ਗੁਰੂ ਨਾਨਕ ਸਾਹਿਬ ਅਤੇ ਨੌਜਵਾਨ ਸਿੱਖ ਪੀੜ੍ਹੀ

ਗੁਰੂ ਨਾਨਕ ਸਾਹਿਬ ਅਤੇ ਨੌਜਵਾਨ ਸਿੱਖ ਪੀੜ੍ਹੀ

ਭਵਿਖ ਸਦਾ ਹੀ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਭਵਿਖ ਦੀ ਚਿੰਤਾ ਨਾਲ ਵਰਤਮਾਨ ਵੀ ਸੁਧਰ ਜਾਂਦਾ ਹੈ ਤੇ ਭਵਿਖ ਵੀ ਬਣ ਜਾਂਦਾ ਹੈ। ਵਰਤਮਾਨ ਸੰਵਾਰਨ ਤੇ ਭਵਿਖ ਸੁਰਖਿਅਤ ਕਰਨ ਲਈ ਕੋਈ ਆਦਰਸ਼, ਕੋਈ ਸੇਧ ਜਰੂਰੀ ਹੁੰਦੀ ਹੈ। ਅਜ ਦੀ ਨੌਜਵਾਨ ਪੀੜ੍ਹੀ ਨੂੰ ਆਪਨੇ ਸੰਸਕਾਰਾਂ ਤੋਂ ਦੂਰ ਹੁੰਦੀਆਂ , ਜੀਵਨ ਦੀਆਂ ਮੁਢਲੀਆਂ ਕਦਰਾਂ ਕੀਮਤਾਂ ਨੂੰ ਵਿਸਾਰਦੀਆਂ ਵੇਖ ਕੇ ਪਰਿਪਕ ਪੀੜ੍ਹੀਆਂ ਦਾ ਦੁਖੀ ਹੋਣਾ ਸੁਭਾਵਕ ਹੈ। ਪੂਰੇ ਸੰਸਾਰ ਅੰਦਰ ਮਨੁਖੀ ਸਨਮਾਨ ਖਿੰਡਰ ਰਿਹਾ ਹੈ ਤੇ ਆਪਸੀ ਵਿਸ਼ਵਾਸ, ਪ੍ਰੇਮ, ਭਾਈਚਾਰਾ , ਸਿਦਕ ਤੇ ਸਬਰ ਦੁਰਲਭ ਹੋ ਗਿਆ ਹੈ। ਜੀਵਨ ਅੰਦਰ ਪਦਾਰਥਵਾਦ ਤੇ ਵਪਾਰਕ ਵ੍ਰਿਤੀ ਘਰ ਕਰ ਗਈ ਹੈ। ਧਰਮ, ਅਧਿਆਤਮ ਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਰਹੀ। ਸਿਖ ਕੌਮ ਵੀ ਇਹੋ ਜਿਹਿਆਂ ਚੁਨੌਤੀਆਂ ਨਾਲ ਜੂਝ ਰਹੀ ਹੈ। ਸਿਖ ਨੌਜਵਾਨ ਅਜ ਗੁਰੂ ਘਰ ਅੰਦਰ ਨਤਮਸਤਕ ਭਾਵੇਂ ਹੁੰਦੇ ਹੋਣ ਪਰ ਗੁਰੂ ਦੇ ਸਿਖ ਬਣੇ ਨਜਰ ਨਹੀਂ ਆਉਂਦੇ। ਜਿਸ ਕੌਮ ਦਾ ਜਨਮ ਹੀ ਧਰਮ ਨੂੰ ਬਚਾਉਣ ਲਈ ਹੋਇਆ ਸੀ ਉਸ ਅੰਦਰ ਧਰਮ ਪ੍ਰਤੀ ਸਮਰਪਣ ਦਾ ਨਿਰੰਤਰ ਘਾਣ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜ ਕਕਾਰ ਤਿਆਗ ਕੇ ਪੰਜ ਵਿਕਾਰ ਵਿਖਾਵਾ, ਨਸ਼ਾ, ਲੋਭ, ਕਾਮ ਤੇ ਧ੍ਰੋਹ ਧਾਰਨ ਕਰ ਲਏ ਗਏ ਹਨ। ਜਿਸ ਸਿਖ ਪੰਥ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ” ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ , ਪੂਰਨ ਪੂਰਿ ਰਹਿਆ ਬਿਖੁ ਮਾਰਿ” ਦੀ ਭਾਵਨਾ ਨਾਲ ਰਖੀ ਉਸ ਦਾ ਮੁੜ ਬਿਖਾਂ ਦਾ ਸ਼ਿਕਾਰ ਹੋ ਜਾਣਾ, ਗੁਰੂ ਨਾਨਕ ਸਾਹਿਬ ਤੇ ਉਹਨਾਂ ਦੀਆਂ ਸਿਖਿਆਵਾਂ ਤੋਂ ਗੁਰਸਿਖ ਦੇ ਜੀਵਨ ਦਾ ਸਖਣਾ ਹੋ ਜਾਣਾ ਹੈ।
ਪੂਰੀ ਸਿਖ ਕੌਮ ਖਾਸ ਕਰ ਨੌਜਵਾਨ ਪੀੜ੍ਹੀ ਦੇ ਜੀਵਨ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਕ ਚਿਤਰ , ਇਕ ਪੂਜਨੀਕ ਨਾਮ ਬਣੇ ਤਾਂ ਵਿਖਾਈ ਦਿੰਦੇ ਹਨ ਪਰ ਉਸ ਦੀ ਭਾਵਨਾ ਤੇ ਕਰਮ ਅੰਦਰ ਕਿਤੇ ਵੀ ਰੂਪਮਾਨ ਹੁੰਦੇ ਨਜਰ ਨਹੀਂ ਆ ਰਹੇ। ਗੁਰੂ ਨਾਨਕ ਸਾਹਿਬ ਦੇ ਵਚਨ ਹੀ ਇਸ ਦਸ਼ਾ ਨੂੰ ਸਮਝਣ ਲਈ ਸਹਾਇਕ ਹਨ ਕਿ ” ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ”। ਸਿਖ ਨੌਜਵਾਨ ਪੀੜ੍ਹੀ ਦਾ ਗੰਭੀਰ ਸੰਕਟ ਹੈ ਕਿ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਉਸ ਦੇ ਵਿਕਾਰਾਂ ਦੀ ਕਾਲੀ ਅਮਾਵਸ ਦੀ ਰਾਤ ਅੰਦਰ ਕਿਧਰੇ ਛੁਪ ਗਈਆਂ ਹਨ। ਗੁਰੂ ਨਾਨਕ ਸਾਹਿਬ ਤਾਂ ਗਿਆਨ ਤੇ ਸੁਚਜੇ ਆਚਾਰ ਦੇ ਸੂਰਜ ਹਨ। ਵਿਕਾਰਾਂ ਦੇ ਘੋਰ ਹਨੇਰੇ ਗੰਢ ਜੋੜ ਲੈਣ ਵਾਲੇ ਲੋਗ ਗੁਰੂ ਨਾਨਕ ਦੇ ਪੰਥ ਦੇ ਪਾਂਧੀ ਕਿਵੇਂ ਹੋ ਸਕਦੇ ਹਨ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਤਾਂ ਮਨੁਖ ਦੀ ਕੂੜ ਅਵਸਥਾ ” ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ” ਨੂੰ ਸਹਿਜ ਅਵਸਥਾ ” ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ” ਵਿਚ ਬਦਲਣ ਦਾ ਮਿਸ਼ਨ ਅਰੰਭਿਆ। ਗੁਰੂ ਸਾਹਿਬ ਦੀ ਪ੍ਰੇਰਨਾ ਬਿਖ ਖਾਣਾ ਤਿਆਗ ਕੇ ਸਚ ਕਮਾਉਣ ਦੀ ਸੀ। ਗੁਰੂ ਸਾਹਿਬ ਨੇ ਭਟਕੀ ਹੋਈ ਮਨੁਖਤਾ ” ਚਲਣ ਸਾਰ ਨ ਜਾਣਨੀ ਕਾਮੁ ਕ੍ਰੋਧੁ ਵਿਸੁ ਵਧਾਇਆ” ਨੂੰ ਰਾਹ ਵਿਖਾਈ ” ਭਗਤ ਕਰਨ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ”। ਗੁਰੂ ਨਾਨਕ ਸਾਹਿਬ ਨੇ ਨਿਮਰਤਾ ਨਾਲ ਭਰਪੂਰ , ਪਰਮਾਤਮਾ ਦੇ ਦਾਸ ਦੇ ਵੀ ਦਾਸ ਹੋਣ ਦੀ ਭਾਵਨਾ ਵਾਲੀ ਭਗਤੀ ਦੀ ਰਾਹ ਸੰਸਾਰ ਦੇ ਸਾਹਮਣੇ ਰਖੀ ” ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ”। ਇਹ ਭਾਵ ਭਗਤੀ ਹੀ ਜੀਵਨ ਰੌਸ਼ਨ ਕਰਨ ਵਾਲੀ ਭਗਤੀ ਹੈ ” ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ”।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਚ ਤੇ ਧਰਮ ਨੂੰ ਜੀਵਨ ਦਾ ਮਨੋਰਥ ਦਸਿਆ। ਸਚ ਤੇ ਧਰਮ ਨਾਲ ਹੀ ਜੀਵਨ ਚਲਦਾ ਹੈ ਤੇ ਪੰਥ ਸੌਖਾ ਹੋ ਜਾਂਦਾ ਹੈ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥1॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥ 1 ॥ ਰਹਾਉ॥ (ਪੰਨਾ 729)
ਅਜ ਕਿੰਨੇ ਸਿਖ ਨੌਜਵਾਨ ਹਨ ਜੋ ਗੁਰੂ ਸਾਹਿਬ ਦੇ ਉਪਰੋਕਤ ਵਚਨਾਂ ਤੇ ਵਿਸ਼ਵਾਸ ਕਰ ਰਹੇ ਹਨ ਤੇ ਜਪ ਤਪ ਦਾ ਬੇੜਾ ਬੰਨਨ ‘ਚ ਲਗੇ ਹੋਏ ਹਨ। ਗੁਰੂ ਨਾਨਕ ਸਾਹਿਬ ਬਾਰੇ ਇਕ ਚਿਤਰ , ਇਕ ਪੂਜਨੀਕ ਨਾਮ ਦੀ ਅਵਧਾਰਨਾ ਦੇ ਦਾਇਰੇ ਨੂੰ ਤੋੜ ਕੇ ਬਾਹਰ ਆਉਣਾ ਪਵੇਗਾ। ਗੁਰੂ ਨਾਨਕ ਸਾਹਿਬ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਉਹਨਾ ਦੀ ਬਾਣੀ ਅੰਦਰ ਵੇਖਣ , ਭਰੋਸਾ ਕਰਨ ਤੇ ਵਿਉਹਾਰ ਅੰਦਰ ਧਾਰਨ ਕਰਨ ਦੀ ਜਾਚ ਸਿਖਣੀ ਪਵੇਗੀ। ਜੀਵਨ ਧਨ , ਦੌਲਤ ਨਾਲ ਪਾਰ ਨਹੀਂ ਹੁੰਦਾ। ਨਸ਼ਿਆਂ ਨਾਲ ਸੁਖਾਲਾ ਨਹੀਂ ਹੁੰਦਾ। ਘਰ ਬਾਰ , ਪਰਿਵਾਰ ਛਡ ਕੇ ਪਰਦੇਸ ਚਲੇ ਜਾਣ ਨਾਲ ਨਹੀਂ ਸਰਦਾ। ਇਹ ਇਕ ਗੁਰਸਿਖ ਦੀ ਜੀਵਨ ਸ਼ੈਲੀ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਲਈ ਕਿਸੇ ਵੀ ਗੁਰਸਿਖ ਦੀ ਸ਼ਰਧਾ ਤੇ ਕੋਈ ਸ਼ਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਸ ਸ਼ਰਧਾ ਦੇ ਸਵਰੂਪ ਬਾਰੇ ਖੁਲ ਕੇ ਚਰਚਾ ਹੋਣੀ ਚਾਹੀਦੀ ਹੈ।
ਸਿਖ ਨੌਜਵਾਨਾਂ ਦਾ ਇਕ ਵਡਾ ਵਰਗ ਕੇਸ ਰਹਿਤ ਹੋ ਚੁਕਿਆ ਹੈ। ਘਟ ਗਿਣਤੀ ਵਰਗ ਕੇਸਧਾਰੀ ਹੈ . ਪਰ ਧਰਮ ਬਾਰੇ ਦੁਹਾਂ ਵਰਗਾਂ ਦੀ ਸੋਚ ਵਿਚ ਕੋਈ ਜਿਆਦਾ ਫਰਕ ਨਹੀਂ ਵਿਖਾਈ ਦਿੰਦਾ। ਧਰਮ ਬਾਰੇ ਇਨ੍ਹਾਂ ਦੀ ਸਮਝ ਗੁਰੂ ਸ਼ਬਦ ਅਨੁਸਾਰ ਨਹੀਂ ਆਪਣੀ ਵਿਕਸਿਤ ਕੀਤੀ ਹੋਈ ਹੈ। ਨੌਜਵਾਨ ਪੀੜ੍ਹੀ ਹੀ ਨਹੀਂ ਪੂਰੀ ਸਿਖ ਕੌਮ ਉਸੇ ਚਕਰਵਿਉਹ ਵਿਚ ਘਿਰ ਗਈ ਹੈ ਜਿਸ ਤੋਂ ਬਾਹਰ ਕਢਣ ਲਈ ਗੁਰੂ ਨਾਨਕ ਸਾਹਿਬ ਨੇ ਆਪਣੀ ਜਿੰਦਗੀ ਦੇ ਦੋ ਦਹਾਕਿਆਂ ਤੋਂ ਜਿਆਦਾ ਦਾ ਸਮਾਂ ਲਾ ਪੂਰੇ ਸੰਸਾਰ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਕਠਨ ਤੋਂ ਕਠਨ ਰਸਤਿਆਂ , ਬੀਹੜ ਜੰਗਲਾਂ ਦੀ ਪ੍ਰਵਾਹ ਨਹੀਂ ਕੀਤੀ। ਉਚਿਆਂ ਤੋਂ ਉਚਿਆਂ ਪਰਬਤ ਚੋਟੀਆਂ ਤੇ ਚੜ੍ਹੇ , ਸਮੰਦਰ ਵੀ ਪਾਰ ਕੀਤੇ। ਗੁਰੂ ਨਾਨਕ ਸਾਹਿਬ ਨੇ ਸਮਾਜ ਅੰਦਰ ਭਰਮਾਂ , ਅੰਧ ਵਿਸ਼ਵਾਸ , ਜਬਰ ਜੁਲਮ ਦੀਆਂ ਤਾਕਤਾਂ ਨਾਲ ਟਾਕਰਾ ਲਿਆ। ਗੁਰੂ ਸਾਹਿਬ ਨੇ ਆਪਣੀ ਸੋਚ ਬੜੀ ਨਿਰਭੈਤਾ ਨਾਲ ਸਾਹਮਣੇ ਰਖੀ। ਗੁਰੂ ਸਾਹਿਬ ਦੀ ਸੋਚ ਦੀ ਤਾਕਤ ਵੇਖ ਕੇ ਪੂਰਾ ਸੰਸਾਰ ਹੈਰਾਨ ਰਹਿ ਗਿਆ। ਗੁਰੂ ਸਾਹਿਬ ਅਜਿਹੇ ਵਿਰਲੇ ਮਹਾਪੁਰਖ ਸਨ ਜੋ ਆਪਨੇ ਜੀਵਨ ਕਾਲ ਵਿਚ ਹੀ ਕਰੋੜਾਂ ਲੋਕਾਂ ਦੇ ਨਾਇਕ ਤੇ ਆਦਰਸ਼ ਬਣ ਗਏ ਸਨ। ਲੋਗ ਸਦੀਆਂ ਤੋਂ ਕਾਇਮ ਰੀਤੀਆਂ , ਪਰੰਪਰਾਵਾਂ ਤਿਆਗ ਕੇ ਗੁਰੂ ਸਾਹਿਬ ਦੇ ਸਿਖ ਬਣ ਗਏ। ਕੀ ਅਜ ਦੀ ਨੌਜਵਾਨ ਪੀੜ੍ਹੀ ਨੇ ਕਦੇ ਗੁਰੂ ਨਾਨਕ ਸਾਹਿਬ ਦੀ ਇਸ ਅਦੁਤੀ ਕਰਾਮਾਤ ਬਾਰੇ ਕਦੇ ਵੀਚਾਰ ਕੇ ਉਸ ‘ਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਜਤਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਸੰਸਾਰ ਨਾਲ ਇਕੋ ਤਰਕ ਕੀਤਾ।
ਨਾਨਕ ਸਾਚੇ ਕਉ ਸਚੁ ਜਾਣੁ ॥
(ਪੰਨਾ 15)
ਗੁਰੂ ਸਾਹਿਬ ਦਾ ਇਹ ਤਰਕ ਕਿਸੇ ਵੀ ਵਿਵਾਦ , ਸ਼ੰਕਾ , ਦੁਵਿਧਾ , ਭਰਮ ਤੋ ਰਹਿਤ ਸੀ ਕਿ ਮਨੁਖ ਉਸ ਨੂੰ ਜੀਵਨ ਅੰਦਰ ਸਵੀਕਾਰ ਕਰੇ ਜੋ ਸਚ ਹੈ। ਸਚ ਜੀਵਨ ਅੰਦਰ ਸੁਖ ਲਿਆਉਣ ਵਾਲਾ ਹੀ ਨਹੀਂ , ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਜੋਗ ਬਣਾਉਣ ਵਾਲਾ ਵੀ ਹੈ ” ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ”। ਗੁਰੂ ਨਾਨਕ ਸਾਹਿਬ ਨੇ ਦੁਨਿਆਵੀ ਭਰਮਾਂ ਨੂੰ ਤੋੜਦਿਆਂ ਕਿਹਾ ਸਚ ਤੇ ਸੁਖ ਅੰਦਰ ਸੰਸਾਰਕ ਪਦਾਰਥਾਂ , ਰਸਾਂ ਤੇ ਤਾਕਤਾਂ ਦੀ ਕੋਈ ਭੂਮਿਕਾ ਨਹੀਂ ਜਿਨ੍ਹਾਂ ਪਿਛੇ ਲੋਗ ਭਜੀ ਜਾ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਕਿ ਸਚ ਤਾਂ ਪਰਮਾਤਮਾ ਦੇ ਨਾਮ ਅੰਦਰ ਹੈ ” ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ”। ਨੌਜਵਾਨ ਸਿਖ ਪੀੜ੍ਹੀ , ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਚਾ ਸਿਖ ਹੋਣ ਦਾ ਦਾਅਵਾ ਤਾਂ ਕਰ ਸਕਦੀ ਹੈ ਜੇ ਸੁਖਾਂ ਦੀ ਪ੍ਰਾਪਤੀ ਲਈ ਗੁੜ ਤੇ ਯਕੀਨ ਕਰਨਾ , ਗੁੜ ਦਾ ਪਿਛਾ ਛਡ ਦੇਵੇ। ਪਰਮਾਤਮਾ ਦੇ ਆਸਰੇ ਤੋਂ ਬਿਨਾ ਸੁਖਾਂ ਲਈ ਲਿਆ ਜਾਣ ਵਾਲਾ ਕੋਈ ਵੀ ਆਸਰਾ ਗੁੜ ਹੈ। ਇਸ ਗੁੜ ਨੂੰ ਗੁਰੂ ਸਾਹਿਬ ਨੇ ਹਰ ਤਰਹ ਖੁਆਰ ਕਰਨ ਵਾਲਾ ਕਿਹਾ। ਇਹ ਖੁਆਰ ਕਰਨ ਵਾਲਾ ਗੁੜ ” ਹੋਰੁ ਖਾਣਾ, ਹੋਰੁ ਪੈਨਣੁ,” ਹੋਰੁ ਚੜਣਾ, ਹੋਰੁ ਸਉਣਾ” ਹੈ ਜਿਸ ਦੀ ਗੁਰੂ ਸਾਹਿਬ ਨੇ ਸਹਿਲੀ ਵਿਆਖਿਆ ਕੀਤੀ। ਜੇ ਸੁਖ ਚਾਹੀਦੇ ਤਾਂ ਗੁੜ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਤੋ ਸੁਚੇਤ ਰਹਿਣਾ ਪਵੇਗਾ। ਇੰਦ੍ਰਿਆਂ ਨੂੰ ਮੋਹ ਲੈਣ ਵਾਲੇ ਸਾਰੇ ਰੰਗ, ਵਾਸਨਾਵਾਂ ਵਧਾਉਣ ਵਾਲੇ ਸਾਰੇ ਰਸ, ਵਿਕਾਰਾਂ ਨੂੰ ਤ੍ਰਿਪਤ ਕਰਨ ਵਾਲੇ ਸਾਰੇ ਵਿਅੰਜਨ ਅੰਤ ਦੁਖਾਂ ਦੇ ਘਰ ਬਣ ਜਾਂਦੇ ਹਨ। ਮਨੁਖ ਦੀ ਸਾਰੀ ਸਿਆਣਪ ਨਿਹਫਲ ਚਲੀ ਜਾਂਦੀ ਹੈ ਤੇ ਪਛਤਾਵਾ ਹੀ ਹਥ ਲਗਦਾ ਹੈ ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ॥ ਨਸ਼ਿਆਂ ਦਾ ਪਲਾ ਫੜ ਜੁਆਨੀ ਬਰਬਾਦ ਹੋ ਰਹੀ ਹੈ। ਮਾਇਆ ਲਈ ਸ਼ੈਦਾਈ ਹੋਇਆ ਨੇ ਪਰਿਵਾਰ ਵੀ ਗੁਆਏ ਤੇ ਜਿੰਦਗੀ ਵੀ। ਵਾਸਨਾਵਾਂ ਲਈ ਧਰਮ ਤੋਂ ਦੂਰ ਹੋਣ ਵਾਲੇ ਸੁਖਾਂ ਤੋਂ ਦੂਰ ਹੋ ਗਏ। ਗੁਰੂ ਨਾਨਕ ਸਾਹਿਬ ਦੇ ਉਪਰੋਕਤ ਵਚਨ ਹਰ ਕਿਸੇ ਦੇ ਆਲੇ ਦੁਆਲੇ ਸਚ ਹੋ ਕੇ ਵਰਤ ਰਹੇ ਹਨ ਪਰ ਚੇਤਨਾ ਨਹੀ ਆ ਰਹੀ ਕਿਉਂਕਿ ਗੁਰੂ ਦੇ ਵਚਨਾਂ ਤੇ ਵਿਸ਼ਵਾਸ ਹੀ ਨਹੀਂ ਰਿਹਾ। ਨੌਜਵਾਨ ਪੀੜ੍ਹੀ ਹੀ ਨਹੀਂ ਹਰ ਸਿਖ ਲਈ ਵਾਹਿਗੁਰੂ ਅਗੇ ਨਤ ਮਸਤਕ ਹੋਣਾ ਗੁਰੂ ਦਾ ਹੁਕਮ ਮੰਨਨ ਦਾ ਸੰਕਲਪ ਦਿੜ੍ਹ ਕਰਣਾ ਹੈ। ਗੁਰੂ ਦੀ ਸ਼ਰਨ ‘ਚ ਆਉਣ ਦਾ ਮਨੋਰਥ ਗੁੜ ਦੀ ਪ੍ਰਾਪਤੀ ਲਈ ਨਹੀਂ , ਸਚ ਦੀ ਦਾਤ ਲਈ ਹੋਣਾ ਚਾਹੀਦੇ। ਸਚ ਦੀ ਦਾਤ ਮਿਲ ਜਾਏ , ਪਰਮਾਤਮਾ ਤੇ ਭਰੋਸਾ ਟਿਕ ਜਾਏ, ਕਰਮਾਂ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਤੇ ਸਮਰਪਣ ਪਰਗਟ ਹੋਣ ਲਗ ਪਏ ਤਾਂ ਜੀਵਨ ਸੁਖ ਨਾਲ ਭਰਪੂਰ ਹੋ ਜਾਂਦਾ ਹੈ ” ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ। ਪਰਮਾਤਮਾ ਦੀ ਨਦਰਿ ਸੁਖਾਂ ਦਾ ਖਜਾਨਾ ਹੈ ” ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ। ਨੌਜਵਾਨ ਪੀੜ੍ਹੀ ਨੂੰ ਗੁੜ ਦੀ ਅੰਨੀ ਦੌੜ ਤੋਂ ਬਚਾਉਣ ਲਈ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਸੇਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਲੋੜ ਹੈ।
ਨਵੀਂ ਪੀੜ੍ਹੀ ਸਾਰੇ ਅਸਰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਲੈਂਦੀ ਹੈ। ਉਨ੍ਹਾਂ ਦੇ ਅਜ ਦੇ ਹਾਲਾਤ ਲਈ ਨਿਰਾ ਉਹ ਕਸੂਰਵਾਰ ਨਹੀਂ। ਪਰਿਪਕ ਪੀੜ੍ਹੀਆਂ ਵੀ ਇਸ ਲਈ ਬਰਾਬਰ ਦੀਆਂ ਜਿੰਮੇਵਾਰ ਤੇ ਜਵਾਬਦੇਹ ਹਨ। ਗੁਰੂ ਸਾਹਿਬਾਨ ਦੇ ਪ੍ਰੇਰਨਾ ਦਾਇਕ ਜੀਵਨ ਤੇ ਗੁਰਬਾਣੀ ਦੇ ਸਹਿਜ ਸੁਨੇਹੇ ਨਾਲ ਨਵੀਂ ਪੀੜ੍ਹੀ ਨੂੰ ਰੂਬਰੂ ਕਰਾਉਣ ‘ਚ ਵਡੀ ਕੋਤਾਹੀ ਹੋਈ ਹੈ। ਅਸੀਂ ਇਹ ਦਸਣ ‘ਚ ਨਾਕਾਮਿਆਬ ਰਹੇ ਕਿ ਗੁਰੂ ਦਾ ਦਰ ਕਰਾਮਾਤਾਂ ਦਾ ਨਹੀਂ ਨਾਮ ਦੀ ਬਖਸ਼ਿਸ਼ ਦਾ ਦਰ ਹੈ ” ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। ਅਸੀਂ ਨਾਮ ਦੀ ਤਾਕਤ ਨਾਲ ਵੀ ਨਵੀਂ ਪੀੜ੍ਹੀ ਨੂੰ ਜਾਣੂੰ ਨਹੀਂ ਕਰਵਾ ਸਕੇ ” ਸਤਿਨਾਮੁ ਬਿਨੁ ਬਾਦਰਿ ਛਾਈ”। ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਸੰਸਾਰ ਅੰਦਰ ਮਨੁਖ ਕਿੰਨੀ ਵੀ ਤਾਕਤ ਇਕਤਰ ਕਰ ਲਵੇ ਪਰ ਨਾਮ ਬਿਨਾ ਸਭ ਬਦਲ ਦੀ ਛਾਂ ਵਰਗੀ ਹੈ ਜੋ ਵੇਖਦਿਆਂ ਹੀ ਵੇਖਦਿਆਂ , ਉਡ ਕੇ ਨਜਰਾਂ ਤੋਂ ਉਹਲੇ ਹੋ ਜਾਂਦੀ ਹੈ। ਲੋੜ ਹੈ ਕਿ ਪਰਿਪਕ ਸਿਖ ਪੀੜ੍ਹੀ ਆਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਚਿਆਰ ਸਿਖ ਬਣ ਕੇ ਨਵੀਂ ਪੀੜ੍ਹੀ ਸਾਹਮਣੇ ਮਿਸਾਲ ਪੇਸ਼ ਕਰੇ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਦੇ ਸਿਧਾਂਤਾਂ ਨੂੰ ਆਪ ਵਰਤ ਕੇ ਵਿਖਾਇਆ। ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਸੰਸਾਰਕ ਜੀਵਨ ਅੰਦਰ ਵਰਤਨ ਵਾਲੀਆਂ ਘਟਨਾਵਾਂ ਦਾ ਨਿਚੋੜ ਹੈ। ਇਹੋ ਨਿਵੇਕਲਾ ਕਾਰਨ ਹੈ ਜੋ ਗੁਰੂ ਨਾਨਕ ਸਾਹਿਬ ਨੂੰ ਜੁਗੋ ਜੁਗ ਵਿਲਖਣ ਬਣਾਉਂਦਾ ਹੈ ਤੇ ਗੁਰਮਤਿ ਦੀ ਪ੍ਰਮਾਣਿਕਤਾ ਸਿਧ ਕਰਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਨਾਲ ਜੋੜਨ ਦੀ ਸਖਤ ਲੋੜ ਹੈ। ਕਿਸੇ ਵੀ ਕੌਮ , ਸਮਾਜ ਜਾਂ ਦੇਸ਼ ਦੀ ਅਸਲ ਤਾਕਤ ਨੌਜਵਾਨ ਹੁੰਦਾ ਹੈ।
ਇਹ ਸਮੂਹਕ ਉਪਰਾਲਾ ਹੋਣਾ ਚਾਹੀਦੇ ਕਿ ਪੂਰੀ ਕੌਮ, ਖਾਸ ਤੌਰ ਤੇ ਨੌਜਵਾਨ ਸਿਖ ਗੁਰੂ ਨਾਨਕ ਸਾਹਿਬ ਦੇ ਮਾਰਗ ” ਨਾਨਕ ਸਾਚੇ ਕਉ ਸਚੁ ਜਾਣੁ ” ਤੇ ਚਲ ਕੇ ਆਪਣਾ ਹੀ ਨਹੀਂ ਪੂਰੀ ਮਨੁਖਤਾ ਦਾ ਭਲਾ ਕਰਨ ‘ਚ ਯੋਗਦਾਨ ਪਾਵੇ। ਕਰਤਾਰਪੁਰ ਲਾਂਘੇ ਜਿਹੇ ਵਿਵਾਦਾਂ ਦੇ ਗੁੜ ਤੋਂ ਦੂਰ ਰਹਿ ਕੇ ਕੌਮ ਸਚੀ ਚਿੰਤਾ ਕਰੇ।