ਕਰਤਾਰਪੁਰ ਸਾਹਿਬ ਲਾਂਘਾ: ਭਾਰਤੀ ਪ੍ਰਧਾਨ ਮੰਤਰੀ ਨਹੀਂ, ਪਾਕਿ ਫੌਜ ਮੁਖੀ ਹੈ ਸਿਫਤ ਦਾ ਹੱਕਦਾਰ: ਦਲ ਖਾਲਸਾ

ਕਰਤਾਰਪੁਰ ਸਾਹਿਬ ਲਾਂਘਾ: ਭਾਰਤੀ ਪ੍ਰਧਾਨ ਮੰਤਰੀ ਨਹੀਂ, ਪਾਕਿ ਫੌਜ ਮੁਖੀ ਹੈ ਸਿਫਤ ਦਾ ਹੱਕਦਾਰ: ਦਲ ਖਾਲਸਾ

ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਦੇ ਫੈਸਲੇ ਤੋਂ ਬਾਅਦ ਬਾਦਲ ਪਰਿਵਾਰ ਵੱਲੋਂ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੇ ਸਿਰ ਬੰਨਣ ਉੱਤੇ ਸਖਤ ਟਿਪਣੀ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਜੇਕਰ ਸਿਹਰਾ ਬੰਨਣਾ ਹੀ ਹੈ ਤਾਂ ਫਿਰ ਇਹ ਸਿਹਰਾ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਬਾਜਵਾ ਦੇ ਸਿਰ ਬੱਝਦਾ ਹੈ।
ਡੇਰਾ ਬਾਬਾ ਨਾਨਕ ਕਸਬੇ ਦੇ ਨੇੜੇ ਪੰਜਾਬ ਦੇ ਦੋ ਹਿੱਸੇ ਕਰਨ ਵਾਲੀ ਭਾਰਤ-ਪਾਕਿਸਤਾਨ ਵਿਚਲੀ ਸਹਰੱਦ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕਰਨ ਉਪਰੰਤ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਏਥੇ ਮੀਡੀਆ ਨੂੰ ਦਸਿਆ ਕਿ ਬਾਦਲ ਤਾਂ ਚਮਚਾਗਿਰੀ ਕਰ ਰਹੇ ਹਨ। ਉਹ ਪ੍ਰਧਾਨ ਮੰਤਰੀ ਦੇ ਕੰਧੇੜੇ ਚੜ ਆਪਣੀ ਹੀ ਪਿਠ ਥਪਥਪਾ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਤਾਂ ਇਹ ਯਕੀਨ ਹੈ ਕਿ ਸਿੱਖਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਹਨ। ਸਿੱਖ ਕੌਮ ਸਵਰਗਵਾਸੀ ਸਿੱਖ ਲੀਡਰ ਸ. ਕੁਲਦੀਪ ਸਿੰਘ ਵਡਾਲਾ ਅਤੇ ਉਹਨਾਂ ਦੀ ਟੀਮ ਦੇ ਉਹਨਾਂ ਸਭ ਵਲੰਟੀਅਰ ਮੈਂਬਰਾਂ ਦੀ ਧੰਨਵਾਦੀ ਰਹੇਗੀ ਜੋ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਇਕ ਮੁਹੀਮ ਤਹਿਤ ਇਸ ਲਾਂਘੇ ਨੂੰ ਖੋਲਣ ਸਬੰਧੀ ਜਦੋਜਹਿਦ ਕਰ ਰਹੇ ਹਨ। ਉਹਨਾਂ ਅੱਗੇ ਦਸਿਆ ਕਿ ਅਸੀਂ ਵਿਦੇਸ਼ਾਂ ਵਿੱਚ ਸਰਗਰਮ ਰਹੇ ਸਵਰਗਵਾਸੀ ਡਾ ਗੁਰਮੀਤ ਸਿੰਘ ਔਲਖ, ਸ. ਮਨਮੋਹਨ ਸਿੰਘ ਯੂ.ਕੇ. ਅਤੇ ਡਾ ਪ੍ਰਿਤਪਾਲ ਸਿੰਘ ਦੇ ਧੰਨਵਾਦੀ ਹਾਂ ਜਿਹਨਾਂ ਪਾਕਿਸਤਾਨ ਸਰਕਾਰ ਉੱਤੇ ਇਸ ਸਬੰਧੀ ਦਬਾਅ ਬਣਾਉਣ ਵਿੱਚ ਮੁੱਢਲਾ ਰੋਲ ਨਿਭਾਇਆ।
ਜਨਰਲ ਬਾਜਵਾ ਵੱਲੋਂ ਪੰਜਾਬ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਗੱਲਵੱਕੜੀ ਪਾਉਂਦਿਆਂ ਕੰਨ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਨਾ ਹੀ ਉਹਨਾਂ ਵੱਲੋਂ ਖੇਡਿਆ ਗਿਆ ਉਹ ਗੁੱਝਾ ਪੱਤਾ ਸੀ, ਜਿਸ ਨਾਲ ਉਹਨਾਂ ਇਕ ਤੀਰ ਨਾਲ ਹੀ ਕਈ ਨਿਸ਼ਾਨੇ ਲਾਏ। ਜਨਰਲ ਬਾਜਵਾ ਨੇ ਆਪਣੀ ਗੱਲ ਕਹਿਣ ਲਈ ਉਹ ਸਿੱਖ ਚਿਹਰਾ ਚੁਣਿਆ ਜਿਸ ਕੋਲ ਬੋਲਣ ਦੀ ਮੁਹਾਰਤ ਦੇ ਨਾਲ ਹਿੰਦੁਤਵੀਆਂ ਨਾਲ ਸਬੰਧ ਵੀ ਸਨ । ਜਨਰਲ ਬਾਜਵਾ ਦੇ ਪੈਂਤੜੇ ਨੇ ਦਿੱਲੀ ਸਰਕਾਰ ਨੂੰ ਇਸ ਤਰਾਂ ਘੇਰਿਆ ਕਿ ਉਹਨਾਂ ਕੋਲ ਅਖੀਰ ਗੱਲ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ।
ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜਨਰਲ ਬਾਜਵਾ ਵੱਲੋਂ ਛੱਡਿਆ ਤੀਰ ਸਹੀ ਨਿਸ਼ਾਨੇ ‘ਤੇ ਲੱਗਾ ਅਤੇ ਸਿੱਖ ਕੌਮ ਦੀ ਚਿਰਾਂ ਦਾ ਸੁਪਨਾ ਨਵੰਬਰ 2019 ਨੂੰ ਗੁਰੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਕਾਰ ਹੋਣ ਜਾ ਰਿਹਾ ਹੈ।
ਆਜ਼ਾਦੀ ਪਸੰਦ ਆਗੂ ਨੇ ਕਿਹਾ ਕਿ ਭਾਰਤ-ਪਾਕ ਦੋਹਾਂ ਪਾਸਿਆਂ ਦੇ ਹੀ ਨਾਨਕ ਨਾਮ ਲੇਵਾ ਦੀ ਇਹ ਚਿਰੋਕਣੀ ਰੀਝ ਸੀ ਅਤੇ ਸਿੱਖ ਕੌਮ ਲਈ ਇਹ ਇਕ ਜਿੱਤ ਵਾਂਗ ਹੈ ਜੋ ਦੁਨੀਆਂ ਦੀਆਂ ਦੋ ਪ੍ਰਮਾਣੂ ਸ਼ਕਤੀਆਂ ਦੇ ਮਾਲਕ ਦੇਸ਼ਾਂ ਵਿੱਚ ਭਿੱਸ ਰਹੀ ਹੈ।
ਪਾਕਿਸਤਾਨ ਵੱਲੋਂ ਪਹਿਲਾਂ ਵੀ ਬਹੁਤ ਵਾਰ ਇਹ ਇਜ਼ਹਾਰ ਕੀਤਾ ਗਿਆ ਹੈ ਕਿ ਜੇਕਰ ਭਾਰਤ ਰਾਜ਼ੀ ਹੋਵੇ ਤਾਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਸਬੰਧੀ ਕੋਈ ਦਿੱਕਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤਰਾਂ ਇਸ ਫੈਸਲੇ ਦੀ ਗੇਂਦ ਭਾਰਤ ਦੇ ਪਾਲੇ ਵਿੱਚ ਸੀ। ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਭਲੀਭਾਂਤ ਜਾਣਦੀ ਹੈ ਕਿ ਜੇਕਰ ਉਸਨੇ ਇਸ ਪੇਸ਼ਕਸ਼ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਇਹ ਧਾਰਨਾ ਹੋਰ ਪੱਕੀ ਹੋ ਜਾਵੇਗੀ ਕਿ ਪਾਕਿਸਤਾਨ ਸਿੱਖਾਂ ਅਤੇ ਉਹਨਾਂ ਦੀਆਂ ਇਛਾਵਾਂ ਪ੍ਰਤੀ ਭਾਰਤ ਨਾਲੋਂ ਵੱਧ ਸੰਵੇਦਨਸ਼ੀਲ਼ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮੁੱਦਾ ਇੱਕਲੇ ਭਾਰਤ ਦੇ ਭਰੋਸੇ ‘ਤੇ ਛੱਡਿਆ ਜਾਂਦਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਪਾਕਿਸਤਾਨ ਨਾਲ ਮਿਲਕੇ ਬਣਾਵੇਗਾ ਤਾਂ ਸਿੱਖਾਂ ਦੀ ਇਹ ਇੱਛਾ ਸ਼ਾਇਦ ਕਦੇ ਵੀ ਪੂਰੀ ਨਾ ਹੁੰਦੀ। ਉਹਨਾਂ ਕਿਹਾ ਕਿ ਅਸੀਂ ਅਰਦਾਸ ਅਤੇ ਆਸ ਕਰਦੇ ਹਾਂ ਕਿ ਹੁਣ ਦੋਹਾਂ ਦੇਸ਼ਾਂ ਦੀ ਅਫਸਰਸ਼ਾਹੀ ਇਸ ਵਿੱਚ ਕੋਈ ਹੋਰ ਨਵਾਂ ਅੜਿੱਕਾ ਨਹੀਂ ਪਾਵੇਗੀ।