
ਬੱਚਿਆਂ ਲਈ ਖਤਰਨਾਕ ਹੋ ਸਕਦਾ ਹੈ ਨਮਕ
ਕੁਝ ਮਨੋਵਿਗਿਆਨੀਆਂ ਅਨੁਸਾਰ ਕੁਝ ਨਵੇਂ ਜਨਮੇ ਬੱਚਿਆਂ ਵਿਚ ਨਮਕ ਦੀ ਥੋੜ੍ਹੀ ਜਿਹੀ ਵੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦਾ ਖੂਨ ਦਾ ਦਬਾਅ ਆਮ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ।
ਅਮਰੀਕਨ ਹਾਰਟ ਐਸੋਸੀਏਸ਼ਨ ਦੇ ਡਾਕਟਰਾਂ ਨੇ ਇਕ ਖੋਜ ਵਿਚ ਇਹ ਪਤਾ ਲਗਾਇਆ ਹੈ ਕਿ ਕੁਝ ਨਵਜਨਮੇ ਬੱਚਿਆਂ ਨੂੰ ਨਮਕ ਖਾਣਾ ਬਹੁਤ ਚੰਗਾ ਲਗਦਾ ਹੈ ਪਰ ਇਹ ਉਨ੍ਹਾਂ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਉੱਚ ਖੂਨ ਦਬਾਅ ਦੀ ਬਿਮਾਰੀ ਬਚਪਨ ਤੋਂ ਹੀ ਹੋ ਜਾਂਦੀ ਹੈ।
ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਬਿਮਾਰੀ ਅਕਸਰ ਉਨ੍ਹਾਂ ਬੱਚਿਆਂ ਨੂੰ ਹੁੰਦੀ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਵੱਡੇ ਬਜ਼ੁਰਗ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਅਨੁਸਾਰ ਇਸ ਤਰ੍ਹਾਂ ਦੇ ਬੱਚਿਆਂ ਵਿਚ ਜਦੋਂ ਥੋੜ੍ਹੇ ਜਿਹੇ ਵੱਡੇ ਹੋਣ ‘ਤੇ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਆਪਣਾ ਖੂਨ ਦਾ ਦਬਾਅ ਠੀਕ ਰੱਖਣ ਲਈ ਲੂਣ ਤੋਂ ਪ੍ਰਹੇਜ਼ ਕਰਨਾ ਪਵੇਗਾ।
ਹਾਲਾਂਕਿ ਕੁਝ ਵਿਦਵਾਨਾਂ ਦੇ ਅਨੁਸਾਰ ਨਮਕ ਨਾਲ ਬੱਚਿਆਂ ਦੇ ਖੂਨ ਦੇ ਦਬਾਅ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੁੰਦਾ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਨੂੰ ਗ਼ਲਤ ਠਹਿਰਾ ਦਿੱਤਾ ਹੈ। ਹਸਪਤਾਲ ਵਿਚ ਕਰੀਬ 234 ਨਵੇਂ ਜਨਮੇ ਬੱਚਿਆਂ ‘ਤੇ ਕੀਤੇ ਗਏ ਆਪਣੇ ਨਿਰੀਖਣ ਤੋਂ ਬਾਅਦ ਤਿਆਰ ਰਿਪੋਰਟ ਨਾਲ ਮਨੋਚਿਕਿਤਸਕਾਂ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਪੈਦਾ ਹੋਣ ਦੇ ਕੁਝ ਦਿਨ ਬਾਅਦ ਉਨ੍ਹਾਂ ਨੂੰ ਨਮਕ ਦਿੱਤਾ ਅਤੇ ਫਿਰ ਇਕ ਹਫ਼ਤੇ ਬਾਅਦ ਦੁਬਾਰਾ ਦਿੱਤਾ।
ਦੋਵੇਂ ਵਾਰ ਬੱਚਿਆਂ ਦਾ ਖੂਨ ਦਾ ਦਬਾਅ ਉਨ੍ਹਾਂ ਦੇ ਨਮਕ ਖਾਣ ਤੋਂ ਬਾਅਦ ਨਾਪਿਆ ਗਿਆ, ਜਿਸ ਨੂੰ ਦੇਖ ਕੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਨਮਕ ਖਾਣਾ ਚੰਗਾ ਲਗਦਾ ਹੈ, ਉਨ੍ਹਾਂ ਦੀ ਹਾਲਤ ਬਚਪਨ ਤੋਂ ਹੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਦਾ ਖੂਨ ਦਾ ਦਬਾਅ ਆਮ ਬੱਚਿਆਂ ਨਾਲੋਂ ਜ਼ਿਆਦਾ ਹੁੰਦਾ ਜਾਂਦਾ ਹੈ।