਆ, ”ਕਿਉਂ ਬਾਬਾ! ਇਹ ਕਰਤਾਰੇ ਬਚਨੇ ਕਿਆਂ ਨੂੰ ਘੌਲ਼ੀਆਂ ਦਾ ਲਾਣਾ ਕਿਾਹਤੋਂ ਕਹਿੰਦਾ ਪਿੰਡ?”
ਬਾਬਾ ਕਹਿੰਦਾ, ”ਇਹ ਨਾਂ ਤਾਂ ਇਨ੍ਹਾਂ ਦੇ ਵੱਡੇ ਬੁੜ੍ਹਿਆਂ ਨੂੰ ਦਿੱਤਾ ਵਿਆ ਸੀ। ਉਨ੍ਹਾਂ ਨੂੰ ਘੌਲ਼ੀ ਤਾਂ ਕਰਕੇ ਕਹਿੰਦੇ ਹੁੰਦੇ ਸੀ ਬਈ ਉਹ ਹਰ ਕੰਮ ‘ਚ ਬਾਹਲ਼ੀ ਘੌਲ ਕਰਦੇ ਹੁੰਦੇ ਸੀ। ਇੱਕ ਇੰਨ੍ਹਾਂ ਦੇ ਵੱਡੇ ਬੁੜ੍ਹੇ ਦਾ ਨਾਂ ਕਾਲੂ ਹੁੰਦਾ ਸੀ। ਉਹਦਾ ਰੰਗ ਏਨਾਂ ਕਾਲਾ ਸੀ ਉਹਦੀ ਪੁੱਠੇ ਤਵੇ ਨਾਲ ਸ਼ਰਤ ਲੱਗੀ ਹੋਈ ਸੀ। ਤਵਾ ਕਹੇ ਮੈਂ ਕਾਲਾਂ, ਕਾਲੂ ਕਹੇ ਮੈਂ ਕਾਲਾਂ। ਸਾਕ ਤਾਂ ਕਾਲੂ ਨੂੰ ਇਉਂ ਨ੍ਹੀ ਹੋਇਆ ਬਈ ਉਹਦਾ ਰੰਗ ਬਾਹਲ਼ਾ ਕਾਲਾ ਸੀ। ਜਦੋਂ ਉਹਨੂੰ ਕਿਸੇ ਨੇ ਪੁੱਛਣਾ, ਕਾਲੂ ਕੀ ਗੱਲ ਤੂੰ ਵਿਆਹ ਕਾਹਤੋਂ ਨ੍ਹੀ ਕਰਾਇਆ? ਉਹ ਕਹਿ ਦਿਆ ਕਰੇ, ਵੱਸ! ਐਮੇਂ ਘੌਲ, ਘੌਲ਼ ‘ਚ। ਪਿੰਡ ਆਲਿਆਂ ਨੇ ਗੱਲ ਚੱਕ ‘ਤੀ। ਓਦਣ ਤੋਂ ਇਨ੍ਹਾਂ ਨੂੰ ਘੌਲ਼ੀ ਕਹਿਣ ਲੱਗ ਪੇ।”
ਅਮਲੀ ਕਹਿੰਦਾ, ”ਲੋਕਾਂ ਨੇ ਗੱਲ ਚੱਕ ‘ਤੀ ਤੇ ਘੌਲ਼ੀਆਂ ਨੇ ਖੁਸ਼ਕੀ ਚੱਕ ‘ਤੀ ਹੈਂਅ।” ਬਾਬਾ ਕਹਿੰਦਾ, ”ਹੋਰ ਕੀ ਗੱਲ ਹੋ ਗੀ?” ਨਾਥਾ ਅਮਲੀ ਕਹਿੰਦਾ, ”ਹੋਰ ਕੀ ਹੋਣਾ ਸੀ। ਪਹਿਲਾਂ ਤਾਂ ਇਨ੍ਹਾਂ ਨੇ ਆਪਣੇ ਪਾਸੇ ਆਲੀ ਸ਼ਾਂਮਲਾਟ ਰੋਕੀ। ੳਦੋਂ ਨਾ ਕੋਈ ਬੋਲਿਆ। ਫੇਰ ਸਾਰਾ ਛੱਪੜ ਰੋਕ ਲਿਆ। ਹੁਣ ਕਹਿੰਦੇ ਗਲੀਆਂ ਵੀ ਰੋਕਣ ਲੱਗ ਪੇ।”
ਸੀਤੇ ਮਰਾਸੀ ਨੇ ਪੁੱਛਿਆ, ”ਗਲੀਆਂ ਕੀ? ਸਬਜੀਆਂ ਸੁਬਜੀਆਂ ਗਲੀਆਂ ਵੀਆਂ?”
ਨਾਥਾ ਅਮਲੀ ਸੀਤੇ ਮਰਾਸੀ ਨੂੰ ਟੁੱਟ ਕੇ ਪੈ ਗਿਆ, ”ਗਲੀਆਂ ਸਬਜੀਆਂ ਨੂੰ ਕਿਹੜਾ ਇਨ੍ਹਾਂ ਦੇ ਸੂਰ ਰੱਖੇ ਵੇ ਐ ਓਏ ਬਈ ਉਨ੍ਹਾਂ ਨੂੰ ਪਾਉਣੀਆਂ, ਨੰਘਣ ਆਲੀਆਂ ਗਲੀਆਂ ਦੀ ਗੱਲ ਕਰਦੇ ਆਂ ਜਿਹੜੀਆਂ ਪਿੰਡ ‘ਚ ਨੰਘਣ ਨੂੰ ਛੱਡੀਆਂ ਵੀਆਂ। ਤੂੰ ਹੋਰ ਈ ਗਾਜਰਾਂ ‘ਚ ਗਧਾ ਵਾੜੀ ਜਾਨੈ ਮਰਾਸੀਆ। ਸੁਣ ਤਾਂ ਲਿਆ ਕਰ ਕਿਸੇ ਦੀ ਗੱਲ।” ਗੱਲਾਂ ਸੁਣ ਕੇ ਬਾਬਾ ਕਪੂਰ ਸਿਉਂ ਕਹਿੰਦਾ, ”ਹੁਣ ਫੇਰ ਇਨ੍ਹਾਂ ਨੂੰ ਘੌਲ਼ੀ ਨਾ ਕਿਹਾ ਕਰੋ, ਸ਼ਾਂਮਲਾਟ ਰੋਕਣ ਨੂੰ ਤਾਂ ਘੌਲ਼ ਹੋਈ ਨਾ ਇਨ੍ਹਾਂ ਤੋਂ। ਹੁਣ ਇਨ੍ਹਾਂ ਦਾ ਨਾਂ ਕੁਸ ਹੋਰ ਧਰਨਾ ਪਊ।”
ਨਾਥਾ ਅਮਲੀ ਕਹਿੰਦਾ , ”ਹੋਰ ਕੀ ਧਰ ਦੀਏ ਤੂੰ ਦੱਸਦੇ? ਅੱਗੇ ਘੌਲ਼ੀ ਕਹਿੰਦੇ ਐ, ਹੁਣ ਸ਼ਾਮਲਾਟੀਏ ਨਾਂ ਧਰ ਲੋ ਫਿਰ। ਆਪਾਂ ਕਿਹੜਾ ਕਿਸੇ ਤੋਂ ਮਨਜੂਰੀ ਲੈਣੀ ਐ ਬਈ ਕਿਸੇ ਦੇ ‘ਗੂਠੇ ਦੀ ਲੋੜ ਐ। ਚਾੜ੍ਹ ਦਿਓ ਗੁੱਲਾਂ ‘ਤੇ ਬੱਕਰੀ, ਨਛੱਤਰ ਸਿਉਂ ਰਾਗੀ ਨੂੰ ਸੱਦ ਕੇ ਕਰ ਦਿਓ ਅਰਦਾਸ।” ਅਰਦਾਸ ਦਾ ਨਾਂ ਸੁਣ ਕੇ ਬਾਬਾ ਹੱਸ ਕੇ ਕਹਿੰਦਾ, ”ਅਰਦਾਸ ਨੂੰ ਕਿਹੜਾ ਜੰਗ ਨੂੰ ਚੜ੍ਹਣਾ ਇਨ੍ਹਾਂ ਨੇ। ਲੜਨਾ ਈਂ ਐਂ ਲੋਕਾਂ ਨਾਲ। ਨਾਂ ਈਂ ਧਰਨਾ ਇਨ੍ਹਾਂ ਦਾ, ਧਰ ਦਿਓ। ਅੱਗੇ ਨ੍ਹੀ ਧਰੇ ਕਿਸੇ ਦੇ ਨਾਂ। ਆਹ ਬਾਬੇ ਬਿਸ਼ਨੇ ਕਿਆਂ ਨੂੰ ਰਗੜਿਆਂ ਦੇ ਇਉਂ ਈਂ ਕਹਿੰਦੇ ਐ। ਜਦੋਂ ਕੋਈ ਕੰਮ ਕਰਨਾ ਹੁੰਦਾ ਸੀ, ਇਨ੍ਹਾਂ ਦਾ ਵੱਡਾ ਬੁੜ੍ਹਾ ਉਦੋਂ ਕਹਿ ਦਿਆ ਕਰੇ, ‘ਮਾਰ ਦਿਉ ਰਗੜਾ’, ਹਰੇਕ ਕੰਮ ਨੂੰ ਮਾਰ ਦਿਉ ਰਗੜਾ। ਵੱਸ! ਉਦੋਂ ਦੀ ਐਸੀ ਅੱਲ ਪਈ, ਲੋਕ ਰਗੜਿਆਂ ਦੇ ਈ ਕਹਿਣ ਲੱਗ ਪੇ।”
ਅਮਲੀ ਕਹਿੰਦਾ, ”ਅੱਖਰ ਤਾਂ ਬਾਬਾ ਫੇਰ ਗੁਰੂ ਗ੍ਰੰਥ ਸਾਹਬ ‘ਚੋਂ ਈ ਕਢਾਉਣਾ ਪਊ, ਤਾਂ ਕਰਕੇ ਅਰਦਾਸ ਦਾ ਨਾਂ ਲੈਨੇਂ ਆਂ। ਹੋਰ ਕਿਤੇ ‘ਖੰਡ ਪਾਠ ਦੇ ਭੋਗ ਦੀ ਅਰਦਾਸ ਤਾਂ ਨ੍ਹੀ ਕਰਨੀ।” ਬਾਬੇ ਕਪੂਰ ਸਿਉਂ ਨੇ ਫੇਰ ਕਸੀ ਤਾਰ। ਕਹਿੰਦਾ, ”ਜੇ ਕਿਤੇ ਘੱਗਾ ਅੱਖਰ ਨਿੱਕਲ ਆਇਆ ਫੇਰ ਕਿਹੜਾ ਨਾਂ ਧਰੋਂਗੇ?” ਅਮਲੀ ਕਹਿੰਦਾ, ”ਫੇਰ ਘੰਊਂ ਮੰਊਂ ਧਰ ਦਿਆਂਗੇ।” ਸੀਤਾ ਮਰਾਸੀ ਕਹਿੰਦਾ, ”ਜੇ ਕੋਈ ਬਾਹਰੋਂ ਆ ਕੇ ਸੱਥ ‘ਚ ਪੁੱਛਿਆ ਕਰੂ ਬਈ ਘੰਊਂਆਂ ਮੰਊਂਆਂ ਦੇ ਜਾਣੈ, ਫੇਰ ਕੀਹਦੇ ਘਰੇ ਵਾੜਿਆ ਕਰਾਂਗੇ? ਇਹ ਤਾਂ ਦੋ ਭਰਾ।” ਨੰਬਰਦਾਰ ਕਹਿੰਦਾ, ”ਕਰਤਾਰੇ ਦਾ ਨਾਂ ਘੰਊਂ ਧਰ ਦਿਉ, ਬਚਨੇ ਦਾ ਮੰਊਂ ਧਰ ਦਿਉ। ਬਾਹਰੋਂ ਆਇਆਂ ਨੂੰ ਪੁੱਛ ਲਿਆ ਕਰਾਂਗੇ ਬਈ ਘੰਊਆਂ ਦੇ ਜਾਣੈ ਕਿ ਮੰਊਂਆਂ ਦੇ ਜਾਣੈ?”
ਨਾਥਾ ਅਮਲੀ ਕਹਿੰਦਾ, ”ਅਗਲੇ ਨੇ ਘੰਊਂ ਮੰਊਂ ਨਾਂ ਸੁਣ ਕੇ ਭਮੱਤਰ ਜਿਆ ਕਰਨਾ, ਤੇ ਕਰਤਾਰੇ ਕਿਆਂ ਨੇ ਸੋਡੇ ਨਾਲ ਲੜਣਾ ਬਈ ਸਾਡੇ ਸਕੀਰੀ ਆਲਿਆਂ ਨੂੰ ਮਖੌਲ ਕਰਦੇ ਐਂ।”
ਸੀਤਾ ਮਰਾਸੀ ਕਹਿੰਦਾ, ”ਕਿਉਂ! ਕਾਹਤੋਂ ਲੜਣਗੇ ਬਈ? ਆਪਾਂ ਕਹਾਂਗੇ, ਬਈ ਜਦੋਂ ਗੁਰੂ ਗਰੰਥ ਸਾਹਬ ‘ਚੋਂ ਅੱਖਰ ਈ ਘੱਗਾ ਨਿੱਕਲਿਆ ਤੇ ਘੱਗੇ ਦਾ ਤਾਂ ਫੇਰ ਕਹਾਂਗੇ ਘੰਊਂ ਈਂ ਬਣਦੈ। ਮੰਮੇਂ ਅੱਖਰ ਦਾ ਮੰਊਂ ਬਣਦੈ। ਇਹਦੇ ‘ਚ ਲੜਣ ਆਲੀ ਕਿਹੜੀ ਗੱਲ ਐ?”
ਬਾਬਾ ਕਪੂਰ ਸਿਉਂ ਕਹਿੰਦਾ, ”ਲੜਣਗੇ ਤਾਂ ਸਹੀ, ਹੋਰ ਕੀ ਕਰਨਗੇ ਜਦੋਂ ਅਗਲਿਆਂ ਦੇ ਪੁੱਠੇ ਨਾਂ ਰੱਖੀ ਜਾਨੇਂ ਐਂ।” ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ‘ਤੇ ਸੂਈ ਕੁੱਤੀ ਵਾਂਗੂੰ ਝੱਪਟਿਆ, ”ਜਦੋਂ ਉਹ ਪੁੱਠੇ ਕੰਮ ਕਰਦੇ ਐ ਉਨ੍ਹਾਂ ਨਾਲ ਤਾਂ ਕੋਈ ਲੜਦਾ ਨ੍ਹੀ। ਉਹ ਪਿੰਡ ਦੀਆਂ ਸਾਰੀਆਂ ਸਾਂਝੀਆਂ ਥਾਮਾਂ ਰੋਕੀ ਜਾਂਦੇ ਐ, ਤੁਸੀਂ ਸਾਰਾ ਪਿੰਡ ਘੁੱਗੂ ਬਣੇ ਬੈਠੇ ਐਂ।”
ਅਮਲੀ ਦੇ ਮੂੰਹੋਂ ਘੁੱਗੂ ਨਾਂ ਸੁਣ ਕੇ ਸੀਤੇ ਮਰਾਸੀ ਨੇ ਫੇਰ ਗੱਲ ਚੱਕ ‘ਤੀ। ਕਹਿੰਦਾ , ”ਬਾਬੇ ਨੇ ਪੁੱਛਿਆ ਸੀ, ਬਈ ਜੇ ਫੇਰ ਘੱਗਾ ਅੱਖਰ ਨਿੱਕਲ ਆਇਆ ਤਾਂ ਕੀ ਨਾਂ ਧਰੋਂਗੇ? ਮੈਂ ਕਹਿੰਨਾਂ ਜੇ ਘੰਊਂ ਨਾਂ ਨ੍ਹੀ ਚੰਗਾ ਲੱਗਦੈ ਤਾਂ ਘੁੱਗੂ ਰੱਖ ਦਿਉ, ਗੁੱਸਾ ਕਿਉਂ ਕਰਦੇ ਐਂ ਯਾਰ।”
ਨੰਬਰਦਾਰ ਨੇ ਪੁੱਛਿਆ, ”ਚੱਲੋ ਕਰਤਾਰੇ ਦਾ ਤਾਂ ਘੁੱਗੂ ਧਰ ਦਿਆਂਗੇ, ਬਚਨੇ ਦਾ ਕੀ ਧਰਾਂਗੇ?”
ਨਾਥੇ ਅਮਲੀ ਨੇ ਫੇਰ ਮਾਰੀ ਸਿੰਗਾਂ ‘ਚ, ”ਬਚਨੇ ਦਾ ਮੁੱਗੂ ਧਰ ਦਿਉ। ਫੇਰ ਪੁੱਛਿਆ ਕਰਾਂਗੇ ਘੁੱਗੂਆਂ ਦੇ ਜਾਣਾ ਕਿ ਮੁੱਗੂਆਂ ਦੇ?”
ਬਾਬਾ ਕਪੂਰ ਸਿਉਂ ਨੰਬਰਦਾਰ ਦੇ ਕੰਨ ‘ਚ ਹੌਲੀ ਕੁ ਦੇਣੇ ਬੋਲਿਆ, ”ਨੰਬਰਦਾਰਾ! ਇਹ ਸਾਰੀਆਂ ਗੱਲਾਂ ਚੜ੍ਹਤੇ ਬੁੜ੍ਹੇ ਕਾ ਰੇਸ਼ਮ ਬੈਠਾ ਸੁਣੀ ਜਾਂਦਾ। ਕਰਤਾਰੇ ਕਿਆਂ ਨੂੰ ਇਹ ਸਕੇ ਐ। ਜੇ ਇਹਨੇ ਉਨ੍ਹਾਂ ਨੂੰ ਦੱਸ ‘ਤਾ ਨਾਹ, ਬਈ ਸੋਨੂੰ ਸੱਥ ‘ਚ ਫਲਾਨਾ-ਫਲਾਨਾ ਇਉਂ ਕਹਿੰਦਾ ਸੀ, ਹੋਰ ਕਲੇਸ ਵਧੂ। ਨਾਲੇ ਆਪਾਂ ਕੀ ਲੈਣਾ? ਕੋਈ ਕਿਸੇ ਦਾ ਨਾਂ ਧਰੀ ਜਾਵੇ, ਕੋਈ ਸ਼ਾਂਮਲਾਟ ਰੋਕੀ ਜਾਵੇ।” ਨਾਥਾ ਅਮਲੀ ਕਹਿੰਦਾ, ”ਬਾਬਾ ਯਾਰ! ਆਹ ਘੁੱਲਾ ਸਰਪੈਂਚ ਸਾਰਿਆਂ ਤੋਂ ਈਂ ਨਕੰਮਾਂ ਨਿਕਲਿਆ। ਲੋਕਾਂ ਨੇ ਤਾਂ ਸਰਪੈਂਚ ਇਉਂ ਬਣਾਇਆ ਸੀ ਬਈ ਪੜ੍ਹਿਆ ਲਿਖਿਆ ਬੰਦਾ, ਚੱਲ ਪਿੰਡ ਦਾ ਮੂੰਹ ਮੱਥਾ ਸਮਾਰੂ। ਇਹ ਪਤੰਦਰ ਸਾਂਝੀਆਂ ਥਾਮਾਂ ਈਂ ਰਕਾਈ ਜਾਂਦਾ। ਭਲਾਂ ਹੁਣ ਪਚੈਤ ਦੀਆਂ ਵੋਟਾਂ ਕਦੋਂ ਪੈਣੀਆਂ?”
ਬਾਬੇ ਕਪੂਰ ਸਿਉਂ ਨੇ ਹੱਸ ਕੇ ਪੁੱਛਿਆ, ”ਕਿਉਂ! ਤੈਂ ਸਰਪੈਂਚੀ ‘ਚ ਉੱਠਣੈ?”
ਸੀਤਾ ਮਰਾਸੀ ਕਹਿੰਦਾ, ”ਇਹ ਕਿੱਥੋਂ ਕਰ ਲੂ ਸਰਪੈਂਚੀ। ਇਹਤੋਂ ਤਾਂ ਖੋਲੜ ਜੀ ਇੱਕ ਮੱਝ ਮਨ੍ਹੀ ਸੰਭਦੀ ਘਰੇ, ਸਰਪੈਂਚੀ ਕਿੱਥੋਂ ਕਰ ਲੂ ਇਹੇ ਭਗਤੇ ਆਲਾ ਦੱਮਣ ਸਿਉਂ।” ਅਮਲੀ ਨੇ ਪੁੱਛਿਆ, ”ਕਿਉਂ! ਤੂੰ ਸਾਂਭ ਕੇ ਆਉਣੈ ਮੱਝ ਇਹਦੀ?”
ਨੰਬਰਦਾਰ ਕਹਿੰਦਾ, ”ਕਿਉਂ ਉਹ ਕਿਉਂ ਨ੍ਹੀ ਸੰਭਦੀ।” ਮਰਾਸੀ ਕਹਿੰਦਾ, ”ਜੇ ਪੱਠੇ ਜਾਂ ਖਲ਼ ਵੜੇਮੇਂ ਵੱਧ ਰਲ਼ਾ ਦਿੰਦਾ ਤਾਂ ਮੱਝ ਨੂੰ ਮੋਕ ਲੱਗ ਜਾਂਦੀ ਐ। ਜੇ ਪੱਠੇ ਦੱਥੇ ਨ੍ਹੀ ਪੈਂਦੇ ਤਾਂ ਦੁੱਧ ਦੇਣੋਂ ਹਟ ਜਾਂਦੀ ਐ। ਸਾਰਾ ਟੱਬਰ ਜਭਕ ਝੂਟੇ ਈ ਲਈ ਜਾਂਦੈ। ਵੱਸ ਐਮੇਂ ਇੱਕ ਡੰਗ ਦੀ ਚਾਹ ਮਨ੍ਹੀ ਕਰਾਉਂਦੀ। ਤੁਸੀਂ ਇਹਨੂੰ ਸਰਪੈਚੀ ‘ਚ ‘ਠਾਉਣ ਨੂੰ ਫਿਰਦੇ ਐਂ।” ਨੰਬਰਦਾਰ ਟਿੱਚਰ ‘ਚ ਕਗਿੰਦਾ, ”ਸਰਪੈਂਚੀ ਤਾਂ ਬੰਦਿਆਂ ਦੀ ਕਰਨੀ ਐਂ, ਡੰਗਰਾਂ ਦੀ ਤਾਂ ਨ੍ਹੀ, ਕਰ ਲੂ ਗਾ।” ਮਰਾਸੀ ਗੱਲ ਕਰਕੇ ਫੇਰ ਅਮਲੀ ਵੱਲ ਨੂੰ ਹੋਇਆ, ”ਐਮੇ ਨਾ ਅਮਲੀਆ ਇਨ੍ਹਾਂ ਦੀ ਚੱਕ ‘ਚ ਆ ਜੀਂ ਓਏ। ਘੁੱਲਾ ਸਰਪੈਂਚ ਤਾਂ ਪਿੰਡ ਦੀਆਂ ਸ਼ਾਂਮਲਾਟਾਂ ਲੋਕਾਂ ਨੂੰ ਰਕਾਈ ਜਾਂਦਾ, ਜੇ ਤੂੰ ਸਰਪੈਚ ਬਣ ਗਿਆ, ਲੋਕਾਂ ਨੇ ਤੇਰਾ ਘਰ ਰੋਕ ਲੈਣਾ। ਕਹਿਣਗੇ ‘ਇਹਨੇ ਕੀ ਕਰਨਾ ਘਰ, ਇਹ ਤਾਂ ਸਾਰਾ ਦਿਨ ਸੱਥ ‘ਚ ਈ ਰਹਿੰਦਾ।”
ਏਨੇ ਚਿਰ ਨੂੰ ਕਰਤਾਰੇ ਘੌਲ਼ੀ ਦਾ ਵੱਡਾ ਮੁੰਡਾ ਚਰਨਾਂ ਬਾਬੇ ਕਪੂਰ ਸਿਉਂ ਨੂੰ ਸੱਥ ‘ਚ ਆ ਕੇ ਕਹਿੰਦਾ, ”ਬਾਬਾ! ਮੇਰੇ ਭਾਪੇ ਨੇ ਦੱਸਿਆ, ਲਾਮ੍ਹੌਂ ਕੋਈ ਬੰਦੇ ਆਏ ਐ ਤੈਨੂੰ ਮਿਲਣਾ ਉਨ੍ਹਾਂ ਨੇ।”
ਜਿਉਂ ਹੀ ਬਾਬਾ ਕਪੂਰ ਸਿਉਂ ਸੱਥ ‘ਚੋ ਉੱਠ ਕੇ ਘੌਲ਼ੀਆਂ ਦੇ ਚਰਨੇ ਨਾਲ ਉਨ੍ਹਾਂ ਦੇ ਘਰ ਨੂੰ ਤੁਰਿਆ ਤਾਂ ਸੱਥ ‘ਚ ਬੈਠੇ ਬਾਕੀ ਲੋਕ ਵੀ ਬਾਬੇ ਦੇ ਮਗਰੋਂ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113 (ਕੈਨੇਡਾ)